ਪੜ੍ਹਾਈ ਤੇ ਖੇਤੀ ਕੰਮਾਂ 'ਚ ਨਿਪੁੰਨ ਹੈ ਮੁਟਿਆਰ ਬਲਦੀਪ ਕੌਰ

ਪੜ੍ਹਾਈ ਤੇ ਖੇਤੀ ਕੰਮਾਂ 'ਚ ਨਿਪੁੰਨ ਹੈ ਮੁਟਿਆਰ ਬਲਦੀਪ ਕੌਰ
ਬਲਦੀਪ ਕੌਰ
ਮੋਦੀ ਸਰਕਾਰ ਖਿਲਾਫ  ਕਿਸਾਨੀ ਘੋਲ 'ਚ ਕੀਤੀ ਸ਼ਮੂਲੀਅਤ
 
ਸ਼ਵਿੰਦਰ ਕੌਰ
 
ਸਦੀਆਂ ਤੋਂ ਸਾਮੰਤੀ ਅਤੇ ਰੂੜ੍ਹੀਵਾਦੀ ਸੋਚ ਕਾਰਨ ਮਰਦ ਪ੍ਰਧਾਨ ਸਮਾਜ ਪੁੱਤਰਾਂ ਨੂੰ ਪਹਿਲ ਦਿੰਦਾ ਰਿਹਾ ਹੈ। ਮਾਂ-ਪਿਓ, ਦਾਦਾ-ਦਾਦੀ ਆਪਣਾ ਵੰਸ਼ ਚਲਾਉਣ ਲਈ ਪੁੱਤਰ ਦੀ ਇੱਛਾ ਰੱਖਦੇ ਹਨ। ਭਾਵੇਂ ਹੁਣ ਸਥਿਤੀ ਵਿੱਚ ਕਾਫੀ ਫਰਕ ਆਇਆ ਹੈ ਪਰ ਅਜੇ ਵੀ ਜ਼ਿਆਦਾ ਲੋਕਾਂ ਦੀ ਸੋਚ ਵਿੱਚ ਇਹ ਸਮਾਇਆ ਹੋਇਆ ਹੈ ਕਿ ਧੀਆਂ ਤਾਂ ਮਾਪਿਆਂ ਉੱਤੇ ਭਾਰ ਹੀ ਹੁੰਦੀਆਂ ਹਨ। ਇਸੇ ਲਈ ਹੀ ਜਦੋਂ ਧੀ ਨੂੰ ਵਿਆਹ ਕੇ ਸਹੁਰੇ ਘਰ ਤੋਰਿਆ ਜਾਂਦਾ ਹੈ ਤਾਂ ਹਰ ਇੱਕ ਦੇ ਮੂੰਹੋਂ ਇਹ ਸ਼ਬਦ ਹੀ ਨਿਕਲਦੇ ਹਨ, “ਚਲੋ ਭਾਈ ਚੰਗਾ ਹੋਇਆ ਸਿਰੋਂ ਭਾਰ ਲੱਥਾ।”
 
ਧੀਆਂ ਮਾਪਿਆਂ ਦੇ ਘਰੇਲੂ ਰੋਟੀ ਟੁੱਕ, ਚੁੱਲ੍ਹਾ ਚੌਕਾ, ਗੋਹਾ ਕੂੜਾ, ਸਾਫ਼ ਸਫ਼ਾਈ ਆਦਿ ਕੰਮਾਂ ਵਿੱਚ ਪੂਰਾ ਹੱਥ ਵਟਾਉਂਦੀਆਂ ਹਨ। ਪਰ ਘਰ ਦੇ ਕੰਮਾਂ ਨੂੰ ਤਾਂ ਕੰਮ ਹੀ ਨਹੀਂ ਸਮਝਿਆ ਜਾਂਦਾ। ਖੇਤੀ ਦੇ ਕੰਮਾਂ ਵਿੱਚ ਤਾਂ ਪੁੱਤ ਹੀ ਬਾਪ ਦਾ ਸਹਾਰਾ ਬਣ ਸਕਦੇ ਹਨ। ਇਸ ਧਾਰਨਾ ਨੇ ਹੀ ਧੀ ਨਾਲੋਂ ਪੁੱਤ ਦੇ ਪੈਦਾ ਹੋਣ ਦੀ ਲਾਲਸਾ ਨੂੰ ਜਨਮ ਦਿੱਤਾ।
 
ਇਸ ਧਾਰਨਾ ਨੂੰ ਆਪਣੇ ਕਰਮ ਨਾਲ ਝੂਠਾ ਸਾਬਤ ਕਰ ਦਿੱਤਾ ਹੈ ਬਠਿੰਡੇ ਜ਼ਿਲ੍ਹੇ ਦੇ ਪਿੰਡ ਮਹਿਮਾ ਭਗਵਾਨਾ ਦੀ ਧੀ ਬਲਦੀਪ ਕੌਰ ਨੇ। ਤਿੰਨ ਧੀਆਂ ਦੇ ਬਾਪ ਜਗਸੀਰ ਸਿੰਘ ਦੀ ਵਿਚਕਾਰਲੀ ਧੀ ਬਲਦੀਪ ਕੌਰ ਖੇਤੀ ਦੇ ਹਰ ਕੰਮ ਵਿੱਚ ਮਾਹਰ ਹੈ। ਖੇਤੀ ਦੇ ਨਾਲ-ਨਾਲ ਉਸ ਨੇ ਆਪਣੀ ਪੜ੍ਹਾਈ ਵੀ ਜਾਰੀ ਰੱਖੀ ਹੋਈ ਹੈ। ਉਸ ਨੇ ਬਾਰ੍ਹਵੀਂ ਜਮਾਤ ਬਿਆਸੀ ਪਰਸੈਂਟ ਨੰਬਰ ਲੈ ਕੇ ਪਾਸ ਕੀਤੀ ਹੈ। ਉਸ ਨੇ ਟਰੈਕਟਰ ਦਾ ਸਟੇਰਿੰਗ ਹੀ ਆਪਣੇ ਹੱਥਾਂ ਵਿੱਚ ਨਹੀਂ ਫੜਿਆ, ਖਾਲ ਘੜਨ, ਜ਼ਮੀਨ ਵਾਹੁਣ, ਬੀਜਣ, ਵੱਟਾਂ ਪਾਉਣ, ਪਾਣੀ ਲਾਉਣ ਤੋਂ ਬਿਨਾਂ ਝੋਨਾ ਲਾਉਣ ਲਈ ਖੇਤ ਕੱਦੂ ਕਰਨ ਵਾਲੇ ਕੰਮ ਵੀ ਉਹ ਮਾਹਰ ਕਿਸਾਨ ਵਾਂਗ ਕਰਦੀ ਹੈ।
 
ਸੂਰਜ ਦੀ ਆਮਦ ਨੂੰ ਜੀਅ ਆਇਆ ਕਹਿਣ ਲਈ ਅਜੇ ਅਸਮਾਨ ਸੰਦਲੀ ਰੰਗ ਦਾ ਦੁਪੱਟਾ ਲਪੇਟ ਕੇ ਲਾਲ ਸੂਹਾ ਨਜ਼ਰ ਆਉਣ ਹੀ ਲੱਗਿਆ ਹੁੰਦਾ ਹੈ, ਜਦੋਂ ਬਲਦੀਪ ਟਰੈਕਟਰ ਮਗਰ ਹਲ ਪਾਈ, ਰਾਹਾਂ ਵਿੱਚ ਧੂੜਾਂ ਉਡਾਉਂਦੀ ਫੋਰਡ ਟਰੈਕਟਰ ਨੂੰ ਚਲਾਉਂਦੀ ਸਵੈ ਵਿਸ਼ਵਾਸ ਨਾਲ ਧਰਤੀ ਦੀ ਹਿੱਕ ਤੇ ਸਿਆੜ ਕੱਢਣ ਲਈ ਨਿਕਲਦੀ ਹੈ। ਆਪਣੀ ਇਸ ਮਾਣਮੱਤੀ ਧੀ ਤੇ ਜਗਸੀਰ ਸਿੰਘ ਮਾਣ ਨਾਲ ਸਿਰ ਉੱਚਾ ਕਰ ਲੈਂਦਾ ਹੈ।
 
ਪਹਿਲਾਂ ਲੋਕ ਨੂੰ ਉਸ ਨੂੰ ਟਰੈਕਟਰ ਚਲਾਉਂਦੀ ਦੇਖ ਕੇ ਹੈਰਾਨੀ ਹੁੰਦੇ ਸਨ। ਕਈ ਦਕਿਆਨੂਸੀ ਸੋਚ ਵਾਲੇ ਅੰਦਰੇ ਅੰਦਰ ਕੁਲਝਦੇ ਵੀ ਸਨ। ਜਿਸ ਲੜਕੀ ਨੂੰ ਤੱਕ ਕੇ ਕੱਲ੍ਹ ਤਕ ਨੱਕ ਬੁੱਲ੍ਹ ਵੱਟਦੇ ਸਨ, ਅੱਜ ਜਦੋਂ ਉਹ ਧਰਤੀ ਮਾਂ ਦੇ ਗਰਭ ਵਿੱਚੋਂ ਨਵੀਆਂ ਕਰੂੰਬਲਾ ਨੂੰ ਫੁੱਟਣ ਦਾ ਆਹਰ ਕਰ ਰਹੀ ਹੁੰਦੀ ਹੈ ਤਾਂ ਉਹੀ ਲੋਕ ਉਸ ਦੀਆਂ ਉਦਾਹਰਣਾਂ ਆਪਣੇ ਪੁੱਤਾਂ ਨੂੰ ਦਿੰਦੇ ਹਨ।
 
ਜਗਸੀਰ ਸਿੰਘ ਨੂੰ ਤਾਂ ਉਸ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਬਾਪੂ ਲੜਕੀ ਦਾ ਕੰਮ ਸਿਰਫ ਘਰ ਵਸਾਉਣਾ ਹੀ ਨਹੀਂ ਹੁੰਦਾ, ਉਸ ਨੂੰ ਆਪਣੇ ਨਾਲ ਹੋ ਰਹੇ ਸਮਾਜੀ ਵਿਤਕਰੇ ਨੂੰ ਵੀ ਆਪਣੇ ਕਰਮ ਨਾਲ ਖ਼ਤਮ ਕਰਨਾ ਹੁੰਦਾ ਹੈ। ਲੋਕ ਕੀ ਕਹਿਣਗੇ, ਇਸ ਗੱਲ ਦੀ ਕਦੇ ਪਰਵਾਹ ਨਾ ਕਰੀਂ। ਇੱਥੇ ਜੋ ਆਪਣੀ ਮਿਹਨਤ ਨਾਲ ਤਕਦੀਰ ਅਤੇ ਤਦਬੀਰ ਨੂੰ ਨਵੇਂ ਅਰਥ ਦਿੰਦੇ ਹਨ, ਨੂੰ ਹੀ ਜਿੱਤ ਨਸੀਬ ਹੁੰਦੀ ਹੈ। ਆਪਣੀ ਇਸ ਸੋਚ ਨੂੰ ਕਿ ਖੇਤੀ ਦੇ ਕੰਮਾਂ ਵਿੱਚ ਵੀ ਧੀਆਂ ਪੁੱਤਾਂ ਵਿੱਚ ਕੋਈ ਫਰਕ ਨਹੀਂ, ਸੱਚ ਸਾਬਤ ਕਰਨ ਲਈ ਪਹਿਲਾਂ ਸਾਨੂੰ ਪੁੱਤਾਂ ਵਾਲੇ ਰੋਲ ਨਿਭਾਉਣੇ ਹੀ ਪੈਣਗੇ। ਸੱਚਮੁੱਚ ਹੀ ਕੇਸੂ ਦੇ ਫੁੱਲ ਵਰਗੀ ਪਰ ਅੰਦਰੋਂ ਲੋਹੇ ਵਰਗੀ ਮਜ਼ਬੂਤ, ਨਿਡਰ, ਨਿਧੜਕ ਅਤੇ ਸਵੈ-ਵਿਸ਼ਵਾਸ ਨਾਲ ਭਰਪੂਰ ਇਸ ਕੁੜੀ ਨੇ ਖੇਤਾਂ ਦੀ ਧੀ ਬਣਕੇ ਨਵੀਂ ਪਿਰਤ ਪਾ ਦਿੱਤੀ ਹੈ। ਆਪਣੇ ਕਰਮ ਰਾਹੀਂ ਇਸ ਨੇ ਧੀਆਂ ਨੂੰ ਦੁਰਕਾਰਨ ਵਾਲਿਆਂ, ਜੰਮਣ ਤੋਂ ਪਹਿਲਾਂ ਮਾਰਨ ਵਾਲਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
 
ਖੇਤਾਂ ਦੀ ਧੀ ਹੋਣ ਦੇ ਨਾਲ-ਨਾਲ ਖੇਤਾਂ ਦੀ ਸਲਾਮਤੀ ਲਈ ਵੀ ਉਸ ਨੇ ਨਵੀਂ ਸੰਘਰਸ਼ਮਈ ਉਡਾਣ ਭਰ ਕੇ ਇੱਕ ਹੋਰ ਪਰੰਪਰਾ ਨੂੰ ਜਨਮ ਦਿੱਤਾ ਹੈ।
 
ਕੇਂਦਰੀ ਹਕੂਮਤ ਵਲੋਂ ਖੇਤੀ ਸੁਧਾਰਾਂ ਦੇ ਨਾਂ ’ਤੇ ਖੇਤੀ ਦੇ ਵਿਨਾਸ਼ ਲਈ ਲਿਆਂਦੇ ਤਿੰਨ ਆਰਡੀਨੈਂਸ ਜਿਨ੍ਹਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਯੂਨੀਅਨਾਂ ਵੱਲੋਂ ਸੰਘਰਸ਼ ਵਿੱਢਿਆ ਹੋਇਆ ਹੈ, ਉਹਨਾਂ ਵਲੋਂ ਟਰੈਕਟਰ ਰੋਸ ਮਾਰਚ ਕਰਨ ਦੀ ਘੋਸ਼ਣਾ ਕੀਤੀ ਗਈ ਤਾਂ ਬਲਦੀਪ ਆਪਣੇ ਦਾਦਾ ਜੀ ਜਰਨੈਲ ਸਿੰਘ ਜੋ ਕਿਸਾਨੀ ਦੇ ਹਰ ਸੰਘਰਸ਼ ਵਿੱਚ ਯੋਗਦਾਨ ਪਾਉਂਦੇ ਰਹੇ ਹਨ, ਦੀ ਸੋਚ ਦੀ ਧਾਰਨੀ ਹੋ ਕੇ ਇਸ ਸੰਘਰਸ਼ ਦੀ ਹਮਾਇਤ ਵਿੱਚ ਉੱਤਰ ਆਈ ਹੈ। ਜਦੋਂ ਇਹ ਕਾਫ਼ਲਾ ਸਤਾਈ ਜੁਲਾਈ ਨੂੰ ਪਿੰਡ ਮਹਿਮਾ ਸਰਜਾ ਦੇ ਫੋਕਲ ਪੁਆਇੰਟ ਤੋਂ ਚੱਲਿਆ ਤਾਂ ਦੇਖਣ ਵਾਲਾ ਸੀ। ਆਪਣੇ ਫੋਰਡ ਟਰੈਕਟਰ ਉੱਤੇ ਬੈਨਰ ਅਤੇ ਝੰਡਾ ਲਾਈ ਖੁਦ ਬਲਦੀਪ ਕੌਰ ਟਰੈਕਟਰ ਚਲਾ ਕੇ ਇਸਦੀ ਅਗਵਾਈ ਕਰ ਰਹੀ ਸੀ। ਸਰਕਾਰਾਂ ਵੱਲੋਂ ਕਿਸਾਨਾਂ ਦੀ ਲੁੱਟ ਲਈ ਘੜੇ ਕਾਨੂੰਨਾਂ ਸਦਕਾ ਪੜ੍ਹਨ ਲਿਖਣ ਦੀ ਉਮਰੇ ਧੀਆਂ ਨੂੰ ਸੰਘਰਸ਼ ਦੇ ਰਾਹ ਪੈਣਾ ਪੈ ਰਿਹਾ ਹੈ।ਬਲਦੀਪ ਕੌਰ ਮੁਤਾਬਕ ਉਨ੍ਹਾਂ ਕੋਲ 6 ਕਿੱਲੇ ਜ਼ਮੀਨ ਹੈ ਜਦਕਿ ਕਰਜ਼ਾ ਵੀ ਕਾਫ਼ੀ ਹੈ। ਉਸ ਨੂੰ ਸਰਕਾਰ ਵਲੋਂ ਕਰਜ਼ਾ ਮੁਆਫ਼ ਨਾ ਕਰਨ ਦਾ ਗਿਲਾ ਵੀ ਹੈ। ਬਲਦੀਪ ਮਾਤਬਕ ਕੇਂਦਰ ਸਰਕਾਰ ਵਲੋਂ ਲਿਆਂਦਾ ਜਾ ਰਿਹਾ ਬਿੱਲ ਕਿਸਾਨ ਵਿਰੋਧੀ ਹੈ। ਬਲਦੀਪ ਮੁਤਾਬਕ ਉਹ ਕਿਸਾਨੀ ਦੇ ਹੱਕਾਂ ਲਈ ਲੜੇ ਜਾ ਰਹੇ ਘੋਲ 'ਚ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰਦੀ ਰਹੇਗੀ।
ਬਲਦੀਪ ਕੌਰ ਦੀਆਂ ਗਤੀਵਿਧੀਆਂ ਤੋਂ ਉਸ ਦੇ ਪਰਵਾਰ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਕਾਫ਼ੀ ਖ਼ੁਸ਼ ਹਨ। ਕਿਸਾਨ ਜਥੇਬੰਦੀ ਦੇ ਆਗੂ ਸੁਖਜੀਵਨ ਸਿੰਘ ਨੇ ਕਿਹਾ, “ਸਾਡੇ ਪਿੰਡ ਦੀ ਧੀ ਸਰਕਾਰ ਦੇ ਖ਼ਿਲਾਫ਼ ਲੜਨ ਲਈ ਮੈਦਾਨ ਵਿਚ ਉੱਤਰੀ ਹੈ, ਸਾਨੂੰ ਇਸ ਗੱਲ ਤੇ ਮਾਨ ਹੈ।'' ਇਸੇ ਤਰ੍ਹਾਂ ਬਲਦੀਪ ਕੌਰ ਦੀ ਚਾਚੀ ਅਤੇ ਚਾਚੇ ਮੁਤਾਬਕ ਉਨ੍ਹਾਂ ਦਾ ਪਰਵਾਰ ਸ਼ੁਰੂ ਤੋਂ ਹੀ ਕਿਸਾਨੀ ਹੱਕਾਂ ਲਈ ਸੰਘਰਸ਼ ਕਰਦਾ ਆ ਰਿਹਾ ਹੈ। ਹੁਣ ਉਨ੍ਹਾਂ ਦੇ ਪਰਵਾਰ ਦੀ ਧੀ ਬਲਦੀਪ ਕੌਰ ਇਸ ਮੋਹਰੀ ਭੂਮਿਕਾ ਨਿਭਾਅ ਰਹੀ ਹੈ, ਜੋ ਪੂਰੇ ਪਰਵਾਰ ਲਈ ਮਾਣ ਵਾਲੀ ਗੱਲ ਹੈ।
 
ਪੰਜਾਬ ਦੀ ਮਰ ਰਹੀ ਕਿਸਾਨੀ ਨੂੰ ਬਚਾਉਣ ਲਈ ਜਦੋਂ ਬਲਦੀਪ ਵਰਗੀਆਂ ਧੀਆਂ ਆਪਣੇ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ਾਂ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਫੜ ਲੈਣਗੀਆਂ ਤਾਂ ਧਰਤੀ ਮਾਂ ਵੀ ਇਹਨਾਂ ਆਪਣੀਆਂ ਧੀਆਂ ਤੇ ਮਾਣ ਮਹਿਸੂਸ ਕਰੇਗੀ। ਕੋਈ ਵੀ ਅਜਿਹੇ ਲੋਕ ਦੋਖੀ ਕਾਇਦੇ ਕਾਨੂੰਨ ਇਹਨਾਂ ਅੱਗੇ ਟਿਕ ਨਹੀਂ ਸਕਣਗੇ। ਉਂਝ ਵੀ ਧਰਤੀ ਮਾਂ ਅਤੇ ਇਸਦੀਆਂ ਜਾਈਆਂ ਸਭ ਨੂੰ ਰਿਜ਼ਕ ਦੇਣ ਵਿੱਚ ਵਿਸ਼ਵਾਸ ਰੱਖਦੀਆਂ ਹਨ, ਖੋਹਣ ਵਿੱਚ ਨਹੀਂ।
 
ਪੰਜਾਬੀ ਸ਼ਾਇਰ ਸੁਰਜੀਤ ਪਾਤਰ ਦੀਆਂ ਇਹਨਾਂ ਲਾਈਨਾਂ ਮੁਤਾਬਕ:
 
ਮੈਂ ਰਾਹਾਂ ’ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ,
ਯੁਗਾਂ ਤੋਂ ਕਫਲੇ ਆਉਂਦੇ ਇਸੇ ਸੱਚ ਦੇ ਗਵਾਹ ਬਣਦੇ।
 
ਬਲਦੀਪ ਤੇਰੀਆਂ ਪਾਈਆਂ ਪੈੜਾਂ ਰਾਹਾਂ ਵਿੱਚ ਵਟ ਜਾਣ ਅਤੇ ਹੱਕ ਸੱਚ ਲਈ ਲੜਨ ਵਾਲੇ ਕਾਫਲੇ ਇਹਨਾਂ ਰਾਹਾਂ ਤੇ ਤੁਰਦੇ ਰਹਿਣ - ਮੇਰੇ ਧੁਰ ਅੰਦਰੋਂ ਉਸ ਲਈ ਇਹੀ ਅਸੀਸ ਨਿਕਲਦੀ ਹੈ।