ਮੱਛੀ ਤੋਂ ਮਨੁੱਖ ਤਕ ਦਾ ਸਫ਼ਰ

ਮੱਛੀ ਤੋਂ ਮਨੁੱਖ ਤਕ ਦਾ ਸਫ਼ਰ

ਸੁਰਜੀਤ ਸਿੰਘ ਢਿੱਲੋਂ (ਡਾ.)

ਫੋਨ ਸੰਪਰਕ: 0175-2214547

ਭਾਗੇ ਹਾਂ ਕਿ ਸੰਸਾਰ ਵਿਖੇ ਅਸੀਂ ਤਦ ਰਹਿ ਰਹੇ ਹਾਂ, ਜਦੋਂ ਸਾਨੂੰ ਸੰਸਾਰ ਅਤੇ ਜੀਵਨ ਬਾਰੇ ਬਹੁਤ ਕੁਝ ਸਪਸ਼ਟ ਸਮਝ ਆ ਰਿਹਾ ਹੈ। ਅੱਜ ਸਮਝ ਸਕਣਾ ਸੰਭਵ ਹੈ ਕਿ ਜੀਵਨ ਪ੍ਰਿਥਵੀ ਉਪਰ ਹੀ ਕਿਉਂ ਪੁੰਗਰਿਆ, ਸੂਰਜ ਮੰਡਲ ਵਿੱਚ ਹੋਰ ਕਿਧਰੇ ਕਿਉਂ ਨਹੀਂ; ਅਸੀਂ ਸੰਸਾਰ ਵਿੱਚ ਕਿਧਰੋਂ ਆਏ ਹਾਂ; ਜੀਵਾਂ ਦੀ ਵੰਨਗੀ ਦਾ ਇਸ ਹੱਦ ਤਕ ਫੈਲਾਓ ਕਿਉਂ ਹੈ ਅਤੇ ਕਿਹੋ ਜਿਹਾ ਹੈ ਵਿਸ਼ਵ ਅਤੇ ਇਸ ਦਾ ਇਤਿਹਾਸ? ਉਂਜ, ਇਸ ਸਭ ਕੁਝ ਦੇ ਸਹੀ ਸਹੀ ਸਮਝ ‘ਚ ਆਉਣ ਨੇ ਬਹੁਤ ਸਮਾਂ ਲਿਆ।
ਸਾਡੀ ਸਮਝ ਪਹਿਲਾਂ-ਪਹਿਲ ਤਾਂ ਉਸ ਤਕ ਸੀਮਿਤ ਰਹੀ ਜੋ ਵੀ ਅਸੀਂ ਸੰਵੇਦਨਾਵਾਂ ਦੁਆਰਾ ਅਨੁਭਵ ਕਰ ਸਕਦੇ ਸੀ, ਭਾਵ ਜੋ ਦੇਖ, ਸੁਣ, ਸੁੰਘ, ਚੱਖ ਸਕਦੇ ਸੀ ਜਾਂ ਫਿਰ ਛੋਹ ਦੁਆਰਾ ਮਹਿਸੂਸ ਕਰ ਸਕਦੇ ਸੀ। ਇਸ ਪ੍ਰਕਾਰ ਅਨੁਭਵ ਕੀਤੀ ਜਾ ਰਹੀ ਹਕੀਕਤ ਦਾ ਅਤਿ ਸੌੜਾ ਖੇਤਰ ਸੀ। ਹਕੀਕਤ ਪ੍ਰਤੀ ਗਿਆਨ ਨੇ ਉਦੋਂ ਫੈਲਣਾ ਸ਼ੁਰੂ ਕਰ ਦਿੱਤਾ, ਜਦੋਂ ਖੋਜ ਨੂੰ ਉਪਕਰਨਾਂ ਦਾ ਆਸਰਾ ਨਸੀਬ ਹੋਇਆ। ਦੂਰਬੀਨ ਨੇ ਦੁਨੀਆਂ ਅੰਦਰਲੀਆਂ ਦੂਰੀਆਂ ਸਮੇਟ ਦਿੱਤੀਆਂ ਅਤੇ ਖ਼ੁਰਦਬੀਨ ਨੇ ਅਜਿਹੇ ਬਹੁਤ ਕੁਝ ਨਾਲ ਸਾਡੀ ਪਛਾਣ ਕਰਵਾਈ ਜਿਹੜਾ ਸਾਧਾਰਨ ਨਜ਼ਰ ਨਹੀਂ ਸੀ ਆ ਰਿਹਾ। ਮੁੱਠੀ ਭਰ ਰੇਤ ‘ਚ ਵੀ ਲੱਖਾਂ ਦੀ ਗਿਣਤੀ ‘ਚ ਸੂਖ਼ਮ ਜੀਵ ਕੁਰਬਲਾਉਂਦੇ ਦਿੱਸੇ। ਰੇਡਿਆਈ ਉਪਕਰਨਾਂ ਦੁਆਰਾ ਅਸੀਂ ਅਜਿਹੀਆਂ ਤਰੰਗਾਂ ਤੋਂ ਜਾਣੂ ਹੋਏ ਜਿਨ੍ਹਾਂ ਦੇ ਉਪਯੋਗ ਦੁਆਰਾ ਸੰਸਾਰ ਭਰ ‘ਚ ਗਿਆਨ ਦਾ ਸਹਿਲ ਸੰਚਾਰ ਹੋਣ ਲੱਗਿਆ ਅਤੇ ਲੋਕਾਂ ਦੇ ਆਪਸੀ ਸਬੰਧਾਂ ਨੇ ਵੀ ਨਵੀਂ ਦਿਸ਼ਾ ਅਪਣਾਈ।
ਇਸ ਉਪਰੰਤ ਵੀ ਗਿਆਨ ਨਿਰੋਲ ਉਪਕਰਨਾਂ ਦੁਆਰਾ ਫਰੋਲੀ ਜਾ ਰਹੀ ਹਕੀਕਤ ਤਕ ਹੀ ਸੀਮਿਤ ਨਾ ਰਿਹਾ। ਇਸ ਦਾ ਦਾਇਰਾ ਉਪਕਰਨਾਂ ਦੀ ਪਕੜ ਦੇ ਪਾਰ ਵੀ ਫੈਲਿਆ। ਡੀਐੱਨਏ, ਜਿਹੜਾ ਹਰ ਇੱਕ ਜੀਵ ਦੇ ਜੀਵਨ ਦਾ ਆਧਾਰ ਹੈ ਅਤੇ ਐਟਮ, ਜਿਨ੍ਹਾਂ ਆਸਰੇ ਸਮੁੱਚਾ ਜਗਤ ਖਲੋਤਾ ਹੈ, ਅਤਿ ਸ਼ਕਤੀਸ਼ਾਲੀ ਖ਼ੁਰਦਬੀਨ ਦੁਆਰਾ ਵੀ ਦੇਖੇ ਨਾ ਜਾ ਸਕੇ। ਖੋਜ ਦੁਆਰਾ ਇਕੱਤਰ ਕੀਤੇ ਤੱਥਾਂ ਦੇ ਆਧਾਰ ‘ਤੇ ਇਨ੍ਹਾਂ ਦੇ ਮਾਡਲ ਤਿਆਰ ਕਰਕੇ ਫਿਰ ਇਨ੍ਹਾਂ ਨੂੰ ਜਾਣਿਆ ਸਮਝਿਆ ਗਿਆ। ਉਧਰ, ਸੰਸਾਰ ਦੀ ਵਿਸ਼ਾਲਤਾ ਦਾ ਵੀ ਅੰਤ ਨਹੀਂ; ਉਪਕਰਨ ਤਾਂ ਉਪਕਰਨ ਇਹ ਤਾਂ ਕਲਪਨਾ ਦੇ ਕਲਾਵੇ ‘ਚ ਵੀ ਆਉਣ ਯੋਗ ਨਹੀਂ। ਇਸ ਨੂੰ ਵੀ ਜਾਣਨ ਸਮਝਣ ਲਈ ਇਸ ਦਾ ਮਾਡਲ ਤਿਆਰ ਕਰਨ ਦੀ ਲੋੜ ਪਈ।
ਜੀਵਨ ਦਾ ਇਤਿਹਾਸ ਫਰੋਲਣ ਲਈ ਵੀ ਸਮੇਂ ‘ਚ ਪਿਛਾਂਹ ਜਾ ਸਕਣਾ ਸੰਭਵ ਨਹੀਂ। ਪਰ ਇੱਕ ਅਜਿਹਾ ਸਾਧਨ ਵਿਗਿਆਨ ਦੇ ਹੱਥ ਆ ਗਿਆ ਜਿਸ ਦੁਆਰਾ ਇਹ ਪਤਾ ਲੱਗਦਾ ਰਿਹਾ ਕਿ ਪੁਰਾਣੇ ਸਮਿਆਂ ‘ਚ ਵਿਚਰੇ ਜੀਵ ਕਿਹੋ ਜਿਹੇ ਸਨ ਅਤੇ ਕਿਨ੍ਹਾਂ ਸਮਿਆਂ ‘ਚ ਸੰਸਾਰ ਇਨ੍ਹਾਂ ਨਾਲ ਆਬਾਦ ਸੀ। ਇਹ ਸਾਧਨ ਸੀ, ਪੁਰਾਣੇ ਸਮਿਆਂ ‘ਚ ਵਿਚਰੇ ਜੀਵਾਂ ਦੇ ਪਥਰੀਲੀਆਂ ਪਰਤਾਂ ‘ਚ ਅੰਕਿਤ ਹੋਏ ਚਿੰਨ੍ਹ ਭਾਵ ਪਥਰਾਟ। ਪਥਰਾਟਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਜੀਵਨ ਦੇ ਇਤਿਹਾਸ ਦਾ ਜਿਹੜਾ ਮਾਡਲ ਤਿਆਰ ਕੀਤਾ ਗਿਆ, ਉਹ ਇਸ ਪ੍ਰਸ਼ਨ ਦਾ ਉੱਤਰ ਵੀ ਦੇ ਰਿਹਾ ਹੈ ਕਿ ਅਸੀਂ ਕਿਧਰੋਂ ਆਏ ਹਾਂ? ਇਸ ਉੱਤਰ ਦੀ ਪੁਸ਼ਟੀ ਭਿੰਨ ਭਿੰਨ ਜੀਵਾਂ ਦੇ ਡੀਐੱਨਏ ਤੋਂ ਮਿਲੀ ਜਾਣਕਾਰੀ ਵੀ ਕਰ ਰਹੀ ਹੈ। ਵੱਖ ਵੱਖ ਹੋਰਨਾਂ ਸਰੋਤਾਂ ਤੋਂ ਪ੍ਰਾਪਤ ਪ੍ਰਮਾਣ ਵੀ ਸਿੱਧ ਕਰ ਰਹੇ ਹਨ ਕਿ ਜੀਵ ਸਮੇਂ ਨਾਲ ਬਦਲਦੇ ਰਹੇ ਹਨ ਅਤੇ ਬਦਲਦੇ ਹੋਏ ਇਹ ਬਹੁਵੰਨਗੀ ‘ਚ ਢਲਦੇ ਰਹੇ ਹਨ।
ਸਾਡੀ ਸੂਝ ਅਤੇ ਸਮਝ ਉਸ ‘ਚੋਂ ਪੁੰਗਰਦੇ ਹਨ ਜੋ ਆਲੇ-ਦੁਆਲੇ ਵਾਪਰਦਾ ਦੇਖ ਰਹੇ ਹਾਂ। ਅਸੀਂ ਦੇਖ ਰਹੇ ਹਾਂ ਕਿ ਘੋੜੇ ਘੋੜਿਆਂ ਨੂੰ ਜਨਮ ਦੇ ਰਹੇ ਹਨ, ਮੋਰ ਮੋਰਾਂ ਨੂੰ, ਜਦੋਂਕਿ ਬੋਹੜ ਦੇ ਬੀਜ ‘ਚੋਂ ਬੋਹੜ ਉੱਗ ਰਹੇ ਹਨ, ਪਿੱਪਲ ਨਹੀਂ ਅਤੇ ਮਨੁੱਖ ਤੋਂ ਵੀ ਮਨੁੱਖ ਹੀ ਜਨਮ ਲੈ ਰਹੇ ਹਨ। ਫਿਰ ਕਿਵੇਂ ਮੰਨ ਲਿਆ ਜਾਵੇ ਕਿ ਅਸੀਂ ਵਣਮਾਨਸ ਤੋਂ ਵਿਕਸਿਤ ਹੋਏ ਹਾਂ ਜਾਂ ਵਣਮਾਨਸ, ਬਾਂਦਰ ਤੋਂ ਵਿਕਸਿਤ ਹੋਇਆ ਸੀ, ਜਿਵੇਂ ਵਿਗਿਆਨ ਕਹਿ ਰਿਹਾ ਹੈ। ਪਰ ਜੋ ਜਿਵੇਂ ਦਿੱਸ ਰਿਹਾ ਹੈ, ਉਹ ਨਜ਼ਰਾਂ ਦਾ ਧੋਖਾ ਵੀ ਤਾਂ ਹੋ ਸਕਦਾ ਹੈ ਜਿਵੇਂ ਰੇਗਿਸਤਾਨ ‘ਚ ਜਲ ਦਾ ਭੁਲੇਖਾ ਪੈ ਜਾਣਾ ਜਾਂ ਫਿਰ ਸੂਰਜ ਦਾ ਚੰਦਰਮਾ ਨਾਲੋਂ ਛੋਟਾ ਆਕਾਰ ਲੱਗਣਾ। ਪੁਰਾਣੇ ਵਿਚਰੇ ਜੀਵਾਂ ਦੀ ਸਹੀ ਬਣਤਰ ਬਨਾਵਟ ਦਾ ਪਤਾ ਪਥਰਾਟ ਦੇ ਰਹੇ ਹਨ ਅਤੇ ਕਿਸ ਸਮੇਂ ਇਹ ਸੰਸਾਰ ਵਿੱਚ ਵਿਚਰੇ, ਇਸ ਦਾ ਪਤਾ ਵੀ ਉਸ ਪਥਰੀਲੀ ਪਰਤ ਦੀ ਆਯੂ ਤੋਂ ਲੱਗ ਜਾਂਦਾ ਹੈ ਜਿਸ ਵਿੱਚ ਇਨ੍ਹਾਂ ਦੇ ਨਿਸ਼ਾਨ ਖੁਣੇ ਮਿਲਦੇ ਹਨ।
ਪਥਰਾਟ ਸੰਕੇਤ ਦੇ ਰਹੇ ਹਨ ਕਿ ਅੱਜ ਤੋਂ 60 ਲੱਖ ਵਰ੍ਹੇ ਪਹਿਲਾਂ ਮਨੁੱਖ ਜਾਂ ਮਨੁੱਖ ਜਿਹਾ ਕੋਈ ਪ੍ਰਾਣੀ ਸੰਸਾਰ ਵਿੱਚ ਨਹੀਂ ਸੀ ਵਿਚਰ ਰਿਹਾ। ਤਦ ਵਣਮਾਨਸ ਹੈ ਸਨ, ਪਰ ਜਿਹੜੇ ਢਾਈ ਕਰੋੜ ਵਰ੍ਹੇ ਪਹਿਲਾਂ ਨਹੀਂ ਸਨ, ਜਦੋਂਕਿ ਬਾਂਦਰ ਸਨ। ਅੱਜ ਤੋਂ 40 ਕਰੋੜ ਵਰ੍ਹੇ ਪਹਿਲਾਂ ਤਾਂ ਖੁਸ਼ਕ ਭੂਮੀ ਉਪਰ ਹੱਡੀਆਂ ਦੇ ਪਿੰਜਰ ਸਹਿਤ ਕੋਈ ਪ੍ਰਾਣੀ ਵੀ ਤੁਰ-ਫਿਰ ਨਹੀਂ ਸੀ ਰਿਹਾ, ਨਾ ਡੱਡੂ, ਨਾ ਕਿਰਲੇ ਜਾਂ ਸੱਪ, ਨਾ ਹਵਾ ‘ਚ ਉੱਡਦੇ ਪੰਛੀ ਅਤੇ ਨਾ ਦੁਧਾਰੂ ਪਸ਼ੂ। ਇਹ ਪ੍ਰਾਣੀ ਸਮੇਂ ਨਾਲ ਵਾਰੀ ਸਿਰ ਵਿਕਸਿਤ ਹੋਏ।
ਵਿਕਾਸ ਦੌਰਾਨ ਇਹ ਨਹੀਂ ਹੁੰਦਾ ਕਿ ਪਲ ਝਪਕਦਿਆਂ ਇੱਕ ਨਸਲ ਦੇ ਕੁਝ ਪ੍ਰਾਣੀ ਦੂਜੀ ਨਸਲ ਦੀਆਂ ਵਿਸ਼ੇਸ਼ਤਾਵਾਂ ਧਾਰਨ ਕਰ ਲੈਣ। ਇਹ ਨਹੀਂ ਸੀ ਹੋਇਆ ਕਿ 60 ਲੱਖ ਵਰ੍ਹੇ ਪਹਿਲਾਂ ਵਣਮਾਨਸਾਂ ‘ਚੋਂ ਕੁਝ ਤਾਂ ਚਿੰਪਾਂਜ਼ੀ ਬਣ ਕੇ ਰੁੱਖਾਂ ਉਪਰ ਜਾ ਬਿਰਾਜੇ ਅਤੇ ਦੂਜੇ ਧਰਤੀ ਉਪਰ ਤੁਰਨ-ਫਿਰਨ ਲੱਗ ਪਏ। ਬਦਲ ਰਹੇ ਵਾਤਾਵਰਨ ਅਧੀਨ ਨਾ ਅਨੁਭਵ ਕੀਤੀ ਜਾਣ ਵਾਲੀ ਗਤੀ ਅਨੁਕੂਲ ਇਨ੍ਹਾਂ ਪ੍ਰਾਣੀਆਂ ‘ਚ ਸਹਿਜੇ ਸਹਿਜੇ ਬਦਲਾਓ ਆਉਂਦੇ ਰਹੇ।
ਜੀਵ-ਨਸਲਾਂ ‘ਚ ਆ ਰਹੀ ਤਬਦੀਲੀ ਦੀ ਗਤੀ ਸਰੀਰ ‘ਚ ਆ ਰਹੀ ਗਤੀ ਦੇ ਟਾਕਰੇ ਕੁਝ ਵੀ ਨਹੀਂ। ਇੱਕ ਹੱਸਦਾ-ਖੇਡਦਾ ਚੁਲਬੁਲਾ ਜਵਾਨ 40 ਵਰ੍ਹਿਆਂ ਉਪਰੰਤ ਬਜ਼ੁਰਗੀ ਵਾਲੀ ਗੰਭੀਰਤਾ ਦੀ ਨੁਮਾਇਸ਼ ਕਰਨ ਲੱਗਦਾ ਹੈ ਜਦੋਂਕਿ ਮੱਛੀ ਦੇ ਮਨੁੱਖ ਤਕ ਦੇ ਸਫ਼ਰ ਨੂੰ ਪੂਰਾ ਹੋਣ ਵਿੱਚ 40 ਕਰੋੜ ਵਰ੍ਹੇ ਲੰਘ ਗਏ ਸਨ। ਮੱਛੀ ਅਤੇ ਮਨੁੱਖ ਵਿਚਕਾਰ ਲਗਪਗ 18 ਕਰੋੜ ਪੁਸ਼ਤਾਂ ਦਾ ਫਾਸਲਾ ਹੈ ਅਤੇ ਦੋਵਾਂ ਵਿਚਕਾਰ ਕਿਰਲੇ-ਸੱਪ, ਛਛੂੰਦਰਾਂ, ਲੀਮਰ, ਬਾਂਦਰ, ਵਣਮਾਨਸ ਆਦਿ ਖਲੋਤੇ ਹਨ। ਮਨੁੱਖ ਨੂੰ ਕਿਰਲਿਆਂ ਤੋਂ 17 ਕਰੋੜ ਪੁਸ਼ਤਾਂ ਵੱਖ ਕਰ ਰਹੀਆਂ ਹਨ, ਜਦੋਂਕਿ ਛਛੂੰਦਰਾਂ ਤੋਂ 4.5 ਕਰੋੜ, ਲੀਮਰ ਤੋਂ 70 ਲੱਖ, ਬਾਂਦਰ ਤੋਂ 15 ਲੱਖ, ਵਣਮਾਨਸ ਤੋਂ 2.5 ਲੱਖ ਅਤੇ ਆਦਿ-ਮਨੁੱਖ ਤੋਂ 50 ਹਜ਼ਾਰ ਪੁਸ਼ਤਾਂ ਵੱਖ ਕਰ ਰਹੀਆਂ ਹਨ।
ਅਸੀਂ ਆਪ ਜਿਹੋ ਜਿਹੇ ਅੱਜ ਹਾਂ, ਹਜ਼ਾਰ ਵਰ੍ਹੇ ਪਹਿਲਾਂ ਇਹੋ ਜਿਹੇ ਹੀ ਸੀ ਅਤੇ 10 ਹਜ਼ਾਰ ਵਰ੍ਹੇ ਪਹਿਲਾਂ ਵੀ। 40 ਪੁਸ਼ਤਾਂ ਅਤੇ 400 ਪੁਸ਼ਤਾਂ  ਪਹਿਲਾਂ ਵਿਚਰੇ ਸਾਡੇ ਬਜ਼ੁਰਗਾਂ ਅਤੇ ਸਾਡੇ ‘ਚ ਸਰੀਰਕ ਪੱਧਰ ‘ਤੇ ਕੋਈ ਫ਼ਰਕ ਨਹੀਂ ਸੀ; ਰਹਿਣ-ਸਹਿਣ, ਬੋਲਬਾਣੀ ਅਤੇ ਪਹਿਰਾਵੇ ‘ਚ ਭਾਵੇਂ ਲਗਾਤਾਰ ਪਰਿਵਰਤਨ ਆ ਰਹੇ ਸਨ। ਇੱਕ ਲੱਖ ਵਰ੍ਹੇ ਪਹਿਲਾਂ ਸਾਡੀ ਚਾਰ ਹਜ਼ਾਰਵੀਂ ਪੁਸ਼ਤ ਸਾਡੇ ਨਾਲੋਂ ਜ਼ਰੂਰ ਭਿੰਨ ਸੀ, ਪਰ ਮਾਮੂਲੀ ਹੱਦ ਤਕ ਹੀ। ਉਨ੍ਹਾਂ ਬਜ਼ੁਰਗਾਂ ਦੇ ਫੀਨੇ ਨੱਕ ਸਨ, ਪਿਛਾਂਹ ਢਿੱਲਕਵੇਂ ਮੱਥੇ ਸਨ ਅਤੇ ਜੁੱਸੇ ਵੀ ਸੁਡੌਲ ਨਹੀਂ ਸਨ। ਫਿਰ ਵੀ ਸਨ ਉਹ ਸਾਡੀ ਨਸਲ ਦੇ ਹੀ, ਹੋਮੋ ਸੇਪੀਅਨਜ਼। ਇੱਕ ਨਸਲ ਦੇ ਪ੍ਰਾਣੀ ਦਿੱਸਣ ਭਾਵੇਂ ਇੱਕ ਦੂਜੇ ਨਾਲੋਂ ਭਿੰਨ, ਪਰ ਇਹ ਆਪਸ ‘ਚ ਸੰਭੋਗੀ ਸਬੰਧਾਂ ਦੁਆਰਾ ਔਲਾਦ ਉਪਜਾਉਣ ਯੋਗ ਹੁੰਦੇ ਹਨ।
10 ਲੱਖ ਵਰ੍ਹੇ ਪਹਿਲਾਂ 50 ਹਜ਼ਾਰਵੀਂ ਪੁਸ਼ਤ ਸਾਡੇ ਨਾਲੋਂ ਵੱਖਰੀ ਨਸਲ ਸੀ। ਸਾਡੇ ਇਹ ਬਜ਼ੁਰਗ ਹੋਮੋ ਇਰੈਕਟੱਸ ਸਨ ਜਿਨ੍ਹਾਂ ਦਾ ਚੌੜੀਆਂ ਨਾਸਾਂ ਵਾਲਾ ਬੈਠਵਾਂ ਨੱਕ ਸੀ, ਸੌੜਾ ਮੱਥਾ ਪਿਛਾਂਹ ਢਿੱਲਕਵਾਂ ਸੀ, ਮੋਢੇ ਪੱਧਰੇ ਨਹੀਂ ਸਨ ਅਤੇ ਮੋਢਿਆਂ ਉਪਰ ਟਿਕਿਆ ਸਿਰ ਵੀ ਧੌਣ ਬਿਨਾਂ ਸੀ ਜਦੋਂਕਿ ਅਗਾਂਹ ਵਧੇ ਹੋਏ ਜਬਾੜ੍ਹੇ ਦੀ ਠੋਡੀ ਨਹੀਂ ਸੀ। 40 ਲੱਖ ਵਰ੍ਹੇ ਪਹਿਲਾਂ ਜੀਵਨ ਭੋਗ ਰਿਹਾ ਸਾਡਾ ਪੂਰਵਜ ਵਣਮਾਨਸ ਜਿਹਾ ਵੱਧ ਅਤੇ ਸਾਡੇ ਜਿਹਾ ਸਿਰਫ਼ ਇਸ ਪੱਖੋਂ ਸੀ ਕਿ ਉਹ ਦੋ ਟੰਗਾਂ ਉਪਰ ਤੁਰ-ਫਿਰ ਰਿਹਾ ਸੀ ਅਤੇ ਰਾਤੀਂ ਬਸੇਰਾ ਵੀ ਉਹ ਰੁੱਖਾਂ ਉਪਰ ਹੀ ਕਰ ਰਿਹਾ ਸੀ।
ਇਸ ਤੋਂ ਪਹਿਲਾਂ ਘਟਨਾਵਾਂ ਕੁਝ ਕੁ ਇਸ ਪ੍ਰਕਾਰ ਵਾਪਰੀਆਂ ਸਨ। ਲੰਬੇ ਸਮੇਂ ਤਕ ਚਿੱਕੜ ‘ਚ ਵਿਚਰਦੀ ਫੇਫੜੇਦਾਰ ਮੱਛੀ ਨਿਊਟ ਬਣੀ। ਡੱਡੂਆਂ ਦੀ ਸ਼੍ਰੇਣੀ ਦਾ ਇਹ ਪ੍ਰਾਣੀ ਕਿਰਲਾ ਬਣਿਆ, ਕਿਰਲਾ ਛਛੂੰਦਰ ਜਿਹਾ ਪ੍ਰਾਣੀ ਬਣਿਆ, ਜਿਸ ਤੋਂ ਲੀਮਰ, ਲੀਮਰ ਤੋਂ ਬਾਂਦਰ ਅਤੇ ਬਾਂਦਰ ਤੋਂ ਅਗਾਂਹ ਵਣਮਾਨਸ ਹੋਂਦ ‘ਚ ਆਇਆ। ਇਹ ਪ੍ਰਾਣੀ ਵਾਰੀ ਸਿਰ, ਲੰਬੇ ਸਮੇਂ ਦੀ ਵਿੱਥ ਨਾਲ ਇੱਕ ਪਿੱਛੋਂ ਇੱਕ ਵਿਕਸਿਤ ਹੁੰਦੇ ਰਹੇ। ਇਹ ਪ੍ਰਾਣੀ ਵੱਖ ਵੱਖ ਵਾਤਾਵਰਨ ‘ਚ ਰਹਿ ਰਹੇ ਸਨ ਅਤੇ ਵੱਖਰੇ ਹਾਲਾਤ ਅਨੁਕੂਲ ਇਹ ਨਵੀਆਂ ਨਵੀਆਂ ਵਿਸ਼ੇਸ਼ਤਾਵਾਂ ਧਾਰਨ ਕਰਦੇ ਰਹੇ ਸਨ। ਅਜਿਹਾ ਕਰਨਾ ਇਸ ਲਈ ਲਾਜ਼ਮੀ ਸੀ ਕਿਉਂਕਿ ਵੱਖਰੇ ਹਾਲਾਤ ਅਧੀਨ ਵੱਖਰੀਆਂ ਵਿਸ਼ੇਸ਼ਤਾਵਾਂ ਦਾ ਅਧਿਕਾਰੀ ਬਣੇ ਬਿਨਾਂ ਨਾ ਜਿਉਂਦੇ ਰਹਿਣਾ ਸੰਭਵ ਸੀ ਅਤੇ ਨਾ ਹੀ ਸੰਤਾਨ ਨੂੰ ਜਨਮ ਦੇਣਾ।
ਜਦੋਂ ਵਣਮਾਨਸ ਦੋ ਟੰਗਾਂ ਉਪਰ ਖਲੋ ਕੇ ਤੁਰਨ-ਫਿਰਨ ਲੱਗ ਪਿਆ, ਤਦ ਇਸ ਦੇ ਹੱਥ ਸ਼ਿਕਾਰ ਕਰਨ  ਅਤੇ ਪੱਥਰ ਤਰਾਸ਼ਣ ਲਈ ਵਿਹਲੇ ਹੋ ਗਏ ਸਨ ਅਤੇ ਨਾਲੋ-ਨਾਲ ਇਨ੍ਹਾਂ ਕਾਰਜਾਂ ਦੀ ਅਗਵਾਈ ਕਰ ਰਹੇ ਦਿਮਾਗ਼ ਅੰਦਰ ਬੁੱਧੀ ਦਾ ਪ੍ਰਕਾਸ਼ ਹੋਣਾ ਵੀ ਆਰੰਭ ਹੋ ਗਿਆ ਸੀ। ਅਜਿਹਾ ਹੁੰਦਿਆਂ ਹੁੰਦਿਆਂ 60 ਲੱਖ ਵਰ੍ਹੇ ਬੀਤ ਗਏ ਸਨ। ਇਸ ਸਮੇਂ ਦੇ ਅੰਤ ਤੇ ਅਤੇ ਇਸ ਦੌਰਾਨ ਹੋਈ ਉਧੇੜ-ਬੁਣ ਦੇ ਫਲਸਰੂਪ ਇੱਕ ਅਜਿਹਾ ਰੋਮ-ਰਹਿਤ, ਖੁਸ਼-ਸ਼ਕਲ, ਸਜੀਲਾ ਪ੍ਰਾਣੀ ਜੀਵ-ਸੰਸਾਰ ਦਾ ਭਾਗ ਬਣਿਆ ਜਿਸ ਦੀ ਸੁਘੜ ਸੂਝ ਦੀ ਅਗਵਾਈ ਅਧੀਨ ਆਲਾ-ਦੁਆਲਾ ਕਾਰਜਕਾਰੀ ਸਰਗਰਮੀਆਂ ਨਾਲ ਜਗਮਗਾਉਣ ਲੱਗਿਆ। ਇਸ ਪ੍ਰਾਣੀ ਦੀ ਸਿਫ਼ਤ ਫ਼ੈਜ਼ ਦਾ ਇਹ ਸ਼ਿਅਰ ਵੀ ਕਰ ਰਿਹਾ ਹੈ:
ਸ਼ਬਾਬ, ਜਿਸ ਸੇ ਤਖ਼ੀਅਲ ਪੇ ਬਿਜਲੀਆਂ ਬਰਸੇਂ,
ਵਕਾਰ, ਜਿਸ ਦੀ ਰਫ਼ਾਕਤ  ਕੋ ਸ਼ੋਖੀਆਂ ਤਰਸੇਂ।