ਅਮਰੀਕੀ ਫੌਜ ਦੀ ਇਤਿਹਾਸਕ ਅਕੈਡਮੀ ਤੋਂ ਟਰੰਪ ਦੇ ਭਾਸ਼ਣ ਨਾਲ ਫੌਜੀ ਅਫਸਰ ਬਣ ਕੇ ਨਿਕਲੇਗੀ ਅਨਮੋਲ ਕੌਰ

ਅਮਰੀਕੀ ਫੌਜ ਦੀ ਇਤਿਹਾਸਕ ਅਕੈਡਮੀ ਤੋਂ ਟਰੰਪ ਦੇ ਭਾਸ਼ਣ ਨਾਲ ਫੌਜੀ ਅਫਸਰ ਬਣ ਕੇ ਨਿਕਲੇਗੀ ਅਨਮੋਲ ਕੌਰ
ਅਨਮੋਲ ਕੌਰ ਨਾਰੰਗ ਆਪਣੇ ਮਾਤਾ ਪਿਤਾ ਨਾਲ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਤੋਂ ਵਿਦੇਸ਼ਾਂ ਵਿਚ ਜਾ ਵਸੇ ਸਿੱਖਾਂ ਨੇ ਆਪਣੀ ਮਿਹਨਤ ਨਾਲ ਇਹਨਾਂ ਦੇਸ਼ਾਂ ਵਿਚ ਆਪਣੀ ਥਾਂ ਬਣਾਈ। ਹੁਣ ਸਿੱਖਾਂ ਦੀ ਉਹ ਪੀੜੀ ਜੋ ਵਿਦੇਸ਼ਾਂ ਵਿਚ ਜੰਮੀ ਪਲੀ, ਇਹਨਾਂ ਦੇਸ਼ਾਂ ਦੇ ਉੱਚ ਅਹੁਦਿਆਂ 'ਤੇ ਪਹੁੰਚ ਰਹੀ ਹੈ। ਅਮਰੀਕਾ ਵਿਚ ਜਾ ਕੇ ਵਸੇ ਸਿੱਖ ਪਰਿਵਾਰ ਦੀ ਧੀ ਅਨਮੋਲ ਕੌਰ ਨਾਰੰਗ ਨੇ ਅਮਰੀਕਾ ਦੀ ਫੌਜੀ ਅਕੈਡਮੀ ਵਿਚ ਆਪਣੀ ਡਿਗਰੀ ਮੁਕੰਮਲ ਕਰ ਲਈ ਹੈ। ਇਹ ਮੁਕਾਮ ਹਾਸਲ ਕਰਨ ਵਾਲੀ ਉਹ ਪਹਿਲੀ ਸਿੱਖ ਔਰਤ ਹੈ।

23 ਵਰ੍ਹਿਆਂ ਦੀ ਅਨਮੋਲ ਕੌਰ ਨਾਰੰਗ ਦੀ ਇਸ ਪ੍ਰਾਪਤੀ ਬਾਰੇ ਸੋਸ਼ਲ ਮੀਡੀਆ ਅਤੇ ਅਮਰੀਕੀ ਮੀਡੀਆ ਵਿਚ ਖੂਬ ਚਰਚਾ ਹੋ ਰਹੀ ਹੈ। ਨਿਊ ਯਾਰਕ ਟਾਈਮਜ਼ ਨੇ ਅਨਮੋਲ ਕੌਰ ਨਾਰੰਗ ਦੀ ਇਸ ਪ੍ਰਾਪਤੀ ਦੀ ਖਾਸ ਰਿਪੋਰਟਿੰਗ ਕੀਤੀ ਹੈ।

ਆਪਣੇ ਕਿੱਤੇ ਵਜੋਂ ਫੌਜ ਨੂੰ ਚੁਣਨ ਬਾਰੇ ਦਸਦਿਆਂ ਅਨਮੋਲ ਕੌਰ ਨਾਰੰਗ ਨੇ ਉਸ ਘਟਨਾ ਦਾ ਜ਼ਿਕਰ ਕੀਤਾ ਜਦੋਂ ਉਹ ਹਵਾਈ ਟਾਪੂ 'ਤੇ ਸਥਿਤ ਪਰਲ ਹਰਬਰ ਅਜਾਇਬ ਘਰ ਦੇਖਣ ਗਈ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਜਪਾਨ ਦੇ ਹਵਾਈ ਹਮਲੇ ਵਿਚ ਅਮਰੀਕਾ ਦਾ ਪਰਲ ਹਾਰਬਰ ਜੰਗੀ ਬੇੜਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ ਤੇ ਇਸ ਨੂੰ ਅਮਰੀਕੀ ਇਤਿਹਾਸ ਦੇ ਵੱਡੇ ਹਮਲਿਆਂ ਵਿਚੋਂ ਇਕ ਮੰਨਿਆ ਜਾਂਦਾ ਹੈ।


ਅਨਮੋਲ ਕੌਰ ਨਾਰੰਗ ਆਪਣੇ ਦਾਦਾ ਜੀ ਨੂੰ ਮਿਲਦੀ ਹੋਈ 

ਅਨਮੋਲ ਕੌਰ ਨਾਰੰਗ ਨੇ ਦੱਸਿਆ ਕਿ ਉੱਥੇ ਜਾ ਕੇ ਦੇਖਣ ਤੋਂ ਬਾਅਦ ਉਸਨੇ ਫੌਜ ਵਿਚ ਸ਼ਾਮਲ ਹੋਣ ਦਾ ਫੈਂਸਲਾ ਕੀਤਾ। ਉਸਨੇ ਉੱਥੋਂ ਹੀ ਵੈਸਟ ਪੋਇੰਟ ਅਕੈਡਮੀ ਨੂੰ ਆਪਣੀ ਅਰਜ਼ੀ ਮੇਲ ਕਰ ਦਿੱਤੀ ਸੀ।

ਅੱਜ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵੈਸਟ ਪੋਇੰਟ ਸਥਿਤ ਇਸ ਮਿਲਟਰੀ ਅਕੈਡਮੀ ਦੀ ਇਤਿਹਾਸਕ ਇਮਾਰਤ ਵਿਚ ਅਨਮੋਲ ਕੌਰ ਨਾਰੰਗ ਸਮੇਤ ਨਵੇਂ ਬਣੇ ਫੌਜੀ ਅਫਸਰਾਂ ਨੂੰ ਸੰਬੋਧਨ ਕੀਤਾ ਜਾਵੇਗਾ। 

ਅਮਰੀਕਾ ਵਿਚ ਸਿੱਖਾਂ ਨੂੰ ਆਪਣੇ ਧਾਰਮਿਕ ਅਕੀਦੇ ਨਾਲ ਫੌਜ ਵਿਚ ਕੰਮ ਕਰਨ ਲਈ ਲੰਬਾ ਸੰਘਰਸ਼ ਕਰਨਾ ਪਿਆ। 2016 ਵਿਚ ਤਿੰਨ ਸਿੱਖਾਂ ਕੰਵਰ ਸਿੰਘ, ਹਰਪਾਲ ਸਿੰਘ ਅਤੇ ਅਰਜਨ ਸਿੰਘ ਘੋਤਰਾ ਨੇ ਅਮਰੀਕੀ ਰੱਖਿਆ ਮਹਿਕਮੇ ਖਿਲਾਫ ਅਦਾਲਤੀ ਅਪੀਲ ਕੀਤੀ ਸੀ ਕਿ ਉਹਨਾਂ ਨੂੰ ਆਪਣੇ ਧਾਰਮਿਕ ਅਕੀਦੇ ਦੇ ਪਾਲਣਾ ਕਰਦਿਆਂ ਫੌਜ ਵਿਚ ਸੇਵਾਵਾਂ ਕਰਨ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ। ਇਸ ਤੋਂ ਪਹਿਲਾਂ ਅਮਰੀਕੀ ਫੌਜ ਵਿਚ ਨਿਯੁਕਤ ਕੈਪਟਨ ਸਿਮਰਤਪਾਲ ਸਿੰਘ ਨੇ ਵੀ ਆਪਣੇ ਧਾਰਮਿਕ ਅਕੀਦੇ ਦੀ ਪਾਲਣਾ ਦਾ ਹੱਕ ਹਾਸਲ ਕਰਨ ਲਈ ਕਾਨੂੰਨੀ ਚਾਰਾਜ਼ੋਈ ਕੀਤੀ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਇਹ ਹੱਕ ਹਾਸਲ ਹੋਇਆ ਸੀ। 


ਅਨਮੋਲ ਕੌਰ ਨਾਰੰਗ

1981 ਵਿਚ ਅਮਰੀਕੀ ਫੌਜ 'ਚ ਕੰਮ ਕਰਦੇ ਫੌਜੀਆਂ ਲਈ ਧਾਰਮਿਕ ਬੰਦਿਸ਼ਾਂ ਬਹੁਤ ਸਖਤ ਕਰ ਦਿੱਤੀਆਂ ਗਈਆਂ ਸਨ। 1974 ਤੋਂ ਪਹਿਲਾਂ ਅਮਰੀਕੀ ਸਿੱਖ ਅਮਰੀਕੀ ਫੌਜ ਵਿਚ ਬਿਨ੍ਹਾਂ ਕਿਸੇ ਧਾਰਮਿਕ ਪਾਬੰਦੀ ਤੋਂ ਕੰਮ ਕਰਦੇ ਸਨ। ਇਹਨਾਂ ਪਾਬੰਦੀਆਂ ਦੇ ਚਲਦਿਆਂ ਖਾਸ ਮਾਮਲਿਆਂ ਵਿਚ ਛੋਟ ਦਿੱਤੀ ਜਾਂਦੀ ਸੀ।

ਸਾਲ 2017 ਵਿਚ ਸਿੱਖ ਸੰਸਥਾਵਾਂ ਦੇ ਉਦਮਾਂ ਸਦਕਾ ਸਿੱਖ ਫੌਜੀਆਂ ਨੂੰ ਦਸਤਾਰ ਸਜਾ ਕੇ ਅਤੇ ਦਾੜ੍ਹੀਆਂ ਰੱਖ ਕੇ ਫੌਜ ਵਿਚ ਨੌਕਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਸੀ। ਪਰ ਇਹ ਪ੍ਰਵਾਨਗੀ ਵੀ ਸ਼ਰਤਾਂ ਅਧੀਨ ਹੈ ਅਤੇ ਇਸ ਨੂੰ ਇਕ ਮੁਕੰਮਲ ਨਿਯਮ ਦੇ ਬਤੌਰ ਮਨਜ਼ੂਰ ਕਰਾਉਣ ਲਈ ਚਾਰਾਜ਼ੋਈ ਚੱਲ ਰਹੀ ਹੈ। 

ਹੁਣ ਅਨਮੋਲ ਕੌਰ ਨਾਰੰਗ ਦੀ ਫੌਜ ਵਿਚ ਇਕ ਅਫਸਰ ਵਜੋਂ ਨਿਯੁਕਤੀ ਨਾਲ ਇਸ ਸਿੱਖ ਮੁਹਿੰਮ ਨੂੰ ਹੋਰ ਤਾਕਤ ਮਿਲੇਗੀ। 

ਸ਼ਨੀਵਾਰ ਨੂੰ 1100 ਦੇ ਕਰੀਬ ਕੈਡਿਟਾਂ ਨੂੰ ਸਰਟੀਫਿਕੇਟ ਦਿੱਤੇ ਜਾਣਗੇ। ਅਨਮੋਲ ਕੌਰ ਨਾਰੰਗ ਨੂੰ ਫੌਜ ਵਿਚ ਲੈਫਿਟੇਨੇਂਟ ਦੇ ਅਹੁਦੇ 'ਤੇ ਨਿਯੁਕਤੀ ਮਿਲੇਗੀ। ਨਾਰੰਗ ਦੀ ਪਹਿਲੀ ਪਸੋਟਿੰਗ ਜਾਪਾਨ ਦੇ ਓਕੀਨਾਵਾ ਵਿਚ ਸਥਿਤ ਅਮਰੀਕੀ ਏਅਰ ਬੇਸ 'ਤੇ ਹੋਵੇਗੀ।