ਅਮਰੀਕਾ ਫੇਰੀ ਦੌਰਾਨ ਮੋਦੀ ਦਾ ਕਿਸਾਨ ਤੇ ਪੰਥਕ ਜਥੇਬੰਦੀਆਂ ਕਰਨਗੀਆਂ ਵਿਰੋਧ

ਅਮਰੀਕਾ ਫੇਰੀ ਦੌਰਾਨ ਮੋਦੀ ਦਾ ਕਿਸਾਨ ਤੇ ਪੰਥਕ ਜਥੇਬੰਦੀਆਂ ਕਰਨਗੀਆਂ ਵਿਰੋਧ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸਿਆਟਲ-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 24 ਅਤੇ 25 ਸਤੰਬਰ ਦੀ ਅਮਰੀਕਾ ਫੇਰੀ ਨੂੰ ਲੈ ਕੇ ਅਮਰੀਕਾ ਦੇ ਕਿਸਾਨ ਹਿਤੈਸ਼ੀ ਅਤੇ ਵੱਖ-ਵੱਖ ਸਿੱਖ ਸੰਸਥਾਵਾਂ ਵਲੋਂ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੂੰ ਭੇਜਣ ਲਈ ਇਕ ਵਿਸ਼ੇਸ਼ ਪਟੀਸ਼ਨ 'ਤੇ ਦਸਤਖ਼ਤ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ । ਸਿੱਖ ਕੋਰਡੀਨੇਸ਼ਨ ਕਮੇਟੀ, ਸਿੱਖਸ ਫਾਰ ਜਸਟਿਸ, ਸ਼੍ਰੋਮਣੀ ਅਕਾਲੀ ਦਲ (ਮਾਨ), ਸਿੱਖ ਯੂਥ ਆਫ਼ ਅਮਰੀਕਾ, ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿਲ ਨਿਊਯਾਰਕ, ਵਰਲਡ ਸਿੱਖ ਪਾਰਲੀਮੈਂਟ, ਦੀ ਸਿੱਖ ਸੈਂਟਰ ਆਫ਼ ਫਲੋਸ਼ਿੰਗ ਨਿਊਯਾਰਕ ਅਤੇ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਨਿਊਯਾਰਕ ਦੇ ਅਹੁਦੇਦਾਰਾਂ ਹਿੰਮਤ ਸਿੰਘ, ਦਵਿੰਦਰ ਸਿੰਘ ਬੋਪਾਰਾਏ, ਅਵਤਾਰ ਸਿੰਘ ਪੰਨੂੰ, ਸਿੱਖ ਚਿੰਤਕ ਸਤਪਾਲ ਸਿੰਘ ਪੁਰੇਵਾਲ, ਤਰਲੋਚਨ ਸਿੰਘ ਭੱਟੀ, ਜਸਵੀਰ ਸਿੰਘ ਅਤੇ ਸੁਰਜੀਤ ਸਿੰਘ ਕੁਲਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ 25 ਸਤੰਬਰ ਸਨਿਚਰਵਾਰ ਸਵੇਰੇ ਯੂ.ਐਨ.ਓ. ਦਫ਼ਤਰ ਹੈੱਡਕੁਆਰਟਰ ਨਿਊਯਾਰਕ ਦੇ ਮੋਹਰੇ ਅਮਰੀਕਾ ਭਰ ਤੋਂ ਕਿਸਾਨ ਹਿਤੈਸ਼ੀ ਅਤੇ ਸਿੱਖ ਸੰਸਥਾਵਾਂ ਸਾਂਝੇ ਤੌਰ 'ਤੇ ਵਿਸ਼ਾਲ ਰੋਸ ਪ੍ਰਦਰਸ਼ਨ ਕਰਨਗੇ ।ਇਨ੍ਹਾਂ ਆਗੂਆਂ ਨੇ ਰਾਸ਼ਟਰਪਤੀ ਜੋ ਬਾਈਡਨ ਨੂੰ ਅਪੀਲ ਕੀਤੀ ਕਿ ਉਹ ਮੋਦੀ ਨਾਲ ਮੁਲਾਕਾਤ ਨਾ ਕਰਨ ਕਿਉਂਕਿ ਮੋਦੀ ਭਾਰਤ ਵਿਚ ਕਿਸਾਨਾਂ ਅਤੇ ਭਾਰਤੀ ਘੱਟ ਗਿਣਤੀਆਂ ਅਣਗੌਲਿਆ ਕਰ ਰਹੇ ਹਨ । ਇਨ੍ਹਾਂ ਜਥੇਬੰਦੀਆਂ ਨੇ ਬਾਈਡਨ ਨੂੰ ਅਪੀਲ ਕੀਤੀ ਕਿ ਅਗਰ ਤੁਸੀਂ ਉਨ੍ਹਾਂ ਨਾਲ ਮੁਲਾਕਾਤ ਤਹਿ ਕੀਤੀ ਹੈ ਤਾਂ ਤੁਸੀਂ ਦਿੱਲੀ ਦੀਆਂ ਬਰੂਹਾਂ 'ਤੇ ਸੰਘਰਸ਼ ਕਰ ਰਹੇ ਕਿਸਾਨਾਂ ਦਾ ਮੁੱਦਾ ਜ਼ਰੂਰ ਉਠਾਓ ।ਪੰਥਕ ਨੇਤਾਵਾਂ ਨੇ ਕਿਹਾ ਕਿ ਯੂ.ਐਨ.ਓ. ਹੈੱਡ ਕੁਆਰਟਰ ਦੇ ਮੋਹਰ ਤੇ ਵਾਈਟ ਹਾਊਸ ਦੇ ਮੋਹਰੇ ਪ੍ਰਧਾਨ ਮੰਤਰੀ ਮੋਦੀ ਖਿਲਾਫ਼ ਵਿਰੋਧ ਪ੍ਰਦਰਸ਼ਨ ਹੋਣਗੇ ।