ਭਾਰਤੀ ਹਵਾਈ ਫ਼ੌਜ ਦੇ ਮਾਰਸ਼ਲ ਅਰਜਨ ਸਿੰਘ

ਭਾਰਤੀ ਹਵਾਈ ਫ਼ੌਜ ਦੇ ਮਾਰਸ਼ਲ ਅਰਜਨ ਸਿੰਘ

ਸਖਸ਼ੀਅਤ

ਅਰਜਨ ਸਿੰਘ  ਦਾ ਜਨਮ 15 ਅਪਰੈਲ, 1919 ਨੂੰ ਪਿਤਾ ਕਿਸ਼ਨ ਸਿੰਘ ਤੇ ਮਾਤਾ ਕਰਤਾਰ ਕੌਰ ਦੇ ਘਰ ਪਿੰਡ ਕੋਹਾਲੀ (ਜਿ਼ਲ੍ਹਾ ਲਾਇਲਪੁਰ, ਹੁਣ ਫ਼ੈਸਲਾਬਾਦ, ਪਾਕਿਸਤਾਨ) ਵਿਚ ਹੋਇਆ। ਉਨ੍ਹਾਂ ਭਾਰਤੀ ਹਵਾਈ ਫ਼ੌਜ ਦੀ ਅਗਵਾਈ ਕੀਤੀ ਅਤੇ ਇਸ ਨੂੰ ਬਣਾਉਣ ਤੇ ਸੇਧ ਦੇਣ ਲਈ ਸਾਰੀ ਉਮਰ ਜੁਟੇ ਰਹੇ। ਉਹ ਵਿਸ਼ੇਸ਼ ਜਿ਼ੰਮੇਵਾਰੀਆਂ ਤੇ ਸਵਿਟਜ਼ਰਲੈਂਡ, ਵੈਟੀਕਨ ਤੇ ਕੇਨੀਆ ਵਿਚ ਤਾਇਨਾਤ ਰਹੇ ਅਤੇ ਭਾਰਤੀ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਤੋਂ ਇਲਾਵਾ ਦਿੱਲੀ ਦੇ ਉਪ ਰਾਜਪਾਲ ਵੀ ਰਹੇ। ਜਿਉਂ ਜਿਉਂ ਮੈਂ ਉਨ੍ਹਾਂ ਨੂੰ ਹੋਰ ਵਧੇਰੇ ਤੇ ਬਿਹਤਰ ਢੰਗ ਨਾਲ ਜਾਣਦਾ ਗਿਆ, ਮਾਰਸ਼ਲ ਬਣਨ ਵਾਲੇ ਇਸ ਸ਼ਖ਼ਸ ਦੀ ਮੇਰੇ ਮਨ ਅੰਦਰ ਅਜਿਹੀ ਤਸਵੀਰ ਉੱਭਰਦੀ ਗਈ ਜੋ ਬਹੁਤ ਮਿਹਨਤੀ ਸੀ, ਦ੍ਰਿੜ੍ਹ ਸੀ, ਜਿਨ੍ਹਾਂ ਦੇ ਚਿਹਰੇ ਤੇ ਹਮੇਸ਼ਾ ਮੁਸਕਾਨ ਰਹਿੰਦੀ ਅਤੇ ਜੋ ਕਿਸੇ ਵੀ ਕੰਮ ਨੂੰ ਉਸ ਦੇ ਵਾਜਬ ਅੰਜਾਮ ਤੱਕ ਪਹੁੰਚਾਉਣ ਦੇ ਆਦੀ ਸਨ। ਮੈਂ ਇਹ ਵੀ ਦੇਖਿਆ ਕਿ ਕਿਵੇਂ ਉਹ ਤੇ ਉਨ੍ਹਾਂ ਦੀ ਪਤਨੀ ਤੇਜੀ ਅਰਜਨ ਸਿੰਘ ਇਕ-ਦੂਜੇ ਨੂੰ ਸਮਝਦੇ ਤੇ ਇਕ-ਦੂਜੇ ਦੀ ਤਾਕਤ ਸਨ।ਉਨ੍ਹਾਂ ਦੀ ਜੀਵਨੀ ਆਧਾਰਤ ਕਿਤਾਬ ਅਰਜਨ ਸਿੰਘ ਡੀਐੱਫਸੀ: ਮਾਰਸ਼ਲ ਆਫ ਦਿ ਇੰਡੀਅਨ ਏਅਰ ਫੋਰਸ’ 2002 ਵਿਚ ਰਿਲੀਜ਼ ਹੋਈ। ਐੱਮਆਈਏਐੱਫ ਅਰਜਨ ਸਿੰਘ ਅਤੇ ਤੇਜੀ ਅਰਜਨ ਸਿੰਘ ਨੇ ਆਪਣਾ ਸਾਰਾ ਰਿਕਾਰਡ ਮੇਰੇ ਅੱਗੇ ਖੋਲ੍ਹ ਕੇ ਰੱਖ ਦਿੱਤਾ ਜਿਸ ਨੂੰ ਤੇਜੀ ਨੇ ਉਨ੍ਹਾਂ ਦੀਆਂ ਲਾਗਬੁਕਸ ਸਣੇ ਸੰਭਾਲ ਕੇ ਰੱਖਿਆ ਸੀ। ਮੈਂ ਉਨ੍ਹਾਂ ਦੀਆਂ ਜਿਹੜੀਆਂ ਇੰਟਰਵਿਊਜ਼ ਲਈਆਂ, ਉਨ੍ਹਾਂ ਵਿਚ ਬਹੁਤ ਸਾਰੇ ਵੇਰਵੇ ਦਰਜ ਕਰ ਲਏ। ਇਸ ਮੁਤੱਲਕ ਮੈਂ ਬਹੁਤ ਵਾਰ ਹਫ਼ਤੇ ਦੇ ਆਖ਼ਰੀ ਦਿਨਾਂ ਤੇ ਦਿੱਲੀ ਜਾਂਦਾ। ਉਨ੍ਹਾਂ ਆਪਣਾ ਦਿਲ ਅਤੇ ਘਰ ਮੇਰੇ ਲਈ ਖੋਲ੍ਹ ਦਿੱਤਾ ਸੀ।

ਉਨ੍ਹਾਂ ਨੂੰ ਰਾਇਲ ਇੰਡੀਅਨ ਏਅਰ ਫ਼ੋਰਸ ਵਿਚ 1939 ਵਿਚ ਕਮਿਸ਼ਨ ਪ੍ਰਾਪਤ ਹੋਇਆ। ਜਦੋਂ ਉਨ੍ਹਾਂ ਉਤਰ-ਪੱਛਮੀ ਸਰਹੱਦੀ ਸੂਬੇ (ਹੁਣ ਖ਼ੈਬਰ ਪਖ਼ਤੂਨਖ਼ਵਾ, ਪਾਕਿਸਤਾਨ) ਵਿਚ ਆਪਣੀਆਂ ਦਲੇਰਾਨਾ ਉਡਾਣਾਂ ਦੇ ਕਿੱਸੇ ਸੁਣਾਏ ਤਾਂ ਮੇਰੇ ਮਨ ਵਿਚ ਓਲਡ ਬਿਗਲਜ਼ ਬੁਕਸ ਦੀ ਯਾਦ ਤਾਜ਼ਾ ਹੋ ਗਈ (ਬਿਲਗਜ਼ ਬੁਕਸ ਭਾਵ ਜੇਮਜ਼ ਬਿਗਲਜ਼ਵਰਥ ਨਾਮੀ ਕਾਲਪਨਿਕ ਪਾਇਲਟ ਜਿਸ ਨੂੰ ਬਿਗਲਜ਼ ਵੀ ਆਖਿਆ ਜਾਂਦਾ ਹੈ, ਦੀਆਂ ਦਲੇਰਾਨਾ ਕਾਰਵਾਈਆਂ ਤੇ ਉਡਾਣਾਂ ਉਤੇ ਆਧਾਰਿਤ ਕਿਤਾਬਾਂ ਦੀ ਲੜੀ ਜਿਸ ਦੇ ਲੇਖਕ ਡਬਲਿਊਈ ਜੌਹਨਜ਼ ਸਨ)। ਉਸ ਵਕਤ ਉਹ ਵੈਸਟਲੈਂਡ ਵੈਪਿਟੀਜ਼ ਬਾਈਪਲੇਨ ਜਹਾਜ਼ ਉਡਾਉਂਦੇ ਸਨ ਜਿਨ੍ਹਾਂ ਵਿਚ ਫੈਬਰਿਕ ਅਤੇ ਲੱਕੜ ਦੀ ਜਿ਼ਆਦਾ ਵਰਤੋਂ ਹੁੰਦੀ ਸੀ। ਇਕ ਵਾਰ ਉਨ੍ਹਾਂ ਨੂੰ ਹੰਗਾਮੀ ਹਾਲਤ ਵਿਚ ਉਤਰਨਾ ਪਿਆ ਜਦੋਂ ਕਬਾਇਲੀਆਂ ਨੇ ਬੰਦੂਕ ਦੀ ਗੋਲੀ ਨਾਲ ਉਨ੍ਹਾਂ ਦੇ ਜਹਾਜ਼ ਦਾ ਨੁਕਸਾਨ ਕਰ ਦਿੱਤਾ ਸੀ। ਉਨ੍ਹਾਂ ਦਾ ਗੰਨਰ ਜ਼ਖ਼ਮੀ ਹੋ ਗਿਆ ਪਰ ਅਰਜਨ ਸਿੰਘ ਉਨ੍ਹਾਂ ਨੂੰ ਖਿੱਚ ਕੇ ਸੁਰੱਖਿਅਤ ਥਾਂ ਤੱਕ ਲੈ ਗਏ। ਉਨ੍ਹਾਂ ਨੂੰ 1944 ਵਿਚ ਦੂਜੀ ਸੰਸਾਰ ਜੰਗ ਦੇ ਭਿਆਨਕ ਸਮੇਂ ਦੌਰਾਨ ਅਸਾਮ ਵਿਚ ਜਪਾਨੀ ਫ਼ੌਜਾਂ ਨਾਲ ਬਹਾਦਰੀ ਨਾਲ ਲੜਨ ਬਦਲੇ ਲਾਰਡ ਮਾਊਂਟਬੈਟਨ ਨੇ ਫਲਾਇੰਗ ਕ੍ਰਾਸ ਨਾਲ ਸਨਮਾਨਤ ਕੀਤਾ।

15 ਅਗਸਤ, 1947 ਨੂੰ ਆਜ਼ਾਦੀ ਦੇ ਜਸ਼ਨਾਂ ਮੌਕੇ ਉਨ੍ਹਾਂ ਲਾਲ ਕਿਲ੍ਹੇ ਉਪਰੋਂ ਭਾਰਤੀ ਹਵਾਈ ਫ਼ੌਜ ਦੇ ਹਵਾਈ-ਪਾਸਟ ਦੀ ਅਗਵਾਈ ਕੀਤੀ। 1964 ਵਿਚ ਉਨ੍ਹਾਂ ਨੂੰ ਭਾਰਤੀ ਹਵਾਈ ਫ਼ੌਜ ਦਾ ਮੁਖੀ ਥਾਪਿਆ ਗਿਆ। ਪਾਕਿਸਤਾਨ ਖਿ਼ਲਾਫ਼ ਜੰਗ ਦੌਰਾਨ ਹਵਾਈ ਫ਼ੌਜ ਦੀ ਉਨ੍ਹਾਂ ਵੱਲੋਂ ਕੀਤੀ ਅਗਵਾਈ ਸਦਕਾ ਉਨ੍ਹਾਂ ਦਾ ਰੁਤਬਾ ਵਧਾ ਕੇ 1965 ਵਿਚ ਏਅਰ ਚੀਫ਼ ਮਾਰਸ਼ਲ ਕਰ ਦਿੱਤਾ ਗਿਆ ਤੇ ਉਸੇ ਸਾਲ ਉਨ੍ਹਾਂ ਨੂੰ ਪਦਮ ਵਿਭੂਸ਼ਣ ਦਾ ਸਨਮਾਨ ਦਿੱਤਾ ਗਿਆ। ਉਹ 1969 ਵਿਚ ਸੇਵਾ ਮੁਕਤ ਹੋਏ ਜਿਸ ਪਿੱਛੋਂ ਉਨ੍ਹਾਂ ਨੂੰ ਸਵਿਟਜ਼ਰਲੈਂਡ ਅਤੇ ਫਿਰ ਕੀਨੀਆ ਵਿਚ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀਆਂ ਹੋਰ ਵੀ ਕਈ ਅਹਿਮ ਨਿਯੁਕਤੀਆਂ ਹੋਈਆਂ।ਕੰਮ ਪੱਖੋਂ ਕਮਾਲ ਕਰਨਾ ਇਕ ਗੱਲ ਹੈ ਪਰ ਉਨ੍ਹਾਂ ਕੋਲ ਲੀਡਰਸ਼ਿਪ ਦੇ ਗੁਣਾਂ ਦਾ ਵੀ ਖ਼ਜ਼ਾਨਾ ਸੀ। ਮੈਨੂੰ ਅਜਿਹੇ ਬਹੁਤ ਸਾਰੇ ਲੋਕਾਂ ਦੀਆਂ ਗੱਲਾਂ ਯਾਦਾਂ ਚੇਤੇ ਹਨ ਜਿਹੜੇ ਉਨ੍ਹਾਂ ਨੂੰ ਮਿਲੇ ਅਤੇ ਪ੍ਰੇਰਤ ਹੋਏ। ਇਨ੍ਹਾਂ ਵਿਚ ਆਮ ਸਿਵਿਲੀਅਨ ਅਤੇ ਸਿਆਸੀ ਆਗੂ ਵੀ ਸ਼ਾਮਲ ਹਨ। ਜਦੋਂ ਉਨ੍ਹਾਂ ਨੂੰ ਜਨਵਰੀ 2002 ਵਿਚ ਰਾਸ਼ਟਰਪਤੀ ਭਵਨ ਵਿਚ ਮਾਰਸ਼ਲ ਦੀ ਕਮਾਨ ਸੌਂਪੀ ਤਾਂ ਜਿਵੇਂ ਹਰ ਕੋਈ ਉਨ੍ਹਾਂ ਨੂੰ ਦਿਲੋਂ ਪਿਆਰ ਕਰਦਾ ਦਿਖਾਈ ਦਿੱਤਾ, ਉਹ ਮੈਨੂੰ ਅੱਜ ਵੀ ਯਾਦ ਹੈ।

ਉਨ੍ਹਾਂ 2004 ਵਿਚ ਆਪਣੀ ਪਤਨੀ ਅਤੇ ਪਰਿਵਾਰ ਦੇ ਸਹਿਯੋਗ ਨਾਲ ਦਿੱਲੀ ਨੇੜੇ ਆਪਣਾ ਫਾਰਮ ਵੇਚਣ ਦਾ ਫ਼ੈਸਲਾ ਕੀਤਾ ਅਤੇ ਇਸ ਤੋਂ ਮਿਲੀ ਰਕਮ ਨਾਲ ਹਵਾਈ ਫ਼ੌਜ ਦੇ ਸੇਵਾ ਮੁਕਤ ਸੈਨਿਕਾਂ ਲਈ ਕੋਸ਼ ਬਣਾਇਆ ਗਿਆ। ਇਹ ਟਰਸਟ ਹਵਾਈ ਫ਼ੌਜ ਦੇ ਅਫ਼ਸਰਾਂ ਦੀ ਮਦਦ ਨਾਲ ਵਧੀਆ ਕੰਮ ਕਰ ਰਿਹਾ ਹੈ।ਉਨ੍ਹਾਂ ਨੂੰ 2011 ਵਿਚ ਪਤਨੀ ਤੇਜੀ ਦੇ ਸਦੀਵੀ ਵਿਛੋੜੇ ਦੀ ਭਾਰੀ ਸੱਟ ਸਹਿਣੀ ਪਈ ਪਰ ਉਹ ਸਿਪਾਹੀ ਵਜੋਂ ਆਪਣੇ ਕੰਮ ਵਿਚ ਜੁਟੇ ਰਹੇ। ਭਾਰਤੀ ਹਵਾਈ ਫ਼ੌਜ ਦੇ ਪਾਨਾਗੜ੍ਹ ਵਾਲੇ ਹਵਾਈ ਅੱਡੇ ਦਾ ਨਾਂ ਉਨ੍ਹਾਂ ਦੇ ਨਾਂ ਉਤੇ ਰੱਖਿਆ ਗਿਆ ਹੈ। ਇਹ ਲਾਸਾਨੀ ਸਨਮਾਨ ਉਨ੍ਹਾਂ ਦੇ ਜਿਊਂਦਿਆਂ 2016 ਵਿਚ ਦਿੱਤਾ ਗਿਆ। ਉਸ ਸਾਲ ਹਵਾਈ ਫ਼ੌਜ ਦੇ ਕਰਵਾਏ ਉਨ੍ਹਾਂ ਦੇ ਜਨਮ ਦਿਨ ਸਮਾਗਮ ਵਿਚ ਚੋਟੀ ਦੇ ਅਧਿਕਾਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਮਹਿਮਾਨਾਂ ਵਜੋਂ ਹਾਜ਼ਰ ਸਨ। ਉਨ੍ਹਾਂ ਨੂੰ ਜਿਹੋ ਜਿਹਾ ਇੱਜ਼ਤ-ਮਾਣ ਮਿਲਿਆ ਅਤੇ ਜਿਸ ਸੁਹਜ ਨਾਲ ਉਹ ਸਾਰਿਆਂ ਨਾਲ ਗੱਲਬਾਤ ਕਰਦੇ ਸਨ, ਉਸ ਨੇ ਜਸਪ੍ਰੀਤ ਅਤੇ ਮੇਰੇ ਉਤੇ ਨਿਵੇਕਲਾ ਪ੍ਰਭਾਵ ਪਾਇਆ। ਦਿੱਲੀ ਦੀ ਇਕ ਫੇਰੀ ਦੌਰਾਨ ਅਸੀਂ ਆਪਣੇ ਪੁੱਤਰ ਨੂੰ ਵੀ ਉਨ੍ਹਾਂ ਨੂੰ ਮਿਲਾਉਣ ਲਈ ਲੈ ਗਏ। ਜਦੋਂ ਅਸੀਂ ਉਨ੍ਹਾਂ ਦੇ ਘਰੋਂ ਬਾਹਰ ਕਦਮ ਰੱਖਿਆ ਤਾਂ ਸਾਡੇ ਪੁੱਤਰ ਨੇ ਖ਼ੁਸ਼ੀ ਵਿਚ ਉਛਲਦਿਆਂ ਕਿਹਾ, “ਵਾਹ, ਕੀ ਕਮਾਲ ਦੇ ਇਨਸਾਨ ਹਨ!

ਉਹ 16 ਸਤੰਬਰ, 2017 ਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ ਜਿਸ ਦੌਰਾਨ 17 ਤੋਪਾਂ ਦੀ ਸਲਾਮੀ ਦਿੱਤੀ ਗਈ ਅਤੇ ਮਿਸਿੰਗ ਮੈਨਫਾਰਮੇਸ਼ਨ ਵਿਚ ਫਲਾਈ-ਪਾਸਟ ਦਿੱਤਾ ਗਿਆ।ਹੁਣ ਉਹ ਭਾਵੇਂ ਸਾਡੇ ਦਰਮਿਆਨ ਨਹੀਂ ਪਰ ਤਾਂ ਵੀ ਉਹ ਜਿ਼ੰਦਾ ਹਨ ਆਪਣੇ ਕਾਰਜਾਂ ਰਾਹੀਂ, ਉਸ ਭਰੋਸੇ ਰਾਹੀਂ ਜਿਹੜਾ ਉਨ੍ਹਾਂ ਸਿਰਜਿਆ ਅਤੇ ਉਸ ਅਦਿੱਖ-ਅਮੂਰਤ ਵਿਰਾਸਤ ਰਾਹੀਂ ਜਿਹੜੀ ਭਾਰਤੀ ਹਵਾਈ ਫ਼ੌਜ ਦਾ ਹਿੱਸਾ ਹੈ।

 

ਰੁਪਿੰਦਰ ਸਿੰਘ