ਪੰਜਾਬ ਅਤੇ ਬੰਗਾਲ ਦੀ ਵੰਡ - ਕੁਝ ਅਣਕਹੀਆਂ ਕਹਾਣੀਆਂ (ਅਨੁਵਾਦ - ਕੇ.ਐੱਸ. ਚੱਠਾ) (ਲੜੀ ਨੰਬਰ 5)

ਪੰਜਾਬ ਅਤੇ ਬੰਗਾਲ ਦੀ ਵੰਡ - ਕੁਝ ਅਣਕਹੀਆਂ ਕਹਾਣੀਆਂ (ਅਨੁਵਾਦ - ਕੇ.ਐੱਸ. ਚੱਠਾ) (ਲੜੀ ਨੰਬਰ 5)

ਐਂਗਲੋ - ਪਰਸੀਅਨ ਯੁੱਧ ਅਤੇ ਇਸਦੇ ਇਲਾਕਾਈ ਅਸਰ: 

ਦੂਜਾ ਵਿਸ਼ਵ ਯੁੱਧ ਖ਼ਤਮ ਹੋਣ ਤੱਕ ਬਰਤਾਨੀਆ ਦੱਖਣੀ ਫਾਰਸ ਵਿਚ ਪੂਰੀ ਤਰਾਂ ਆਪਣੇ ਪੈਰ ਜਮਾ ਚੁੱਕਿਆ ਸੀ। ਠੀਕ ਉਸੇ ਵੇਲੇ ਸੋਵੀਅਤ ਫੌਜ ਉੱਤਰੀ ਫਾਰਸ ਤੇ ਕਬਜ਼ਾ ਛੱਡ ਕੇ ਪਿੱਛੇ ਹਟ ਰਹੀ ਸੀ। ਪਰ ਰੂਸੀ ਫੌਜਾਂ ਨੇ ਵਾਪਸ ਘਰ ਪਰਤਣ ਤੋਂ ਪਹਿਲਾਂ ਉੱਤਰੀ ਫਾਰਸ ਦੇ ਅਜਾਈ ਖੇਤਰ ਵਿਚ ਆਪਣੀ ਕਠਪੁਤਲੀ ਸਰਕਾਰ ਸਥਾਪਤ ਕਰ ਦਿੱਤੀ ਸੀ ਤਾਂ ਜੋ ਅੰਗਰੇਜ਼ ਨੂੰ ਦੱਖਣੀ ਇਲਾਕੀਏ ਤੱਕ ਹੀ ਰੋਕਿਆ ਜਾ ਸਕੇ। ਅਜ਼ਰਬਾਈਜਾਨ ਵਿਖੇ ਸਥਿਤ ਬਾਕੂ ਅਤੇ ਇਥੋਂ ਦੇ ਤੇਲ ਭੰਡਾਰਾਂ 'ਤੇ ਰੂਸ ਦਾ ਜ਼ਾਰ ਉੱਨੀਵੀਂ ਸ਼ਤਾਬਦੀ ਵਿਚ ਹੀ ਕਬਜ਼ਾ ਕਰ ਚੁੱਕਿਆ ਸੀ। ਸੋ ਹੁਣ ਤੱਕ ਸਟਾਲਿਨ ਨੇ ਵੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਕੇ ਸੋਵੀਅਤ ਰੂਸ ਵਿਚ ਤੇਲ ਦੀ ਵਧਦੀ ਮੰਗ ਨੂੰ ਦੇਖਦੇ ਹੋਏ ਤੇਲ ਦੇ ਹੋਰ ਨਵੇਂ ਭੰਡਾਰ ਚਾਹੀਦੇ ਹਨ। ਬਾਅਦ ਵਿਚ (1958 ਦੇ ਨੇੜੇ ਤੇੜੇ) ਇਰਾਨ ਦੇ ਸ਼ਾਹ ਰਜ਼ਾ ਪਹਿਲਵੀ ਦੇ ਜਵਾਈ ਅਤੇ ਵਿਦੇਸ਼ ਮੰਤਰੀ ਆਰਦਰਸ਼ੀਰ ਜ਼ਾਹੇਦੀ ਨੇ ਸਟਾਲਿਨ ਦੇ ਇਸ ਬਿਆਨ ਉੱਪਰ ਟਿੱਪਣੀ ਕਰਦੇ ਹੋਏ ਕਿਹਾ ਸੀ - "ਬਰਤਾਨਵੀ ਸਾਮਰਾਜ ਦੇ ਦੱਖਣੀ ਇਰਾਨ ਵਿਚ ਸਾਰੇ ਮਨਸੂਬੇ ਤੇਲ ਦੇ ਆਲੇ-ਦੁਆਲੇ ਕੇਂਦਰਤ ਹਨ।"

1920 ਵਿੱਚ ਅੰਗਰੇਜ਼ ਚਾਹੁੰਦਾ ਸੀ ਕਿ 'ਸ਼ਤ-ਅਲ-ਅਰਬ' ਵਿਖੇ ਸਥਿਤ ਕਜ਼ਾਖਿਸਤਾਨ ਸੂਬੇ ਨੂੰ ਵੱਖ ਕਰ ਦਿੱਤਾ ਜਾਵੇ। ਬਰਤਾਨੀਆ ਦੇ ਇਸ ਕਦਮ ਨਾਲ ਬ੍ਰਿਟਿਸ਼ ਪੇਟ੍ਰੋਲਿਯਮ ਕੰਪਨੀ ਨੂੰ ਚਲਾਉਣ 'ਚ ਪੂਰੀ ਆਜ਼ਾਦੀ ਮਿਲ ਜਾਣੀ ਸੀ ਅਤੇ ਇਸ 'ਤੇ ਬਰਤਾਨੀਆ ਦਾ ਏਕਾਧਿਕਾਰ ਵੀ ਸਥਾਪਤ ਹੋ ਜਾਣਾ ਸੀ। ਬਰਤਾਨੀਆ ਦੀ ਸਕੀਮ ਸੀ ਕਿ ਉਸ ਇਲਾਕੇ ਵਿਚ ਕੰਮ ਕਰਦੀ ਤੇਲ ਸੋਧਕ ਫੈਕਟਰੀ 'ਅਬੇਦਾਨ ਰਿਫਾਇਨਰੀ' ਨੂੰ ਹੋਰ ਰਿਆਇਤਆਂ ਦਵਾਉਣ ਵਾਸਤੇ ਇੱਕ (ਕਠਪੁਤਲੀ) ਸਥਾਨਕ ਰਾਜੇ ਨੂੰ ਇਹ ਨਵਾਂ ਸੂਬਾ ਸੌਂਪ ਦਿੱਤਾ ਜਾਵੇ। ਅੰਗਰੇਜ਼ ਅਫਸਰਾਂ ਨੇ ਇਸ ਨਵੇਂ ਬਣਨ ਵਾਲੇ ਸੂਬੇ ਦੀ ਵਕਾਲਤ ਆਮ ਲੋਕਾਂ ਵਿਚ ਕਰਨੀ ਸ਼ੁਰੂ ਕਰ ਦਿਤੀ ਅਤੇ ਇਸ ਦਾ ਪ੍ਰਚਾਰ ਕੀਤਾ ਜਾਣਾ ਸ਼ੁਰੂ ਕਰ ਦਿੱਤਾ। ਅੰਗਰੇਜ਼ਾਂ ਵੱਲੋਂ ਬਿਲਕੁਲ ਅਜਿਹੀ ਖੇਡ ਪਹਿਲਾਂ ਕੁਵੈਤ ਵਿਚ ਕਾਮਯਾਬੀ ਨਾਲ ਖੇਡੀ ਗਈ ਸੀ। ਬਰਤਾਨੀਆ ਦੀ ਇਰਾਨ ਉੱਤੇ ਪਕੜ ਓਦੋਂ ਢਿੱਲੀ ਪੈਂਦੀ ਜਾਪੀ ਜਦੋਂ ਸੋਸ਼ਲਿਸਟ ਤੇ ਕਮਿਊਨਿਸਟ ਵਿਚਾਰਧਾਰਾ ਵਾਲੇ ਪ੍ਰਧਾਨਮੰਤਰੀ ਮੁਹੰਮਦ ਮੋਸਦੇਇਕ ਨੇ ਬ੍ਰਿਟਿਸ਼ ਪੈਟਰੋਲੀਅਮ ਕੰਪਨੀ ਦਾ ਰਾਸ਼ਟਰੀਕਰਨ ਕਰਕੇ ਉਸਨੂੰ ਸਰਕਾਰੀ ਹੱਥਾਂ 'ਚ ਲੈ ਲਿਆ। ਇਹ ਬਰਤਾਨੀਆ ਲਈ ਇੱਕ ਵੱਡਾ ਝਟਕਾ ਸੀ ਅਤੇ ਇਸੇ ਗੱਲ ਤੋਂ ਨਾਰਾਜ਼ ਹੋਈ ਬ੍ਰਿਟਿਸ਼ ਸਰਕਾਰ ਨੇ ਅਮਰੀਕਾ ਦੀ ਖੂਫੀਆ ਏਜੇਂਸੀ ਨਾਲ ਮਿਲ ਕੇ ਉਸਦੀ ਸਰਕਾਰ ਦਾ ਤਖਤਾ ਪਲਟ ਦਿੱਤਾ।

ਇਹ ਸਾਰਾ ਘਟਨਾ ਤੰਤਰ ਇਰਾਨ ਵਿੱਚ ਤੇਲ ਦੇ ਖੂਹਾਂ ਦੇ ਕੰਟਰੋਲ ਲਈ ਬ੍ਰਿਟਿਸ਼ ਸਰਕਾਰ ਦੀ ਲਾਲਸਾ ਦਾ ਪੱਧਰ ਦਰਸਾਉਂਦਾ ਹੈ। ਇਰਾਕ ਅਤੇ ਫ਼ਾਰਸ ਵਿਚ ਅਲਾਈਡ ਸ਼ਕਤੀਆਂ ਦੀ ਕਾਮਯਾਬ ਰਣਨੀਤਕ ਲਹਿਰ ਭਾਰਤ ਵਿਚ ਬ੍ਰਿਟੇਨ ਦਾ ਫੌਜੀ ਬੇਸ ਹੋਣ ਕਾਰਨ ਹੀ ਸੰਭਵ ਹੋਈ ਸੀ। ਜਿਵੇਂ ਜਿਵੇਂ ਆਧੁਨਿਕ ਸੰਸਾਰ ਵਿੱਚ ਤੇਲ ਦੀ ਲੋੜ ਵਧਦੀ ਜਾ ਰਹੀ ਸੀ, ਉਸੇ ਤਰ੍ਹਾਂ ਤੇਲ ਦੇ ਸਰੋਤਾਂ ਨੂੰ ਸੁਰੱਖਿਅਤ ਕਰਨ ਦੀ ਲੋੜ ਵੀ ਵਧਦੀ ਗਈ ਅਤੇ ਸਾਮਰਾਜੀ ਤਾਕਤਾਂ ਦਾ ਰੁੱਖ ਮੱਧ ਏਸ਼ੀਆ 'ਚ ਫੈਲੇ ਹੋਏ ਤੇਲ ਭੰਡਾਰਾ ਦੇ ਕੰਟਰੋਲ ਦੀ ਇੱਛਾ ਸ਼ਕਤੀ ਅਤੇ ਲੁੱਟ ਵੱਲ ਲੱਗ ਗਿਆ।

The British forces entering the oil refinery in Abedan :
ਸੋਵੀਅਤ ਯੂਨੀਅਨ ਨੂੰ ਆਪਣੇ ਪੱਛਮੀ ਅਤੇ ਪੂਰਬੀ ਮੋਰਚਿਆਂ 'ਤੇ ਕੋਈ ਖਤਰਾ ਨਹੀਂ ਸੀ। ਇਸੇ ਦੌਰਾਨ ਜਰਮਨੀ ਦੀ ਵੰਡ ਵੀ ਕਰ ਦਿੱਤੀ ਗਈ ਸੀ ਅਤੇ ਜਪਾਨ (ਹੀਰੋਸ਼ੀਮਾ ਅਤੇ ਨਾਗਾਸਾਕੀ) ਦੋ ਐਟਮੀ ਧਮਾਕਿਆਂ ਦੇ ਬਾਅਦ ਆਪਣੇ ਸਾਮਰਾਜ ਦੇ ਚੀਥੜੇ ਸੰਭਾਲ ਰਿਹਾ ਸੀ। ਰੂਸ ਦੇ ਉੱਤਰ ਵਿਚ ਸਦਾ ਹੀ ਬਰਫ ਜੰਮੀ ਰਹਿਣ ਕਾਰਨ ਉਸ ਕੋਲ ਦੱਖਣ ਵੱਲ ਆਪਣੀ ਤਾਕ਼ਤ ਵਧਾਉਣ ਦੇ ਸਾਰੇ ਬਹਾਨੇ ਮੌਜੂਦ ਸਨ। ਹਿੰਦ ਮਹਾਸਾਗਰ ਸਿਰਫ ਵਿਓਪਾਰ ਦਾ ਇੱਕ ਸਮੁੰਦਰੀ ਰਸਤਾ ਹੀ ਨਹੀਂ ਸੀ ਬਲਕਿ ਸਾਰੇ ਸਮੁੰਦਰੀ ਟ੍ਰਾੰਸਿਟ ਰੂਟ ਤੇ ਮਲਕੀਅਤ ਦਾ ਮੌਕਾ ਵੀ ਸੀ। ਇਸ ਦੇ ਮੱਦੇਨਜ਼ਰ (ਸੋਵੀਅਤ ਇਛਾਵਾਂ ਦੇ ਮੁਤਾਬਿਕ) ਜੇ ਆਜ਼ਾਦ ਭਾਰਤ ਸੋਵੀਅਤ ਰੂਸ ਨਾਲ ਕੋਈ ਸਥਾਈ ਗਠਜੋੜ ਕਰ ਲੈਂਦਾ ਤਾਂ ਲੈਨਿਨ ਦਾ ਸੁਪਨਾ ਪੂਰਾ ਹੋ ਜਾਣਾ ਸੀ ਅਤੇ ਕਮਿਊਨਿਜ਼ਮ ਦੁਨੀਆਂ ਦੀ ਸਭ ਤੋਂ ਵੱਡੀ ਸ਼ਕਤੀ ਬਣ ਜਾਂਦਾ ਜਿਸ ਦੇ ਅਧੀਨ ਲਗਭਗ ਅੱਧੀ ਦੁਨੀਆਂ ਹੋਣੀ ਸੀ ਅਤੇ ਅਜਿਹੇ ਰੂਸ ਕੋਲ ਵਿਸ਼ਾਲ ਆਰਥਿਕ ਸਰੋਤ ਅਤੇ ਖੇਤਰੀ ਅਧਾਰ ਉਪਲੱਬਧ ਹੁੰਦੇ। ਅਜਿਹੇ ਵਿੱਚ ਬ੍ਰਿਟਿਸ਼ ਸਾਮਰਾਜ ਨੂੰ ਗ੍ਰਿਹਣ ਲੱਗਣ ਤੋਂ ਰੋਕਣ ਵਾਲਾ ਕੋਈ ਨਹੀਂ ਹੋਣਾ ਸੀ ਅਤੇ ਇਹ ਲਾਜ਼ਮੀ ਨਤੀਜਾ ਚਿਤਵਿਆ ਜਾ ਸਕਦਾ ਸੀ।

ਇਸੇ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਉਸ ਵਕ਼ਤ ਦੇ ਬ੍ਰਿਟਿਸ਼ ਪ੍ਰਧਾਨ ਮੰਤਰੀ ਵਿਨਸਟਨ ਚਰਚਿਲ ਨੇ 5 ਮਈ 1945 ਨੂੰ ਜਰਮਨੀ ਫੌਜਾਂ ਦੇ ਆਤਮ ਸਮਰਪਣ ਕਰਦਿਆਂ ਹੀ 'ਵਾਰ ਕੈਬਿਨੇਟ' ਦੀ ਇੱਕ ਹੰਗਾਮੀ ਮੀਟਿੰਗ ਬੁਲਾਈ ਜਿਸ ਵਿਚ 'ਪੋਸਟ ਹੋਸਟਿਲਿਟੀਜ਼ ਪਲਾਨਿੰਗ ਸਟਾਫ' (ਯੁੱਧ ਉਪਰੰਤ ਯੋਜਨਾਬੰਦੀ) ਤਿਆਰ ਕੀਤਾ ਗਿਆ ਅਤੇ ਇਸ ਪਲਾਨਿੰਗ ਦਾ ਮਜ਼ਮੂਨ ਸੀ - 'ਬ੍ਰਿਟਿਸ਼ ਸਾਮਰਾਜ ਦੇ ਭਾਰਤ ਅਤੇ ਭਾਰਤੀ ਸਮੁੰਦਰੀ ਸਰਹੱਦ ਵਿਚ ਰਣਨੀਤਕ ਹਿੱਤਾਂ ਦੀ ਰਾਖੀ ਲਈ ਲੋੜੀਂਦੀ ਲੰਮੀ ਮਿਆਦ ਵਾਲੀ ਨੀਤੀ'। ਇਸ ਬਾਰੇ 19 ਮਈ ਨੂੰ ਇਸ ਤਿਆਰ ਕੀਤੀ ਗਈ ਟਾਪ-ਸਿਕ੍ਰੇਟ ਰਿਪੋਰਟ ਨੂੰ 'ਵਾਰ ਕੈਬਨਿਟ' ਅੱਗੇ ਪੇਸ਼ ਕੀਤਾ ਗਿਆ। ਇਸ ਰਿਪੋਰਟ ਦਾ ਕੇਂਦਰੀ ਨੁਕਤਾ ਸੀ ਕਿ ਬ੍ਰਿਟੇਨ ਆਪਣੇ ਫੌਜੀ ਅਤੇ ਵਪਾਰਕ ਹਿੱਤ ਭਾਰਤੀ ਉਪਮਹਾਦ੍ਵੀਪ ਵਿਚ ਕਿਸੇ ਵੀ ਸੂਰਤ-ਏ-ਹਾਲ ਨਹੀਂ ਛੱਡ ਸਕਦਾ ਅਤੇ ਸੋਵੀਅਤ ਰੂਸ ਨੂੰ ਅਗਾਂਹ ਵਧਣ ਤੋਂ ਰੋਕਣ ਦਾ ਇਹ ਇੱਕੋ ਇੱਕ ਰਸਤਾ ਹੈ ਕਿ ਭਾਰਤ ਨੂੰ ਆਜ਼ਾਦੀ ਨਾ ਦਿੱਤੀ ਜਾਵੇ। ਅੱਗੇ ਉਸ ਰਿਪੋਰਟ ਵਿਚ ਬਲੋਚਿਸਤਾਨ ਨੂੰ ਭਾਰਤ ਤੋਂ ਵੱਖਰਾ ਕਰਨ ਦਾ ਮਸ਼ਵਰਾ ਵੀ ਦਿੱਤਾ ਗਿਆ ਸੀ। ਉਸ ਵਿਚ ਲਿਖਿਆ ਸੀ ਕਿ ਭਾਰਤ ਇੱਕ ਅਜਿਹਾ ਵਿਲੱਖਣ ਫੌਜੀ ਬੇਸ ਹੈ ਜਿਥੋਂ ਫੌਜਾਂ ਨੂੰ ਆਸਾਨੀ ਨਾਲ ਭਾਰਤੀ ਮਹਾਸਾਗਰ, ਮੱਧ ਏਸ਼ੀਆ, ਅਤੇ ਦੂਰ ਪੂਰਬ ਤੱਕ ਭੇਜਿਆ ਜਾ ਸਕਦਾ ਹੈ। ਭਾਰਤ ਵਿਚ ਬ੍ਰਿਟਿਸ਼ - ਇੰਡੀਅਨ ਆਰਮੀ ਦੇ ਰੂਪ ਵਿਚ ਇੱਕ ਵਧੀਆ ਫੌਜ ਬਣ ਚੁੱਕੀ ਸੀ ਜੋ ਜੰਗ ਜਿੱਤਣਾ ਜਾਣਦੀ ਸੀ ਅਤੇ ਇਸਦਾ ਅੱਗੇ ਹੋਰਨਾਂ ਮੋਰਚਿਆਂ 'ਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਸੀ। ਕਿਉਂਕਿ ਬਹੁਤੀ ਫੌਜ ਪੰਜਾਬ ਦੇ ਸਿੱਖਾਂ ਦੀ ਭਰਤੀ ਕੀਤੀ ਗਈ ਸੀ ਇਸ ਕਰਕੇ ਮੁਸਲਿਮ ਅਤੇ ਸਿੱਖ ਫੌਜੀਆਂ ਨੂੰ ਖੁਸ਼ ਕਰਨ ਅਤੇ ਓਹਨਾ ਦੀ ਵਫ਼ਾਦਾਰੀ ਪ੍ਰਾਪਤ ਕਰਨ ਲਈ ਓਹਨਾ ਨੂੰ ਆਪਣੇ ਲਈ ਉੱਤਰ - ਪੱਛਮੀ ਸਰਹੱਦ ਉੱਤੇ ਨਵੇਂ ਮੁਲਕ ਦਿੱਤੇ ਜਾ ਸਕਦੇ ਸਨ। ਇਸਦੇ ਨਾਲ ਸੋਵੀਅਤ ਸੰਘ ਨੂੰ ਰੋਕਣ ਵਾਲੀ ਇੱਕ ਮਜ਼ਬੂਤ ਦੀਵਾਰ ਖੜੀ ਕੀਤੀ ਜਾ ਸਕਣ ਦੀ ਕੂਟਨੀਤੀ ਨੂੰ ਅਮਲ ਵਿੱਚ ਲਿਆਉਣਾ ਅੰਗਰੇਜ਼ਾਂ ਦਾ ਮੁਖ ਮੰਤਵ ਸੀ। ਬਰਤਾਨੀਆ ਆਪਣੇ ਫੌਜੀ ਸੰਪਰਕਾਂ ਨੂੰ ਬਰਕਰਾਰ ਰੱਖਣਾ ਚਾਹੁੰਦਾ ਸੀ ਚਾਹੇ ਇਸ ਖਿੱਤੇ ਵਿਚ (ਭਾਰਤ 'ਚ) ਕਿਸੇ ਦੀ ਵੀ ਸਰਕਾਰ ਜਾ ਕੋਈ ਵੀ ਸੰਵਿਧਾਨ ਹੋਵੇ।

ਬਰਤਾਨਵੀ ਰਣਨੀਤਕ ਹਿੱਤਾਂ ਦੀ ਰਾਖੀ ਕਰਨ ਲਈ ਭਾਰਤ ਨੂੰ ਵੰਡਣ ਦਾ ਵਿਚਾਰ ਚਰਚਿਲ ਦੇ ਸਮੇਂ ਦੇ ਵਾਈਟ ਹਾਲ ਤੋਂ ਸ਼ੁਰੂ ਹੋਇਆ। ਬਰਤਾਨਵੀ ਆਗੂਆਂ ਦੇ ਮਨ ਵਿਚ ਇਹ ਚਿੰਤਾਵਾਂ ਸਭ ਤੋਂ ਵੱਧ ਸਨ ਕਿ ਕਿਸ ਤਰ੍ਹਾਂ ਭਾਰਤ ਤੋਂ ਆਪਣਾ ਅੰਗਰੇਜ਼ੀ ਅਮਲ ਫੈਲਾ ਅਤੇ ਫੌਜੀ ਅਫਸਰਾਂ ਨੂੰ ਸੁਰੱਖਿਅਤ ਕੱਢਣ ਤੋਂ ਬਾਅਦ ਨਾਲ ਨਾਲ ਆਪਣੇ ਰਣਨੀਤਿਕ ਅਤੇ ਕਾਰੋਬਾਰੀ ਹਿਤਾਂ ਦੀ ਵੀ ਰਾਖੀ ਕੀਤੀ ਜਾਵੇ। ਭਾਰਤੀ ਅਵਾਮ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਓਹਨਾ ਲਈ ਕੋਈ ਬਹੁਤੀ ਵੱਡੀ ਸਿਰਦਰਦੀ ਨਹੀਂ ਸਨ।
(ਬਾਕੀ ਅਗਲੇ ਹਫਤੇ)