ਪੰਜਾਬ ਦੇ ਸੱਤ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਹੋਣ ਦੇ ਆਸਾਰ

ਪੰਜਾਬ ਦੇ ਸੱਤ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਹੋਣ ਦੇ ਆਸਾਰ

ਹੁਸ਼ਿਆਰਪੁਰ (ਏਟੀ ਨਿਊਜ਼): ਪੰਜਾਬ ਦੇ ਸੱਤ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਹੋਣ ਦੇ ਆਸਾਰ ਹਨ ਤੇ ਇਹ ਚੋਣਾਂ ਇੱਕੋ ਵੇਲੇ ਹੀ ਹੋਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਲੋਕ ਸਭਾ ਲਈ ਦੋ ਮੌਜੂਦਾ ਵਿਧਾਇਕ ਚੁਣੇ ਗਏ ਹਨ। ਜਲਾਲਾਬਾਦ ਤੋਂ ਵਿਧਾਇਕ ਸੁਖਬੀਰ ਸਿੰਘ ਬਾਦਲ, ਜੋ ਫਿਰੋਜ਼ਪੁਰ ਤੋਂ ਸੰਸਦੀ ਚੋਣ ਜਿੱਤੇ ਹਨ ਤੇ ਫਗਵਾੜਾ ਤੋਂ ਵਿਧਾਇਕ ਸੋਮ ਪ੍ਰਕਾਸ਼ ਹੁਸ਼ਿਆਰਪੁਰ ਤੋਂ ਐਮਪੀ ਚੁਣੇ ਗਏ ਹਨ। ਹੁਣ ਇਹ ਦੋਵੇਂ ਸੀਟਾਂ ਅਗਲੇ ਦਿਨਾਂ ਵਿੱਚ ਖਾਲੀ ਹੋ ਜਾਣਗੀਆਂ ਤੇ ਇਨ੍ਹਾਂ ਦੋਵਾਂ ਸੀਟਾਂ ਤੇ ਜ਼ਿਮਨੀ ਚੋਣਾਂ ਹੋਣੀਆਂ ਤੈਅ ਹਨ। 

ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਸ਼ਾਮਲ ਹੋਏ ਮਾਨਸਾ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਤੇ ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੀ ਆਪੋ ਆਪਣਾ ਅਸਤੀਫ਼ਾ ਵਿਧਾਨ ਸਭਾ ਸਪੀਕਰ ਨੂੰ ਭੇਜ ਚੁੱਕੇ ਹਨ। ਸੁਖਪਾਲ ਖਹਿਰਾ ਨੇ ਭੁਲੱਥ ਹਲਕੇ ਤੋਂ ਆਪਣੀ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫ਼ਾ ਦਿੱਤਾ ਹੋਇਆ ਹੈ। ਲੁਧਿਆਣਾ ਜ਼ਿਲ੍ਹੇ ਦੇ ਹਲਕਾ ਦਾਖਾ ਤੋਂ ਵਿਧਾਇਕ ਤੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਵੀ ਵਿਧਾਨ ਸਭਾ ਤੋਂ ਆਪਣਾ ਅਸਤੀਫ਼ਾ ਦੇ ਚੁੱਕੇ ਹਨ। ਦੋਵਾਂ ਦੇ ਅਸਤੀਫ਼ਿਆਂ ‘ਤੇ ਅੰਤਮ ਫੈਸਲਾ ਹੋਣਾ ਬਾਕੀ ਹੈ। 

ਜੇਕਰ ਵਿਧਾਨ ਸਭਾ ਦੇ ਸਪੀਕਰ ਉਨ੍ਹਾਂ ਦੇ ਅਸਤੀਫ਼ੇ ਪ੍ਰਵਾਨ ਕਰ ਲੈਂਦੇ ਹਨ ਤਾਂ ਇੱਥੇ ਦੋ ਜ਼ਿਮਨੀ ਚੋਣਾਂ ਹੋਰ ਹੋ ਸਕਦੀਆਂ ਹਨ, ਜੋ ਲਗਭਗ ਤੈਅ ਹੈ। ਹਲਕਾ ਜੈਤੋ ਜਿੱਥੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਪੀਡੀਏ ਵੱਲੋਂ ਚੋਣ ਲੜੀ ਜੋ ਦਲ ਬਦਲੀ ਕਾਨੂੰਨ ਦੀ ਉਲੰਘਣਾ ਹੈ। ਉਨ੍ਹਾਂ ਦੀ ਵਿਧਾਇਕੀ ਉਪਰ ਤਲਵਾਰ ਲਟਕ ਰਹੀ ਹੈ ਤੇ ਮਾਸਟਰ ਬਲਦੇਵ ਸਿੰਘ ਦੀ ਵਿਧਾਨ ਸਭਾ ਮੈਂਬਰਸ਼ਿਪ ਜਾਣੀ ਵੀ ਤੈਅ ਮੰਨੀ ਜਾ ਰਹੀ ਹੈ, ਤੇ ਇੱਥੇ ਵੀ ਜ਼ਿਮਨੀ ਚੋਣ ਹੋ ਸਕਦੀ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ