ਨਿਰਭਿਆ ਸਮੂਹਿਕ ਬਲਾਤਕਾਰ ਦੇ ਚਾਰਾਂ ਦੋਸ਼ੀਆਂ ਨੂੰ ਫਾਹੇ ਲਾਇਆ ਗਿਆ

ਨਿਰਭਿਆ ਸਮੂਹਿਕ ਬਲਾਤਕਾਰ ਦੇ ਚਾਰਾਂ ਦੋਸ਼ੀਆਂ ਨੂੰ ਫਾਹੇ ਲਾਇਆ ਗਿਆ

ਨਵੀਂ ਦਿੱਲੀ: 16 ਦਸੰਬਰ, 2012 ਨੂੰ ਭਾਰਤ ਦੀ ਰਾਜਧਾਨੀ ਦਿੱਲੀ ਦੀ ਸੜਕ 'ਤੇ ਬੱਸ ਵਿਚ ਨਿਰਭਿਆ ਨਾਮੀਂ ਕੁੜੀ ਨਾਲ ਸਮੂਹਿਕ ਜਬਰ ਜਨਾਹ ਕਰਕੇ ਕਤਲ ਕਰਨ ਵਾਲੇ 4 ਦੋਸ਼ੀਆਂ ਨੂੰ ਅੱਜ ਸਵੇਰੇ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਫਾਂਸੀ ਦੇ ਦਿੱਤੀ ਗਈ। 

ਫਾਂਸੀ ਚੜ੍ਹਾਏ ਗਏ ਦੋਸ਼ੀਆਂ ਵਿਚ ਮੁਕੇਸ਼ (32), ਪਵਨ ਗੁਪਤਾ (25), ਵਿਨੇ ਸ਼ਰਮਾ (26) ਅਤੇ ਅਕਸ਼ੇ ਕੁਮਾਰ (31) ਸ਼ਾਮਲ ਹਨ। ਇਹਨਾਂ ਨੂੰ ਸਵੇਰੇ 05.30 ਵਜੇ ਫਾਂਸੀ ਦਿੱਤੀ ਗਈ। ਡਾਕਟਰਾਂ ਨੇ ਫਾਂਸੀ ਮਗਰੋਂ ਚਾਰਾਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ। 

ਜੇਲ ਅਫਸਰਾਂ ਦੇ ਦੱਸਣ ਮੁਤਾਬਕ ਚਾਰਾਂ ਦੋਸ਼ੀਆਂ ਨੂੰ ਅੱਧਾ ਘੰਟਾ ਫਾਹੇ ਵਾਲੇ ਰੱਸੇ 'ਤੇ ਲਮਕਾਇਆ ਗਿਆ। ਦੱਸ ਦਈਏ ਕਿ ਇਹਨਾਂ ਦੋਸ਼ੀਆਂ ਦੀ ਫਾਂਸੀ ਦੀ ਸਭ ਤੋਂ ਪਹਿਲੀ ਤਰੀਕ 22 ਜਨਵਰੀ ਪੱਕੀ ਕੀਤੀ ਗਈ ਸੀ ਪਰ ਇਹਨਾਂ ਵੱਲੋਂ ਵਾਰ-ਵਾਰ ਅਦਾਲਤੀ ਅਪੀਲਾਂ ਕਰਨ ਦੇ ਚਲਦਿਆਂ ਇਹਨਾਂ ਨੂੰ ਅੱਜ ਫਾਂਸੀ ਦਿੱਤੀ ਗਈ। ਇਹਨਾਂ ਦੋਸ਼ੀਆਂ ਦੇ ਵਕੀਲ ਵੱਲੋਂ ਫਾਂਸੀ ਰੁਕਵਾਉਣ ਦੀ ਆਖਰੀ ਚਾਰਾਜੋਈ ਲਈ ਰਾਸ਼ਟਰਪਤੀ ਵੱਲੋਂ ਰੱਦ ਕੀਤੀ ਰਹਿਮ ਦੀ ਅਪੀਲ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਗਈ ਜਿਸ 'ਤੇ ਰਾਤ 2.30 ਵਜੇ ਸੁਣਵਾਈ ਹੋਈ। ਇਕ ਘੰਟਾ ਸੁਣਵਾਈ ਚੱਲਣ ਮਗਰੋਂ ਇਸ ਅਪੀਲ ਨੂੰ ਖਾਰਜ ਕਰ ਦਿੱਤਾ ਗਿਆ। 

ਦੋਸ਼ੀਆਂ ਨੂੰ ਫਾਂਸੀ ਹੋਣ 'ਤੇ ਨਿਰਭਿਆ ਦੇ ਮਾਪਿਆਂ ਨੇ ਕਿਹਾ ਕਿ ਅੱਜ ਅਖੀਰ ਉਹਨਾਂ ਦੀ ਧੀ ਨੂੰ ਇਨਸਾਫ ਮਿਲ ਗਿਆ ਹੈ।