ਜਾਮੀਆ ’ਚ ਜੋ ਵਾਪਰਿਆ ਉਹ ਹਿਟਲਰ ਦੀ ਸਟੇਟ ਦਾ ਨਵਾਂ ਚਿਹਰਾ ਹੈ (ਰਵੀਸ਼ ਕੁਮਾਰ)

ਜਾਮੀਆ ’ਚ ਜੋ ਵਾਪਰਿਆ ਉਹ ਹਿਟਲਰ ਦੀ ਸਟੇਟ ਦਾ ਨਵਾਂ ਚਿਹਰਾ ਹੈ (ਰਵੀਸ਼ ਕੁਮਾਰ)
ਰਵੀਸ਼ ਕੁਮਾਰ

ਪੁਲੀਸ ਤੇ ਸਟੇਟ ਦਾ ਚਿਹਰਾ ਵਹਿਸ਼ੀ ਬਣਦਾ ਜਾ ਰਿਹਾ ਏ  
ਸ਼ਾਹੀਨ ਅਬਦੁਲਾ ਨੂੰ ਪੁਲੀਸ ਦਹਿਸ਼ਤਗਰਦੀ ਤੋਂ ਬਚਾਉਣ ਲਈ ਆਇਸ਼ਾ ਤੇ ਫਰਜ਼ਾਨਾ ਸੀਨਾ ਤਾਣ ਕੇ ਖੜੀਆਂ ਹੋ ਗਈਆਂ  
ਜਾਮੀਆ ਦੀਆਂ ਵਿਦਿਆਰਥਣਾਂ ਨੇ ਇਤਿਹਾਸ ਸਿਰਜਿਆ

 

ਰਵੀਸ਼ ਕੁਮਾਰ
---------------------
ਜਦ ਵੀ ਇਹ ਦ੍ਰਿਸ਼ ਅੱਖਾਂ ਦੇ ਸਾਹਮਣੇ ਆਉਂਦਾ ਹੈ ਤਾਂ ਮੇਰੇ ਦਿਮਾਗ ਵਿਚ ਇਤਿਹਾਸ ਸਾਹਮਣੇ ਆਉਣ ਲੱਗਦਾ ਹੈ। ਜਦ ਵੀ ਇਹ ਦ੍ਰਿਸ਼ ਧੁੰਦਲਾ ਹੁੰਦਾ ਹੈ ਤਾਂ ਅਤੀਤ ਦਾ ਇਤਿਹਾਸ ਸਾਫ ਹੋ ਜਾਂਦਾ ਸੀ। ਸਾਹਮਣੇ ਬਣ ਰਿਹਾ ਇਤਿਹਾਸ ਸਾਫ ਦਿਖਣ ਲਗਦਾ ਹੈ। ਜੇਕਰ ਤੁਸੀਂ ਵਟਸਐਪ ਯੂਨੀਵਰਸਿਟੀ ਤੋਂ ਇਤਿਹਾਸ ਦੀ ਪੜ੍ਹਾਈ ਨਹੀਂ ਕੀਤੀ ਤਾਂ ਮੇਰੀਆਂ ਗੱਲਾਂ ਸੌਖੇ ਢੰਗ ਨਾਲ ਸਮਝ ਜਾਓਗੇ। ਆਸ ਹੈ ਕਿ ਹੱਥ ਉਪਰ ਕਰਕੇ ਲਿਆਂਦੇ ਗਏ ਵਿਦਿਆਰਥੀ ਖੁਦ ਨੂੰ ਜ਼ਲਾਲਤ ਦੇ ਜਾਲ ਵਿਚ ਫਸਣ ਨਹੀਂ ਦੇਣਗੇ ਤੇ ਸਮਝ ਸਕਣਗੇ ਕਿ ਇਹ ਭਾਰਤੀ ਸਟੇਟ ਦਾ ਨਵਾਂ ਹਿਟਲਰੀ ਚਿਹਰਾ ਹੈ ਤੇ ਇਸ ਚਿਹਰੇ ਤੋਂ ਨਕਾਬ ਹਟਣਾ ਸ਼ੁਰੂ ਹੋਇਆ ਹੈ। ਦਿੱਲੀ ਪੁਲੀਸ ਨੇ ਆਪਣੇ ਇਤਿਹਾਸ ਵਿਚ ਹਜ਼ਾਰਾਂ ਪ੍ਰਦਰਸ਼ਨਾਂ ਨੂੰ ਸੰਭਾਲਿਆ ਹੋਵੇਗਾ। ਹਜ਼ਾਰਾਂ ਪ੍ਰਦਰਸ਼ਨਾਂ ਵਿਚ ਸ਼ਾਮਲ ਲੋਕਾਂ ਨੇ ਦਿੱਲੀ ਪੁਲੀਸ ਨੂੰ ਵੀ ਦੇਖਿਆ ਹੋਵੇਗਾ। ਨਿਰਭੈ ਬਲਾਤਕਾਰ ਕਾਂਡ ਦੇ ਸਮੇਂ ਹਜ਼ਾਰਾਂ ਲੋਕ ਸਰਕਾਰ ਦੇ ਠੀਕ ਸਾਹਮਣੇ ਰਾਏਸੀਨਾ ਹਿੱਲਜ਼ ’ਤੇ ਆ ਗਏ ਸਨ। ਨਾਅਰੇ ਦਿੱਲੀ ਪੁਲੀਸ ਦੇ ਖਿਲਾਫ਼ ਹੀ ਲਗ ਰਹੇ ਸਨ। ਪਰ ਇਕ ਭਰੋਸਾ ਸੀ ਕਿ ਪੁਲੀਸ ਗੋਲੀ ਨਹੀਂ ਚਲਾਏਗੀ। 

ਜਾਮੀਆ ਦੇ ਵਿਦਿਆਰਥੀਆਂ ਨੂੰ ਹੱਥ ਚੁੱਕਦੇ ਹੋਏ ਬਾਹਰ ਆਉਂਦੇ ਦੇਖ ਕੇ ਹੁਣ ਇਹ ਭਰੋਸਾ ਟੁੱਟ ਗਿਆ ਹੈ। ਇਨ੍ਹਾਂ ਵਿਦਿਆਰਥੀਆਂ ਦੇ ਨਾਲ ਇਕ ਅਜਿਹੀ ਪੁਲੀਸ ਵੀ ਬਾਹਰ ਆ ਰਹੀ ਸੀ ਜੋ ਹੁਣ ਬਦਲ ਚੁੱਕੀ ਹੈ, ਜਿਸ ਦੇ ਕੋਲ ਬੰਦੂਕ ਹੈ, ਪਾਣੀ ਦੀਆਂ ਬੁਛਾੜਾਂ ਨਹੀਂ ਹਨ। ਬਾਹਰੀ ਲੋਕਾਂ ਦੀ ਭਾਲ ਵਿਚ ਜਾਮੀਆ ਦੇ ਅੰਦਰ ਗਈ ਸੀ, ਬਾਹਰ ਆਈ ਤਾਂ ਵਿਦਿਆਰਥੀਆਂ ਨੂੰ ਲੈ ਕੇ ਆ ਰਹੀ ਸੀ। ਏਨੀ ਕੁ ਗੱਲ ਤੁਸੀਂ ਨਹੀਂ ਸਮਝ ਸਕਦੇ ਤਾਂ ਏਨੀ ਹੀ ਗੱਲ ਸਮਝ ਲਵੋ। ਤੁਸੀਂ ਆਵਾਜ਼ ਕਰਕੇ ਬੰਦੂਕਾਂ ਦੇ ਪਹਿਰੇ ਲਗਾ ਦਿੱਤੇ ਹਨ। ਦਿੱਲੀ ਪੁਲੀਸ ਸਾਡੀ ਨਹੀਂ। ਉਨ੍ਹਾਂ ਦੀ ਪੁਲੀਸ ਹੋ ਗਈ ਹੈ। 

ਉਨ੍ਹਾਂ ਦਾ ਮਤਲਬ ਸਰਕਾਰ ਨਹੀਂ ਸਟੇਟ ਹੈ। ਪ੍ਰਧਾਨ ਮੰਤਰੀ ਨੇ ਬੰਗਾਲ ਦੀ ਹਿੰਸਾ ਵਿਚ ਸ਼ਾਮਲ ਲੋਕਾਂ ਨੂੰ ਉਨ੍ਹਾਂ ਦੇ ਕੱਪੜੇ ਤੋਂ ਪਛਾਨਣ ਦੀ ਗੱਲ ਕੀਤੀ ਸੀ। ਪ੍ਰਧਾਨ ਮੰਤਰੀ ਦੀ ਇਹ ਭਾਸ਼ਾ ਸ਼ੋਸ਼ਲ ਮੀਡੀਆ ਦੀ ਭਾਸ਼ਾ ਅਤੇ ਟੋਨ ਤੋਂ ਅਲੱਗ ਨਹੀਂ ਸੀ। ਜ਼ਾਹਿਰ ਹੈ ਇਹ ਸਟੇਟ ਦੀ ਵੀ ਭਾਸ਼ਾ ਹੋਵੇਗੀ। ਤਦ ਰਾਜ ਸਭਾ ਸਾਂਸਦ ਰਾਕੇਸ਼ ਸਿਨਹਾ ਨੇ ਟਵੀਟ ਕੀਤਾ ਤੇ ਜਾਮੀਆ ਮਿਲਿਆ ਦੇ ਪ੍ਰਦਰਸ਼ਨ ਦੀ ਤੁਲਨਾ ਮੁਸਲਮ ਲੀਗ ਦੇ ਡਾਇਰੈਕਟ ਐਕਸ਼ਨ ਨਾਲ ਕੀਤੀ। ਉਸ ਜਾਮੀਆ ਦੀ ਪਛਾਣ ਡਾਇਰੈਕਟ ਐਕਸ਼ਨ ਨਾਲ ਕੀਤੀ, ਜਿਸ ਦੀ ਬੁਨਿਆਦ ਗਾਂਧੀ ਨੇ ਰੱਖੀ ਸੀ। 1946 ਵਿਚ ਮੁਸਲਮ ਲੀਗ ਨੇ ਡਾਇਰੈਕਟ ਐਕਸ਼ਨ ਦਾ ਐਲਾਨ ਕੀਤਾ ਸੀ, ਜਿਸ ਦੇ ਬਾਅਦ ਕਲਕੱਤਾ ਵਿਚ ਹੋਏ ਭਿਅੰਕਰ ਦੰਗਿਆਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਹਿੰਦੂ ਮਾਰੇ ਗਏ ਸਨ।

ਗਾਂਧੀ ਨੇ ਉ¤ਥੇ ਦੰਗੇ ਕਰਨ ਵਾਲਿਆਂ ਦੇ ਕੱਪੜੇ ਨਹੀਂ ਦੇਖੇ ਸਨ, ਬਲਕਿ ਕਲਕੱਤਾ ਗਏ ਸਨ। ਦੰਗਿਆਂ ਦੇ ਵਿਚਾਲੇ ਖੜੇ ਹੋ ਗਏ ਸਨ ਤੇ ਸ਼ਾਂਤ ਕਰ ਦਿੱਤਾ ਸੀ, ਹਿੰਸਕ ਵਾਤਾਵਰਨ। ਗਾਂਧੀ ਦੇ ਤਨ ’ਤੇ ਕੱਪੜੇ ਘੱਟ ਸਨ, ਇਸ ਲਈ ਉਹ ਕੱਪੜੇ ਨਹੀਂ ਦੇਖ ਸਕੇ। ਉਨ੍ਹਾਂ ਨੇ ਤਨ ਦੇ ਪਿੱਛੇ ਮਨ ਨੂੰ ਦੇਖਿਆ ਤੇ ਉਨ੍ਹਾਂ ਦੀ ਖੂਬਸੂਰਤੀ ਨੂੰ ਭਾਲਿਆ। 

ਰਾਕੇਸ਼ ਸਿਨਹਾ ਦਾ ਟਵੀਟ ਕਹਿੰਦਾ ਹੈ ਕਿ ਇਹ 1946 ਨਹੀਂ ਹੈ, 2019 ਹੈ। ਸਿਨਹਾ ਵਟਸਐਪ ਯੂਨੀਵਰਸਿਟੀ ਦੇ ਅਸਲੀ ਚਾਂਸਲਰ ਲੱਗਦੇ ਹਨ, ਜੋ ਜਾਮੀਆ ਦੀ ਹਿੰਸਾ ’ਤੇ ਗੁੱਸਾ ਜ਼ਾਹਿਰ ਕਰਨ ਦੇ ਨਾਮ ’ਤੇ ਇਤਿਹਾਸ ਦੀ ਸਮਝ ਬਦਲ ਦਿੰਦੇ ਹਨ। ਇਕ ਦੇਸ਼ ਦੀ ਯੂਨੀਵਰਸਿਟੀ ਨੂੰ ਮੁਸਲਮ ਲੀਗ ਨਾਲ ਜੋੜ ਦਿੰਦੇ ਹਨ। ਉਹ ਭੁੱਲ ਜਾਂਦੇ ਹਨ ਕਿ ਜਾਮੀਆ ਵਿਚ ਤਕਰੀਬਨ 50 ਫੀਸਦੀ ਵਿਦਿਆਰਥੀ ਗ਼ੈਰ ਮੁਸਲਮਾਨ ਹਨ। ਜੇਕਰ 100 ਫੀਸਦੀ ਮੁਸਲਮਾਨ ਵਿਦਿਆਰਥੀ ਹੁੰਦੇ ਤਾਂ ਕੀ ਉਨ੍ਹਾਂ ਨੂੰ ਮੁਸਲਮ ਲੀਗ ਨਾਲ ਜੋੜਿਆ ਜਾ ਸਕਦਾ ਹੈ? ਕੀ ਪ੍ਰਧਾਨ ਮੰਤਰੀ ਮੋਦੀ ਤੇ ਰਾਕੇਸ਼ ਸਿਨਹਾ ਦੋਨੋਂ ਕੱਪੜੇ ਤੇ ਰੰਗ ਦੇ ਅਧਾਰ 'ਤੇ ਪ੍ਰਦਰਸ਼ਨ ਵਿਚ ਸ਼ਾਮਲ ਲੋਕਾਂ ਦੀ ਪਛਾਣ ਨਹੀਂ ਕਰ ਰਹੇ ਹਨ? 

ਅਸੀਂ ਨੌਜਵਾਨਾਂ ਨੂੰ ਜਿਸ ਤਰ੍ਹਾਂ ਦੇਖਦੇ ਹਾਂ, ਉਸ ਵਿਚ ਕਾਫੀ ਸਮੱਸਿਆ ਹੈ। ਸਾਨੂੰ ਲੱਗਦਾ ਹੈ ਕਿ ਭਾਰਤ ਦਾ ਨੌਜਵਾਨ ਸਮਾਰਟ ਫੋਨ ਦੀ ਦੁਨੀਆ ਵਿਚ ਗਲ ਸੜ ਗਿਆ ਹੈ। ਆਪਣੇ ਕੰਨ ਵਿਚ ਈਅਰ ਪੀਸ ਲਗਾ ਕੇ ਆਪਣੀ ਪਸੰਦ ਦੇ ਗਾਣੇ ਵਿਚ ਗੁਆਚ ਗਿਆ ਹੈ। ਅਜੇ ਕੁਝ ਦਿਨਾਂ ਦੀ ਗੱਲ ਹੈ, ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਵਿਚ ਨਾਨ ਸੀਕਰੇਟ ਦੀ ਪ੍ਰੀਖਿਆ ਵਿਚ ਘਪਲੇ ਦੇ ਖਿਲਾਫ਼ ਸੈਂਕੜੇ ਵਿਦਿਆਰਥੀ ਜਮਾ ਹੋ ਗਏ। ਰਾਤ ਦੇ ਵਕਤ ਉਨ੍ਹਾਂ ਨੇ ਆਪਣੇ ਸਮਾਰਟ ਫੋਨ ਦੀ ਸਕਰੀਨ ਲਾਈਟ ਨੂੰ ਮਿਸ਼ਾਲ ਬਣਾ ਲਿਆ ਸੀ। ਗੁਜਰਾਤ ਸਰਕਾਰ ਨੂੰ ਲੱਗਿਆ ਕਿ ਕੁਝ ਦਿਨਾਂ ਵਿਚ ਸ਼ਾਂਤ ਹੋ ਜਾਣਗੇ, ਪਰ ਨੌਜਵਾਨ ਡਟੇ ਰਹੇ। ਅੰਤ ਵਿਚ ਪ੍ਰੀਖਿਆ ਰੱਦ ਕਰਨੀ ਪਈ। 

11 ਲੱਖ ਨੌਜਵਾਨਾਂ ਨੇ ਇਸ ਪ੍ਰੀਖਿਆ ਵਿਚ ਫਾਰਮ ਭਰਿਆ ਸੀ। ਯੂਪੀ ਵਿਚ 69 ਹਜ਼ਾਰ ਵਿਦਿਆਰਥੀਆਂ ਦੀ ਭਰਤੀ ਦੀ ਪ੍ਰੀਖਿਆ ਹਰ ਦਿਨ ਟਵਿੱਟਰ ’ਤੇ ਟਰੈਂਡ ਹੁੰਦਾ ਰਹਿੰਦਾ ਹੈ। ਮੀਡੀਆ ਇਗਨੌਰ ਕਰ ਦਿੰਦਾ ਹੈ। ਕਿਸੇ ਨੂੰ ਪ੍ਰਵਾਹ ਨਹੀਂ ਕਿ ਚੋਣ ਦੇ ਸਮੇਂ ਰੇਲਵੇ ਦੀ ਜੋ ਪ੍ਰੀਖਿਆ ਦੇ ਨਤੀਜੇ ਆਏ ਸਨ, ਉਸ ਵਿਚ ਅਜੇ ਤੱਕ ਸਾਰਿਆਂ ਨੂੰ ਨਿਯੁਕਤੀ ਪੱਤਰ ਨਹੀਂ ਮਿਲਿਆ। ਤੁਸੀਂ ਨਹੀਂ ਦੇਖਿਆ ਕਿ ਦਿੱਲੀ ਵਿਚ ਮੰਡੀ ਹਾਊਸ ਦੇ ਰੇਲਵੇ ਦੀ ਪ੍ਰੀਖਿਆ ਵਿਚ ਜੁੜੇ ਅੰਗਹੀਣ ਕਈ ਦਿਨਾਂ ਤੱਕ ਪ੍ਰਦਰਸ਼ਨ ਕਰਦੇ ਰਹੇ। ਆਪਣੀ ਲੜਾਈ ਲੜਦੇ ਰਹੇ। ਦੇਹਰਾਦੂਨ ਵਿਚ 45 ਦਿਨਾਂ ਦੌਰਾਨ ਆਯੂਰਵੈਦਿਕ ਕਾਲਜਾਂ ਦੇ ਵਿਦਿਆਰਥੀ ਫੀਸ ਵਾਧੇ ਖਿਲਾਫ਼ ਸੰਘਰਸ਼ ਕਰਦੇ ਰਹੇ। ਜਦ ਵਿਦਿਆਰਥੀ ਯੂਨੀਵਰਸਿਟੀ ਵਿਚ ਪ੍ਰਦਰਸ਼ਨ ਕਰਦੇ ਹਨ ਤਾਂ ਲੈਕਚਰ ਦਿੱਤਾ ਜਾਂਦਾ ਹੈ ਕਿ ਪੜ੍ਹਨ ਆਏ ਹਨ, ਪੜ੍ਹਾਈ ਕਰਨ। ਜਦ ਯੂਨੀਵਰਸਿਟੀ ਦੇ ਵਿਦਿਆਰਥੀ ਕਲਾਸ ਵਿਚ ਅਧਿਆਪਕਾਂ ਦੀ ਘਾਟ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਹਨ ਤਾਂ ਲੈਕਚਰ ਦਿੱਤਾ ਜਾਂਦਾ ਹੈ ਕਿ ਪੜ੍ਹਾਈ ਨਹੀਂ ਕਰ ਰਹੇ। ਜਦ ਪੜ੍ਹਾਉਣ ਵਾਲੇ ਨਹੀਂ ਹੋਣਗੇ ਤਾਂ ਪੜ੍ਹਾਈ ਕਿਵੇਂ ਹੋਵੇਗੀ? ਇਸ ਸੁਆਲ ਨੂੰ ਲੈਕਚਰ ਦੇਣ ਵਾਲੇ ਗੋਲ ਕਰ ਜਾਂਦੇ ਹਨ। 

ਜਦ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਫੀਸ ਵਾਧੇ ਨੂੰ ਲੈ ਕੇ ਵਿਦਿਆਰਥੀ ਸੜਕਾਂ ’ਤੇ ਆ ਜਾਂਦੇ ਹਨ ਤਾਂ ਮਜ਼ਾਕ ਉਡਾਇਆ ਜਾਂਦਾ ਹੈ। ਅਰਬਨ ਨਕਸਲ ਕਿਹਾ ਜਾਂਦਾ ਹੈ। ਤਦ ਪੜ੍ਹਾਈ ਦੀ ਗੱਲ ਕਰਨ ਵਾਲੇ ਇਹ ਨਹੀਂ ਕਹਿੰਦੇ, ਸੋਚਦੇ ਕਿ ਜੇਕਰ ਪੜ੍ਹਾਈ ਮਹਿੰਗੀ ਹੋਵੇਗੀ ਤਾਂ ਸਾਧਾਰਨ ਪਰਿਵਾਰਾਂ ਦੇ ਵਿਦਿਆਰਥੀ ਕਿਥੋਂ ਪੜ੍ਹਨਗੇ? ਉਸੇ ਜੇਐਨਯੂ ਦੇ ਕੋਲ ਇੰਡੀਅਨ ਇੰਸਟੀਚਿਊਟ ਆਫ ਮਾਸ ਕਮਿਊਨੀਕੇਸ਼ਨ ਦੇ ਵਿਦਿਆਰਥੀ 16 ਦਿਨ ਤੋਂ ਫੀਸ ਵਾਧੇ ਖਿਲਾਫ਼ ਧਰਨੇ ’ਤੇ ਬੈਠਦੇ ਹਨ ਤਾਂ ਕੋਈ ਫਿਕਰ ਨਹੀਂ ਕਰਦਾ।

ਦਰਅਸਲ ਯੂਨੀਵਰਸਿਟੀ ਨੂੰ ਲੈ ਕੇ ਲੈਕਚਰ ਦੇਣ ਵਾਲਿਆਂ ਦਾ ਇਕ ਹੀ ਪੈਟਰਨ ਹੈ, ਉਹ ਸਰਕਾਰੀ ਯੂਨੀਵਰਸਿਟੀ ਵਿਚ ਪੜ੍ਹਨ ਵਾਲੇ ਕਸਬਿਆਂ ਤੇ ਪਿੰਡਾਂ ਦੇ ਮੱਧ ਵਰਗ ਤੇ ਗਰੀਬ ਵਰਗ ਦੇ ਮੁੰਡੇ-ਕੁੜੀਆਂ ਨਾਲ ਨਫ਼ਰਤ ਕਰਦੇ ਹਨ। ਬਹੁਤ ਸਾਰੇ ਲੋਕ ਤਰਕ ਦਿੰਦੇ ਹਨ ਕਿ ਸਾਡੇ ਟੈਕਸ ਦੇ ਪੈਸਿਆਂ ਨਾਲ ਇਹ ਚਾਲੀ ਸਾਲ ਤੱਕ ਰਿਸਰਚ ਕਰਦੇ ਹਨ। ਸਾਡੇ ਟੈਕਸ ਦੇ ਪੈਸਿਆਂ ਨਾਲ ਇਹ ਮੁਫ਼ਤ ਵਿਚ ਪੜ੍ਹਾਈ ਦੇ ਨਾਮ ਤੇ ਪ੍ਰਦਰਸ਼ਨ ਕਰਦੇ ਹਨ। ਰਿਸਰਚ ਦਾ ਉਮਰ ਨਾਲ ਕੀ ਲੈਣਾ ਦੇਣਾ? 

ਇਸ ਲਈ ਜਾਮੀਆ ਮਿਲਿਆ ਜਾਂ ਇਸ ਦੇ ਬਹਾਨੇ ਕਿਸੇ ਨੂੰ ਇਸ ਟਰੈਪ ਵਿਚ ਨਹੀਂ ਫਸਣਾ ਚਾਹੀਦਾ ਕਿ ਫਿਕਰ ਯੂਨੀਵਰਸਿਟੀ ਵਿਚ ਪੜ੍ਹਾਈ ਨੂੰ ਲੈ ਕੇ ਹੈ। ਉਨ੍ਹਾਂ ਦੀ ਤਕਲੀਫ ਬਸ ਇਹੀ ਹੈ ਕਿ ਵਾਰ ਵਾਰ ਯੂਨੀਵਰਸਿਟੀ ਵਿੱਚੋਂ ਸਰਕਾਰ ਦੇ ਖਿਲਾਫ਼ ਆਵਾਜ਼ ਕਿਉਂ ਉਠਦੀ ਹੈ? ਵਿਰੋਧੀ ਦਲ ਖਤਮ ਹੋ ਗਏ ਪਰ ਯੂਨੀਵਰਸਿਟੀ ਵਿਚ ਅਸਹਿਮਤੀ ਅਤੇ ਵਿਰੋਧੀਆਂ ਦੀ ਆਵਾਜ਼ ਮਜ਼ਬੂਤ ਹੁੰਦੀ ਜਾ ਰਹੀ ਹੈ। ਇਹ ਆਵਾਜ਼ ਸਰਕਾਰ ਲਈ ਮੁਸ਼ਕਲਾਂ ਖੜੀਆਂ ਕਰਦੀ ਹੈ। 

ਮੈਂ ਦੋ ਸਾਲ ਤੋਂ ਦੇਸ਼ ਦੀਆਂ ਕਈ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੇ ਸੰਪਰਕ ਵਿਚ ਹਾਂ। ਮੈਂ ਮੰਨਦਾ ਹਾਂ ਕਿ ਵਿਦਿਆਰਥੀਆਂ ਦਾ ਵੱਡਾ ਹਿੱਸਾ ਫਿਰਕੂ ਬਣ ਚੁੱਕਾ ਹੈ। ਪਰ ਉਨ੍ਹਾਂ ਵਿਚ ਹੁਣ ਵੀ ਲੋਕਤੰਤਰ ਦੇ ਛੋਟੇ ਛੋਟੇ ਖੁਆਬ ਬਚੇ ਹੋਏ ਹਨ। ਉਨ੍ਹਾਂ ਬਚੇ ਹੋਏ ਖੁਆਬ ਦੇ ਸਹਾਰੇ ਉਹ ਫੀਸ ਦੇ ਖਿਲਾਫ਼ ਤੇ ਆਪਣੀ ਪ੍ਰੀਖਿਆ ਦੇ ਰਿਜਲਟ ਲਈ ਸੜਕਾਂ ’ਤੇ ਆ ਜਾਂਦੇ ਹਨ। ਇਕ ਦਿਨ ਉਹ ਫਿਰਕੂ ਸੋਚ ਤੋਂ ਬਾਹਰ ਆਉਣਗੇ। 

ਮੈਨੂੰ ਅਜਿਹੇ ਲੋਕ ਨੌਜਵਾਨਾਂ ਦੇ ਪੱਤਰ ਆਉਂਦੇ ਹਨ ਜੋ ਲਿਖਦੇ ਹਨ ਕਿ ਵਟਸਐਪ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਫਿਰਕੂ ਬਣਾ ਦਿੱਤਾ ਹੈ। ਉਹ ਅਫਸੋਸ ਜ਼ਾਹਿਰ ਕਰਦੇ ਹਨ। ਉਹ ਦੇਖ ਰਹੇ ਹਨ ਕਿ ਭਾਰਤ ਦਾ ਭਵਿੱਖ ਫਿਰਕੂ ਹੋਣ ਵਿਚ ਨਹੀਂ, ਉਹ 1947 ਦੀ ਵੰਡ ਨੂੰ ਨਹੀਂ ਜਾਣਦੇ, ਪਰ 2019 ਦੇ ਫਿਰਕੂਵਾਦ ਦਾ ਭਿਆਨਕ ਦ੍ਰਿਸ਼ ਦੇਖ ਰਹੇ ਹਨ। 

ਇਹ ਤੁਸੀਂ ਹੋ ਜੋ ਭਾਰਤ ਦੇ ਨੌਜਵਾਨਾਂ ਤੋਂ ਦੂਰ ਹੋ। ਇਨ੍ਹਾਂ ਨੂੰ ਸਮਝ ਸਕਣ ਤੋਂ ਅਸਮਰੱਥ ਹੋ। ਤੁਸੀਂ ਸ਼ੁਰੂ ਤੋਂ ਦੇਖਿਆ ਹੈ ਕਿਵੇਂ ਹੱਥ ਚੁੱਕ ਕੇ ਅਪਰਾਧੀਆਂ ਦੀ ਤਰ੍ਹਾਂ ਜਾਮੀਆ ਵਿਦਿਆਰਥੀਆਂ ਨੂੰ ਕੱਢਿਆ ਗਿਆ। ਉਸ ਜਾਮੀਆ ਦੀਆਂ ਤਸਵੀਰਾਂ ਹੋਰ ਹਨ, ਸ਼ਾਹੀਨ ਅਬਦੁਲਾ ਨੂੰ ਬਚਾਉਣ ਲਈ ਆਇਸ਼ਾ ਤੇ ਫਰਜ਼ਾਨਾ ਸੀਨਾ ਤਾਣ ਕੇ ਖੜੀਆਂ ਹੋ ਜਾਂਦੀਆਂ ਹਨ। ਲੜਕਿਆਂ ਨੂੰ ਲੜਕੀਆਂ ਬਚਾ ਰਹੀਆਂ ਹਨ। ਜਾਮੀਆ ਦੇ ਹੀ ਗਾਲਬ ਸਟੇਚੂ ਦੇ ਕੋਲ ਉਚਾਈ ’ਤੇ ਵੀ ਆਈਸ਼ਾ ਤੇ ਫਰਜ਼ਾਨਾ ਖੜੀ ਹੈ। ਉਨ੍ਹਾਂ ਦੇ ਨਾਲ ਇਕ ਲੜਕੀ ਚੰਦਨਾ ਖੜੀ ਹੈ। ਇਹ ਉਹ ਤਸਵੀਰ ਹੈ ਜੋ ਦੇਸ ਦੀ ਹਰ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ਵਿਚ ਲੱਗਣੀ ਚਾਹੀਦੀ ਹੈ। ਭਾਰਤ ਇਨ੍ਹਾਂ ਦੇ ਸੁਪਨਿਆਂ ਤੇ ਜਜ਼ਬਿਆਂ ਦੀ ਤਰ੍ਹਾਂ ਖੂਬਸੂਰਤ ਹੋ ਜਾਵੇਗਾ। ਜੇਕਰ ਤੁਸੀਂ ਦਸਤਕ ਦਿੰਦੇ ਹੋਏ ਜਦ ਭਾਰਤ ਨੂੰ ਸਮਝਣਾ ਚਾਹੁੰਦੇ ਹੋ ਤਾਂ ਜਾਮੀਆ ਤੋਂ ਆਈਆਂ ਦੋ ਤਸਵੀਰਾਂ ਨੂੰ ਵਾਰ-ਵਾਰ ਸਮਝੋ, ਦੇਖੋ, ਫਾਰਵਰਡ ਕਰੋ। ਤੁਸੀਂ ਚੰਗਾ ਮਹਿਸੂਸ ਕਰੋਗੇ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।