ਕੋਰੋਨਾਵਾਇਰਸ ਸਬੰਧੀ ਅਹਿਮ ਖੋਜ ਕਰ ਰਹੇ ਚੀਨੀ ਪ੍ਰੋਫੈਸਰ ਦਾ ਅਮਰੀਕਾ ਵਿਚ ਭੇਦਭਰੇ ਹਾਲਾਤਾਂ 'ਚ ਕਤਲ

ਕੋਰੋਨਾਵਾਇਰਸ ਸਬੰਧੀ ਅਹਿਮ ਖੋਜ ਕਰ ਰਹੇ ਚੀਨੀ ਪ੍ਰੋਫੈਸਰ ਦਾ ਅਮਰੀਕਾ ਵਿਚ ਭੇਦਭਰੇ ਹਾਲਾਤਾਂ 'ਚ ਕਤਲ
ਪ੍ਰੋਫੈਸਰ ਬਿੰਗ ਲਿਊ

ਅੰਮ੍ਰਿਤਸਰ ਟਾਈਮਜ਼ ਬਿਊਰੋ
ਕੋਰੋਨਾਵਾਇਰਸ ਮਹਾਂਮਾਰੀ ਸਬੰਧੀ ਚੱਲ ਰਹੀਆਂ ਸਾਜਿਸ਼ ਦੀਆਂ ਚਰਚਾਵਾਂ ਨੇ ਅੱਜ ਉਸ ਸਮੇਂ ਹੋਰ ਜ਼ੋਰ ਫੜ੍ਹ ਲਿਆ ਜਦੋਂ ਅਮਰੀਕਾ ਦੇ ਯੂਨੀਵਰਸਿਟੀ ਆਫ ਪਿਟਸਬਰਗ ਸਕੂਲ ਆਫ ਮੈਡਿਸੀਨ ਵਿਚ ਚੀਨੀ ਮੂਲ ਦੇ ਅਸਿਸਟੈਂਟ ਪ੍ਰੋਫੈਸਰ ਬਿੰਗ ਲਿਊ ਦੇ ਕਤਲ ਦੀ ਖਬਰ ਸਾਹਮਣੇ ਆਈ। 

ਯੂਨੀਵਰਸਿਟੀ ਆਫ ਪਿਟਸਬਰਗ ਵਿਚ ਸਬੰਧਿਤ ਵਿਭਾਗ ਨੇ ਪ੍ਰੋਫੈਸਰ ਦੇ ਕਤਲ ਸਬੰਧੀ ਜਾਰੀ ਬਿਆਨ ਵਿਚ ਕਿਹਾ ਹੈ ਕਿ ਉਹ ਕੋਵਿਡ-19 ਮਹਾਂਮਾਰੀ ਫੈਲਾਉਣ ਵਾਲੇ ਕੋਰੋਨਾਵਾਇਰਸ ਦੀ ਇਨਫੈਕਸ਼ਨ ਕਿਰਿਆ ਸਬੰਧੀ ਅਹਿਮ ਖੋਜ ਲਗਭਗ ਪੂਰੀ ਕਰਨ ਵਾਲਾ ਸੀ। ਵਿਭਾਗ ਦਾ ਕਹਿਣਾ ਹੈ ਕਿ ਉਹ ਪ੍ਰੋਫੈਸਰ ਵੱਲੋਂ ਸ਼ੁਰੂ ਕੀਤੀ ਇਸ ਖੋਜ ਨੂੰ ਮੁਕੰਮਲ ਕਰਨ ਦੀ ਕੋਸ਼ਿਸ਼ ਕਰਨਗੇ।

37 ਸਾਲਾ ਪ੍ਰੋਫੈਸਰ ਦਾ ਕਤਲ ਬੜੇ ਭੇਦਭਰੇ ਹਾਲਾਤਾਂ ਵਿਚ ਹੋਇਆ ਹੈ। ਉਸਦੀ ਲਾਸ਼ ਉਸਦੇ ਘਰ ਵਿਚ ਮਿਲੀ ਜਦਕਿ ਘਰ ਤੋਂ ਬਾਹਰ ਇਕ ਕਾਰ ਵਿਚ ਇਕ ਹੋਰ ਵਿਅਕਤੀ ਦੀ ਲਾਸ਼ ਮਿਲੀ। ਮੁੱਢਲੀ ਜਾਂਚ ਦੇ ਅਧਾਰ 'ਤੇ ਪੁਲਸ ਦਾ ਕਹਿਣਾ ਹੈ ਕਿ ਕਾਰ ਵਿਚ ਮਰੇ ਮਿਲੇ ਵਿਅਕਤੀ ਨੇ ਪਹਿਲਾਂ ਪ੍ਰੋਫੈਸਰ ਦਾ ਕਤਲ ਕੀਤਾ ਤੇ ਬਾਅਦ ਵਿਚ ਕਾਰ ਵਿਚ ਆ ਕੇ ਖੁਦਕੁਸ਼ੀ ਕਰ ਲਈ। 

ਪ੍ਰੋਫੈਸਰ ਦੇ ਕਤਲ ਬਾਰੇ ਲੋਕ ਆਨਲਾਈਨ ਪੋਸਟਾਂ ਵਿਚ ਕਹਿ ਰਹੇ ਕਿ ਇਹ ਕੋਰੋਨਾਵਾਇਰਸ ਨਾਲ ਜੁੜੀ ਜਾਂਚ ਦੇ ਚਲਦਿਆਂ ਕੀਤਾ ਗਿਆ ਕਤਲ ਹੈ। ਮਾਰੇ ਗਏ ਦੂਜੇ ਵਿਅਕਤੀ ਦੀ ਪਛਾਣ 46 ਸਾਲਾ ਹਾਓ ਗੂ ਵਜੋਂ ਹੋਈ ਹੈ ਜੋ ਸਾਫਟਵੇਅਰ ਇੰਜੀਨੀਅਰ ਸੀ। 

ਕੋਰੋਨਾਵਾਇਰਸ ਸਾਜਿਸ਼ ਦੀਆਂ ਟਿੱਪਣੀਆਂ ਤੋਂ ਇਲਾਵਾ ਚੀਨ ਦੇ ਸੋਸ਼ਲ ਮੀਡੀਆ ਅਦਾਏ ਵੀਬੋ 'ਤੇ ਲੋਕ ਕਹਿ ਰਹੇ ਹਨ ਕਿ ਚੀਨ ਪ੍ਰਤੀ ਅਮਰੀਕਾ ਵਿਚ ਫੈਲਾਏ ਗਏ ਨਫਤਰੀ ਮਾਹੌਲ ਦੇ ਨਤੀਜੇ ਵਜੋਂ ਇਹ ਕਤਲ ਹੋਇਆ ਹੈ। ਪਰ ਪੁਲਸ ਦਾ ਕਹਿਣਾ ਹੈ ਕਿ ਕਤਲ ਵਿਚ ਨਸਲੀ ਹਮਲੇ ਵਰਗੀ ਕੋਈ ਗੱਲ ਨਜ਼ਰ ਨਹੀਂ ਆਉਂਦੀ।
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।