ਢੀਂਡਸਾ ਪਿਓ-ਪੁੱਤਰ ਨੂੰ ਬਾਦਲ ਦਲ ਤੋਂ ਬਾਹਰ ਕੱਢਿਆ

ਢੀਂਡਸਾ ਪਿਓ-ਪੁੱਤਰ ਨੂੰ ਬਾਦਲ ਦਲ ਤੋਂ ਬਾਹਰ ਕੱਢਿਆ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਬਾਗ਼ੀ ਪਾਰਟੀ ਆਗੂਆਂ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਵਿੱਚੋਂ ਕੱਢਣ ਲਈ ਰਸਮੀਂ ਕਾਰਵਾਈ ਨਹੀਂ ਕੀਤੀ ਜਾਵੇਗੀ ਮਹਿਜ਼ ਸੰਗਰੂਰ ਰੈਲੀ ਵਿੱਚ ਲੋਕਾਂ ਤੋਂ ਕਰਵਾਏ ‘ਫੈਸਲੇ’ ’ਤੇ ਹੀ ਫੁੱਲ ਚੜ੍ਹਾਏ ਜਾਣਗੇ। ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਇਹ ਮਾਮਲਾ ਵਿਚਾਰਿਆ ਗਿਆ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬਾਗੀ ਅਕਾਲੀ ਨੇਤਾ ਤੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਵਿੱਚੋਂ ਕੱਢਣ ਲਈ ਅਕਾਲੀ ਦਲ ਦੇ ਵਰਕਰਾਂ ਨੇ ਸੰਗਰੂਰ ਦੀ ਰੈਲੀ ਵਿੱਚ ਫ਼ੈਸਲਾ ਲੈ ਲਿਆ ਹੈ ਜਿਸ ਨੂੰ ਕੋਰ ਕਮੇਟੀ ਨੇ ਪ੍ਰਵਾਨ ਕਰ ਲਿਆ। 

ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਢੀਂਡਸਾ ਪਿਓ-ਪੁੱਤਰ ਨੂੰ ਹੁਣ ਪਾਰਟੀ ਵੱਲੋਂ ਨੋਟਿਸ ਦਿੱਤੇ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ। ਚੇਤੇ ਰਹੇ ਇਸ ਤੋਂ ਪਹਿਲਾਂ ਕੋਰ ਕਮੇਟੀ ਨੇ ਢੀਂਡਸਾ ਪਿਤਾ-ਪੁੱਤਰ ਨੂੰ ‘ਦੋਸ਼ ਪੱਤਰ’ ਜਾਰੀ ਕਰਨ ਦਾ ਫੈਸਲਾ ਕੀਤਾ ਸੀ। ਇਹ ਵੀ ਮਹੱਤਵਪੂਰਨ ਹੈ ਕਿ ਅਕਾਲੀ ਦਲ ਵੱਲੋਂ ਹੁਣ ਤੱਕ ਢੀਂਡਸਾ ਪਿਤਾ ਪੁੱਤਰ ਖ਼ਿਲਾਫ਼ ਕੋਈ ਮਾਮਲਾ ਅਨੁਸਾਸ਼ਨੀ ਕਮੇਟੀ ਨੂੰ ਨਹੀਂ ਦਿੱਤਾ ਗਿਆ ਤੇ ਨਾ ਹੀ ਕੋਈ ਨੋਟਿਸ ਆਦਿ ਦਿੱਤਾ ਗਿਆ ਹੈ। 

ਪਾਰਟੀ ਸੂਤਰਾਂ ਦਾ ਦੱਸਣਾ ਹੈ ਕਿ ਅਕਾਲੀ ਦਲ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਖ਼ਿਲਾਫ਼ ਲਿਖਤੀ ਕਾਰਵਾਈ ਇਸ ਲਈ ਨਹੀਂ ਕਰਨਾ ਚਾਹੁੰਦਾ ਕਿਉਂਕਿ ਵੱਡੇ ਢੀਂਡਸਾ ਰਾਜ ਸਭਾ ਦੇ ਮੈਂਬਰ ਹਨ ਜਦਕਿ ਛੋਟੇ ਢੀਂਡਸਾ ਪੰਜਾਬ ਵਿਧਾਨ ਸਭਾ ਦੇ ਮੈਂਬਰ। ਪਾਰਟੀ ਵੱਲੋਂ ਲਿਖਤੀ ਤੌਰ ’ਤੇ ਕੱਢਣ ਤੋਂ ਬਾਅਦ ਅਕਾਲੀ ਦਲ ਨੂੰ ਰਾਜ ਸਭਾ ਅਤੇ ਵਿਧਾਨ ਸਭਾ ’ਚ ਇੱਕ-ਇੱਕ ਮੈਂਬਰ ਘੱਟ ਹੋਣ ਦਾ ਵੀ ਘਾਟਾ ਝੱਲਣਾ ਪਵੇਗਾ ਜਿਸ ਦੇ ਲਈ ਪਾਰਟੀ ਤਿਆਰ ਨਹੀਂ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।