ਕਰੋਨਾ ਆਫ਼ਤ ਦੇ ਹੀਰੋ ਬਣੇ 20 ਸਿੱਖਾਂ ਨੂੰ ਮਿਲੇਗਾ ਬ੍ਰਿਟਿਸ਼ ਐਂਪਾਇਰ ਐਵਾਰਡ

ਕਰੋਨਾ ਆਫ਼ਤ ਦੇ ਹੀਰੋ ਬਣੇ 20 ਸਿੱਖਾਂ ਨੂੰ ਮਿਲੇਗਾ ਬ੍ਰਿਟਿਸ਼ ਐਂਪਾਇਰ ਐਵਾਰਡ

                       ਮਹਾਰਾਣੀ ਐਲਿਜ਼ਾਬੈੱਥ-2 ਦੇ ਜਨਮਦਿਨ 'ਤੇ ਇਨ੍ਹਾਂ ਸਾਰਿਆਂ ਨੂੰ ਐਵਾਰਡ ਮਿਲੇਗਾ

ਲੰਡਨ: ਕੋਰੋਨਾ ਨੇ ਪੂਰੀ ਦੁਨੀਆ ਨੂੰ ਗਹਿਰੇ ਜ਼ਖ਼ਮ ਦਿੱਤੇ। ਯੂਕੇ ਵੀ ਇਸ ਤੋਂ ਅਣਛੋਹਿਆ ਨਹੀਂ ਰਿਹਾ। ਇੱਥੇ 42 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ ਤੇ ਹਜ਼ਾਰਾਂ ਲੋਕ ਹਾਲੇ ਵੀ ਇਸ ਦੀ ਲਪੇਟ 'ਚ ਹਨ। ਦੁਨੀਆ ਦੇ ਤਾਕਤਵਰ ਦੇਸ਼ਾਂ 'ਚ ਸ਼ੁਮਾਰ ਇੰਗਲੈਂਡ ਵੀ ਮਹਾਮਾਰੀ ਦੇ ਸਾਹਮਣੇ ਲਾਚਾਰ ਨਜ਼ਰ ਆਇਆ। ਅਜਿਹੇ 'ਚ ਆਪਣੀ ਸੇਵਾ ਭਾਵਨਾ ਲਈ ਜਾਣੇ ਜਾਂਦੇ ਸਿੱਖ ਨਾਇਕ ਬਣ ਕੇ ਉੱਭਰੇ। ਯੂਕੇ 'ਚ ਵਸੇ ਪੰਜਾਬੀ ਮੂਲ ਦੇ 20 ਸਿੱਖਾਂ ਨੇ ਸਦਭਾਵਨਾ ਤੇ ਸਮਾਨਤਾ ਦੀ ਅਜਿਹੀ ਮਿਸਾਲ ਸਾਹਮਣੇ ਰੱਖੀ ਕਿ ਦੁਨੀਆ ਕਾਇਲ ਹੋ ਗਈ। ਮਹਾਰਾਣੀ ਐਲਿਜ਼ਾਬੈੱਥ-2 ਦੇ ਜਨਮਦਿਨ 'ਤੇ ਇਨ੍ਹਾਂ ਸਾਰਿਆਂ ਨੂੰ ਬ੍ਰਿਟਿਸ਼ ਐਂਪਾਇਰ ਐਵਾਰਡ ਦਿੱਤਾ ਜਾਵੇਗਾ।

ਕੁੱਲ 1495 ਲੋਕਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਨ੍ਹਾਂ ਵਿਚ 20 ਪੰਜਾਬੀ ਸਿੱਖ ਹੀ ਹਨ। ਕਸਰਤ ਦੀ ਵੀਡੀਓ ਬਣਾ ਕੇ 12 ਹਜ਼ਾਰ ਪਾਊਂਡ ਇਕੱਤਰ ਕਰਨ ਵਾਲੇ ਅੰਮ੍ਰਿਤਸਰ 'ਚ ਜਨਮੇ ਰਾਜਿੰਦਰ ਸਿੰਘ ਹਰਜਾਲ ਤੇ 110 ਦਿਨਾਂ 'ਚ 18,000 ਹਜ਼ਾਰ ਫੂਡ ਪੈਕੇਟ ਤਿਆਰ ਕਰਨ ਵਾਲੀ ਰਾਣੀ ਕੌਰ ਵੀ ਇਸ ਵਿਚ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਹਜ਼ਾਰਾਂ ਵਰਚੂਅਲ ਪ੍ਰਾਰਥਨਾ ਕਰਨ ਵਾਲੇ ਹਰਮੋਹਿੰਦਰ ਸਿੰਘ ਭਾਟੀਆ ਤੇ ਸਿੱਖ ਭਾਈਚਾਰੇ ਨੂੰ ਨਿਤਨੇਮ ਨਾਲ ਜੋੜੀ ਰੱਖਣ ਲਈ ਸੰਦੀਪ ਸਿੰਘ ਦੇ ਯਤਨਾਂ ਦੀ ਚਰਚਾ ਪੂਰੇ ਵਿਸ਼ਵ 'ਚ ਹੈ। ਇਹੀ ਨਹੀਂ ਨੈਸ਼ਨਲ ਹੈਲਥ ਸਿਸਟਮ ਨਾਲ ਜੁੜੇ ਅਜਿਹੇ ਵਾਰੀਅਰਜ਼ ਦੀ ਪਛਾਣ ਵੀ ਕੀਤੀ ਗਈ ਜਿਹੜੇ ਬਿਨਾਂ ਕਿਸੇ ਭੇਦਭਾਵ ਦੇ ਫਰੰਟਲਾਈਨ 'ਤੇ ਲੜੇ ਤੇ ਹਜ਼ਾਰਾਂ ਲੋਕਾਂ ਦੀ ਜਾਨ ਬਚਾਈ। ਪੇਸ਼ ਹਨ ਇਨ੍ਹਾਂ ਮਹਾਨਾਇਕਾਂ ਬਾਰੇ ਇਕ ਵਿਸ਼ੇਸ਼ ਰਿਪੋਰਟ :

1. ਰਾਜਿੰਦਰ ਸਿੰਘ ਹਰਜਾਲ
ਸਕਿਪਿੰਗ ਸਿੱਖ ਦੇ ਨਾਂ ਨਾਲ ਜਾਣੇ ਜਾਂਦੇ ਹਨ। ਮੂਲ ਰੂਪ 'ਚ ਅੰਮ੍ਰਿਤਸਰ ਦੇ ਨਿਵਾਸੀ ਹਨ। ਰੱਸੀ ਟੱਪਣ ਤੇ ਕਸਰਤ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪਾਈ ਤੇ ਕੋਰੋਨਾ ਕਾਲ 'ਚ ਲੋੜਵੰਦਾਂ ਲਈ 12 ਹਜ਼ਾਰ ਪਾਊਂਡ ਦਾ ਫੰਡ ਇਕੱਤਰ ਕੀਤਾ।

2. ਪ੍ਰੋ. ਯਾਦਵਿੰਦਰ ਸਿੰਘ ਮਲ੍ਹੀ
ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਹਨ। ਈਕੋ ਸਿਸਟਮ ਲਈ ਵਧੀਆ ਕੰਮ ਕਰਨ ਲਈ ਚੁਣਿਆ ਗਿਆ। ਇਨ੍ਹਾਂ ਦੀ ਖੋਜ ਨੇ ਇਹ ਸਮਝਣ 'ਚ ਮਦਦ ਕੀਤੀ ਕਿ ਇਸ ਨਾਜ਼ੁਕ ਹਾਲਾਤ 'ਚ ਕੀ ਬਦਲਾਅ ਹੋ ਰਹੇ ਹਨ।

3. ਮਨਜੀਤ ਕੌਰ ਗਿੱਲ
ਮਨਜੋਤ ਕੌਰ ਗਿੱਲ ਐੱਨਜੀਓ ਬਿੰਟੀ ਦੀ ਫਾਊਂਡਰ ਹਨ। ਵਿਕਾਸਸ਼ੀਲ ਦੇਸ਼ਾਂ 'ਚ ਮਾਸਿਕ ਧਰਮ ਵੇਲੇ ਔਰਤਾਂ ਦੀ ਸੁਰੱਖਿਆ ਲਈ ਕੰਮ ਕੀਤਾ ਤੇ ਉਨ੍ਹਾਂ ਨੂੰ ਸਨਮਾਨ ਦਿਵਾਇਆ।

4. ਰਾਣੀ ਕੌਰ
ਲਾਕਡਾਊਨ 'ਚ ਘਰ-ਘਰ ਭੋਜਨ ਪਹੁੰਚਾਉਣ 'ਚ ਮਦਦ ਪਹੁੰਚਾਈ। 200 ਲੋਕਾਂ ਦਾ ਖਾਣਾ ਰੋਜ਼ ਬਣਾ ਕੇ ਐਂਬੂਲੈਂਸ ਸੇਵਾ 'ਚ ਲੱਗੇ ਵਲੰਟੀਅਰਾਂ ਨੂੰ ਦਿੱਤਾ। ਬੈੱਡਫੋਰਡ ਹਸਪਤਾਲ ਲਈ ਮਾਸਕ ਬਣਾਏ। 110 ਦਿਨਾਂ 'ਚ 18,000 ਤੋਂ ਜ਼ਿਆਦਾ ਖਾਣੇ ਦੇ ਪੈਕੇਟ ਤਿਆਰ ਕੀਤੇ।

5. ਸੰਦੀਪ ਸਿੰਘ ਡੇਹਲੇ
ਲਾਕਡਾਊਨ 'ਚ ਗੁਰਦੁਆਰਾ ਬੰਦ ਹੋਣ 'ਤੇ ਅਰਦਾਸ ਲਈ ਆਨਲਾਈਨ ਪੋਰਟਲ ਚਲਾਇਆ ਤਾਂ ਜੋ ਸਿੱਖਾਂ ਦੇ ਨਿਤਨੇਮ 'ਚ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ। ਲੋਕਾਂ ਨੂੰ ਗੁਰੂਆਂ ਤੇ ਉਨ੍ਹਾਂ ਦੀ ਬਾਣੀ ਨਾਲ ਜੋੜ ਕੇ ਰੱਖਿਆ।

6. ਬਲਜੀਤ ਕੌਰ ਸੰਧੂ
ਬਲਜੀਤ ਕੌਰ ਯੂਕੇ ਦੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਵਕੀਲ ਹਨ। ਮਾਈਗ੍ਰੇਟ ਤੇ ਰਿਫਿਊਜੀ ਬੱਚਿਆਂ ਦੇ ਅਧਿਕਾਰਾਂ ਲਈ ਕੰਮ ਕਰ ਰਹੀ ਹਨ। ਸਮਾਨਤਾ ਤੇ ਸਿਵਲ ਸੁਸਾਇਟੀ ਲਈ ਜ਼ਿਕਰਯੋਗ ਕੰਮ ਕੀਤਾ ਹੈ।

7. ਹਰਮੋਹਿੰਦਰ ਸਿੰਘ ਭਾਟੀਆ
75 ਸਾਲ ਦੇ ਭਾਟੀਆ ਨੇ ਲਾਕਡਾਊਨ ਦੌਰਾਨ ਇਕ ਦਿਨ ਵਿਚ ਤਿੰਨ-ਤਿੰਨ ਪ੍ਰਾਰਥਨਾ ਕੀਤੀਆਂ। ਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦਾ ਜ਼ੂਮ 'ਤੇ ਅੰਤਿਮ ਸਸਕਾਰ ਕਰਵਾਇਆ। ਵਾਰੀਅਰਜ਼ ਲਈ ਹਜ਼ਾਰਾਂ ਵਰਚੂਅਲ ਪ੍ਰਾਰਥਨਾ ਕੀਤੀਆਂ।

8. ਸਰਬਜੀਤ ਕਲੇਰ
44 ਸਾਲਾ ਫਰੰਟਲਾਈਨ ਡਾ. ਸਰਬਜੀਤ ਕਲੇਰ ਨੇ ਵੈਸਟ ਮਿਡਲੈਂਡ 'ਚ ਸੈਂਕੜੇ ਕੋਰੋਨਾ ਮਰੀਜ਼ਾਂ ਨੂੰ ਠੀਕ ਕੀਤਾ। 21 ਸਾਲ ਦੇ ਡਾਕਟਰੀ ਪੇਸ਼ੇ 'ਚ ਉਨ੍ਹਾਂ ਦੇ ਇਸ ਸਮਰਪਣ ਦੀ ਸਾਰਿਆਂ ਨੇ ਸ਼ਲਾਘਾ ਕੀਤੀ।

9. ਕਾਰਟਰ ਸਿੰਘ
ਕੋਰੋਨਾ ਕਾਲ 'ਚ ਲੋਕਾਂ ਦੀ ਮਾਨਸਿਕ ਸਿਹਤ ਦਾ ਖ਼ਿਆਲ ਰੱਖਣ 'ਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਇਕੱਲੇ ਹਨ।

10. ਡਾ. ਗੁਰਪ੍ਰੀਤ ਸਿੰਘ ਕੌਂਡਲ
64 ਸਾਲਾ ਪਰਮਿੰਦਰ ਸਿੰਘ ਕੌਂਡਲ 2012 'ਚ ਸਿੱਖਾਂ ਲਈ ਧਰਮ ਪ੍ਰਚਾਰਕ ਦੇ ਰੂਪ 'ਚ ਕੰਮ ਕਰ ਰਹੀ ਹਨ। ਉਨ੍ਹਾਂ ਦਾ ਗਰੁੱਪ ਸਿੱਖ ਮਰੀਜ਼ਾਂ ਦੀ ਸੇਵਾ ਤੇ ਅੰਗਰੇਜ਼ੀ ਭਾਸ਼ਾ 'ਚ ਅਸਹਿਜ ਲੋਕਾਂ ਦੀ ਮਦਦ ਕਰਦਾ ਹੈ।

12. ਜਤਿੰਦਰ ਸਿੰਘ ਹਰਚੋਵਾਲ
ਮਸ਼ਹੂਰ ਫਾਰਮਾਸਿਸਟ ਜਤਿੰਦਰ ਸਿੰਘ ਹਰਚੋਵਾਲ ਨੂੰ ਕੋਵਿਡ-19 ਦੇ ਦੌਰ 'ਚ ਫਾਰਮਾਸਿਊਟੀਕਲ ਪ੍ਰੋਫੈਸ਼ਨ ਦੀਆਂ ਸੇਵਾਵਾਂ ਲਈ ਚੁਣਿਆ ਗਿਆ।

13. ਮਨਵੀਰ ਕੌਰ ਹੋਥੀ
ਸੋਸ਼ਲ ਵਰਕਰ ਮਨਵੀਰ ਕੌਰ ਹੋਥੀ ਦੀ ਟੀਮ ਨੇ ਲਾਕਡਾਊਨ 'ਚ ਲੋਕਾਂ ਕੋਲ ਜਾ ਕੇ ਜ਼ਰੂਰਤ ਦਾ ਸਾਮਾਨ ਮੰਗਿਆ ਤੇ ਇਕੱਤਰ ਕਰ ਕੇ ਉਨ੍ਹਾਂ ਲੋਕਾਂ ਤਕ ਪਹੁੰਚਾਇਆ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਸੀ।

14. ਨੀਤਾ ਅਵਨਾਸ਼ ਕੌਰ
ਬ੍ਰਿਟਿਸ਼ ਬਿਜ਼ਨੈੱਸ ਬੈਂਕ ਦੀ ਡਾਇਰੈਕਟਰ ਨੀਤਾ ਅਵਨਾਸ਼ ਕੌਰ ਨੇ ਲਘੂ ਵਪਾਰ ਲਈ ਲੋਕਲ ਕਮਿਊਨਿਟੀ ਨੂੰ ਵਿੱਤੀ ਸੇਵਾਵਾਂ ਮੁਹੱਈਆ ਕਰਵਾ ਕੇ ਉਨ੍ਹਾਂ ਦਾ ਪੱਧਰ ਉੱਚਾ ਚੁੱਕਣ 'ਚ ਮਦਦ ਕੀਤੀ।

15. ਡਾ. ਗੁਰਜਿੰਦਰ ਸੰਧੂ
ਇਨਫੈਕਡਿਟ ਮਰੀਜ਼ਾਂ ਦੇ ਮਾਹਿਰ ਡਾ. ਗੁਰਜਿੰਦਰ ਸੰਧੂ ਦੀ ਖੋਜ ਨੇ ਮੁਸ਼ਕਲ ਸਮੇਂ ਤੋਂ ਬਾਹਰ ਨਿਕਲਣ 'ਚ ਹਜ਼ਾਰਾਂ ਲੋਕਾਂ ਦੀ ਮਦਦ ਕੀਤੀ।

ਨਾਨ-ਕੋਵਿਡ : ਇਨ੍ਹਾਂ ਨੂੰ ਵੀ ਮਿਲੇਗਾ ਸਨਮਾਨ
16. ਹਰਮਿੰਦਰ ਕੌਰ ਚੰਨਾ

ਹਰਮਿੰਦਰ ਕੌਰ ਚੰਨਾ ਆਰਕ ਬੋਲਟਨ ਅਕਾਦਮੀ ਦੀ ਪ੍ਰਿੰਸੀਪਲ ਹਨ। ਸਿੱਖਿਆ ਦੇ ਖੇਤਰ 'ਚ ਵਧੀਆ ਸੇਵਾਵਾਂ ਤੇ ਬਦਲਾਅ ਲਿਆਉਣ ਲਈ ਉਨ੍ਹਾਂ ਨੂੰ ਸਨਮਾਨਤ ਕੀਤਾ ਜਾਵੇਗਾ।

17. ਸਰਬਜੀਤ ਸਿੰਘ ਪੁਰੇਵਾਲ
ਸਰਬਜੀਤ ਸਿੰਘ ਪੁਰੇਵਾਲ ਸਪੈਸ਼ਲਿਸਟ ਪ੍ਰਿੰਸੀਪਲ ਇੰਸਪੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਸੁਰੱਖਿਆ ਤੇ ਸਾਈਬਰ ਸੁਰੱਖਿਆ ਦੇ ਖੇਤਰ 'ਚ ਜ਼ਿਕਰਯੋਗ ਸੇਵਾਵਾਂ ਲਈ ਉਨ੍ਹਾਂ ਦੀ ਚੋਣ ਹੋਈ ਹੈ।

18. ਅਮੋਲਕ ਸਿੰਘ ਧਾਰੀਵਾਲ
ਫਾਇਨਾਂਸ ਡਾਇਰੈਕਟਰ ਤੇ ਬੈਮ ਬਿਜ਼ਨੈੱਸ ਕਮਿਊਨਿਟੀ 'ਚ ਅਮੋਲਕ ਸਿੰਘ ਧਾਰੀਵਾਲ ਮੰਨਿਆ-ਪ੍ਰਮੰਨਿਆ ਨਾਂ ਹੈ। ਏਸ਼ੀਅਨ, ਬਲੈਕ ਤੇ ਘੱਟ ਗਿਣਤੀਆਂ ਦੀ ਮਦਦ ਲਈ ਹਮੇਸ਼ਾ ਅੱਗੇ ਰਹੇ।

19. ਪ੍ਰਬੀਰ ਕੌਰ ਜਗਪਾਲ
ਪ੍ਰਬੀਰ ਕੌਰ ਜਗਪਾਲ ਫਾਰਮਾ ਲੈਕਚਰਾਰ ਹਨ। ਸਿਹਤ 'ਚ ਵੱਖਰੇਵਿਆਂ ਤੇ ਤਾਲੇਮਲ ਸੇਵਾਵਾਂ ਲਈ ਉਨ੍ਹਾਂ ਨੂੰ ਚੁਣਿਆ ਗਿਆ।

20. ਪਰਮਿੰਦਰ ਸਿੰਘ ਪੁਰੇਵਾਲ
ਰੈੱਨਫ੍ਰਿਊ 'ਚ ਮਹਿਮਾਨ ਨਿਵਾਜ਼ੀ ਸੇਵਾਵਾਂ ਲਈ ਸਨਮਾਨਤ ਕੀਤਾ ਜਾਵੇਗਾ।