ਅਪੀਲਾਂ ਦੀ ਸੁਣਵਾਈ ਨਾ ਹੋਣ ਮਗਰੋਂ ਸਿੱਖ ਨੌਜਵਾਨਾਂ ਦੇ ਜਥੇ ਨੇ ਨਚਾਰਾਂ ਦੇ ਬੁੱਤਾਂ ਦੀ ਭੰਨਤੋੜ ਕੀਤੀ

ਅਪੀਲਾਂ ਦੀ ਸੁਣਵਾਈ ਨਾ ਹੋਣ ਮਗਰੋਂ ਸਿੱਖ ਨੌਜਵਾਨਾਂ ਦੇ ਜਥੇ ਨੇ ਨਚਾਰਾਂ ਦੇ ਬੁੱਤਾਂ ਦੀ ਭੰਨਤੋੜ ਕੀਤੀ

ਅੰਮ੍ਰਿਤਸਰ: ਮੰਗਲਵਾਰ ਦੀ ਰਾਤ ਨੂੰ ਸਿੱਖ ਨੌਜਵਾਨਾਂ ਦੇ ਇਕ ਜਥੇ ਵੱਲੋਂ ਦਰਬਾਰ ਸਾਹਿਬ, ਅੰਮ੍ਰਿਤਸਰ ਨੇੜੇ ਰਾਹ 'ਤੇ ਗੁਰਦੁਆਰਾ ਸਾਰਾਗੜ੍ਹੀ ਕੋਲ ਧਰਮ ਸਿੰਘ ਮਾਰਕੀਟ ਸਾਹਮਣੇ ਲਾਏ ਗਏ ਨਚਾਰਾਂ ਦੇ ਬੁੱਤਾਂ ਦੀ ਭੰਨਤੋੜ ਕੀਤੀ ਗਈ। ਇਹਨਾਂ ਨੌਜਵਾਨਾਂ ਵੱਲੋਂ ਇਸ ਕਾਰਵਾਈ ਦੀ ਵੀਡੀਓ ਬਣਾ ਕੇ ਖੁਦ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਜਿਸਨੂੰ ਲੱਖਾਂ ਲੋਕ ਦੇਖ ਚੁੱਕੇ ਹਨ। ਦੱਸ ਦਈਏ ਕਿ ਸਿੱਖ ਜਥੇਬੰਦੀਆਂ ਵੱਲੋਂ ਪਿਛਲੇ ਸਮੇਂ ਤੋਂ ਲਗਾਤਾਰ ਇਹਨਾਂ ਬੁੱਤਾਂ ਨੂੰ ਸਿੱਖ ਧਰਮ ਦੇ ਕੇਂਦਰੀ ਅਸਥਾਨ ਨੂੰ ਜਾਂਦੇ ਰਾਹ ਤੋਂ ਹਟਾਉਣ ਦੀ ਮੰਗ ਕੀਤੀ ਜਾ ਰਹੀ ਸੀ, ਪਰ ਸਰਕਾਰੀ ਪ੍ਰਸ਼ਾਸਨ ਨੇ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਨ ਦੇ ਉਲਟ ਇਹਨਾਂ ਬੁੱਤਾਂ ਨੂੰ ਸੁਰੱਖਿਆ ਦਿੱਤੀ ਹੋਈ ਸੀ। ਇਸ ਮਾਮਲੇ 'ਚ ਸਿੱਖ ਜਥੇਬੰਦੀਆਂ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲਾਂ ਕਰ ਚੁੱਕੀਆਂ ਸਨ ਪਰ ਇਹਨਾਂ ਨੇ ਵੀ ਆਪਣੀ ਜ਼ਿੰਮੇਵਾਰੀ ਨੂੰ ਨਾ ਸਮਝਦਿਆਂ ਇਹਨਾਂ ਬੁੱਤਾਂ ਨੂੰ ਇੱਥੋਂ ਨਹੀਂ ਹਟਵਾਇਆ। ਬੁੱਤਾਂ ਦੀ ਭੰਨਤੋੜ ਕਰਨ ਦੀ ਕਾਰਵਾਈ ਕਰਨ ਵਾਲੇ ਸਿੰਘਾਂ ਨੇ ਪੁਲਸ ਨੂੰ ਮੌਕੇ 'ਤੇ ਹੀ ਆਤਮ ਸਮਰਪਣ ਕਰ ਦਿੱਤਾ। ਇਹਨਾਂ ਸਿੰਘਾਂ ਦਾ ਕਹਿਣਾ ਹੈ ਕਿ ਉਹ ਕਿਸੇ ਤਰ੍ਹਾਂ ਦੀ ਹੁੱਲੜਬਾਜ਼ੀ ਨਹੀਂ ਚਾਹੁੰਦੇ ਪਰ ਵਾਰ-ਵਾਰ ਅਪੀਲਾਂ ਕਰਨ ਮਗਰੋਂ ਵੀ ਜਦੋਂ ਸਿੱਖ ਭਾਵਨਾਵਾਂ ਦੀ ਕਦਰ ਨਹੀਂ ਕੀਤੀ ਗਈ ਤਾਂ ਉਹਨਾਂ ਨੂੰ ਇਹ ਕਾਰਵਾਈ ਕਰਨੀ ਪਈ। 

ਇਸ ਮਾਮਲੇ 'ਚ ਗ੍ਰਿਫਤਾਰ ਕੀਤੇ ਨੌਜਵਾਨਾਂ ਦੀ ਪਛਾਣ ਮਨਿੰਦਰ ਸਿੰਘ ਉਰਫ਼ ਮਨੀ ਵਾਸੀ ਪਿੰਡ ਢਾਹਾ ਥਾਣਾ ਨੂਰਪੁਰ ਬੇਦੀ ਜ਼ਿਲ੍ਹਾ ਰੋਪੜ, ਅਮਰਜੀਤ ਸਿੰਘ ਵਾਸੀ ਭਾਈ ਮੰਝ ਸਿੰਘ ਰੋਡ ਨਜ਼ਦੀਕ ਗੁਰਦੁਆਰਾ ਮਾਤਾ ਗੰਗਾ ਜੀ ਤਰਨ ਤਾਰਨ ਰੋਡ ਥਾਣਾ ਚਾਟੀਵਿੰਡ ਅੰਮ੍ਰਿਤਸਰ, ਰਣਜੀਤ ਸਿੰਘ ਵਾਸੀ ਪਿੰਡ ਸੋਹਲ ਥਾਣਾ ਝਬਾਲ ਜ਼ਿਲ੍ਹਾ ਤਰਨ ਤਾਰਨ, ਹਰਵਿੰਦਰ ਸਿੰਘ ਵਾਸੀ ਪਿੰਡ ਟਿੱਬਾ ਟੱਪਰੀਆਂ ਥਾਣਾ ਨੂਰਪੁਰ ਬੇਦੀ ਤਹਿਸੀਲ ਆਨੰਦਪੁਰ ਸਾਹਿਬ ਜ਼ਿਲ੍ਹਾ ਰੋਪੜ, ਗੁਰਸੇਵਕ ਸਿੰਘ ਵਾਸੀ ਪਿੰਡ ਹਸਨਪੁਰ ਖੁਰਦ ਥਾਣਾ ਸਦਰ ਬਟਾਲਾ ਜ਼ਿਲ੍ਹਾ ਗੁਰਦਾਸਪੁਰ, ਰਵਿੰਦਰ ਸਿੰਘ ਵਾਸੀ ਪਿੰਡ ਘਮੋਰ ਤਹਿਸੀਲ ਅਤੇ ਥਾਣਾ ਬਲਾਚੌਰ ਜ਼ਿਲ੍ਹਾ ਨਵਾਂਸ਼ਹਿਰ, ਰਾਜਬੀਰ ਸਿੰਘ ਵਾਸੀ ਮਕਾਨ ਨੰਬਰ 4432 ਕੋਟ ਭਗਤ ਸਿੰਘ ਗਲੀ ਨੰਬਰ 3 ਸੁਲਤਾਨਵਿੰਡ ਰੋਡ, ਹਰਕੁੰਵਰ ਸਿੰਘ ਵਾਸੀ ਮਕਾਨ ਨੰਬਰ 23 ਮੋਹਣੀ ਪਾਰਕ ਸਾਹਮਣੇ ਖਾਲਸਾ ਕਾਲਜ ਅੰਮ੍ਰਿਤਸਰ ਸ਼ਹਿਰ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਇਹਨਾਂ ਨੌਜਵਾਨਾਂ ਖਿਲਾਫ ਸਰਕਾਰੀ ਜ਼ਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। 

ਬੁੱਤਾਂ ਨੂੰ ਤੋੜਨ 'ਤੇ ਇਰਾਦਾ ਕਤਲ ਦਾ ਪਰਚਾ?
ਦਰਬਾਰ ਸਾਹਿਬ ਦੇ ਨੇੜੇ ਰਾਹ 'ਤੇ ਲਾਏ ਗਏ ਇਹਨਾਂ ਨਚਾਰਾਂ ਦੇ ਬੁੱਤਾਂ ਨੂੰ ਤੋੜਨ ਵਾਲੇ ਸਿੰਘਾਂ ਖਿਲਾਫ ਦਰਜ ਕੀਤੇ ਮਾਮਲੇ 'ਚ ਪੰਜਾਬ ਪੁਲਸ ਨੇ ਇਰਾਦਾ ਕਤਲ ਦੀ ਧਾਰਾ 307 ਵੀ ਸ਼ਾਮਲ ਕਰ ਦਿੱਤੀ ਹੈ। ਇਸ ਲਈ ਪੁਲਸ ਨੇ ਅਧਾਰ ਬਣਾਇਆ ਹੈ ਕਿ ਬੁੱਤ ਤੋੜ ਰਹੇ ਸਿੰਘਾਂ ਨੇ ਪੁਲਸ 'ਤੇ ਵੀ ਹਮਲਾ ਕੀਤਾ। ਜਦਕਿ ਇਸ ਕਾਰਵਾਈ 'ਚ ਸ਼ਾਮਲ ਅਤੇ ਅਜੇ ਪੁਲਸ ਗ੍ਰਿਫਤ ਤੋਂ  ਬਾਹਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਪਹਿਲਾਂ ਹੀ ਇਹ ਫੈਂਸਲਾ ਕੀਤਾ ਸੀ ਕਿ ਜਦੋਂ ਪੁਲਸ ਉਹਨਾਂ ਨੂੰ ਰੋਕੇਗੀ ਤਾਂ ਉਹ ਰੁੱਕ ਜਾਣਗੇ ਤੇ ਪੁਲਸ ਨਾਲ ਚੱਲਣਗੇ। ਉਹਨਾਂ ਕਿਹਾ ਕਿ ਇਹ ਇੱਕ ਵਿਰੋਧ ਦਾ ਤਰੀਕਾ ਸੀ ਤੇ ਉਹਨਾਂ ਦਾ ਪੁਲਸ ਨਾਲ ਕੋਈ ਟਕਰਾਅ ਨਹੀਂ ਹੋਇਆ। ਉਹਨਾਂ ਪੁਲਸ ਵੱਲੋਂ ਸ਼ਾਮਲ ਕੀਤੀ ਧਾਰਾ 307 ਨੂੰ ਬੇਬੁਨਿਆਦ ਦੱਸਿਆ। 

ਲੋਕਾਂ ਦਾ ਪ੍ਰਤੀਕਰਮ 
ਜਿੱਥੇ ਸਿੱਖ ਜਗਤ ਵੱਲੋਂ ਨੌਜਵਾਨਾਂ ਦੀ ਇਸ ਕਾਰਵਾਈ ਦਾ ਪੁਰਜ਼ੋਰ ਸਮਰਥਨ ਕੀਤਾ ਜਾ ਰਿਹਾ ਹੈ ਤੇ ਸੋਸ਼ਲ ਮੀਡੀਆ 'ਤੇ ਇਹਨਾਂ ਨੌਜਵਾਨਾਂ ਦੇ ਸਮਰਥਨ ਵਿਚ ਪੋਸਟਾਂ ਪਾਈਆਂ ਜਾ ਰਹੀਆਂ ਹਨ ਉੱਥੇ ਹੀ ਕੁੱਝ ਖੱਬੇਪੱਖੀ ਅਤੇ ਲਿਬਰਲ ਵਿਦਵਾਨਾਂ ਨੇ ਗੁਰਮਤਿ ਤੋਂ ਉੱਤੇ ਪੰਜਾਬੀ ਸੱਭਿਆਚਾਰ ਨੂੰ ਥਾਂ ਦਿੰਦਿਆਂ ਇਸ ਕਾਰਵਾਈ ਦਾ ਵਿਰੋਧ ਕੀਤਾ ਹੈ। ਖੱਬੇਪੱਖੀ ਸਫਾਂ ਵਿਚੋਂ ਜਾਣੇ ਜਾਂਦੇ ਬਲਤੇਜ ਪਨੂੰ ਨੇ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਲਿਖਿਆ;

ਸਿੱਖ ਪੱਤਰਕਾਰ ਤਲਵਿੰਦਰ ਸਿੰਘ ਬੁੱਟਰ ਨੇ ਇਸ ਕਾਰਵਾਈ ਦਾ ਸਮਰਥਨ ਕਰਦਿਆਂ ਲਿਖਿਆ;
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।