ਡੋਨਾਲਡ ਟਰੰਪ ਦੀ ਜਾਨ ਲੈਣ ਦੀ ਅਸਫਲ ਕੋਸ਼ਿਸ਼
ਫਲੋਰਿਡਾ ਵਿਚਲੇ ਗੋਲਫ਼ ਮੈਦਾਨ ਨੇੜੇ ਚੱਲੀਆਂ ਗੋਲੀਆਂ, ਮਾਮਲੇ ਦੀ ਜਾਂਚ ਐਫ ਬੀ ਆਈ ਦੇ ਸਪੁਰਦ
* ਰਾਜ ਘਟਨਾ ਦੀ ਆਪਣੇ ਪੱਧਰ 'ਤੇ ਕਰੇਗਾ ਜਾਂਚ- ਗਵਰਨਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਰਿਪਬਲੀਕਨ ਉਮੀਦਵਾਰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਾਮ ਬੀਚ ਫਲੋਰਿਡਾ ਵਿਚਲੇ ਗੋਲਫ਼ ਮੈਦਾਨ ਨੇੜੇ ਗੋਲੀਆਂ ਚੱਲਣ ਦੀ ਖਬਰ ਹੈ। ਟਰੰਪ ਦੇ ਚੋਣ ਮੁਹਿੰਮ ਪ੍ਰਬੰਧਕਾਂ ਤੇ ਯੂ ਐਸ ਸੀਕਰਟ ਸਰਵਿਸ ਨੇ ਇਹ ਜਾਣਕਾਰੀ ਦਿੱਤੀ ਹੈ। ਉਨਾਂ ਕਿਹਾ ਹੈ ਕਿ ਲੱਗਦਾ ਹੈ ਕਿ ਇਹ ਗੋਲੀਆਂ ਸਾਬਕਾ ਰਾਸ਼ਟਰਪਤੀ ਦੀ ਜਾਨ ਲੈਣ ਦੇ ਇਰਾਦੇ ਨਾਲ ਚਲਾਈਆਂ ਗਈਆਂ ਹਨ। ਪਿਛਲੇ 2 ਮਹੀਨਿਆਂ ਦੌਰਾਨ ਟਰੰਪ ਦੀ ਜਾਨ ਲੈਣ ਦੀ ਇਹ ਦੂਸਰੀ ਕੋਸ਼ਿਸ਼ ਹੈ। ਐਫ ਬੀ ਆਈ ਅਨੁਸਾਰ ਸੀਕਰਟ ਸਰਵਿਸ ਅਫਸਰਾਂ ਨੇ ਗੋਲਫ਼ ਮੈਦਾਨ ਤੋਂ ਤਕਰੀਬਨ 400 ਗਜ ਦੂਰ ਇਕ ਸ਼ੱਕੀ ਵਿਅਕਤੀ ਵੇਖਿਆ ਜਿਸ ਉਪਰ ਉਨਾਂ ਗੋਲੀਆਂ ਚਲਾਈਆਂ। ਸ਼ੱਕੀ ਆਪਣੀ ਗੱਡੀ ਵਿਚ ਫਰਾਰ ਹੋ ਗਿਆ ਪਰੰਤੂ ਉਹ ਇਕ ਰਾਈਫਲ, ਇਕ ਗੋਪ੍ਰੋ ਕੈਮਰਾ ਤੇ ਕੁਝ ਹੋਰ ਸਮਾਨ ਘਟਨਾ ਸਥਾਨ 'ਤੇ ਹੀ ਛੱਡ ਗਿਆ। ਬਾਅਦ ਵਿਚ ਸ਼ੱਕੀ ਨੂੰ ਨਾਲ ਲੱਗਦੀ ਕਾਊਂਟੀ ਵਿਚੋਂ ਗ੍ਰਿਫਤਾਰ ਕਰ ਲਿਆ ਗਿਆ।
ਐਫ ਬੀ ਆਈ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਇਹ ਘਟਨਾ ਟਰੰਪ ਦੇੇ ਇੰਟਰਨੈਸ਼ਨਲ ਗੋਲਫ ਕੋਰਸ ਵਿਖੇ ਦੁਪਹਿਰ ਬਾਅਦ 2 ਵਜੇ ਤੋਂ ਪਹਿਲਾਂ ਵਾਪਰੀ ਜਦੋਂ ਸਾਬਕਾ ਰਾਸ਼ਟਰਪਤੀ ਗੋਲਫ ਖੇਡ ਰਹੇ ਸਨ। ਪਾਮ ਬੀਚ ਕਾਊਂਟੀ ਸ਼ੈਰਿਫ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਕ ਚਸ਼ਮਦੀਦ ਗਵਾਹ ਨੇ ਇਕ ਵਿਅਕਤੀ ਨੂੰ ਗੋਲਫ ਮੈਦਾਨ ਦੀਆਂ ਝਾੜੀਆਂ ਵਿਚੋਂ ਨਿਕਲਦਿਆਂ ਵੇਖਿਆ ਜਿਸ ਤੋਂ ਸੰਦੇਹ ਪੈਦਾ ਹੋਇਆ। ਰਾਸ਼ਟਰਪਤੀ ਜੋ ਬਾਈਡਨ ਨੇ ਸਾਬਕਾ ਰਾਸ਼ਟਰਪਤੀ ਦੇ ਗੋਲਫ ਮੈਦਾਨ ਨੇੜੇ ਗੋਲੀਆਂ ਚੱਲਣ ਦੀ ਘਟਨਾ ਤੋਂ ਬਾਅਦ ਕਿਹਾ ਕਿ ਅਮਰੀਕਾ ਵਿਚ ਰਾਜਸੀ ਹਿੰਸਾ ਲਈ ਕੋਈ ਥਾਂ ਨਹੀਂ ਹੈ। ਬਾਈਡਨ ਨੇ ਇਕ ਲਿਖਤੀ ਬਿਆਨ ਵਿਚ ਕਿਹਾ ਕਿ ਉਸ ਨੂੰ ਉਸ ਦੀ ਟੀਮ ਨੇ ਜਾਣਕਾਰੀ ਦਿੱਤੀ ਹੈ ਕਿ ਸੰਘੀ ਲਾਅ ਇਨਫੋਰਸਮੈਂਟ ਅਧਿਕਾਰੀ ਘਟਨਾ ਦੀ ਜਾਂਚ ਸਾਬਕਾ ਰਾਸ਼ਟਰਪਤੀ ਦੀ ਜਾਨ ਲੈਣ ਦੀ ਸੰਭਾਵੀ ਕੋਸ਼ਿਸ਼ ਦੇ ਨਜ਼ਰੀਏ ਤੋਂ ਕਰ ਰਹੇ ਹਨ। ਬਾਈਡਨ ਨੇ ਕਿਹਾ ਕਿ '' ਮੈ ਰਾਹਤ ਮਹਿਸੂਸ ਕਰ ਰਿਹਾ ਹਾਂ ਕਿ ਸਾਬਕਾ ਰਾਸ਼ਟਰਪਤੀ ਸੁਰੱਖਿਅਤ ਹਨ। ਘਟਨਾ ਦੀ ਤੇਜੀ ਨਾਲ ਜਾਂਚ ਹੋ ਰਹੀ ਹੈ ਤੇ ਅਧਿਕਾਰੀ ਅਸਲ ਵਿਚ ਕੀ ਵਾਪਰਿਆਂ ਹੈ,ਸਬੰਧੀ ਹੋਰ ਵੇਰਵੇ ਇਕੱਠੇ ਕਰ ਰਹੇ ਹਨ।'' ਇਸੇ ਦੌਰਾਨ ਫਲੋਰਿਡਾ ਦੇ ਗਵਰਨਰ ਰੋਨ ਡੀਸੈਂਟਿਸ ਨੇ ਕਿਹਾ ਹੈ ਕਿ ਇਸ ਘਟਨਾ ਦੀ ਰਾਜ ਆਪਣੀ ਪੱਧਰ 'ਤੇ ਜਾਂਚ ਕਰੇਗਾ ਜਿਸ ਘਟਨਾ ਨੂੰ ਅਧਿਕਾਰੀ ਸਾਬਕਾ ਰਾਸ਼ਟਰਪਤੀ ਟਰੰਪ ਦੀ ਜਾਨ ਲੈਣ ਦੀ ਸਪੱਸ਼ਟ ਕੋਸ਼ਿਸ਼ ਦਸ ਰਹੇ ਹਨ। ਗਵਰਨਰ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ ਕਿ '' ਲੋਕ ਸੱਚ ਜਾਣਨਾ ਚਹੁੰਦੇ ਹਨ ਕਿ ਇਕ ਵਿਅਕਤੀ ਕਿਸ ਤਰਾਂ ਸਾਬਕਾ ਰਾਸ਼ਟਰਪਤੀ ਤੇ ਮੌਜੂਦਾ ਉਮੀਦਵਾਰ ਦੇ ਨੇੜੇ 500 ਗਜ ਦੇ ਘੇਰੇ ਅੰਦਰ ਪੁੱਜਣ ਵਿਚ ਸਫਲ ਹੋਇਆ।
Comments (0)