ਅਜਮੇਰ ਸਿੰਘ ਦੀ ਇਤਿਹਾਸਕਾਰੀ ਦਾ ਆਲੋਚਨਾਤਮਕ ਅਧਿਐਨ

ਅਜਮੇਰ ਸਿੰਘ ਦੀ ਇਤਿਹਾਸਕਾਰੀ ਦਾ ਆਲੋਚਨਾਤਮਕ ਅਧਿਐਨ

ਸਾਹਿਤਕਾਰੀ ਅਤੇ ਇਤਿਹਾਸਕਾਰੀ ਦੋ ਬਿਲਕੁਲ ਵੱਖਰੀਆਂ ਵਿਧਾਵਾਂ ਹਨ ਅਤੇ ਇਹਨਾਂ ਦੇ ਮਨੋਰਥ ਵੀ ਵੱਖਰੇ ਹਨ। ਇਸ ਲਈ ਜਦੋਂ ਵੀ ਇਹਨਾਂ ਦੋਵਾਂ ਵਿਧਾਵਾਂ ਦਾ ਅਧਿਐਨ ਕਰਨਾ ਹੁੰਦਾ ਹੈ ਤਾਂ ਸਾਫ਼ ਹੁੰਦਾ ਹੈ ਕਿ ਇਹਨਾਂ ਦੇ ਮਾਪਦੰਡ ਅਤੇ ਦ੍ਰਿਸ਼ਟੀਕੋਣ ਉਹਨਾਂ ਚਾਲੂ ਪ੍ਰਵਿਰਤੀਆਂ ਦੇ ਅਧੀਨ ਤੈਅ ਮੰਨੇ ਜਾਂਦੇ ਹਨ ਜਿਹੜੀਆਂ ਕਿਸੇ ਵੇਲੇ ਦੇ ਸਿਸਟਮ ਵੱਲੋਂ ਸਥਾਪਤ ਕੀਤੀਆਂ ਗਈਆਂ ਸਨ। ਜੇ ਅਰਸਤੂ ਦੇ ਯੁੱਗ ਦਾ ਸਾਹਿਤ ਅਤੇ ਇਤਿਹਾਸ ਉਸ ਦੇ ਸਮਕਾਲੀਆਂ ਅਤੇ ਚਿਰ ਬਾਅਦ ਦੇ ਆਲੋਚਕਾਂ ਨੇ ਆਪਣੀ ਵਿਆਖਿਆ ਦੇ ਅਧੀਨ ਲਿਆਂਦਾ ਤਾਂ ਉਸਨੂੰ ਉਵੇਂ ਜਿਵੇਂ ਉਹਨਾਂ ਦੇ ਉੱਤਰਾਅਧਾਕਰੀਆਂ ਨੇ ਆਪਣਾ ਲਿਆ ਅਤੇ ਇਸ ਦੌਰਾਨ ਚਿਰ ਸਥਾਪਤ ਰੁੜੀਵਾਦੀ ਪਰੰਪਰਾ ਦਾ ਨਿਭਾਅ ਮਾਤਰ ਦੇਖਣ 'ਚ ਮਿਲਦਾ ਹੈ। ਇਸੇ ਤਰਾਂ ਭਾਰਤ 'ਚ ਅੰਗ੍ਰੇਜ਼ੀ ਸਿਖਿਆ ਪ੍ਰਣਾਲੀ ਦੇ ਲਾਗੂ ਹੋਣ ਤੋਂ ਪਹਿਲਾਂ ਨਾਟਯ ਸਾਸ਼ਤਰ ਦੇ ਰਚੈਤਾ ਭਾਰਤ ਮੁਨੀ ਅਤੇ ਉਸ ਦੇ ਸਮਕਾਲੀ ਰਿਸ਼ੀਆਂ ਦੇ ਸਿਧਾਂਤਾਂ ਦੇ ਅਧੀਨ ਸਾਹਿਤ ਦੀ ਆਲੋਚਨਾ ਕੀਤੀ ਜਾਂਦੀ ਰਹੀ ਹੈ। ਭਾਰਤੀ ਸਾਹਿਤਕਾਰਾਂ 'ਚ ਮੁਢਲੇ ਸਮੇਂ ਦੌਰਾਨ ਆਲੋਚਨਾ ਦੇ ਸੰਸਕ੍ਰਿਤਿਕ ਨਿਯਮ ਪੂਰੀ ਤਰਾਂ ਭਾਰੂ ਰਹੇ ਹਨ ਜਦਕਿ 19ਵੀਂ ਸਦੀ ਦੇ ਸ਼ੁਰੂ 'ਚ ਇਹ ਹੌਲੀ ਹੌਲੀ ਪੱਛਮੀ ਰੰਗ ਢੰਗ ਅਪਨਾਉਣ ਲੱਗਦੀ ਹੈ। ਇਸ 'ਚ ਮਾਰਕਸਵਾਦੀ ਰੁਚੀਆਂ ਦੇ ਉਲਾਰ ਹੋਣ ਦੀ ਗਤੀਵਿਧੀ ਨੂੰ ਪ੍ਰਤੱਖ ਰੂਪ 'ਚ ਦੇਖਿਆ ਜਾ ਸਕਦਾ ਹੈ। 

ਅਸੀਂ ਹਥਲੇ ਲੇਖ 'ਚ ਅਜਮੇਰ ਸਿੰਘ ਦੀ ਇਤਿਹਾਸਕਾਰੀ ਨੂੰ ਕੁੱਝ ਅਜਿਹੀਆਂ ਇਤਿਹਾਸਕਾਰੀ ਅਤੇ ਸਾਹਿਤ ਦੀਆਂ ਵਿਧਾਵਾਂ ਅਧੀਨ ਵਿਚਾਰਾਂਗੇ। ਅਜਮੇਰ ਸਿੰਘ ਦੀਆਂ ਹੁਣ ਤੱਕ ਇਤਿਹਾਸਕਾਰੀ ਨਾਲ ਸੰਬੰਧਤ 6 ਖੋਜ ਪੁਸਤਕਾਂ ਪਾਠਕਾਂ ਤੱਕ ਪਹੁੰਚੀਆਂ ਹਨ। ਸਭ ਤੋਂ ਪਹਿਲਾਂ 'ਵੀਹਵੀਂ ਸਦੀ ਦੀ ਸਿੱਖ ਰਾਜਨੀਤੀ' ਦੇ ਬਜ਼ਾਰ 'ਚ ਆਉਣ ਨਾਲ ਛਿੜੀ ਚਰਚਾ ਹੁਣ ਤੱਕ ਵੀ ਜਾਰੀ ਹੈ। ਇਸ ਦੇ ਬਾਅਦ '1984 ਅਣਚਿਤਵਿਆ ਕਹਿਰ', 'ਕਿਸ ਬਿਧ ਰੁਲੀ ਪਾਤਸ਼ਾਹੀ' ਅਤੇ 'ਗਦਰੀ ਬਾਬੇ ਕੌਣ ਸਨ' ਨੇ ਪਾਠਕਾਂ ਨੂੰ ਸੋਚਣ ਦਾ ਨਵਾਂ ਨਜ਼ਰੀਆ ਦਿੱਤਾ ਅਤੇ ਇਤਿਹਾਸ ਦੇ ਵਿਦਿਆਰਥੀਆਂ ਦੇ ਮਨਾਂ 'ਚ ਪੱਕੇ ਤੌਰ 'ਤੇ ਸਥਾਪਤ ਹੋ ਚੁੱਕੀ ਚਾਲੂ ਕਿਸਮ ਦੀ ਆਲੋਚਨਾਤਮਕ ਵਿਚਾਰਧਾਰਾ ਨੂੰ ਮੂਲੋਂ ਰੱਦ ਕਰ ਦਿੱਤਾ।  ਅਜਮੇਰ ਸਿੰਘ ਨੇ ਪੰਜਾਬੀ ਭਾਸ਼ਾ 'ਚ ਇਤਿਹਾਸ ਪੜ•ਨ ਅਤੇ ਉਸ ਦਾ ਅਧਿਐਨ ਕਰਨ ਵਾਲੇ ਵਿਦਿਆਰਥੀਆਂ ਨੂੰ ਆਲੋਚਨਾ ਦੀ ਇੱਕ ਨਵੀਂ ਵਿਧਾ ਅਤੇ ਦ੍ਰਿਸ਼ਟੀਕੋਣ ਦਿੱਤਾ ਜਿਸ ਅਧੀਨ ਉਹ ਪਹਿਲਾਂ ਤੋਂ ਪ੍ਰਚੱਲਤ ਅਕਾਊ ਕਿਸਮ ਦੇ ਪੰਡਤਾਊ ਸਿਧਾਂਤਾਂ ਤੋਂ ਆਪਣੇ ਆਪ ਨੂੰ ਵੱਖਰਿਆਂ ਅਤੇ ਅਲਿਹਦਾ ਕਰਕੇ ਆਪਣੀ ਜੱਦੀ ਸਭਿਆਚਾਰਕ ਹੋਂਦ ਨੂੰ ਲੱਭਣ ਲਈ ਯਤਨ ਸ਼ੁਰੂ ਕਰਦਾ ਹੈ। ਮੋਟੇ ਤੌਰ 'ਤੇ ਜਦੋਂ ਕਿਸੇ ਨਾਲ ਅਜਮੇਰ ਸਿੰਘ ਦੇ ਦ੍ਰਿਸ਼ਟੀਕੋਣ ਅਤੇ ਉਸਦੇ ਲਿਖੇ ਇਤਿਹਾਸ ਦੇ ਦਰਸ਼ਨ ਬਾਰੇ ਸੁਆਲ ਜੁਆਬ ਕੀਤੇ ਜਾਣ ਤਾਂ ਸਿੱਖ ਸਮਾਜ ਦੇ ਕਥਾਵਾਚਕ ਅਤੇ ਪ੍ਰਚਾਰਕ ਵਰਗ ਨੂੰ ਉਸ ਦੇ ਘੇਰੇ ਤੋਂ ਬਾਹਰ ਰੱਖਣਾ ਇਸ ਲਈ ਜਰੂਰੀ ਹੋਵੇਗਾ ਕਿਉਂਕਿ ਹਾਲੇ ਤੱਕ ਵੀ ਸਿੱਖ ਸਮਾਜ ਦਾ ਇਹ ਵਰਗ ਉਸ ਪੱਧਰ 'ਤੇ ਆਲੋਚਨਾਤਮਕ ਸਿਧਾਂਤਾਂ ਦੀ ਨਿਸ਼ਾਨਦੇਹੀ ਕਰਨ ਦੇ ਨੇੜੇ ਨਹੀਂ ਪਹੁੰਚਿਆ ਕਿ ਉਹ ਆਪਣੀ ਕਲਾਸ ਭਾਵ ਗੁਰਦੁਆਰਾ ਜਿੱਥੇ ਉਹਨੇ ਕਥਾ ਜਾਂ ਲੈਕਚਰ ਦੇਣਾ ਹੁੰਦਾ ਹੈ 'ਚ ਆਪਣੇ ਵ੍ਯਿਦਿਆਰਥੀ ਨੂੰ ਗਤੀਸ਼ੀਲ ਹੋਇਆ ਨਹੀਂ ਦੇਖਣਾ ਚਾਹੁੰਦਾ। ਇਸ ਵਰਗ ਦਾ ਮਨੋਰਥ ਕਿਉਂਕਿ ਉਸਦੇ ਮਿਹਨਤ ਫ਼ਲ ਅਤੇ ਨਿੱਜੀ ਲੋੜਾਂ ਮਾਤਰ ਨਾਲ ਜੁੜਿਆ ਹੋਣ ਕਾਰਨ ਕਲਾਸ 'ਚ ਵਿਦਿਆਰਥੀਆਂ ਤੋਂ ਚੰਗੇ ਨਤੀਜੇ ਆਉਣ ਦੀ ਇੱਛਾ ਮਹਿਜ਼ ਇੱਕ ਅਜਿਹੀ ਮ੍ਰਿਗਤ੍ਰਿਸ਼ਨਾ ਕਹੀ ਜਾ ਸਕਦੀ ਹੈ ਜਿਹੜੀ ਭਾਰਤ ਵਰਗੇ ਮੁਲਕ 'ਚ ਕਈ ਸਾਲਾਂ ਤੋਂ ਮਾਰਕਸਵਾਦ ਪੜ•ਾ ਕੇ ਕਾਗ਼ਜ਼ੀ ਸਮਾਜਕ ਤਬਦੀਲੀਆਂ ਲਿਆਉਂਦੀ ਹੈ। ਹੁਣ ਜੇ ਕਥਾਵਾਚਕ ਜਾਂ ਪ੍ਰਚਾਰਕ ਵਰਗ ਨੂੰ ਅਸੀਂ ਅਜੇਮਰ ਸਿੰਘ ਤੋਂ ਦੂਰ ਮੰਨ ਵੀ ਲਈਏ ਤਾਂ ਉਹ ਵਰਗ ਬਾਕੀ ਬਚਦਾ ਹੈ ਜਿਹੜਾ ਸੁਣੇ ਸੁਣਾਏ ਅਤੇ ਕਿਸੇ ਵੱਲੋਂ ਸਿਫ਼ਾਰਿਸ਼ ਕੀਤੇ ਗਏ ਪੜ•ਨਯੋਗ ਮਸਾਲੇ 'ਤੇ ਵਿਚਾਰ ਕਰਨ ਉਪਰੰਤ ਸਿੱਖਾਂ ਦੇ ਆਧੁਨਿਕ ਇਤਿਹਾਸ ਨਾਲ ਜੁੜਦਾ ਹੈ। ਇਹ ਵਰਤਾਰਾ ਕਿਸੇ ਸਰਕਾਰੀ ਜਾਂ ਸੰਸਥਾਗਤ ਪ੍ਰਣਾਲੀ ਵੱਲੋਂ ਉਸਾਰੀ ਵਿਦਿਅਕ ਲਹਿਰ ਕਾਰਨ ਨਹੀਂ ਬਲਕਿ ਆਪ ਮੁਹਾਰਾ ਹੁੰਦਾ ਦਿਖਾਈ ਦਿੰਦਾ ਹੈ। ਬਿਲਕੁਲ ਇਸੇ ਵਰਤਾਰੇ 'ਚੋਂ ਇੱਕ ਗੱਲ ਹੋਰ ਲਿਖਣੀ ਬਣਦੀ ਹੈ ਕਿ ਪਾਠਕ ਆਪਣੇ ਦਿਮਾਗ਼ ਅੰਦਰ ਵਿਦਵਤਾ ਦੇ ਗੁਣ ਪ੍ਰਵਾਹਿਤ ਹੋ ਰਹੇ ਮਹਿਸੂਸ ਕਰਦਾ ਹੈ। ਨਾਲ ਹੀ ਇਥੇ ਅਜਮੇਰ ਸਿੰਘ ਦੀ ਇਤਿਹਾਸਕਾਰੀ ਚਾਲੂ ਰੁੜੀਵਾਦੀ ਸਿਧਾਂਤਾਂ ਨੂੰ ਮੂਲੋਂ ਰੱਦ ਕਰਕੇ ਵਿਦਿਆਰਥੀਆਂ 'ਚ ਅਜਿਹੀ ਬਹਿਸ ਸ਼ੁਰੂ ਕਰਦੀ ਹੈ ਜਿਸ ਨਾਲ ਉਹਨਾਂ ਦੀ ਅਗਲੀ ਪੀੜ•ੀ ਦੇ ਪੋਚ ਨੇ ਜ਼ਿਹਨੀ ਤੌਰ 'ਤੇ ਆਪਣੇ ਆਲੇ ਦੁਆਲੇ ਕੁੱਝ ਅਜਿਹਾ ਸਿਰਜਣਾ ਹੈ ਜਿਸ ਦੀ ਕਲਪਨਾ 'ਕਿਸ ਬਿਧ ਰੁਲੀ ਪਾਤਸ਼ਾਹੀ' ਜਾਂ 'ਸਿੱਖਾਂ ਦੀ ਸਿਧਾਂਤਕ ਘੇਰਾਬੰਦੀ' ਬਖ਼ਸਦੀ ਹੈ। 

ਅਜਮੇਰ ਸਿੰਘ ਸੁਪਨ ਸੰਸਾਰ 'ਚ ਜਿਊਂ ਰਿਹਾ ਬਹੁਇੱਛਾਵਾਦੀ ਵਿਅਕਤੀ ਨਹੀਂ। ਇਹ ਗੱਲ ਇਸ ਲਈ ਕਹੀ ਜਾ ਸਕਦੀ ਹੈ ਕਿਉਂਕਿ ਉਸਦੀ ਇਤਿਹਾਸਕਾਰੀ 'ਚ ਭਾਸ਼ਣ ਜਾਂ ਲਾਰਾ ਨਹੀਂ ਹੈ। ਉਹ ਵਾਪਰ ਚੁੱਕੀਆਂ ਘਟਨਾਵਾਂ ਨੂੰ ਇੱਕ ਅਜਿਹੇ ਚੌਖਟੇ 'ਚ ਰੱਖ ਕੇ ਬਿਆਨ ਕਰਦਾ ਹੈ ਕਿ ਉਸ ਘਟਨਾ ਦਾ ਵੇਰਵਾ ਆਪਣੇ ਆਪ ਹੀ ਵਖਿਆਨ ਬਣ ਜਾਂਦਾ ਹੈ। ਪਰ ਇਹਦੇ ਬਾਵਜੂਦ ਅਜਮੇਰ ਸਿੰਘ ਵੱਲੋਂ ਇਤਿਹਾਸਕਾਰੀ ਦੀ ਵਿਆਖਿਆ ਲਈ ਵਰਤੇ ਜਾ ਰਹੇ ਚੌਖਟੇ ਦਾ ਰਹੱਸ ਨਹੀਂ ਖੁਲ•ਦਾ ਅਤੇ ਪਾਠਕ ਇੱਕ ਵੇਗ 'ਚ ਵਹਿਣ ਲੱਗਦਾ ਹੈ। ਉਸ ਨੂੰ ਇਹ ਮਾਲੂਮ ਨਹੀਂ ਹੁੰਦਾ ਕਿ ਉਹ 'ਵੀਹਵੀਂ ਸਦੀ ਦੀ ਸਿੱਖ ਰਾਜਨੀਤੀ' ਦੇ ਸੌਖੇ ਸ਼ਬਦ ਜੋੜਾਂ ਅਤੇ ਵਾਕਾਂ ਤੋਂ ਸਫ਼ਰ ਕਰਦਾ ਹੋਇਆ 'ਸਿੱਖਾਂ ਦੀ ਸਿਧਾਂਤਕ ਘੇਰਾਬੰਦੀ' ਅਤੇ 'ਤੂਫ਼ਾਨਾਂ ਦਾ ਸ਼ਾਹ ਅਸਵਾਰ ਕਰਤਾਰ ਸਿੰਘ ਸਰਾਭਾ' ਦੇ ਜਟਿਲ ਤਾਣੇਬਾਣੇ ਵਾਲੇ ਲਹਿਜ਼ੇ ਤੱਕ ਕਿਵੇਂ ਅੱਪੜ ਗਿਆ। ਪਾਠਕ ਮਹਿਸੂਸ ਕਰਦਾ ਹੈ ਕਿ ਉਹ ਇਤਿਹਾਸਕ ਪਾਤਰਾਂ ਦੇ ਅੰਗ ਸੰਗ ਵਿਚਰ ਰਿਹਾ ਹੈ ਅਤੇ ਉਹਨਾਂ ਦੀਆਂ ਹੋਣੀਆਂ ਨੂੰ ਬਦਲਣ ਲਈ ਯਤਨ ਕਰਨ ਲੱਗਦਾ ਹੈ। ਬਿਲਕੁਲ ਇਸੇ ਸਮੇਂ ਪਾਠਕ ਨੂੰ ਅਜਮੇਰ ਸਿੰਘ ਤੋਂ ਪਹਿਲਾਂ ਦੇ ਇਤਿਹਾਸਕਾਰਾਂ ਅਤੇ ਰਚਨਾਕਾਰਾਂ ਦੀਆਂ ਕਿਰਤਾਂ ਕਾਗ਼ਜ਼ਾਂ ਦਾ ਢੇਰ ਮਾਤਰ ਜਾਪਣ ਲੱਗਦੀਆਂ ਹਨ। ਇਹ ਸੋਚ ਵਰਤਾਰਾ ਹੈ। ਇਸ ਨੂੰ ਸਹਿਜ ਨਾਲ ਨਹੀਂ ਲਿਆ ਜਾਣਾ ਚਾਹੀਦਾ। 

ਅਜਮੇਰ ਸਿੰਘ ਕੋਈ ਇਕੱਲਾ ਇਤਿਹਾਸਕਾਰ ਨਹੀਂ ਹੈ ਜਿਸਨੇ ਸਿੱਖ ਇਤਿਹਾਸ ਨੂੰ ਮਾਰਕਸਵਾਦੀ ਵਿਚਾਰਧਾਰਾ ਤੋਂ ਪਰੇ ਰਹਿਕੇ ਵਿਆਖਿਆ ਕੀਤੀ ਹੋਵੇ। ਉਹਦੇ ਤੋਂ ਇਲਾਵਾ ਹੋਰ ਕਈਆਂ ਨੇ ਸਿੱਖਾਂ ਦੀਆਂ ਹੱਡ ਬੀਤੀਆਂ 'ਤੇ ਕਲਮ ਵਾਹੀ ਕੀਤੀ। ਅਜੋਕੇ ਸਮੇਂ 'ਚ ਭਾਈ ਵੀਰ ਸਿੰਘ, ਕਰਮ ਸਿੰਘ ਹਿਸਟੋਰੀਅਨ, ਡਾ. ਗੰਡਾ ਸਿੰਘ ਜਿਹੇ ਸਿੱਖ ਅਤੇ ਡਾ. ਹਰੀ ਰਾਮ ਗੁਪਤਾ ਵਰਗੇ ਗ਼ੈਰ ਸਿੱਖ ਇਤਿਹਾਸਕਾਰ ਵੀ ਹੋਏ ਹਨ ਜਿਹਨਾਂ ਨੇ ਸਿੱਖ ਇਤਿਹਾਸ ਨੂੰ ਪੱਛਮੀ ਰੰਗਢੰਗ ਦੀ ਆਲੋਚਨਾਤਮਕ ਵਿਧੀ ਦੇ ਚੌਖਟੇ 'ਚ ਰੱਖ ਕੇ ਬਿਆਨ ਕੀਤਾ। ਇਹਨਾਂ ਇਤਿਹਾਸਕਾਰਾਂ ਦੀਆਂ ਰਚਨਾਵਾਂ ਤਾਂ ਸਾਹਿਤਕ ਆਲੋਚਕਾਂ ਦੇ ਗੁਣੀਏ 'ਚ ਸਹਿਜੇ ਸਮਾਉਂਦੀਆਂ ਹਨ ਜਦਕਿ ਅਜਮੇਰ ਸਿੰਘ ਇਹਨਾਂ ਦੇ ਆਲੋਚਨਾਤਮਿਕ ਘੇਰੇ ਤੋਂ ਬਾਹਰ ਨਿਕਲ ਕੇ 1469 ਤੋਂ ਭਾਰਤੀ ਉਪ ਮਹਾਂਦੀਪ 'ਚ ਮਨੁੱਖਤਾਵਾਦੀ ਇਨਕਲਾਬ ਲਿਆਉਣ ਵਾਲੇ ਗੁਰੂ ਨਾਨਕ ਦੇਵ ਦੇ ਫ਼ਲਸਫ਼ੇ ਅਤੇ ਉਸ ਵਿਚਾਰਧਾਰਾ ਦੇ ਅਧੀਨ ਇੱਕ ਨਵਾਂ ਆਲੋਚਨਾ ਸੰਸਾਰ ਸਿਰਜ ਦਿੰਦਾ ਹੈ। ਇਸੇ ਕਾਰਨ ਉਹਨਾਂ ਦੀ ਇ੍ਯਤਿਹਾਸਕਾਰੀ ਪ੍ਰਿੰਸੀਪਾਲ ਸੰਤ ਸਿੰਘ ਸੇਖੋਂ, ਡਾ. ਰਤਨ ਸਿੰਘ ਜੱਗੀ, ਡਾ. ਗੁਰਦੇਵ ਸਿੰਘ ਥਿੰਦ ਅਤੇ ਪੰਜਾਬੀ ਦੇ ਹੋਰਨਾਂ ਚੋਟੀ ਦੇ ਆਲੋਚਕਾਂ ਅਤੇ ਉਹਨਾਂ ਦੇ ਉੱੰਤਰਅਧਿਕਾਰੀਆਂ ਦੇ ਕਲਾਵੇ 'ਚ ਨਹੀਂ ਆਉਣੀ। ਉਹ ਇਸ ਲਈ ਕਿਉਂਕਿ ਪਹਿਲੇ ਸਿੱਖ ਇਤਿਹਾਸਕਾਰਾਂ ਦੀ ਕਿਰਤ ਉਸ ਚੌਖਟੇ 'ਚ ਪੂਰੀ ਤਰਾਂ ਸਮਾਉਂਦੀ ਸੀ ਜਿਸ ਚੌਖਟੇ ਦੇ ਅਧੀਨ ਉਹ ਕਿਸੇ ਰਚਨਾ ਨੂੰ ਅਲੋਚਨਾ ਦਾ ਮਾਧਿਅਮ ਬਣਾਂਉਂਦੇ ਸਨ। ਉਂਜ ਵੀ ਸਾਹਿਤ ਦੀ ਆਲੋਚਨਾ ਅਤੇ ਇ੍ਯਤਿਹਾਸ ਦੀ ਆਲੋਚਨਾ 'ਚ ਇੱਕ ਵੱਡਾ ਅੰਤਰ ਹੈ, ਇਸ ਲਈ ਇਹ ਵਿਸ਼ਾ ਉਹਨਾਂ ਦੇ ਸਮਝ 'ਚ ਆਉਣ ਦੀ ਸੰਭਾਵਨਾ ਹੋ ਹੀ ਨਹੀਂ ਸਕਦੀ ਸੀ। 
ਅਜਮੇਰ ਸਿੰਘ ਨੇ ਆਪਣੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਸਾਹਿਤ ਦੇ ਅਧਿਐਨ ਅਤੇ ਵੀਹਵੀਂ ਸਦੀ ਦੀਆਂ ਸਿੱਖ ਘਟਨਾਵਾਂ ਨੂੰ ਬਿਲਕੁਲ ਨੇੜਿਓਂ ਵਾਚਣ 'ਤੇ ਖਰਚ ਕੀਤਾ। ਨਕਸਲਬਾੜੀ ਲਹਿਰ ਅਤੇ ਉਸ ਦੇ ਨਤੀਜੇ ਉਸ ਦੀਆਂ ਅੱਖਾਂ ਦੇ ਸਾਹਮਣੇ ਹੁਣ ਵੀ ਜਿਉਂ ਦੇ ਤਿਉਂ ਹੋਣਗੇ। ਇਸ ਲਈ ਇਹ ਵੀ ਸੰਭਵ ਹੈ ਕਿ ਉਹ ਮਾਰਕਸਵਾਦੀ ਵਿਚਾਰਧਾਰਾ ਦਾ ਲਗਾਤਾਰ ਵਿਸ਼ਲੇਸ਼ਣ ਵੀ ਕਰਦਾ ਰਿਹਾ ਹੋਵੇਗਾ। ਉਸਦੀ ਇਤਿਹਾਸਕਾਰੀ ਦੇ ਅਧਿਐਨ ਦੌਰਾਨ ਸਪੱਸ਼ਟ ਤੌਰ 'ਤੇ ਇਹ ਸੁਆਲ ਪੈਦਾ ਹੁੰਦੇ ਹਨ ਕਿ ਮਾਰਕਸਵਾਦੀ ਵਿਚਾਰਧਾਰਾ ਨੂੰ ਪੰਜਾਬ ਦੀ ਧਰਾਤਲ 'ਤੇ ਸਥਾਪਤ ਕਰਨ ਦੀ ਲੋੜ ਕਿਉਂ ਪਈ? ਸੰਸਾਰ 'ਚ ਸਭ ਤੋਂ ਪਹਿਲਾਂ ਪੰਜਾਬ ਦੀ ਧਰਤੀ ਤੋਂ ਐਲਾਨੇ ਗਏ ਸਰਬੱਤ ਦੇ ਭਲੇ ਅਤੇ ਬਰਾਬਰਤਾ ਦੇ ਫ਼ਲਸਫ਼ੇ ਨਾਲ ਸਮਾਜਕ ਇਨਕਲਾਬ ਲਿਆਉਣ ਵਾਲੀ ਵਿਚਾਰਧਾਰਾ ਨੂੰ ਰੱਦ ਕਰਕੇ ਉਸਤੋਂ 300 ਸਾਲ ਬਾਅਦ ਦੀ ਪੱਛਮੀ ਵਿਚਾਰਧਾਰਾ ਨੂੰ ਪ੍ਰਚਾਰਣ ਅਤੇ ਪਸਾਰਣ ਦੇ ਕੀ ਕਾਰਨ ਹੋ ਸਕਦੇ ਹਨ? ਪੰਜਾਬ ਦੇ ਵਿਦਿਅਕ ਅਦਾਰਿਆਂ 'ਚ ਇੱਕ ਖਾਸ ਵਿਚਾਰਧਾਰਾ ਨਾਲ ਜੁੜੇ ਅਧਿਆਪਕਾਂ ਅਤੇ ਖੋਜਾਰਥੀਆਂ ਨੂੰ ਸਥਾਪਤ ਕਿਉਂ ਕੀਤਾ ਗਿਆ? ਅਤੇ ਸਰਕਾਰੀ ਪ੍ਰਣਾਲੀ ਦੇ ਵਿਦਿਆ ਨਾਲ ਜੁੜੇ ਇਸ ਅੰਗ ਦੇ ਕੀ ਮਨਸ਼ੇ ਹੋ ਸਕਦੇ ਹਨ? 

ਉਪਰੋਕਤ ਸੁਆਲਾਂ ਦਾ ਪਾਠਕ ਦੇ ਮਨ 'ਚ ਪੈਦਾ ਹੋਣਾ ਮਾਤਰ ਅਜਮੇਰ ਸਿੰਘ ਦੀ ਇਤਿਹਾਸਕਾਰੀ ਦਾ ਇੱਕੋ ਇੱਕ ਮਨੋਰਥ ਹੈ, ਇਸ ਗੱਲ ਨੂੰ ਪੰਜਾਬ ਦੇ ਪੱਛਮੀ ਆਲੋਚਨਾਤਮਕ ਵਿਚਾਰਧਾਰਾ ਨੂੰ ਪ੍ਰਣਾਏ ਬੌਧਿਕ ਹਲਕੇ ਲਗਾਤਾਰ ਦੋਸ਼ ਲਾ ਰਹੇ ਹਨ। ਇਹ ਦੋਸ਼ ਆਰੋਪਣ ਸੁਭਾਵਿਕ ਹੈ। ਕਿਉਂਕਿ ਜਦੋਂ ਅਸੀਂ ਇਤਿਹਾਸਕਾਰੀ ਅਤੇ ਸਾਹਿਤਕ ਆਲੋਚਨਾ ਦੇ ਉਸ ਚੌਖਟੇ ਦੀ ਗੱਲ ਕਰਦੇ ਹਾਂ ਜਿਸ ਅਧੀਨ 70 ਸਾਲਾਂ ਤੋਂ ਲਗਾਤਾਰ ਪੰਜਾਬੀ ਦੇ ਲੋਖਕਾਂ ਅਤੇ ਇਤਿਹਾਸਕਾਰਾਂ ਨੂੰ ਨਿਰਖਿਆ ਪਰਖਿਆ ਜਾ ਰਿਹਾ ਸੀ ਉਹ ਅਜੇਮਰ ਸਿੰਘ ਨੇ ਕੁੱਝ ਸਾਲਾਂ ਅੰਦਰ ਮਲੀਆ ਮੇਟ ਕਰ ਕੇ ਰੱਖ ਦਿੱਤਾ। ਸਰਕਾਰੀ ਪ੍ਰਣਾਲੀ ਦੁਆਰਾ ਸਥਾਪਤ ਪੱਛਮੀ ਆਲੋਚਨਾਤਮਕ ਵਿਧਾ ਦੇ ਵਿਦਵਾਨਾਂ ਨੇ ਅਜਮੇਰ ਸਿੰਘ ਦੀ ਇਤਿਹਾਸਕਾਰੀ ਬਾਰੇ ਕੁੱਝ ਵੀ ਬੌਧਿਕ ਕਿਸਮ ਦੀ ਜਾਂ ਕਲਮੀ ਵਿਆਖਿਆ ਕਰਨ ਦੀ ਬਜਾਏ ਸਮਾਜਕ ਮਾਧਿਅਮ ਜਿਸ ਨੂੰ ਸੋਸ਼ਲ ਮੀਡੀਆ ਕਿਹਾ ਜਾਂਦਾ ਹੈ ਦੇ ਮੰਚ ਤੋਂ ਸਿੱਧਮ ਸਿੱਧੀ ਵਿਰੋਧਤਾ ਸ਼ੁਰੂ ਕਰ ਦਿੱਤੀ। ਇਹ ਵਿਰੋਧਤਾ ਜਿੱਥੇ ਅਜਮੇਰ ਸਿੰਘ ਨੂੰ ਪੱਕੇ ਤੌਰ 'ਤੇ ਸਥਾਪਤ ਕਰ ਗਈ ਉੱਥੇ ਇਹ ਵੀ ਸਪੱਸ਼ਟ ਕਰ ਗਈ ਕਿ ਸਥਾਪਤ ਪ੍ਰਣਾਲੀ ਆਪਣੀ ਵਿਧਾ ਨੂੰ ਕਿਸੇ ਕਿਸਮ ਦੀ ਆਂਚ ਨਹੀਂ ਆਉਣ ਦੇਣਾ ਚਾਹੁੰਦੀ ਅਤੇ ਉਹ ਅਖੀਰ ਤੱਕ ਪੰਜਾਬ ਦੀ ਅਸਲ ਇਨਕਲਾਬੀ ਰੂਹ ਦੇ ਖਿਲਾਫ਼ ਨਫ਼ਰਤੀ ਰੁਚੀਆਂ ਨੂੰ ਬਰਕਰਾਰ ਰੱਖਕੇ ਅਜਮੇਰ ਸਿੰਘ ਦੇ ਬਾਅਦ ਹੋਰ ਨਵੇਂ ਇਤਿਹਾਸਕਾਰ ਬਣਨ ਤੋਂ ਰੋਕਣ ਦੇ ਯਤਨ ਕਰੇਗੀ। ਸਮਾਜ 'ਚ ਵਿਦਿਆ ਦੇ ਪਸਾਰੇ ਰਾਹੀਂ ਤੈਅਸ਼ੁਦਾ ਲਹਿਰਾਂ ਤੋੜਣ ਅਤੇ ਉਸਾਰਣ ਦਾ ਯਤਨ ਕਰਨ ਵਾਲੀ ਸਥਾਪਤ ਪ੍ਰਣਾਲੀ ਰਾਹੀਂ ਕੌਮੀਅਤ ਦੇ ਜਜ਼ਬੇ ਖਤਮ ਕਰਕੇ ਲੰਮੀ ਦੇਰ ਤੱਕ ਗ਼ੁਲਾਮੀ ਦੇ ਅਹਿਸਾਸ 'ਤੇ ਪਰਦਾ ਪਾਈ ਰੱਖਣ ਹਿਤ ਲਿਖਾਏ ਅਤੇ ਪ੍ਰਚਾਰੇ ਜਾਂਦੇ ਮਨਘੜਤ ਇਤਿਹਾਸ ਨੂੰ ਕਿਵੇਂ ਪਹਚਾਨਣਾ ਹੈ ਇਹ ਕੇਵਲ ਅਜੇਮਰ ਸਿੰਘ ਦੀ ਇਤਿਹਾਸਕਾਰੀ ਦੀਆਂ ਗੁੰਝਲਾਂ ਨੂੰ ਸੁਲਝਾਉਂਦਿਆਂ ਸਮਝ ਆ ਸਕਦਾ ਹੈ। ਉਸਦੀ ਇਹੋ ਖਾਸੀਅਤ ਸਥਾਪਤ ਪ੍ਰਣਾਲੀ ਨੂੰ ਵਧੇਰੇ ਰੜਕਦੀ ਹੈ। ਅਜਮੇਰ ਸਿੰਘ ਜਦੋਂ ਕਲਮ ਚਲਾਉਂਦਾ ਹੈ ਤਾਂ ਉਸ ਸਾਹਮਣੇ ਅਰਸਤੂ, ਭਾਰਤ ਮੁਨੀ ਜਾਂ ਕਾਰਲ ਮਾਰਕਸ ਦੀ ਬਜਾਏ ਗੁਰਮੱਤ ਲੰਮੇ ਕੱਦ ਬੁੱਤ 'ਚ ਸ਼੍ਰਿਸ਼ਟੀ ਦੀ ਰਚੈਤਾ ਬਣ ਕੇ ਖੜ•ੀ ਹੁੰਦੀ ਹੈ। ਇਹੋ ਕਾਰਨ ਹੈ ਕਿ ਅਜਮੇਰ ਸਿੰਘ ਨੂੰ ਪੜਨ ਦੇ ਬਾਅਦ ਜਦੋਂ ਪਾਠਕ ਬਾਕੀ ਦੇ ਇਤਿਹਾਸਕਾਰਾਂ ਦੀਆਂ ਕਿਰਤਾਂ ਦਾ ਅਧਿਐਨ ਕਰਦਾ ਹੈ ਤਾਂ ਉਸਨੂੰ ਸੌਖਿਆਂ ਹੀ ਇਹ ਪਤਾ ਲੱਗ ਜਾਂਦਾ ਹੈ ਕਿ ਅਸਲ ਕੀ ਹੈ ਅਤੇ ਨਕਲ ਕੀ।

ਸੁਰਿੰਦਰ ਸਿੰਘ, ਟਾਕਿੰਗ ਪੰਜਾਬ