5ਵੀਂ ਜਮਾਤ ਦੀ ਵਿਦਿਆਰਥਣ ਦੇ ਸਕੂਲੀ ਨਾਟਕ ਨੂੰ ਅਧਾਰ ਬਣਾ ਕੇ ਮਾਂ ਨੂੰ ਦੇਸ਼ ਧ੍ਰੋਹ ਦੇ ਦੋਸ਼ 'ਚ ਜੇਲ੍ਹ ਬੰਦ ਕੀਤਾ

5ਵੀਂ ਜਮਾਤ ਦੀ ਵਿਦਿਆਰਥਣ ਦੇ ਸਕੂਲੀ ਨਾਟਕ ਨੂੰ ਅਧਾਰ ਬਣਾ ਕੇ ਮਾਂ ਨੂੰ ਦੇਸ਼ ਧ੍ਰੋਹ ਦੇ ਦੋਸ਼ 'ਚ ਜੇਲ੍ਹ ਬੰਦ ਕੀਤਾ

ਬਿਦਰ: ਸਕੂਲ ਵਿਚ ਇਕ ਨਾਟਕ ਖੇਡਦਿਆਂ ਪੰਜਵੀਂ ਜਮਾਤ ਦੀ ਵਿਦਿਆਰਥਣ ਵੱਲੋਂ ਭਾਰਤ ਦੇ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਬੋਲਣ ਕਰਕੇ ਪੁਲਸ ਨੇ ਉਸ ਬੱਚੀ ਦੀ ਮਾਂ ਨੂੰ ਦੇਸ਼ ਧ੍ਰੋਹ ਦਾ ਮਾਮਲਾ ਦਰਜ ਕਰਕੇ ਜੇਲ੍ਹ ਵਿਚ ਬੰਦ ਕਰ ਦਿੱਤਾ ਹੈ। ਜਦੋਂ ਕੋਈ ਉਸ ਬੱਚੀ ਨੂੰ ਪੁੱਛਦਾ ਹੈ ਕਿ ਉਸਦੀ ਮਾਂ ਕਿੱਥੇ ਹੈ ਤਾਂ ਉਸ ਕੋਲ ਹੰਝੂਆਂ ਤੋਂ ਇਲਾਵਾ ਕੋਈ ਜਵਾਬ ਨਹੀਂ।

ਕਰਨਾਟਕਾ ਪੁਲਸ ਨੇ ਇਸ ਬੱਚੀ ਦੀ ਮਾਂ ਨਾਜੁਮੁਨੀਸਾ ਦੇ ਨਾਲ ਸਕੂਲ ਦੀ ਮੁੱਖ ਅਧਿਆਪਕਾ ਫਰੀਦਾ ਬੇਗਮ ਨੂੰ ਵੀ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਸਬੂਤ ਵਜੋਂ ਬੱਚੀ ਦੀ ਜੁੱਤੀ ਨੂੰ ਵੀ ਜਬਤ ਕੀਤਾ ਹੈ ਜਿਸ ਨੂੰ ਫੜ੍ਹ ਕੇ ਬੱਚੀ ਨੇ ਨਾਟਕ ਵਿਚ ਕਿਹਾ ਸੀ ਕਿ, "ਦਸਤਾਵੇਜ ਮੰਗਣ ਵਾਲੇ ਦੇ ਇਹ ਛਿੱਤਰ ਪੈਣਗੇ।"

ਪੁਲਸ ਸ਼ਾਹੀਨ ਉਰਦੂ ਸਕੂਲ ਦੇ ਬੱਚਿਆਂ ਤੋਂ ਨਿੱਤ ਪੁੱਛ ਪੜਤਾਲ ਕਰ ਰਹੀ ਹੈ। ਨਾਜੁਮੁਨੀਸਾ ਦੀ ਬੱਚੀ ਲਈ ਇਹ ਸਮਾਂ ਹੋਰ ਵੀ ਔਖਾ ਹੈ ਕਿਉਂਕਿ ਉਸ ਕੋਲ ਮਾਂ ਤੋਂ ਇਲਾਵਾ ਕੋਈ ਹੋਰ ਨਹੀਂ ਸੀ ਤੇ ਹੁਣ ਜਦੋਂ ਉਸਦੀ ਮਾਂ ਨੂੰ ਵੀ ਪੁਲਸ ਨੇ ਜੇਲ੍ਹ ਵਿਚ ਬੰਦ ਕਰ ਦਿੱਤਾ ਹੈ ਤਾਂ ਉਸਦੀ ਦੇਖ ਰੇਖ ਉਹਨਾਂ ਦੀ ਮਕਾਨ ਮਾਲਕਣ ਕਰ ਰਹੀ ਹੈ।

ਬਿਦਰ ਦੀ ਜੇਲ੍ਹ ਵਿਚ ਬੰਦ 35 ਸਾਲਾਂ ਦੀ ਨਾਜੁਮੁਨੀਸਾ ਨੇ ਦੱਸਿਆ ਕਿ ਉਸਨੂੰ ਸੀਏਏ ਬਾਰੇ ਬਹੁਤਾ ਕੁੱਝ ਨਹੀਂ ਪਤਾ ਤੇ ਨਾ ਹੀ ਉਸਨੂੰ ਐਨਆਰਸੀ ਦਾ ਕੁੱਝ ਪਤਾ ਹੈ। ਥੋੜਾ ਬਹੁਤਾ ਉਹ ਹੀ ਪਤਾ ਜੋ ਉਸਨੇ ਟੀਵੀ 'ਤੇ ਸੁਣਿਆ ਸੀ। ਉਸਨੇ ਦੱਸਿਆ ਕਿ ਉਸਦੀ ਕੁੜੀ ਨੂੰ ਇਸ ਨਾਟਕ ਲਈ ਛੇ ਹੋਰ ਵਿਦਿਆਰਥੀਆਂ ਨਾਲ ਸਕੂਲ ਨੇ ਚੁਣਿਆ ਸੀ ਤੇ ਉਸਦੀ ਧੀ ਘਰ ਵਿਚ ਨਾਟਕ ਦੀ ਤਿਆਰੀ ਵਜੋਂ ਨਾਟਕ ਦੇ ਡਾਇਲਾਗ ਬੋਲਦੀ ਸੀ। 

ਪੁਲਸ ਦਾ ਕਹਿਣਾ ਹੈ ਕਿ ਨਾਜੁਮੁਨੀਸਾ ਨੂੰ ਉਸਦੀ ਧੀ ਦੇ ਬਿਆਨਾਂ ਦੇ ਅਧਾਰ 'ਤੇ ਗ੍ਰਿਫਤਾਰ ਕੀਤਾ ਗਿਆ ਹੈ ਜਿਸਨੇ ਕਿਹਾ ਸੀ ਕਿ ਉਸਨੂੰ ਨਾਟਕ ਦੀ ਤਿਆਰੀ ਉਸਦੀ ਮਾਂ ਨੇ ਕਰਵਾਈ ਸੀ। 

ਨਾਜੁਮੁਨੀਸਾ ਦਾ ਪਤੀ ਜੋ ਕਿਸਾਨ ਸੀ, ਲਗਭਗ 7 ਸਾਲ ਪਹਿਲਾਂ ਉਸਦੀ ਮੌਤ ਹੋ ਗਈ ਸੀ। ਉਹ ਆਪਣੇ ਪਿੱਛੇ ਮਾਂ-ਧੀ ਦੇ ਗੁਜ਼ਾਰੇ ਲਈ ਤਿੰਨ ਏਕੜ ਜ਼ਮੀਨ ਛੱਡ ਗਿਆ ਸੀ। ਉਹ ਹੁਣ ਆਪਣੀ ਜ਼ਮੀਨ ਠੇਕੇ 'ਤੇ ਦੇ ਕੇ ਅਤੇ ਨਾਲ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਆਪਣੀ ਕੁੜੀ ਦਾ ਪਾਲਣ ਪੋਸ਼ਣ ਕਰ ਰਹੀ ਸੀ। 

ਜ਼ਿਕਰਯੋਗ ਹੈ ਕਿ ਆਰ.ਐਸ.ਐਸ ਦੇ ਸਕੂਲਾਂ ਵਿਚ ਸੀਏਏ ਦੇ ਸਮਰਥਨ 'ਚ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਬੱਚਿਆਂ ਤੋਂ ਇਸ ਕਾਨੂੰਨ ਦੇ ਪੱਖ 'ਚ ਦਸਤਖਤ ਕਰਵਾਏ ਜਾ ਰਹੇ ਹਨ ਪਰ ਦੂਜੇ ਪਾਸੇ 5ਵੀਂ ਜਮਾਤ ਦੀ ਮੁਸਲਿਮ ਵਿਦਿਆਰਥਣ ਵੱਲੋਂ ਮਹਿਜ਼ ਨਾਟਕ ਵਿਚ ਕਾਨੂੰਨ ਦਾ ਵਿਰੋਧ ਕਰਨ ਕਰਕੇ ਉਸਦੀ ਮਾਂ ਨੂੰ ਦੇਸ਼ ਧ੍ਰੋਹ ਦੇ ਕਾਨੂੰਨ ਅਧੀਨ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।