ਸਿੱਖਾਂ ਦਾ ਅਮਰੀਕਾ ਵਿੱਚ ਭਾਰਤੀ ਕਹਾਉਣ ਤੋਂ ਖਹਿੜਾ ਛੁੱਟਿਆ

ਸਿੱਖਾਂ ਦਾ ਅਮਰੀਕਾ ਵਿੱਚ ਭਾਰਤੀ ਕਹਾਉਣ ਤੋਂ ਖਹਿੜਾ ਛੁੱਟਿਆ

ਵਾਸ਼ਿੰਗਟਨ, (ਅੰਮ੍ਰਿਤਸਰ ਟਾਈਮਜ਼ ਬਿਊਰੋ): ਅਮਰੀਕਾ ਵਿਚ ਇਸ ਸਾਲ ਹੋਣ ਵਾਲੀ ਮਰਦਮਸ਼ੁਮਾਰੀ ਮੌਕੇ ਸਿੱਖਾਂ ਨੂੰ ਇੱਕ ਵੱਖਰੇ ਨਸਲੀ ਸਮੂਹ (Separate Ethnic Group) ਵਜੋਂ ਮਾਨਤਾ ਦਿੱਤੀ ਜਾ ਰਹੀ ਹੈ। ਸਿੱਖ ਭਾਈਚਾਰੇ ਨੇ ਅਮਰੀਕੀ ਸਰਕਾਰ ਦੇ ਇਸ ਫੈਂਸਲੇ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹਨਾਂ ਦੇਸ਼ਾਂ ਦੀ ਮਰਦਮਸ਼ੁਮਾਰੀ ਵਿੱਚ ਸਿੱਖ ਖੁਦ ਨੂੰ ਭਾਰਤੀ ਲਿਖਾਉਣਾ ਪਸੰਦ ਨਹੀਂ ਕਰਦੇ ਤੇ ਉਹ ਇਹਨਾਂ ਸਾਰੇ ਦੇਸ਼ਾਂ 'ਚ ਆਪਣੀ ਸਿੱਖ ਪਛਾਣ ਨੂੰ ਮਾਨਤਾ ਦਵਾਉਣ ਲਈ ਚਾਰਾਜ਼ੋਈ ਕਰ ਰਹੇ ਹਨ।

ਅਮਰੀਕਾ ਦੀ ਮਰਦਮਸ਼ੁਮਾਰੀ 2020 ਵਿੱਚ ਸਿੱਖਾਂ ਦੀ ਗਿਣਤੀ ਹੁਣ ਭਾਰਤੀਆਂ ਵਜੋਂ ਨਹੀਂ, ਬਲਕਿ ਅੱਡ ਅਮਰੀਕਨ ਸਿੱਖਾਂ ਵਜੋਂ ਹੋਵੇਗੀ। ਪਿਛਲੇ 10 ਸਾਲ ਤੋਂ ਅਮਰੀਕਨ ਸਿੱਖ ਇਹ ਮੰਗ ਕਰ ਰਹੇ ਸਨ, ਜੋ ਪੂਰੀ ਹੋ ਗਈ ਹੈ। ਇਹ ਜਾਣਕਾਰੀ ਅਮਰੀਕਨ ਸੰਸਥਾ "ਯੂਨਾਈਟਿਡ ਸਿਖਸ" ਨੇ ਦਿੱਤੀ ਹੈ।

ਇਸ ਨਵੀਂ ਤਬਦੀਲੀ ਬਾਰੇ ਅਮਰੀਕਨ ਸਰਵੇਖਣ ਮਹਿਕਮੇ ਦੀ ਡਿਪਟੀ ਡਾਇਰੈਕਟਰ ਰੋਨ ਜਾਰਮਿਨ ਨੇ ਕਿਹਾ ਕਿ ਅਮਰੀਕਾ ਵਿੱਚ ਸਿੱਖਾਂ ਦੀ ਸਹੀ ਗਿਣਤੀ ਦਾ ਪਤਾ ਕਰਨ ਲਈ ਵੱਖਰੇ ਖਾਨੇ ਦੀ ਜ਼ਰੂਰਤ ਹੈ, ਜਿਸ ਨਾਲ ਉਹਨਾਂ ਦੀ ਵੱਖਰੀ ਪਛਾਣ ਨੂੰ ਮਾਨਤਾ ਮਿਲੇਗੀ।"

ਯੂਨਾਈਟਿਡ ਸਿੱਖਸ ਸੰਸਥਾ ਮੁਤਾਬਕ ਇਸ ਸਮੇਂ ਅਮਰੀਕਾ ਵਿੱਚ 10 ਲੱਖ ਦੇ ਕਰੀਬ ਸਿੱਖ ਰਹਿੰਦੇ ਹਨ। ਸਿੱਖ ਅਮਰੀਕੀ ਸਰਵੇਖਣ ਵਿੱਚ ਵੱਖਰੇ ਨਸਲੀ ਸਮੂਹ ਵਜੋਂ ਸ਼ਾਮਲ ਹੋਣ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ। 

ਜਨਗਣਨਾ ਵਿਚ ਸਿੱਖਾਂ ਬਤੌਰ ਸ਼ਾਮਲ ਹੋਣ ਮਗਰੋਂ ਹੁਣ ਜਦ ਸਰਕਾਰ ਸਹੂਲਤਾਂ ਦਿੰਦੀ ਹੈ ਜਾਂ ਫੰਡਿੰਗ ਹੁੰਦੀ ਹੈ ਤਾਂ ਉਸ ਵਿੱਚ ਇਸ ਨਾਲ ਫਾਇਦਾ ਮਿਲੇਗਾ ਅਤੇ ਦੁਨੀਆ ਪੱਧਰ 'ਤੇ ਸਿੱਖਾਂ ਦੀ ਵੱਖਰੀ ਪਛਾਣ ਬਣੇਗੀ ਕਿ ਸਿੱਖ ਇੱਕ ਵੱਖਰੀ ਨੇਸ਼ਨ ਹਨ, ਅੱਡ ਕੌਮ ਹਨ। 

ਕੈਨੇਡਾ ਵਿਚ ਪੱਤਰਕਾਰੀ ਕਰਦੇ ਗੁਰਪ੍ਰੀਤ ਸਿੰਘ ਸਹੋਤਾ ਨੇ ਆਪਣੇ ਫੇਸਬੁੱਕ ਖਾਤੇ 'ਤੇ ਲਿਖਿਆ, "ਇੰਗਲੈਂਡ ‘ਚ ਵੀ ਸਿੱਖਾਂ ਦੀ ਸਰਕਾਰ ਨਾਲ ਇਹੀ ਕਾਨੂੰਨੀ ਲੜਾਈ ਚੱਲ ਰਹੀ ਹੈ। ਇੰਗਲੈਂਡੀਏ ਸਿੱਖਾਂ ਦੀ ਤੀਜੀ-ਚੌਥੀ ਪੀੜੀ ਚੱਲ ਪਈ ਹੈ, ਉਹ ਕਦੇ ਭਾਰਤੀ ਨਗਰਿਕ ਨਹੀਂ ਰਹੇ, ਉਹ ਬ੍ਰਿਟਿਸ਼ ਜੰਮਪਲ ਸਿੱਖ ਹਨ, ਇਸ ਲਈ ਉਹ ਮੰਗ ਕਰ ਰਹੇ ਹਨ ਕਿ ਮਰਦਮਸ਼ੁਮਾਰੀ ਵੇਲੇ ਉਨ੍ਹਾਂ ਨੂੰ ਭਾਰਤੀ ਵਾਲੇ ਖਾਨੇ ‘ਚ ਰਹਿਣ ਲਈ ਮਜਬੂਰ ਨਾ ਕੀਤਾ ਜਾਵੇ ਬਲਕਿ ਸਿੱਖਾਂ ਲਈ ਅੱਡ ਖਾਨਾ ਬਣਾਇਆ ਜਾਵੇ। ਉਹ ਭਾਰਤੀ ਸਿੱਖ ਨਹੀਂ, ਬਰਤਾਨਵੀ ਸਿੱਖ ਕਹਾਉਣਾ ਚਾਹੁੰਦੇ ਹਨ।

ਕੈਨੇਡਾ ਦੇ ਸਿੱਖ ਦੇਖੋ ਕਦੋਂ ਇਹ ਮੰਗ ਚੁੱਕਦੇ, ਕਿਉਂਕਿ ਇੱਥੇ ਵੀ ਸਿੱਖਾਂ ਦੀ ਤੀਜੀ-ਚੌਥੀ ਪੀੜ੍ਹੀ ਚੱਲ ਪਈ ਹੈ। ਸਿੱਖ ਇੱਕ ਅੱਡ ਕੌਮ ਹਨ, ਜੋ ਆਪਣਾ ਰਾਜ ਭਾਗ ਚਲਾ ਚੁੱਕੇ ਹਨ, ਇਹ ਗੱਲ ਹੌਲੀ ਹੌਲੀ ਸਥਾਪਤ ਹੋ ਰਹੀ ਹੈ। "

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।