ਸੰਸਾਰ ਭੋਜਨ ਦਿਹਾੜਾ - ਭੋਜਨ ਸਮੱਸਿਆ ਅਤੇ ਭੋਜਨ ਪੈਦਾ ਕਰਨ ਵਾਲੇ ਦੀ ਸਥਿਤੀ

ਸੰਸਾਰ ਭੋਜਨ ਦਿਹਾੜਾ - ਭੋਜਨ ਸਮੱਸਿਆ ਅਤੇ ਭੋਜਨ ਪੈਦਾ ਕਰਨ ਵਾਲੇ ਦੀ ਸਥਿਤੀ

ਮਲਕੀਤ ਸਿੰਘ ਭਵਾਨੀਗੜ੍ਹ 

16 ਅਕਤੂਬਰ ਨੂੰ ਦੁਨੀਆਂ ਭਰ ਵਿੱਚ ‘ਸੰਸਾਰ ਭੋਜਨ ਦਿਹਾੜਾ’ ਮਨਾਇਆ ਜਾਣਾ ਹੈ ਜਿਸਨੂੰ ਅੰਗਰੇਜ਼ੀ ਵਿੱਚ ‘ਵਰਲਡ ਫੂਡ ਡੇਅ’ ਕਿਹਾ ਜਾਂਦਾ ਹੈ। 16 ਅਕਤੂਬਰ 1945 ਵਿੱਚ ਸੰਯੁਕਤ ਰਾਸ਼ਟਰ ਦੀ ‘ਫੂਡ ਐਂਡ ਐਗਰੀਕਲਚਰ ਔਰਗਨਾਈਜ਼ੇਸ਼ਨ’ ਦੀ ਸਥਾਪਨਾ ਤਰੀਕ ਦੇ ਸਨਮਾਨ ਵਿੱਚ ਇਹ ਦਿਹਾੜਾ ਹਰ ਸਾਲ ਮਨਾਇਆ ਜਾਂਦਾ ਹੈ। ‘ਫੂਡ ਐਂਡ ਐਗਰੀਕਲਚਰ ਔਰਗਨਾਈਜ਼ੇਸ਼ਨ’ ਇਕ ਉਹ ਏਜੰਸੀ ਹੈ ਜੋ ਭੁੱਖਮਰੀ ਉੱਤੇ ਕਾਬੂ ਪਾਉਣ ਅਤੇ ਭੋਜਨ ਸੁਰੱਖਿਆ ਵਿੱਚ ਸੁਧਾਰ ਲਿਆਉਣ ਲਈ ਅੰਤਰਰਾਸ਼ਟਰੀ ਯਤਨਾਂ ਦੀ ਅਗਵਾਈ ਕਰਦੀ ਹੈ। ਸੰਸਾਰ ਭੋਜਨ ਦਿਹਾੜੇ ਦੇ ਬਹੁਤੇ ਥੀਮ ਖੇਤੀਬਾੜੀ ਦੇ ਆਲੇ ਦੁਆਲੇ ਹੀ ਘੁੱਮਦੇ ਹਨ, ਕਿਓਂਕਿ ਭੋਜਨ ਦੀ ਪੈਦਾਵਾਰ ਇਥੋਂ ਹੀ ਹੋਣੀ ਹੈ ਤੇ ਭੋਜਨ ਦੇਣ ਵਾਲਾ ਵਰਗ ਵੀ ਕਿਸਾਨ ਹੀ ਹੈ। ਪਰ ਆਖਿਰ ਇਹ ਦਿਹਾੜਾ ਮਨਾਉਣ ਦੀ ਲੋੜ ਕਿਓਂ ਪਈ?, ਭੋਜਨ ਪੈਦਾ ਕਰਨ ਵਾਲੇ ਵਰਗ ਦੀ ਇਸ ਸਭ ਵਿੱਚ ਕੀ ਥਾਂ ਬਣਦੀ ਹੈ? ਅਤੇ ਕੀ ਓਹਨੂੰ ਓਹਦੀ ਬਣਦੀ ਥਾਂ ਇੰਡੀਆ ਜਾ ਖਾਸਕਰ ਪੰਜਾਬ ਵਿੱਚ ਮਿਲ ਰਹੀ ਹੈ? ਇਸ ਦਿਹਾੜੇ ਨੂੰ ਮਨਾਉਣ ਦੇ ਨਾਲ ਨਾਲ ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਹਨ ਜੋ ਇਨਸਾਫ ਦੀ ਨਜ਼ਰ ਤੋਂ ਜਵਾਬ ਮੰਗਦੇ ਹਨ ਅਤੇ ਜਵਾਬ ਨਾਲ ਅਗਲੇਰਾ ਅਮਲ ਵੀ, ਜਿਹੜਾ ਇਹ ਜਵਾਬ ਦੇ ਹਾਣ ਦਾ ਹੋ ਸਕੇ।   

‘ਸੰਸਾਰ ਭੋਜਨ ਦਿਹਾੜਾ’ ਉਸ ਔਰਗਨਾਈਜ਼ੇਸ਼ਨ ਦੀ ਸਥਾਪਨਾ ਤਰੀਕ ਦੇ ਸਨਮਾਨ ਵਿੱਚ ਮਨਾਇਆ ਜਾ ਰਿਹਾ ਹੈ ਜੋ ਭੁੱਖਮਰੀ ਅਤੇ ਭੋਜਨ ਸੁਰੱਖਿਆ ਲਈ ਕੰਮ ਕਰ ਰਹੀ ਹੈ। ਇਸ ਦਾ ਮਤਲਬ ਸੰਸਾਰ ਦੇ ਵਿਚ ਭੋਜਨ ਵੀ ਇਕ ਸਮੱਸਿਆ ਹੈ ਜਿਸ ਨਾਲ ਨਜਿੱਠਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਅਸੀਂ ਜਾਣਦੇ ਹਾਂ ਕਿ ਜਿਵੇਂ ਮਾਂ ਬੋਲੀ ਦਿਹਾੜਾ ਮਨਾਇਆ ਗਿਆ, ਜਿਵੇਂ ਮਾਤਾ, ਪਿਤਾ ਦਿਵਸ (ਮਦਰ, ਫਾਦਰ ਡੇਅ) ਮਨਾਇਆ ਗਿਆ ਜਾ ਇਸ ਤਰ੍ਹਾਂ ਦੇ ਹੋਰ ਵੀ ਦਿਹਾੜੇ ਮਨਾਏ ਗਏ ਜਾ ਮਨਾਏ ਜਾਂਦੇ ਹਨ ਓਹਦਾ ਮਤਲਬ ਇਹੀ ਹੈ ਕਿ ਦੁਨੀਆਂ ਵਿਚ ਜਿਹੜੀ ਚੀਜ਼ ਦੀ ਬੇਕਦਰੀ ਹੋਈ ਜਾ ਜਿਹੜੀਆਂ ਚੀਜ਼ਾਂ ਖਤਮ ਹੋ ਰਹੀਆਂ ਨੇ ਓਹਨਾ ਦੇ ਬਚਾਅ ਖਾਤਰ, ਓਹਨਾ ਦੀ ਰਾਖੀ ਖਾਤਰ ਇਹੋ ਜਿਹੇ ਦਿਹਾੜੇ ਮਨਾਏ ਜਾਂਦੇ ਹਨ। ਇਸੇ ਕਰਕੇ ਹੀ ਭੋਜਨ ਦਿਹਾੜਾ ਮਨਾਇਆ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੰਸਾਰ ਭੋਜਨ ਦੀ ਸਮੱਸਿਆ ਦਾ ਸਾਹਮਣਾ ਕਰੇਗਾ ਜਾ ਕਰਨਾ ਪੈ ਸਕਦਾ ਹੈ। ਅਸੀਂ ਜਾਣਦੇ ਹਾਂ ਕਿ ਤਕਨੀਕ ਨਾਲ ਦਿਨ ਪਰ ਦਿਨ ਹੱਥੀਂ ਕਰਨ ਵਾਲੇ ਕੰਮਾਂ ਦਾ ਮਸ਼ੀਨੀਕਰਨ ਹੋ ਰਿਹਾ ਹੈ ਅਤੇ ਇਸ ਮਸ਼ੀਨੀਕਰਨ ਕਰਕੇ ਜਿਹੜਾ ਵਰਗ ਨੌਕਰੀਆਂ ਤੋਂ ਵਿਹਲਾ ਹੋਣਾ ਹੈ ਉਹਨਾਂ ਨੂੰ ਭੋਜਨ ਦੀ ਲੋੜ ਤਾਂ ਹਮੇਸ਼ਾ ਰਹਿਣੀ ਹੀ ਹੈ ਕਿਓਂਕਿ ਤਕਨੀਕ ਕੰਮ ਕਰਨ ਲਈ ਆਪਣੀਆਂ ਮਸ਼ੀਨਾਂ ਤਾ ਲਿਆ ਸਕਦੀ ਹੈ ਪਰ ਭੋਜਨ ਨਹੀਂ ਪੈਦਾ ਕਰ ਸਕਦੀ। ਭੋਜਨ ਸੁੱਟਣ ਦੀ ਸਮੱਸਿਆ ਨੂੰ ਵੀ ਲਗਾਤਾਰ ਸੰਬੋਧਨ ਹੋਇਆ ਜਾ ਰਿਹਾ ਹੈ ਜੋ ਹੋਣਾ ਵੀ ਚਾਹੀਦਾ ਹੈ ਪਰ ਅਹਿਮ ਗੱਲ ਇਹ ਹੈ ਕਿ ਇਹ ਕਦਰ ਉਸ ਡਰ ਚੋਂ ਹੋ ਰਹੀ ਹੈ ਜੋ ਭਵਿੱਖ ਵਿੱਚ ਖੜਾ ਦਿਖਾਈ ਦੇ ਰਿਹਾ ਹੈ ਪਰ ਲੰਗਰ ਦੀ ਮਰਿਆਦਾ ਰਾਹੀਂ ਇਹ ਕਦਰ ਉਦੋਂ ਹੀ ਕਰਨ ਦੀ ਜਾਂਚ ਦੇ ਦਿੱਤੀ ਗਈ ਸੀ ਜਦੋਂ ਇਸ ਤਰ੍ਹਾਂ ਦਾ ਕੋਈ ਡਰ ਮੌਜੂਦ ਹੀ ਨਹੀਂ ਸੀ ਭਾਵ ਭੋਜਨ ਦੀ ਕਦਰ ਸਿਰਫ ਉਸ ਡਰ ਚੋਂ ਕਰਨਾ ਕਿ ਇਹ ਭਵਿੱਖ ਵਿੱਚ ਸੰਕਟ ਬਣ ਸਕਦਾ ਹੈ, ਕਾਫੀ ਨਹੀਂ ਹੈ। ਸਗੋਂ ਇਹ ਵੀ ਇਕ ਕਾਰਨ ਹੈ ਜਿਸ ਕਰਕੇ ਭੋਜਨ ਅਤੇ ਭੋਜਨ ਪੈਦਾ ਕਰਨ ਵਾਲੇ ਨੂੰ ਸਹੀ ਥਾਂ ਖਲੋ ਕੇ ਨਹੀਂ ਵੇਖਿਆ ਜਾ ਰਿਹਾ।  

ਭੋਜਨ ਦੇਣ ਵਾਲਾ ਵਰਗ ਕਿਸਾਨ ਵਰਗ ਹੈ ਜੋ ਆਪਣੀ ਦਿਨ ਰਾਤ ਦੀ ਮਿਹਨਤ ਨਾਲ ਦੁਨੀਆਂ ਲਈ ਅਨਾਜ਼ ਉਗਾਉਂਦਾ ਹੈ। ਸੋ ਜੇਕਰ ਭੋਜਨ ਸਾਡੇ ਲਈ ਸਭ ਤੋਂ ਅਹਿਮ ਹੈ ਫਿਰ ਭੋਜਨ ਪੈਦਾ ਕਰਨ ਵਾਲੇ ਦੀ ਸਥਿਤੀ ਵੀ ਓਨੀ ਹੀ ਅਹਿਮ ਹੋਣੀ ਚਾਹੀਦੀ ਹੈ। ਜੋ ਸ਼ਾਇਦ ਇੰਡੀਆ ਵਿੱਚ ਨਹੀਂ ਹੈ, ਖਾਸਕਰ ਪੰਜਾਬ ਵਿੱਚ ਤਾਂ ਬਿਲਕੁਲ ਵੀ ਨਹੀਂ। ਭੋਜਨ ਦੇਣ ਵਾਲਾ ਪਿੱਛੇ ਕਿਓਂ ਹੈ? ਜੇਕਰ ਭੋਜਨ ਸੁਰੱਖਿਆ ਇਕ ਅਹਿਮ ਮਸਲਾ ਹੈ ਫਿਰ ਭੋਜਨ ਪੈਦਾ ਕਰਨ ਵਾਲੇ ਦੀ ਸੁਰੱਖਿਆ ਅਹਿਮ ਮਸਲਾ ਕਿਓਂ ਨਹੀਂ ਹੈ? ਵਾਤਾਵਰਣ ਸ਼ਾਸ਼ਤਰੀ ਵਾਰ ਵਾਰ ਭੋਜਨ ਦੀ ਖਰਾਬੀ ਜਾ ਭੋਜਨ ਬੇਕਦਰੀ ਦੀ ਗੱਲ ਨੂੰ ਬਹੁਤ ਜ਼ੋਰ ਨਾਲ ਚੁੱਕ ਰਹੇ ਨੇ ਕਿ ਇਸ ਤਰ੍ਹਾਂ ਦੁਨੀਆਂ ਉੱਪਰ ਭੋਜਨ ਦੀ ਸਮੱਸਿਆ ਬੜੇ ਵੱਡੇ ਪੱਧਰ ਤੇ ਆ ਸਕਦੀ ਹੈ ਪਰ ਦੂਜੇ ਪਾਸੇ  ਜਿਹਨਾਂ ਨੇ ਭੋਜਨ ਦੇਣਾ ਓਹਨਾ ਦੀ ਕੀ ਥਾਂ ਬਣ ਰਹੀ ਹੈ ਜਾ ਬਣਾਈ ਜਾ ਰਹੀ ਹੈ, ਇਹ ਵੀ ਇਕ ਸੰਕਟ ਹੈ ਜਿਸਨੂੰ ਸੰਬੋਧਨ ਹੋਣਾ ਚਾਹੀਦਾ ਹੈ। ਕਿੰਨੇ ਹੀ ਵੱਡੇ ਵੱਡੇ ਕਾਰਪੋਰੇਟ ਮੁਲਕਾਂ ਵਿਚ ਵੀ ਕਿਸਾਨਾਂ ਦੀ ਸੁਰੱਖਿਆ ਲਈ ਬਹੁਤ ਜਿਆਦਾ ਸਬਸਿਡੀ ਹੈ ਫਿਰ ਇੰਡੀਆ ਵਰਗੇ ਮੁਲਕ ਵਿੱਚ ਜਿਹੜਾ ਕਿ ਵੱਡਾ ਕਾਰਪੋਰੇਟ ਮੁਲਕ ਵੀ ਨਹੀਂ ਹੈ, ਇਵੇਂ ਕਿਓਂ ਨਹੀਂ ਹੈ? ਇਹਦੇ ਪਿੱਛੇ ਕੀ ਕਾਰਨ ਹਨ?

ਪੰਜਾਬ ਵਿੱਚ ਕਿਸਾਨ ਲਗਾਤਾਰ ਪਤਲੀ ਅਤੇ ਸੰਕਟ ਦੀ ਹਾਲਤ ਵਿੱਚ ਜਾ ਰਿਹਾ ਹੈ, ਇਸ ਦੇ ਬਾਵਜ਼ੂਦ ਉਸ ਦੇ ਭਵਿੱਖ ਦਾ ਫੈਸਲਾ ਦਿੱਲੀ ਤਖਤ ਕਰਦਾ ਆ ਰਿਹਾ ਹੈ ਜੋ ਆਏ ਦਿਨ ਉਸਨੂੰ ਸੜਕਾਂ ਅਤੇ ਰੇਲ ਦੀਆਂ ਪਟੜੀਆਂ ਉੱਤੇ ਕਿੰਨੇ ਕਿੰਨੇ ਦਿਨ ਬੈਠਣ ਲਈ ਮਜ਼ਬੂਰ ਕਰੀ ਰੱਖਦਾ ਹੈ। ਜਦੋਂ ਭੋਜਨ ਉਗਾਉਣ ਲਈ ਬੀਜ ਲੈਣ ਜਾਂਦਾ ਹੈ ਤਾਂ ਵੇਚਣ ਵਾਲਾ ਤੈਅ ਕਰਦਾ ਹੈ ਕਿ ਓਹਨੇ ਇਹ ਬੀਜ ਕਿਸਾਨ ਨੂੰ ਕਿਸ ਭਾਅ ਦੇਣੇ ਹਨ ਪਰ ਜਦੋਂ ਓਹਨਾ ਬੀਜਾਂ ਦੁਆਰਾ ਓਹੀ ਕਿਸਾਨ ਉਗਾਇਆ ਹੋਇਆ ਭੋਜਨ ਵੇਚਣ ਜਾਂਦਾ ਹੈ ਤਾਂ ਖਰੀਦਣ ਵਾਲਾ ਤੈਅ ਕਰਦਾ ਹੈ ਕਿ ਉਹ ਇਹ ਭੋਜਨ ਕਿਸ ਭਾਅ ਖਰੀਦੇਗਾ। ਨਾ ਤਾਂ ਕਿਸਾਨ ਇਹ ਤੈਅ ਕਰ ਸਕਦਾ ਹੈ ਕਿ ਓਹਨੇ ਆਪਣੀ ਫਸਲ ਕਿਸ ਭਾਅ ਵੇਚਣੀ ਹੈ ਅਤੇ ਨਾ ਹੀ ਇਹ ਤੈਅ ਕਰ ਸਕਦਾ ਹੈ ਕਿ ਕਿਸ ਮੁਲਕ ਨਾਲ ਵਪਾਰ ਕਰਨਾ ਹੈ। ਇਹ ਕਿਹੜਾ ਇਨਸਾਫ ਹੈ? ਇਸ ਤਰ੍ਹਾਂ ਦੇ ਢਾਂਚਿਆਂ ਵਿੱਚ ਕਿਸ ਤਰ੍ਹਾਂ ਭੋਜਨ ਪੈਦਾ ਕਰਨ ਵਾਲੇ ਕਿਸਾਨ ਦੀ ਹਾਲਤ ਵਿੱਚ ਕੋਈ ਸੁਧਾਰ ਆ ਸਕਦਾ ਹੈ? ਜੇਕਰ ਵਾਕਿਆ ਹੀ ਭੋਜਨ ਦੀ ਸਮੱਸਿਆ ਨੂੰ ਲੈ ਕੇ ਇਮਾਨਦਾਰੀ ਨਾਲ ਕੋਈ ਦਿਹਾੜੇ ਮਨਾਉਣੇ ਹਨ ਤਾਂ ਭੋਜਨ ਪੈਦਾ ਕਰਨ ਵਾਲੇ ਦੀਆਂ ਸਮੱਸਿਆਵਾਂ ਨੂੰ ਵੀ ਓਨੀ ਹੀ ਥਾਂ ਦੇਣੀ ਚਾਹੀਦੀ ਹੈ। ਭੋਜਨ ਸੁਰੱਖਿਆ ਜਿੰਨੀ ਅਹਿਮ ਹੈ ਓਨੀ ਹੀ ਅਹਿਮ ਭੋਜਨ ਪੈਦਾ ਕਰਨ ਵਾਲੇ ਦੀ ਸੁਰੱਖਿਆ ਵੀ ਹੈ।