ਬਟਾਲਾ ਪਹੁੰਚ ਕੇ ਬੈਂਸ ਨੇ ਪੁਲਿਸ ਨੂੰ ਗ੍ਰਿਫਤਾਰ ਕਰਨ ਦੀ ਚੁਣੌਤੀ ਦਿੱਤੀ

ਬਟਾਲਾ ਪਹੁੰਚ ਕੇ ਬੈਂਸ ਨੇ ਪੁਲਿਸ ਨੂੰ ਗ੍ਰਿਫਤਾਰ ਕਰਨ ਦੀ ਚੁਣੌਤੀ ਦਿੱਤੀ

ਗੁਰਦਾਸਪੁਰ: ਬਟਾਲਾ ਧਮਾਕੇ ਤੋਂ ਬਾਅਦ ਡੀਸੀ ਗੁਰਦਾਸਪੁਰ ਨਾਲ ਉਲਝਣ ਦੇ ਮਾਮਲੇ 'ਚ ਉਲਝੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਬੈਂਸ ਅੱਜ ਗ੍ਰਿਫਤਾਰੀ ਦੇਣ ਲਈ ਖੁਦ ਬਟਾਲਾ ਪਹੁੰਚੇ ਪਰ ਪੁਲਿਸ ਦੂਰ ਖੜ੍ਹੀ ਹੀ ਵੇਖਦੀ ਰਹੀ ਤੇ ਉਹ ਰੋਸ ਰੈਲੀ ਕਰਕੇ ਲੁਧਿਆਣਾ ਪਰਤ ਆਏ। ਆਪਣੇ ਭਰਾ ਬਲਵਿੰਦਰ ਸਿੰਘ ਬੈਂਸ ਅਤੇ ਸਮਰਥਕਾਂ ਨਾਲ ਬੈਂਸ ਨੇ ਸ਼ਰੇਆਮ ਬਟਾਲਾ 'ਚ ਰੋਸ ਪ੍ਰਦਰਸ਼ਨ ਕੀਤਾ ਤੇ ਫਿਰ ਪੁਲਿਸ ਦੇ ਸਾਹਮਣੇ ਆਪਣੀ ਗੱਡੀ 'ਚ ਬੈਠ ਕੇ ਲੁਧਿਆਣਾ ਨੂੰ ਨਿਕਲ ਗਏ।

ਦਰਅਸਲ ਬੈਂਸ ਖਿਲਾਫ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨਾਲ ਤਕਰਾਰ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਫਾਰਸ਼ 'ਤੇ ਦਰਜ ਹੋਇਆ ਹੈ। ਬੈਂਸ ਨੇ ਆਪਣੀ ਗ੍ਰਿਫ਼ਤਾਰੀ ਸਬੰਧੀ ਅਫ਼ਵਾਹਾਂ ਨੂੰ ਠੱਲ੍ਹ ਪਾਉਂਦਿਆਂ ਲੰਘੇ ਦਿਨ ਐਲਾਨ ਕੀਤਾ ਸੀ ਕਿ ਉਹ ਸ਼ੁੱਕਰਵਾਰ ਨੂੰ ਖ਼ੁਦ ਬਟਾਲਾ ਦੇ ਗਾਂਧੀ ਚੌਕ ’ਚ ਧਰਨਾ ਦੇਣ ਲਈ ਜਾ ਰਹੇ ਹਨ। ਅੱਜ ਉਨ੍ਹਾਂ ਨਾਲ ਉਹ ਸਮਰਥਕ ਵੀ ਹੋਣਗੇ, ਜਿਨ੍ਹਾਂ ’ਤੇ ਪੁਲਿਸ ਨੇ ਕੇਸ ਦਰਜ ਕੀਤਾ ਹੈ।

ਬੈਂਸ ਦਾ ਕਹਿਣਾ ਸੀ ਕਿ ਪੁਲਿਸ ਕਿਉਂ ਬਟਾਲਾ ਤੋਂ ਲੁਧਿਆਣਾ ਆ ਕੇ ਮਹਿੰਗਾ ਪੈਟਰੋਲ ਫੂਕ ਰਹੀ ਹੈ, ਉਹ ਖ਼ੁਦ ਉੱਥੇ ਧਰਨਾ ਦੇਣਗੇ ਤੇ ਉਨ੍ਹਾਂ ਨੂੰ ਪੁਲਿਸ ਉਥੋਂ ਹੀ ਗ੍ਰਿਫ਼ਤਾਰ ਕਰ ਲਵੇ। ਬਟਾਲਾ ਪਟਾਕਾ ਫੈਕਟਰੀ ’ਚ ਧਮਾਕੇ ਮਗਰੋਂ ਬੈਂਸ ਆਪਣੇ ਸਮਰਥਕਾਂ ਨਾਲ ਡੀਸੀ ਗੁਰਦਾਸਪੁਰ ਵਿਪੁਲ ਉਜਵਲ ਦੇ ਕਮਰੇ ਵਿੱਚ ਪੁੱਜੇ ਸਨ ਤੇ ਡੀਸੀ ਨਾਲ ਉਨ੍ਹਾਂ ਦੀ ਬਹਿਸ ਹੋ ਗਈ ਸੀ।

ਡੀਸੀ ਨੇ ਐਸਡੀਐਮ ਰਾਹੀਂ ਪੁਲਿਸ ਨੂੰ ਸ਼ਿਕਾਇਤ ਦੇ ਕੇ ਬੈਂਸ ਤੇ ਉਨ੍ਹਾਂ ਦੇ ਅਣਪਛਾਤੇ ਸਮਰਥਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਬੈਂਸ ਦੀ ਜ਼ਮਾਨਤ ਅਰਜ਼ੀ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਸੀ। ਇਸ ਮਗਰੋਂ ਬੈਂਸ ਦੀ ਗ੍ਰਿਫ਼ਤਾਰੀ ਸਬੰਧੀ ਅਫ਼ਵਾਹਾਂ ਦਾ ਬਾਜ਼ਾਰ ਗਰਮ ਰਿਹਾ ਸੀ।