ਇਤਿਹਾਸਕਾਰ 'ਨਰਿੰਜਨ ਸਿੰਘ ਸਾਥੀ" ਚਲ ਵਸੇ- *ਸ਼ਰਧਾਂਜਲੀ*

ਇਤਿਹਾਸਕਾਰ 'ਨਰਿੰਜਨ ਸਿੰਘ ਸਾਥੀ

-ਹਰਮੀਤ ਸਿੰਘ ਅਟਵਾਲ

ਇਤਿਹਾਸਕਾਰ ਨਰਿੰਜਣ ਸਿੰਘ ਸਾਥੀ ਜੀ ਵੀ ਚੱਲ ਵਸੇ।  ਸਾਰਾ ਕੁਝ ਦੁਖਾਂਤ ਭਰਪੂਰ ਹੈ, ਬੜਾ ਦੁਖਦਾਈ ਹੈ ਪਰ ਮਨੁੱਖ ਦੀ ਯਥਾਰਥ ਹੋਣੀ ਇਹੀ ਹੈ। ਅੰਤ ਨੂੰ ਮੁੱਲ ਜਿਊਂਦੇ-ਜੀਅ ਕੀਤੇ ਕਰਮਾਂ ਦਾ ਹੀ ਪੈਂਦਾ ਹੈ। ਉਹੀ ਕਰਮ, ਮੇਲ-ਮਿਲਾਪ, ਯਾਦਾਂ ਬਣਦੇ ਹਨ। ਸੰਨ 1929 ਵਿਚ ਜਨਮੇ ਸਾਥੀ ਜੀ ਨੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿਚ ਲੰਬੀ ਸੇਵਾ ਨਿਭਾਈ ਤੇ ਹੈੱਡਮਾਸਟਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ। ਸੇਵਾ ਮੁਕਤੀ ਤੋਂ ਬਾਅਦ ਸਾਥੀ ਜੀ ਨੇ ਇਕ ਲੰਬਾ ਅਰਸਾ ‘ਅਜੀਤ’ ਅਖ਼ਬਾਰ ਵਿਚ ਉਪ ਸੰਪਾਦਕ ਵਜੋਂ ਸੇਵਾ ਨਿਭਾਈ। ਸਾਥੀ ਜੀ ਨੇ ਆਪਣੇ ਸਮੇਂ ਵਿਚ ਪੰਜਾਬੀ ਦੀ ਸਭ ਤੋਂ ਵੱਡੀ ‘ਪੰਜਾਬੀ ਲਿਖਾਰੀ ਸਭਾ ਰਾਮਪੁਰ’ ਦੇ ਬਾਨੀ ਜਨਰਲ ਸਕੱਤਰ ਦੀ ਸੇਵਾ 1954 ਈ. ਵਿਚ ਸੰਭਾਲੀ। ਇਹ ਸਭਾ 1953 ਵਿਚ ਹੋਂਦ ਵਿਚ ਆਈ ਸੀ। ਇਸ ਸਭਾ ਦੇ ਸਕੱਤਰ ਹੁੰਦਿਆਂ ਸਾਥੀ ਜੀ ਨੇ ਬਹੁਤ ਸਾਰੇ ਡਾਕ ਮੈਂਬਰ ਬਣਾਏ। ਡਾਕ ਮੈਂਬਰ ਬਣਨ ਦੀ ਇਹ ਪ੍ਰਥਾ ਉਦੋਂ ਕਾਫ਼ੀ ਮਕਬੂਲੀਅਤ ਗ੍ਰਹਿਣ ਕਰ ਗਈ ਸੀ। ਸਾਥੀ ਜੀ ਦੇ ਸਾਹਿਤਕ ਪਿਆਰ ਦਾ ਫ਼ਨ ਹੀ ਸਮਝੋ ਕਿ ਉਦੋਂ ਲਿਓ ਟਾਲਸਟਾਏ ਦੀ ਪੋਤੀ (ਰੂਸ ਤੋਂ) ਨਤਾਸ਼ਾ ਟਾਲਸਟਾਏ ਨਰਿੰਜਣ ਸਿੰਘ ਸਾਥੀ ਜੀ ਦੀ ਪ੍ਰੇਰਨਾ ਨਾਲ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਡਾਕ ਮੈਂਬਰ ਬਣ ਗਈ ਤੇ ਕਈ ਵਰ੍ਹੇ ਬਣੀ ਰਹੀ ਤੇ ਸਭਾ ਨਾਲ ਖ਼ਤ-ਪੱਤਰ ਵਿਹਾਰ ਰਾਹੀਂ ਆਪਣੇ ਸਾਹਿਤਕ ਵਿਚਾਰ ਪ੍ਰਗਟਾਉਂਦੀ ਰਹੀ। ਉਹ ਜਦੋਂ ਅਖ਼ਬਾਰ ਵਿਚ ਕੰਮ ਕਰਦੇ ਸਨ ਤਾਂ ਅਕਸਰ ਉੱਥੇ ਨਾਮੀ ਸਾਹਿਤਕਾਰ ਉਨ੍ਹਾਂ ਨੂੰ ਮਿਲਣ ਆ ਜਾਇਆ ਕਰਦੇ ਸਨ। ਮੇਰਾ ਵੀ ਆਉਣ-ਜਾਣ ਬਣਿਆ ਰਹਿੰਦਾ ਸੀ। ਇਕ ਵਾਰ ਗਿਆਨੀ ਗੁਰਦਿੱਤ ਸਿੰਘ (‘ਮੇਰਾ ਪਿੰਡ’ ਪੁਸਤਕ ਵਾਲੇ) ਅਖ਼ਬਾਰ ਦੇ ਦਫ਼ਤਰ ਵਿਚ ਸਾਥੀ ਜੀ ਦੇ ਕੈਬਿਨ ਵਿਚ ਬੈਠੇ ਉਨ੍ਹਾਂ ਨਾਲ ਕੋਈ ਵਿਚਾਰ-ਵਟਾਂਦਰਾ ਕਰ ਰਹੇ ਸਨ। ਮੈਂ ਵੀ ਵਿਚ ਸ਼ਾਮਲ ਹੋ ਗਿਆ। ਮੇਰਾ ਧਿਆਨ ਗੱਲ ਕਰਨ ਨਾਲੋਂ ਉਨ੍ਹਾਂ ਦੀਆਂ ਗੱਲਾਂ ਸੁਣਨ ਵੱਲ ਜ਼ਿਆਦਾ ਲੱਗਾ ਹੋਇਆ ਸੀ। ਦੋ ਵੱਡੀਆਂ ਸ਼ਖ਼ਸੀਅਤਾਂ ਦੇ ਸਾਖ਼ਸ਼ਾਤ ਵਿਚਾਰ-ਵਟਾਂਦਰੇ ਨੂੰ ਇਕਾਗਰ ਚਿੱਤ ਹੋ ਕੇ ਸੁਣਨ ਦਾ ਲੁਤਫ਼ ਕੀ ਹੁੰਦਾ ਹੈ, ਇਹ ਮੈਨੂੰ ਉਦੋਂ ਪਤਾ ਲੱਗਾ ਸੀ। ਸਾਥੀ ਸਾਹਿਬ ਦੀ ਕਈ ਨਾਮਵਰ ਸਾਹਿਤਕਾਰਾਂ ਬਾਰੇ ਜਾਣਕਾਰੀ ਇੰਨੀ ਜ਼ਿਆਦਾ ਸੀ ਕਿ ਸੁਣ ਕੇ ਹੈਰਾਨੀ ਹੁੰਦੀ। ਦਲੀਪ ਕੌਰ ਟਿਵਾਣਾ ਹੋਵੇ, ਨਾਨਕ ਸਿੰਘ, ਅੰਮ੍ਰਿਤਾ ਪ੍ਰੀਤਮ ਜਾਂ ਦੇਵਿੰਦਰ ਸਤਿਆਰਥੀ ਹੋਵੇ, ਸਾਥੀ ਸਾਹਿਬ ਵੱਲੋਂ ਉਨ੍ਹਾਂ ਬਾਰੇ ਦਿੱਤੀ ਜਾਣ ਵਾਲੀ ਜਾਣਕਾਰੀ ਵਿਲੱਖਣ ਹੀ ਹੁੰਦੀ ਸੀ। ਨਰਿੰਜਣ ਸਿੰਘ ਸਾਥੀ ਜੀ ਦੀ ਬਹੁਤੀ ਰੁਚੀ ਇਤਿਹਾਸ ਵਿਚ ਸੀ। ਉਨ੍ਹਾਂ ਦੀਆਂ ਹੁਣ ਤਕ ਆਈਆਂ ਦਰਜਨ ਤੋਂ ਵੱਧ ਕਿਤਾਬਾਂ ਵਿਚੋਂ ਬਹੁਤੀਆਂ ਇਤਿਹਾਸ ਨਾਲ ਸਬੰਧਤ ਹਨ।

ਸਾਥੀ ਜੀ ਦੀ ਗੁਰ ਇਤਿਹਾਸ ਵਿਚ ਵੀ ਪੂਰੀ ਸ਼ਰਧਾ-ਭਰਪੂਰ ਰੁਚੀ ਸੀ। ਉਨ੍ਹਾਂ ਦੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਇਕ ਵੱਡ ਆਕਾਰੀ ਖੋਜ ਪੁਸਤਕ ਹੈ ਜਿਸ ਦਾ ਨਾਂ ਹੈ ‘ਚਰਨ ਚਲਉ ਮਾਰਗਿ ਗੋਬਿੰਦ॥’ ਅਤੇ ਇਸ ਨੂੰ ਲਾਹੌਰ ਬੁੱਕ ਸ਼ਾਪ ਲੁਧਿਆਣੇ ਵਾਲਿਆਂ ਨੇ ਛਾਪਿਆ ਹੈ ਤੇ ਇਸ ਪੁਸਤਕ ਦੇ 1 ਤੋਂ ਵੱਧ ਐਡੀਸ਼ਨ ਛਪ ਚੁੱਕੇ ਹਨ। ਇੱਥੇ ਇਸ ਪੁਸਤਕ ਬਾਰੇ ਇਹ ਗੱਲ ਦਾਅਵੇ ਤੇ ਪੂਰਨ ਵਿਸ਼ਵਾਸ ਨਾਲ ਆਖੀ ਜਾ ਸਕਦੀ ਹੈ ਕਿ ਜਿਸ ਸੱਜਣ ਨੇ ਵੀ ਇਹ ਦਿਲਚਸਪ ਸ਼ੈਲੀ ਵਿਚ ਲਿਖੀ ਗਈ ਪੁਸਤਕ ਇਕ ਵਾਰ ਪੜ੍ਹ ਲਈ, ਉਸ ਦੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਜਾਣਕਾਰੀ ਵਿਚ ਜਿੱਥੇ ਗੁਣਾਤਮਕ ਵਾਧਾ ਹੋਵੇਗਾ, ਓਥੇ ਹੀ ਉਹ ਸਾਥੀ ਜੀ ਦੀਆਂ ਹੋਰ ਲਿਖਤਾਂ ਪੜ੍ਹਨ ਵੱਲ ਵੀ ਪ੍ਰੇਰਿਤ ਹੋਵੇਗਾ। ਸਾਥੀ ਜੀ ਨੇ ਇਕ ‘ਕਥਨਾਵਲੀ’ ਨਾਂ ਦੀ ਪੁਸਤਕ ਵੀ ਸੰਪਾਦਿਤ ਕੀਤੀ ਜਿਸ ਵਿਚ ਬਹੁਤ ਸਾਰੇ ਉੱਚ ਪਾਏ ਦੀਆਂ ਸ਼ਖ਼ਸੀਅਤਾਂ ਦੇ ਅਟੱਲ ਸੱਚਾਈਆਂ ਵਰਗੇ ਕਥਨਾਂ ਨੂੰ ਸੰਗ੍ਰਹਿਤ ਕੀਤਾ ਗਿਆ ਹੈ। ਸਾਥੀ ਜੀ ਨੇ ਕਈ ਪੁਸਤਕਾਂ ਅੰਗਰੇਜ਼ੀ ਵਿਚੋਂ ਪੰਜਾਬੀ ਵਿਚ ਅਨੁਵਾਦ ਵੀ ਕੀਤੀਆਂ ਹਨ। ਅੰਮ੍ਰਿਤਸਰ ਸਾਹਿਬ ਬਾਰੇ ਅੰਗਰੇਜ਼ੀ ਪੁਸਤਕ (ਅੰਮ੍ਰਿਤਸਰ ਏ ਸਿਟੀ ਵਿਦ ਗਲੋਰੀਅਸ ਲੀਜੈਸੀ’ ਦਾ ਪੰਜਾਬੀ ਅਨੁਵਾਦ (ਵਿਰਾਸਤੀ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ (ਪੰਨੇ 440) ਨਰਿੰਜਣ ਸਿੰਘ ਸਾਥੀ ਜੀ ਨੇ ਹੀ ਕੀਤਾ ਹੈ। ਅਜੇ ਥੋੜ੍ਹਾ ਹੀ ਅਰਸਾ ਹੋਇਆ ਹੈ। ਸਾਥੀ ਜੀ ਨੇ ਸ਼ਾਂਤਾ ਰਾਮੇਸ਼ਵਰ ਰਾਓ ਵੱਲੋਂ ਮਹਾਭਾਰਤ ਬਾਰੇ ਲਿਖੀ ਪੁਸਤਕ ਦਾ ਪੰਜਾਬੀ ਵਿਚ ‘ਭਾਰਤ ਦਾ ਮਹਾਨ ਗ੍ਰੰਥ ਮਹਾਭਾਰਤ’ (ਪੰਨੇ 246) ਸਿਰਲੇਖ ਹੇਠ ਅਨੁਵਾਦ ਕੀਤਾ ਹੈ। ਇਸ ਪੁਸਤਕ ਨੂੰ ਭਾਈ ਚਤਰ ਸਿੰਘ ਜੀਵਨ ਸਿੰਘ ਤੇ ਹੋਰਾਂ ਵੱਲੋਂ ਛਾਪਿਆ ਗਿਆ ਹੈ। ਅਜੇ ਕੁਝ ਸਮਾਂ ਪਹਿਲਾਂ ਹੀ ਪੰਜਾਬੀ ਸਾਹਿਤ ਸਭਾ (ਰਜਿ.) ਜਲੰਧਰ ਛਾਉਣੀ ਵੱਲੋਂ ਇਹ ਪੁਸਤਕ ਸੂਝਵਾਨਾਂ ਦੇ ਇਕ ਭਰਵੇਂ ਇਕੱਠ ਵਿਚ ਰਿਲੀਜ਼ ਕੀਤੀ ਗਈ ਸੀ।

ਕਾਬਿਲੇਗ਼ੌਰ ਹੈ ਕਿ ਸਾਥੀ ਜੀ ਪੰਜਾਬੀ ਸਾਹਿਤ ਸਭਾ ਜਲੰਧਰ ਛਾਉਣੀ ਦੇ ਮੈਂਬਰ ਬਣਨ ਤੋਂ ਹੀ ਇਸ ਦੇ ਸਰਪ੍ਰਸਤ ਰਹੇ ਤੇ ਆਪਣੀ ਸੁਚੱਜੀ ਅਗਵਾਈ ਹੇਠ ਸਭਾ ਦੇ ਹੋਰ ਅਹੁਦੇਦਾਰਾਂ ਤੋਂ ਸਾਂਝੇ ਰੂਪ ਵਿਚ ਉਸਾਰੂ ਸਾਹਿਤਕ ਕਾਰਜ ਕਰਵਾਉਂਦੇ ਰਹੇ ਹਨ। ਸਾਥੀ ਜੀ ਨੇ ਪੂਰੀ ਖੋਜ ਕਰਨ ਉਪਰੰਤ ਸ਼ਹੀਦ ਬਾਬਾ ਸੰਗਤ ਸਿੰਘ ਜੀ ਦੇ ਨਾਂ ’ਤੇ ‘ਸ਼ਹੀਦ ਬਾਬਾ ਸੰਗਤ ਸਿੰਘ ਯਾਦਗਾਰੀ ਟਰੱਸਟ’ ਵੀ ਬਣਾਇਆ ਤੇ ਉਸ ਟਰੱਸਟ ਦੇ ਜਨਰਲ ਸਕੱਤਰ ਵਜੋਂ ਹੁਣ ਤਕ ਸੇਵਾ ਨਿਭਾਈ। ਸਾਥੀ ਜੀ ਨੇ ਦੁਨੀਆ ਘੁੰਮਣ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ ਤੇ ਅਮਰੀਕਾ ਦਾ ਵੀਜ਼ਾ ਵੀ ਲਗਵਾਇਆ ਹੋਇਆ ਸੀ ਪਰ ‘ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਇੰਜ ਕਰ’। ਨਰਿੰਜਣ ਸਿੰਘ ਸਾਥੀ ਜੀ ਨੂੰ ਆਪਣੇ ਕਲਮੀ ਕਾਰਜਾਂ ਕਾਰਨ ਬਹੁਤ ਸਾਰੇ ਇਨਾਮ-ਸਨਮਾਨ ਮਿਲੇ ਪਰ ਸਭ ਤੋਂ ਵੱਧ ਖ਼ੁਸ਼ੀ ਉਨ੍ਹਾਂ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਿਲੇ ‘ਸ਼੍ਰੋਮਣੀ ਪੰਜਾਬੀ ਸਾਹਿਤਕ ਪੱਤਰਕਾਰ’ ਦੇ ਐਵਾਰਡ ਨਾਲ ਹੋਈ ਸੀ। ਦਰਅਸਲ, ਸਾਥੀ ਜੀ ਬਹੁ-ਪੱਖੀ ਸਾਹਿਤਕ/ਇਤਿਹਾਸਕ ਪ੍ਰਤਿਭਾ ਦੇ ਮਾਲਕ ਸਨ। ਉਨ੍ਹਾਂ ਬਾਰੇ ਲਿਖਣਾ ਮੇਰੇ ਵਰਗੇ ਦੇ ਵੱਸ ਦੀ ਗੱਲ ਨਹੀਂ ਹੈ। ਜੋ ਲਿਖਿਆ ਹੈ, ਇਹ ‘ਤਿਲ-ਫੁੱਲ’ ਹੈ। ਸ਼ਰਧਾਂਜਲੀ ਵਾਂਗ ਹੈ। ਨਿਰਸੰਦੇਹ ਸਾਥੀ ਜੀ ਸੁਹਿਰਦ ਸੱਜਣਾਂ ਦੇ ਸੀਨਿਆਂ ਵਿਚ ਸਦਾ ਸਤਿਕਾਰਯੋਗ ਰਹਿਣਗੇ। ਉਨ੍ਹਾਂ ਦੀਆਂ ਲਿਖਤਾਂ ਉਨ੍ਹਾਂ ਨੂੰ ਅਮਰ ਰੱਖਣਗੀਆਂ। ਅਜਿਹਾ ਮੇਰਾ ਵਿਸ਼ਵਾਸ ਹੈ