ਦਲ ਖ਼ਾਲਸਾ ਦਾ ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ : ਉਹ ਸੱਚਾ ਸਿੱਖ ਹੀ ਨਹੀਂ, ਜੋ ਨਹੀਂ ਚਾਹੁੰਦਾ ਖ਼ਾਲਿਸਤਾਨ

ਦਲ ਖ਼ਾਲਸਾ ਦਾ ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ : ਉਹ ਸੱਚਾ ਸਿੱਖ ਹੀ ਨਹੀਂ, ਜੋ ਨਹੀਂ ਚਾਹੁੰਦਾ ਖ਼ਾਲਿਸਤਾਨ
ਅੰਮ੍ਰਿਤਸਰ ਟਾਈਮਜ਼ ਬਿਊਰੋ
 
ਦਲ ਖ਼ਾਲਸਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਕਿ "ਕੋਈ ਵੀ ਸਿੱਖ ਨਹੀਂ ਚਾਹੁੰਦਾ ਖ਼ਾਲਿਸਤਾਨ" ਦਾ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਉਹ ਸੱਚਾ ਸਿੱਖ ਹੀ ਨਹੀਂ, ਜੋ ਨਹੀਂ ਚਾਹੁੰਦਾ ਖ਼ਾਲਿਸਤਾਨ। ਜਥੇਬੰਦੀ ਵੱਲੋਂ ਜਾਰੀ ਬਿਆਨ ਵਿੱਚ ਸਪੱਸ਼ਟ ਕੀਤਾ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਇਹ ਅਧਿਕਾਰ-ਖੇਤਰ ਹੀ ਨਹੀਂ ਹੈ ਕਿ ਉਹ ਪੂਰੀ ਕੌਮ ਵੱਲੋਂ ਖ਼ਾਲਿਸਤਾਨ ਦੇ ਇਤਿਹਾਸਕ ਸੰਕਲਪ ਨੂੰ ਰੱਦ ਕਰਨ। 
 

ਜਥੇਬੰਦੀ ਦਾ ਮੰਨਣਾ ਹੈ ਕਿ ਇਹ ਅਧਿਕਾਰ ਕੇਵਲ ਅਕਾਲ ਤਖ਼ਤ ਸਾਹਿਬ ਕੋਲ ਹੀ ਹੈ ਜੋ ਸਿੱਖ ਕੌਮ ਦੀ ਸਰਵਉੱਚ ਸੰਸਥਾ ਹੈ ਅਤੇ ਜਿਸ ਦਾ ਜਥੇਦਾਰ ਹੀ ਕੌਮ ਦੇ ਬੁਲਾਰੇ ਵਜੋਂ ਸਿੱਖਾਂ ਦੀ ਸਾਂਝੀ ਭਾਵਨਾਵਾਂ ਦੀ ਤਰਜ਼ਮਾਨੀ ਕਰ ਸਕਦਾ ਹੈ।


ਜ਼ਿਕਰਯੋਗ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ੬ ਜੂਨ ਨੂੰ ਕਿਹਾ ਸੀ ਕਿ "ਹਰ ਸਿੱਖ ਚਾਹੁੰਦਾ ਹੈ ਖ਼ਾਲਿਸਤਾਨ ਅਤੇ ਜੇਕਰ ਭਾਰਤ ਸਰਕਾਰ ਉਹਨਾਂ ਨੂੰ ਦੇਵੇਗੀ ਤਾਂ ਉਹ ਇਸ ਵਾਰ ਜ਼ਰੂਰ ਲੈਣਗੇ।"


ਗਿਆਨੀ ਹਰਪ੍ਰੀਤ ਸਿੰਘ ਦੇ ਇਸ ਬਿਆਨ ਦੇ ਜਵਾਬ ਵਿੱਚ ਬੀਤੇ ਕਲ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਈ ਸਿੱਖ ਨਹੀਂ ਚਾਹੁੰਦਾ ਖ਼ਾਲਿਸਤਾਨ ਜਦ ਕਿ ਦਲ ਖ਼ਾਲਸਾ ਜਥੇਬੰਦੀ ਦਾ ਮੰਨਣਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਿੱਖ ਅਜ਼ਾਦੀ ਸੰਘਰਸ਼ ਉੱਤੇ ਅਕਾਲ ਤਖ਼ਤ ਸਾਹਿਬ ਦੀ ਮੋਹਰ ਹੈ।

ਕੈਪਟਨ ਅਮਰਿੰਦਰ ਸਿੰਘ ਨੂੰ ਕਰਾਰੇ ਹੱਥੀਂ ਲੈਂਦਿਆਂ ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕੇਵਲ ਆਪਣੀ ਗੱਲ ਕਰ ਸਕਦੇ ਹਨ, ਉਹ ਕੌਮ ਵੱਲੋਂ ਗੱਲ ਕਰਨ ਲਈ ਅਧਿਕਾਰਤ ਨਹੀਂ ਹਨ।

ਉਹਨਾਂ ਕਿਹਾ ਕਿ ਸਿੱਖਾਂ ਅੰਦਰ ਆਪਣੀ ਕਿਸਮਤ ਦੇ ਮਾਲਕ ਬਣਨ ਦੀ ਇੱਛਾ ਪ੍ਰਬਲ ਅਤੇ ਜਿਉਂਦੀ ਹੈ। ਇਤਿਹਾਸਕ, ਰਾਜਨੀਤਿਕ ਅਤੇ ਧਾਰਮਿਕ ਤੌਰ 'ਤੇ ਸਿੱਖ ਆਪਣਾ ਕੌਮੀ ਸੁਤੰਤਰ ਘਰ ਲੈਣ ਲਈ ਪੂਰੀ ਤਰ੍ਹਾਂ ਹੱਕਬਜਾਨਬ ਹਨ। ਉਹਨਾਂ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਵਰਗੇ ਭਾਰਤੀ ਮੁੱਖਧਾਰਾ'ਚ ਸੱਤਾ ਦਾ ਸੁੱਖ ਮਾਣਦੇ ਰਾਜਨੀਤਿਕ ਲੋਕਾਂ ਨੂੰ ਸਵਾਲ ਕਰਦੇ ਪੁੱਛਿਆ ਕਿ 'ਕੀ ਸਿੱਖ ਸਵੇਰੇ-ਸ਼ਾਮ 'ਰਾਜ ਕਰੇਗਾ ਖ਼ਾਲਸਾ' ਦਾ ਦੋਹਰਾ ਕੇਵਲ ਪੜ੍ਹਨ ਲਈ ਪੜ੍ਹਦੇ ਹਨ' ?

ਦਲ ਖ਼ਾਲਸਾ ਦੇ ਆਗੂ ਨੇ ਭਾਰਤੀ ਲੀਡਰਸ਼ਿਪ ਦੀ ਕਰੜੀ ਅਲੋਚਨਾ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਸਵੈ-ਨਿਰਣੇ ਦਾ ਹੱਕ ਦੇਣ ਤੋਂ ਮੁਨਕਰ ਹਨ। ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਿਨ ਹੁੰਦਿਆਂ ਕਿਹਾ ਕਿ ਜਿਸ ਦਿਨ ਭਾਰਤ ਸਰਕਾਰ ਯੂ.ਐੱਨ.ਓ. ਦੀ ਅਗਵਾਈ ਹੇਠ ਪੰਜਾਬ ਅੰਦਰ ਰੈਫਰੇਂਡਮ ਕਰਵਾਏਗੀ ਉਸ ਦਿਨ ਤੁਹਾਡਾ ਭਰਮ-ਭੁਲੇਖਾ ਦੂਰ ਹੋ ਜਾਏਗਾ ਕਿ 'ਕਿੰਨੇ ਸਿੱਖ ਖ਼ਾਲਿਸਤਾਨ ਚਾਹੁੰਦੇ ਹਨ'।