ਇੱਕ ਵਾਰ ਫੇਰ ਜ਼ੁਬਾਨ ਤੋਂ ਮੁੱਕਰਿਆ ਕੈਪਟਨ
ਚੰਡੀਗੜ੍ਹ (ਏਟੀ ਨਿਊਜ਼) : ਭਾਰਤ ‘ਚ ਮੋਦੀ ਲਹਿਰ ਅਤੇ ਗੁਆਂਢੀ ਸੂਬਿਆਂ ਦੇ ਮੁਕਾਬਲੇ ਬੇਸ਼ੱਕ ਪੰਜਾਬ ‘ਚ ਕਾਂਗਰਸ ਨੇ ਅੱਠ ਸੀਟਾਂ ਜਿੱਤ ਲਈਆਂ ਹਨ ਪਰ ਕੈਪਟਨ ਵਜ਼ਾਰਤ ਦੇ ਪੰਜ ਵਜ਼ੀਰ ਆਪਣੇ ਹਲਕਿਆਂ ਵਿਚ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣ ਵਿਚ ਫੇਲ੍ਹ ਹੋਏ ਹਨ। ਯਾਨੀ ਦੋ ਸਾਲਾਂ ਬਾਅਦ ਹੋਈਆਂ ਚੋਣਾਂ ਵਿਚ ਮੰਤਰੀ ਆਪਣੇ ਹਲਕਿਆਂ ਤੋਂ ਚੋਣ ਹਾਰ ਗਏ ਹਨ। ਸਵਾਲ ਪੈਦਾ ਹੁੰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਕਹੇ ਅਨੁਸਾਰ ਇਨ੍ਹਾਂ ਮੰਤਰੀਆਂ ਤੋਂ ਅਸਤੀਫ਼ਾ ਲੈਣਗੇ? ਹਾਲਾਂਕਿ ਬੀਤੇ ਦਿਨੀਂ ਚੋਣ ਨਤੀਜਿਆਂ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਤਰੀਆਂ ਅਤੇ ਵਿਧਾਇਕਾਂ ਖ਼ਿਲਾਫ਼ ਕਾਰਵਾਈ ਕਰਨ ਦੇ ਬਿਆਨ ਤੋਂ ਪਲਟਦਿਆਂ ਕਹਿ ਚੁੱਕੇ ਹਨ ਕਿ ਅਜਿਹਾ ਚੋਣਾਂ ਵਿਚ ਪਾਰਟੀ ਵਰਕਰਾਂ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਗਿਆ ਸੀ।
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੀ ਹਾਰ ਨੇ ਕਾਂਗਰਸ ਨੂੰ ਵੱਡਾ ਝਟਕਾ ਦਿੱਤਾ ਹੈ। ਕਾਂਗਰਸ ਖ਼ਾਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿਸ਼ਨ 13 ਤਹਿਤ ਮੰਤਰੀਆਂ ਅਤੇ ਵਿਧਾਇਕਾਂ ਨੂੰ ਸਿੱਧੇ ਰੂਪ ਵਿਚ ਚਿਤਾਵਨੀ ਦਿੱਤੀ ਸੀ ਕਿ ਉਮੀਦਵਾਰ ਦੀ ਹਾਰ ‘ਤੇ ਮੰਤਰੀ ਦੀ ਕੁਰਸੀ ਜਾ ਸਕਦੀ ਹੈ। ਜੇਕਰ ਆਏ ਨਤੀਜਿਆਂ ਦੀ ਘੋਖ ਕੀਤੀ ਜਾਵੇ ਤਾਂ ਕੈਪਟਨ ਦੇ ਚਾਰ ਵਜ਼ੀਰਾਂ ਦੇ ਹਲਕਿਆਂ ‘ਚ ਕਾਂਗਰਸ ਦੇ ਉਮੀਦਵਾਰਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਗੁਰਦਾਸਪੁਰ ਹਲਕੇ ਤੋਂ ਸਿਰਫ਼ ਦੋ ਵਿਧਾਨ ਸਭਾ ਹਲਕਿਆਂ ਵਿਚ ਲੀਡ ਮਿਲੀ ਹੈ, ਜਦੋਂਕਿ ਟਰਾਂਸਪੋਰਟ ਮੰਤਰੀ ਅਰੁਣਾ ਚੌਧਰੀ ਦੇ ਹਲਕੇ ਦੀਨਾਨਗਰ ਤੋਂ ਜਾਖੜ ਨੂੰ 51,998 ਵੋਟਾਂ ਮਿਲੀਆਂ ਹਨ, ਜਦੋਂਕਿ ਸੰਨੀ ਦਿਓਲ ਨੂੰ 72,520 ਵੋਟਾਂ ਮਿਲੀਆਂ ਹਨ। ਗੁਰਦਾਸਪੁਰ ‘ਚ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਸਿਰਫ਼ ਡੇਰਾ ਬਾਬਾ ਨਾਨਕ ਅਤੇ ਫ਼ਤਿਹਗੜ੍ਹ ਚੂੜੀਆਂ ਤੋਂ ਜਾਖੜ ਨੂੰ ਜਿੱਤ ਮਿਲੀ ਹੈ ਬਾਕੀ ਸੱਤ ਹਲਕਿਆਂ ਵਿਚ ਹਾਰ ਦਾ ਮੂੰਹ ਦੇਖਣਾ ਪਿਆ ਹੈ।
ਇਸੇ ਤਰ੍ਹਾਂ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਲਕਾ ਬਠਿੰਡਾ (ਸ਼ਹਿਰੀ) ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਚੋਣ ਹਾਰੇ ਹਨ। ਇਥੋਂ ਰਾਜਾ ਵੜਿੰਗ ਨੂੰ 59,815 ਵੋਟਾਂ ਤੇ ਹਰਸਿਮਰਤ ਕੌਰ ਬਾਦਲ ਨੂੰ 63,558 ਵੋਟਾਂ ਮਿਲੀਆਂ ਹਨ।
ਇਸੇ ਤਰ੍ਹਾਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਹਲਕਾ ਗੁਰੂਹਰਸਹਾਏ ਜੋ ਫਿਰੋਜ਼ਪੁਰ ਲੋਕ ਸਭਾ ਹਲਕੇ ਵਿਚ ਪੈਂਦਾ ਹੈ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੂੰ 55,653 ਵੋਟਾਂ ਮਿਲੀਆਂ ਹਨ ਜਦੋਂਕਿ ਅਕਾਲੀ ਦਲ ਦੇ ਪ੍ਰਧਾਨ ਤੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੂੰ 63,283 ਵੋਟਾਂ ਮਿਲੀਆਂ ਹਨ। ਵੈਸੇ ਫਿਰੋਜ਼ਪੁਰ ‘ਚ ਪੈਂਦੇ ਕੁੱਲ ਨੌਂ ਹਲਕਿਆਂ ਵਿਚੋਂ ਹੀ ਸੁਖਬੀਰ ਜੇਤੂ ਰਹੇ ਹਨ।
ਇਸੇ ਤਰ੍ਹਾਂ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਦੇ ਹਲਕੇ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿਲੋਂ ਵੱਡੇ ਅੰਤਰ ਨਾਲ ਚੋਣ ਹਾਰੇ ਹਨ। ਸੰਗਰੂਰ ਤੋਂ ਆਪ ਦੇ ਉਮੀਦਵਾਰ ਭਗਵੰਤ ਮਾਨ ਨੂੰ 52,453 ਵੋਟਾਂ ਮਿਲੀਆਂ ਹਨ ਜਦਕਿ ਕੇਵਲ ਸਿੰਘ ਢਿੱਲੋਂ ਨੂੰ 33,610 ਵੋਟਾਂ ‘ਤੇ ਸਬਰ ਕਰਨਾ ਪਿਆ ਹੈ। ਉਦਯੋਗ ਮੰਤਰੀ ਸੁੰਦਰ ਸ਼ਿਆਮ ਅਰੋੜਾ ਦੇ ਹਲਕੇ ਹੁਸ਼ਿਆਰਪੁਰ ਤੋਂ ਕਾਂਗਰਸ ਦੇ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਹਾਰ ਗਏ ਹਨ। ਡਾ. ਚੱਬੇਵਾਲ ਨੂੰ 42,833 ਵੋਟਾਂ ਮਿਲੀਆਂ ਜਦੋਂਕਿ ਭਾਜਪਾ ਦੇ ਸੋਮ ਪ੍ਰਕਾਸ਼ 51,637 ਵੋਟਾਂ ਲੈਣ ਵਿਚ ਕਾਮਯਾਬ ਹੋਏ ਹਨ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)