ਚੀਨ ਵੱਲੋਂ ਕੋਰੋਨਾਵਾਇਰਸ ਖਿਲਾਫ ਜੰਗ ਜਿੱਤਣ ਦਾ ਦਾਅਵਾ

ਚੀਨ ਵੱਲੋਂ ਕੋਰੋਨਾਵਾਇਰਸ ਖਿਲਾਫ ਜੰਗ ਜਿੱਤਣ ਦਾ ਦਾਅਵਾ

ਬੀਜ਼ਿੰਗ: ਦੁਨੀਆ ਵਿਚ ਫੈਲ ਚੁੱਕੀ ਮਹਾਂਮਾਰੀ ਕੋਰੋਨਾਵਾਇਰਸ ਦੇ ਸਭ ਤੋਂ ਪਹਿਲੇ ਸ਼ਿਕਾਰ ਬਣੇ ਚੀਨ ਨੇ ਤਿੰਨ ਮਹੀਨਿਆਂ ਦੇ ਸਮੇਂ ਵਿਚ ਹੀ ਇਸ ਮਹਾਮਾਰੀ ਨੂੰ ਠੱਲ ਪਾਉਣ ਦਾ ਦਾਅਵਾ ਕੀਤਾ ਹੈ। ਬੀਤੇ ਕੱਲ੍ਹ ਚੀਨ ਵਿਚ ਕੋਰੋਨਾਵਾਇਰਸ ਦਾ ਕੋਈ ਵੀ ਨਵਾਂ ਸਥਾਨਕ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਹ ਤਿੰਨ ਮਹੀਨਿਆਂ ਵਿਚ ਪਹਿਲੀ ਵਾਰ ਹੋਇਆ ਹੈ। 

ਜਿੱਥੇ ਅੱਜ ਦੁਨੀਆ ਦੇ ਕਈ ਹੋਰ ਵਿਕਸਤ ਮੁਲਕਾਂ ਦਾ ਢਾਂਚਾ ਇਸ ਬਿਮਾਰੀ ਸਾਹਮਣੇ ਕਮਜ਼ੋਰ ਨਜ਼ਰ ਪੈ ਰਿਹਾ ਹੈ ਉੱਥੇ ਚੀਨ ਇਸ ਬਿਮਾਰੀ ਨੂੰ ਠੱਲ੍ਹ ਪਾਉਣ ਨੂੰ ਆਪਣੇ ਪ੍ਰਸ਼ਾਸਨਕ ਢਾਂਚੇ ਦੀ ਵੱਡੀ ਪ੍ਰਾਪਤੀ ਵਜੋਂ ਦਰਸਾ ਰਿਹਾ ਹੈ। 

ਪਰ ਕੁੱਝ ਟਿੱਪਣੀਕਾਰਾਂ ਦਾ ਕਹਿਣਾ ਹੈ ਕਿ ਜੇ ਚੀਨ ਸਰਕਾਰ ਇਹਨਾਂ ਅੰਕੜਿਆਂ ਹੇਠ ਕਿਸੇ ਤਰ੍ਹਾਂ ਦੇ ਸਹੀ ਅੰਕੜੇ ਲੁਕੋ ਰਹੀ ਹੋਈ ਤਾਂ ਇਹ ਹੋਰ ਵੱਡੀ ਤ੍ਰਾਸਦੀ ਹੋ ਸਕਦੀ ਹੈ ਕਿਉਂਕਿ ਚੀਨ ਸਰਕਾਰ 'ਤੇ ਦੋਸ਼ ਲੱਗ ਰਿਹਾ ਹੈ ਕਿ ਜਦੋਂ ਇਹ ਬਿਮਾਰੀ ਸ਼ੁਰੂ ਹੋਈ ਸੀ ਉਸ ਸਮੇਂ ਵੀ ਚੀਨ ਨੇ ਸਹੀ ਜਾਣਕਾਰੀ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਨਾਲ ਇਹ ਬਿਮਾਰੀ ਵੱਧ ਫੈਲੀ।

ਹਲਾਂਕਿ ਬੀਤੇ ਕੱਲ੍ਹ ਅਜਿਹੇ 34 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਿਹੜੇ ਕਿ ਪਿਛਲੇ ਦਿਨਾਂ ਦੌਰਾਨ ਕਿਸੇ ਹੋਰ ਮੁਲਕ ਤੋਂ ਚੀਨ ਆਏ ਸਨ। ਪਰ ਕੁੱਝ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ਵੱਲੋਂ ਚੁੱਕੇ ਗਏ ਸਖਤ ਕਦਮਾਂ ਨਾਲ ਸੰਕਰਮਣ ਦੀ ਪਹਿਲੀ ਲਹਿਰ ਨੂੰ ਤਾਂ ਠੱਲ੍ਹ ਲਿਆ ਗਿਆ ਹੈ ਪਰ ਇਹਨਾਂ ਕਦਮਾਂ ਨਾਲ ਅੱਗੇ ਸੰਭਾਵਤ ਸੰਕਰਮਣ ਦੀ ਲਹਿਰ ਠੱਲੀ ਜਾ ਸਕਦੀ ਹੈ ਜਾਂ ਨਹੀਂ ਇਸ ਬਾਰੇ ਕੁੱਝ ਸਾਫ ਨਹੀਂ ਕਿਹਾ ਜਾ ਸਕਦਾ। ਇਸ ਲਈ ਫਿਲਹਾਲ ਇਹ ਗੱਲ ਪੱਕੀ ਨਹੀਂ ਹੈ ਕਿ ਇਸ ਬਿਮਾਰੀ ਤੋਂ ਚੀਨ ਦਾ ਪੂਰੀ ਤਰ੍ਹਾਂ ਛੁਟਕਾਰਾ ਹੋ ਗਿਆ ਹੈ।