ਸ਼ਰਮਨਾਕ: ਉੱਤਰ ਪੂਰਬੀ ਸੂਬਿਆਂ ਦੇ ਵਿਦਿਆਰਥੀਆਂ ਨਾਲ ਪੰਜਾਬ ਵਿਚ ਕੋਰੋਨਾ ਦੇ ਨਾਂ 'ਤੇ ਨਸਲੀ ਵਿਤਕਰਾ

ਸ਼ਰਮਨਾਕ: ਉੱਤਰ ਪੂਰਬੀ ਸੂਬਿਆਂ ਦੇ ਵਿਦਿਆਰਥੀਆਂ ਨਾਲ ਪੰਜਾਬ ਵਿਚ ਕੋਰੋਨਾ ਦੇ ਨਾਂ 'ਤੇ ਨਸਲੀ ਵਿਤਕਰਾ

ਚੰਡੀਗੜ੍ਹ: ਕੋਰੋਨਾਵਾਇਰਸ ਦੇ ਨਾਂ 'ਤੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਪੰਜਾਬ ਅਤੇ ਚੰਡੀਗੜ੍ਹ ਵਿਚ ਪੜ੍ਹਨ ਲਈ ਆਏ ਹੋਏ ਉੱਤਰ ਪੂਰਬੀ ਸੂਬਿਆਂ ਦੇ ਵਿਦਿਆਰਥੀਆਂ 'ਤੇ ਨਸਲੀ ਟਿੱਪਣੀਆਂ ਕਰਨ ਦੇ ਮਾਮਲੇ ਸਾਹਮਣੇ ਆਏ ਹਨ ਜਿਸ ਤੋਂ ਇਹ ਵਿਦਿਆਰਥੀ ਬਹੁਤ ਤੰਗ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਬਿਪਤਾ ਦੀ ਘੜੀ ਉਹ ਆਪਣੇ ਘਰਾਂ ਤੋਂ ਦੂਰ ਹਨ ਤੇ ਇੱਥੇ ਜਦੋਂ ਉਹਨਾਂ ਨੂੰ ਅਜਿਹੇ ਸਮੇਂ ਇਹਨਾਂ ਟਿੱਪਣੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਬਹੁਤ ਨਿਰਾਸ਼ਾ ਵਿਚ ਚਲੇ ਜਾਂਦੇ ਹਨ। 

ਉੱਤਰ ਪੂਰਬੀ ਸੂਬੇ ਅਰੁਨਾਚਲ ਦੀ ਵਿਦਿਆਰਥੀ ਜਥੇਬੰਦੀ ਅਰੁਣਾਚਲ ਸਟੂਡੈਂਟ ਯੂਨੀਅਨ ਚੰਡੀਗੜ੍ਹ ਦੇ ਪ੍ਰਧਾਨ ਲਿੰਗਡੋਮ ਕੇਮ ਨੇ ਦੱਸਿਆ ਕਿ ਉੱਤਰ ਪੂਰਬੀ ਸੂਬਿਆਂ ਦੇ ਬਹੁਤ ਵਿਦਿਆਰਥੀ ਪੰਜਾਬ ਅਤੇ ਚੰਡੀਗੜ੍ਹ ਦੇ ਕਾਲਜਾਂ ਵਿਚ ਪੜ੍ਹਨ ਲਈ ਆਏ ਹੋਏ ਹਨ। ਉਹਨਾਂ ਕਿਹਾ ਕਿ ਲੋਕ ਉਹਨਾਂ ਦੇ ਨੈਣ ਨਕਸ਼ ਚੀਨੀਆਂ ਨਾਲ ਮਿਲਦੇ ਹੋਣ ਕਰਕੇ ਉਹਨਾਂ 'ਤੇ ਕੋਰੋਨਾਵਾਇਰਸ ਦੇ ਨਾਂ 'ਤੇ ਨਸਲੀ ਟਿੱਪਣੀਆਂ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਡਰ ਹੈ ਕਿ ਇਹ ਟਿੱਪਣੀਆਂ ਕਿਸੇ ਹਮਲੇ ਦਾ ਰੂਪ ਨਾ ਧਾਰ ਜਾਣ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਪ੍ਰਸ਼ਾਸਨ ਨੂੰ ਸੁਚੇਤ ਕਰਕੇ ਅਜਿਹੀਆਂ ਨਸਲੀ ਟਿੱਪਣੀਆਂ ਨੂੰ ਰੋਕਣ ਲਈ ਕਾਰਵਾਈ ਕਰੇ। 

ਉਹਨਾਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਘਰਾਂ ਤੋਂ ਦੂਰ ਉਹਨਾਂ ਦੇ ਸੂਬੇ ਵਿਚ ਆਏ ਹੋਏ ਇਹਨਾਂ ਵਿਦਿਆਰਥੀਆਂ ਨੂੰ ਉਹ ਆਪਣਾ ਹੀ ਹਿੱਸਾ ਸਮਝਦਿਆਂ ਇਸ ਔਖੇ ਸਮੇਂ ਆਪਣੇ ਪਨ ਦਾ ਅਹਿਸਾਸ ਕਰਾਉਣ। ਉਹਨਾਂ ਕਿਹਾ ਕਿ ਬਿਮਾਰੀ ਦਾ ਸਬੰਧ ਕਿਸੇ ਨਸਲ ਜਾਂ ਖਿੱਤੇ ਨਾਲ ਨਹੀਂ ਹੈ, ਇਹ ਸਾਰੀ ਮਨੁੱਖਤਾ ਨੂੰ ਹੀ ਆਪਣਾ ਸ਼ਿਕਾਰ ਬਣਾ ਰਹੀ ਹੈ ਤੇ ਸਾਰੀ ਮਨੁੱਖ ਜਾਤੀ ਨੂੰ ਮਿਲ ਕੇ ਇਸ ਦਾ ਮੁਕਾਬਲਾ ਕਰਨਾ ਚਾਹੀਦਾ ਹੈ।

ਨਸਲੀ ਟਿੱਪਣੀ ਦਾ ਇਕ ਮਾਮਲਾ ਚੁੰਨੀ ਕਲਾਂ ਤੋਂ ਸਾਹਮਣੇ ਆਇਆ ਹੈ। ਇੱਥੇ ਕੁੱਝ ਸਥਾਨਕ ਲੋਕਾਂ ਵੱਲੋਂ ਇੱਥੇ ਕਾਲਜ ਵਿਚ ਪੜ੍ਹਦੇ ਉੱਤਰ ਪੂਰਬੀ ਸੂਬਿਆਂ ਦੇ ਵਿਦਿਆਰਥੀਆਂ 'ਤੇ ਨਸਲੀ ਟਿੱਪਣੀਆਂ ਕਰਕੇ ਉਹਨਾਂ ਨੂੰ ਤੰਗ ਕਰਨ ਦੀ ਕੋਸ਼ਿਸ਼ ਕੀਤੀ ਹੈ।

ਪੰਜਾਬ ਦੀ ਵਿਦਿਆਰਥੀ ਜਥੇਬੰਦੀ 'ਸੱਥ' ਵੱਲੋਂ ਅਜਿਹੀਆਂ ਹਰਕਤਾਂ ਕਰਨ ਵਾਲੇ ਲੋਕਾਂ ਨੂੰ ਸਖਤ ਤਾੜਨਾ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਜਿਹੀਆਂ ਕਾਰਵਾਈਆਂ ਨੂੰ ਠੱਲ੍ਹ ਪਾਉਣ। ਸੱਥ ਵੱਲੋਂ ਆਪਣੇ ਸੋਸ਼ਲ ਮੀਡੀਆ ਖਾਤਿਆਂ ਤੋਂ ਅਪੀਲ ਪਾਈ ਗਈ, "ਪੰਜਾਬ ਅਤੇ ਚੰਡੀਗੜ੍ਹ ਵਿਚ ਉੱਤਰ ਪੂਰਬੀ ਸੂਬਿਆਂ ਤੋਂ ਪੜ੍ਹਨ ਲਈ ਆਏ ਹੋਏ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਪਹੁੰਚੀਆਂ ਹਨ ਕਿ ਕੋਰੋਨਾਵਾਇਰਸ ਦੇ ਨਾਂ 'ਤੇ ਉਹਨਾਂ ਨਾਲ ਨਸਲੀ ਭੇਦਭਾਵ ਕੀਤਾ ਜਾ ਰਿਹਾ ਹੈ। ਇਹ ਹਰਕਤਾਂ ਕਰਨ ਵਾਲੇ ਲੋਕ ਪੰਜਾਬ ਦੇ ਸਿਰ ਵੱਡਾ ਕਲੰਕ ਲਵਾ ਰਹੇ ਹਨ। ਅਸੀਂ ਇਸ ਆਫਤ ਦੀ ਘੜੀ ਸਮੁੱਚੇ ਪੰਜਾਬ ਵਾਸੀਆਂ ਨੂੰ ਅਤੇ ਖਾਸ ਕਰਕੇ ਪੰਜਾਬ ਦੇ ਵਿਦਿਆਰਥੀਆਂ ਨੂੰ ਅਪੀਲ ਕਰਦੇ ਹਾਂ ਕਿ ਜੇ ਉਹਨਾਂ ਦੇ ਨੇੜੇ ਤੇੜੇ ਕੋਈ ਅਜਿਹਾ ਕਰ ਰਿਹਾ ਹੈ ਤਾਂ ਉਸ ਨੂੰ ਸਖਤੀ ਨਾਲ ਵਰਜਿਆ ਜਾਵੇ। ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਇਹਨਾਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਪ੍ਰਸ਼ਾਸਨ ਨੂੰ ਹਦਾਇਤ ਜਾਰੀ ਕੀਤੀ ਜਾਵੇ।"