ਸੱਤਾਧਾਰੀਆਂ ਨੂੰ ਸਿੱਖ ਚੜ੍ਹਤਲ ਤੋਂ ਚਿੱੜ੍ਹ

ਸੱਤਾਧਾਰੀਆਂ ਨੂੰ ਸਿੱਖ ਚੜ੍ਹਤਲ ਤੋਂ ਚਿੱੜ੍ਹ

ਹੁਣ ਵੀ ਮੋਦੀ ਦੇ ਨਕਸ਼ੇ ਕਦਮ ਤੇ ਚਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਟਰੂਡੋ ਨੂੰ 9 ਸਿੱਖ ਨੌਜਵਾਨਾਂ ਦੀ ਸੂਚੀ ਸੌਂਪੀ ਹੀ ਹੈ। ਕੈਪਟਨ ਹੋਰੀਂ ਤਾਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਚਿਰੋਕਣੀ ਘਿਓ ਸ਼ੱਕਰ ਰਲਾ ਚੁੱਕੇ ਹਨ। ਅਖੇ ਸੱਜਣ ਸਮੇਤ ਟਰੂਡੋ ਦੀ ਵਜ਼ਾਰਤ ਵਿਚ ਕਈ ਖਾਲਿਸਤਾਨੀ ਮੰਤਰੀ ਹਨ। ਫਿਰ ਸਭ ਪਾਸਿਓ ਸ਼ਾਬਾਸ਼ ਦਾ ਦੂਸਰਾ ਪਾਸਾ ਮਿਲਿਆ ਤਾਂ ਹੁਣ ਤੌਬਾ ਕਰਕੇ ਸੱਜਣ ਨਾਲ ਹੱਥ ਵੀ ਆ ਮਿਲਾਇਆ।

ਸ਼ੇਰ ਸਿੰਘ ਕੰਵਲ
(001-602-482-2276)

ਕੈਨੇਡਾ ਇਕ ਵਿਸ਼ਾਲ ਤੇ ਖੁਸ਼ਹਾਲ ਮੁਲਕ ਹੈ। ਇਥੋਂ ਦੇ ਲੋਕ ਖੁੱਲ੍ਹ-ਦਿਲੇ ਤੇ ਸਿਆਸਤਦਾਨ ਨਿਰਪੱਖ ਨਿਰਛਲ ਹਨ। ਇਸੇ ਲਈ ਆਵਾਸੀ ਇਥੇ ਆਨੰਦ-ਸਾਹਿਤ ਵਿਚਰਦੇ ਤੇ ਸੁਖਮਈ ਜੀਵਨ ਭੋਗ ਦੇ ਹਨ। ਕੈਨੇਡਾ ਵਿਚ ਇਸ ਵੇਲੇ 10 ਲੱਖ ਭਾਰਤੀ ਵਸਦੇ ਹਨ ਜਿਨ੍ਹਾਂ ‘ਚੋਂ ਪੰਜ ਲੱਖ ਪੰਜਾਬੀ ਅਥਵਾ ਸਿੱਖ ਹਨ। ਆਜ਼ਾਦੀ ਪਸੰਦ ਪੰਜਾਬੀਆਂ ਅਥਵਾਂ ਸਿੱਖਾਂ ਲਈ ਇਹ ਦੇਸ਼ ਹੁਣ ਆਪਣੇ ‘ਦੂਜੇ ਘਰ’ ਵਰਗਾ ਹੈ ਜਿੱਥੇ ਆਪਣੇ ਮਿਹਨਤੀ ਤੇ ਰਲੌਸੁਭਾਅ ਕਰਕੇ ਉਨ੍ਹਾਂ ਆਪਣੀ ਚੋਖੀ ਤੇ ਘਣੀ ਪਛਾਣ ਬਣਾ ਲਈ ਹੈ। ਇਥੋਂ ਦੀ ਸਿਆਸਤ ਵਿਚ ਉਨ੍ਹਾਂ ਦੀ ਭੱਲ ਬਣੀ ਹੋਈ ਹੈ ਤੇ ਸਰਕਾਰ ਵਿਚ ਉਨ੍ਹਾਂ ਦਾ ਵੱਡਾ ਹਿੱਸਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਦੇ ਠੀਕ ਹੀ ਕਿਹਾ ਸੀ ਕਿ ਮੇਰੀ ਵਜ਼ਾਰਤ ਵਿਚ ਭਾਰਤ ਨਾਲੋਂ ਵੱਧ ਸਿੱਖ ਹਨ। ਟਰੂਡੋ ਦੀ ਇਹ ਠੀਕ ਗੱਲ ਓਦੋਂ ਭਾਰਤੀ ਹੁਕਮਰਾਨਾਂ ਨੂੰ ਨਾਗ ਵਾਂਗ ਲੜੀ ਸੀ ਜਿਸ ਦਾ ਅਸਰ ਹੁਣ ਤੱਕ ਉਨ੍ਹਾਂ ਦੇ ਸਿਰਾਂ ਨੂੰ ਚੜ੍ਹਿਆ ਰਿਹਾ ਹੈ।
ਪਿਛਲੇ ਦਿਨੀਂ ਟਰੂਡੋ ਆਪਣੇ ਪਰਿਵਾਰ, ਵਜ਼ੀਰਾ/ਪਾਰਲੀਮੈਂਟ ਮੈਂਬਰਾਂ ਤੇ ਹੋਰਨਾਂ ਸਿਆਸੀ ਹਸਤੀਆਂ ਨਾਲ ਇਕ ਹਫ਼ਤੇ ਲਈ ਭਾਰਤ ਦੇ ਦੌਰੇ ‘ਤੇ ਗਏ। ਸਿਆਸਤਦਾਨਾਂ ਦੇ ਦੌਰੇ ਸਿਆਸੀ ਤੇ ਵਪਾਰਿਕ ਮੰਤਵਾਂ ਲਈ ਤਾਂ ਹੁੰਦੇ ਹੀ ਹਨ ਪਰ ਨੈਤਿਕ ਕੀਮਤਾਂ ਦੇ ਧਾਰਨੀ ਤੇ ਸਿੱਖਾਂ ਦੇ ਕਦਰਦਾਨ ਟਰੂਡੋ ਜਿਸ ਸ਼ਰਧਾ ਤੇ ਸਤਿਕਾਰ ਸਹਿਤ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਤੇ ਜਿਸ ਕਦਰ ਸਿੱਖ ਸੰਸਾਰ ਉਨ੍ਹਾਂ ਦੇ ਸੁਆਗਤ ਤੇ ਪਿਆਰ ਲਈ ਉੱਮਡਿਆ ਇਹ ਸਦਾ ਲਈ ਇਕ ਅਭੁੱਲ ਯਾਦ ਬਣੀ ਰਹੇਗੀ।
ਦੂਜੇ ਪਾਸੇ ਉੱਡਦੀ ਫਿਰਕੂ ਭਰਾਵੀਂ ਫੁਲਕਾਰੀ ਦੇ ਰੰਗ ਵੀ ਦੇਖੋ! ਚੀਨ, ਅਮਰੀਕਾ, ਸੂ ਏ ਈ, ਜਪਾਨ ਇਜ਼ਰਾਈਲ ਦੇ ਸਾਬਕਾ ਤੇ ਮੌਜੂਦਾ ਰਾਜ ਪ੍ਰਮੁੱਖਾਂ ਨੂੰ ਤਾਂ ਸ੍ਰੀ ਮੋਦੀ ਪ੍ਰੋਟੋਕੋਲ ਤੋੜ ਕੇ ਵੀ ਏਅਰਪੋਰਟ ਤੇ ਲੈਣ ਗਏ ਜੱਫ਼ੀਆਂ ਪਾ ਕੇ ਮਿਲਦੇ ਹਨ ਪਰ ਸ੍ਰੀ ਟਰੂਡੋ ਨੂੰ ਇਹ ਸੁਆਗਤ ਨਹੀਂ ਦਿੱਤਾ ਜਾਂਦਾ। ਕਾਰਨ ਸਪਸ਼ਟ ਹੈ ਕਿਉਂਕਿ ਉਹ ਸਿੱਖਾਂ ਦੇ ਪ੍ਰਬੰਧਕ ਤੇ ਹਮਦਰਦ ਹਨ। ਸ੍ਰੀ ਟਰੂਡੋ ਦੇ ਦਿੱਲੀ ਏਅਰ ਪੋਰਟ ਉਤਰਨ ਤੇ ਗੁਜਰਾਤ ਜਾਣ ਦੇ ਦੋਹਾਂ ਮੌਕਿਆਂ ਤੋਂ ਮੋਦੀ ਨੇ ਪਾਸਾ ਵੱਟੀ ਰਖਿਆ। ਆਗਰਾ ਗਏ ਤਾਂ ਮੋਦੀ ਦੀ ਸੱਜੀ ਬਾਂਹ ਯੂ ਪੀ ਦਾ ਮੁੱਖ ਮੰਤਰੀ ਯੋਗੀ ਵੀ ਗਾਇਬ ਰਿਹਾ।
ਅੰਤ ਵਿਚ ਮੀਂਗਣਾਂ ਪਾ ਕੇ ਦਿੱਲੀ ਵਿਚ ਮਿਲਣੀ ਦਾ ਦੁੱਧ ਦਿੱਤਾ ਗਿਆ। ਮੀਡੀਏ ਵਿਚ ਹੋਈ ‘ਤੋਏ….ਤੋਏ. ’ ਮਗਰੋਂ ਮੋਦੀ ਵੱਲੋਂ ਟਰੂਡੋ ਨੂੰ ਵੀ ਝੂਠੀ ਸੱਚੀ ਜੱਫ਼ੀ ਪਾ ਹੀ ਲਈ ਗਈ ਕਿਉਂਕਿ ਊਰਜਾ ਸਮੇਤ ਛੇ ਸਮਝੌਤਿਆਂ ਉੱਤੇ ਦਸਖ਼ਤ ਜੁ ਹੋਣੇ ਸਨ। ਪਰ ਮੁੱਖ ਸੁਨੇਹਾ ਇਹ ਦਿੱਤਾ ਗਿਆ ਕਿ ਭਾਰਤ, ਖੁਦਮੁਖਤਿਆਰ ਏਕਤਾ ਤੇ ਅਖੰਡਤਾ ਨੂੰ ਚੁਣੌਤੀ ਦੇਣ ਵਾਲੀਆਂ ਤਾਕਤਾਂ ਨੂੰ ਬਰਦਾਸ਼ਤ ਨਹੀਂ ਕਰੇਗਾ। ਵਾਰਤਾਲਾਪ ਮਗਰੋਂ ਅੱਤਵਾਦ ਦੇ ਹਿੰਸਕ ਅੱਤਵਾਦ ਖਿਲਾਫ਼ ਸਹਿਯੋਗ ਬਾਰੇ ਫਰੇਮਵਰਕ ਜਾਰੀ ਕੀਤਾ ਗਿਆ। ਇਸ ‘ਚ ਭਾਰਤ ਤੇ ਕੈਨੇਡਾ ਅਲਕਾਇਦਾ, ਲਸ਼ਕਰ-ਏ-ਤੋਇਬਾ, ਜੋਸ਼-ਏ-ਮੁਹੰਮਦ, ਬੱਬਰ ਖਾਲਸਾ ਇੰਟਰਨੈਸ਼ਨਲ ਤੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਵਰਗੇ ‘ਅਤਿਵਾਦੀ’ ਸੰਗਠਤਾਂ ਨੂੰ ਖਤਮ ਕਰਨ ‘ਚ ਇਕ ਦੂਸਰੇ ਦੀ ਮਦਦ ਕਰਨਗੇ। ਕੈਨੇਡਾ ਤੇ ਭਾਰਤ ਹਰ ਸਾਲ 10 ਅਰਬ ਡਾਲਰ ਦਾ ਵਪਾਰਿਕ ਕਾਰੋਬਾਰ ਕਰਦੇ ਹਨ ਪਰ ਸ੍ਰੀ ਟਰੂਡੋ ਦੇ ਦੌਰੇ ਸਮੇਂ ਪਹਿਲੀ ਗੱਲ ਇਹ ‘ਖਤਰੇ’ ਖਤਮ ਦੀ ਰੱਖੀ ਗਈ ਹੈ। ਭਾਰਤ ਵਿਚ ਕੋਈ ਭਗਵਾਂ ਵਜ਼ੀਰ ਜਾਂ ਮੈਂਬਰ ਪਾਰਲੀਮੈਂਟ ਸ਼ਰ੍ਹੇਆਮ ਮੁਸਲਮਾਨਾਂ ਨੂੰ ਕਹਿ ਸਕਦਾ ਹੈ ਕਿ ਜੇ ਸਾਡੀ ਆਹ ਗੱਲ ਨਹੀਂ ਮੰਨਣੀ ਤਾਂ ਪਾਕਿਸਤਾਨ ਚਲੇ ਜਾਓ। ਉਸ ਨੂੰ ਸਜ਼ਾ ਤਾਂ ਪਾਸੇ ਰਹੀ, ਟੋਕਿਆ ਜਾਂ ਰੋਕਿਆ ਵੀ ਨਹੀਂ ਜਾਂਦਾ ਪਰ ਘੱਟ ਗਿਣਤੀਆਂ ‘ਚੋਂ ਕੋਈ ਦੂਜੇ ਮੁਲਕ ਵੀ ਹੋਏ ਤਾਂ ਉਸ ਉੱਤੇ ਪਾਬੰਦੀ ਹੋਣੀ ਚਾਹੀਦੀ ਹੈ। ਮੋਦੀ ਜੀ ਨੂੰ ਭਲੀ ਭਾਂਤ ਪਤਾ ਹੀ ਹੋਏਗਾ ਕੈਨੇਡਾ ਵਰਗੇ ਮੁਲਕਾਂ ਵਿਚ ਭਾਰਤ ਵਾਂਗ ਝੂਠੇ ਕੇਸਾਂ ਵਿਚ ਫਸਾ ਕੇ ਮਨੁੱਖ ਉਮਰ ਭਰ ਲਈ ਜਿਨ੍ਹਾਂ ਵਿਚ ਨਹੀਂ ਡੱਕੇ ਜਾਂਦੇ ਤੇ ਨਾ ਹੀ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ ਕੇ ਖਪਾਏ ਜਾਂਦੇ ਹਨ।
ਜਸਟਿਨ ਟਰੂਡੋ ਦੇ ਮੋਦੀ-ਲਾਣੇ ਵੱਲੋਂ ਕੌੜੇ ਸੁਆਗਤ ਪਿੱਛੇ ਅਸਲ ਕਾਰਨ ਕੈਨੇਡਾ ‘ਚ ਸਿੱਖਾਂ ਦੀ ਚੜ੍ਹਤਲ ਤੇ ਸ੍ਰੀ ਟਰੂਡੋ ਦਾ ਸਿੱਖਾਂ ਦਾ ਹਮਦਰਦ ਹੋਣਾ ਹੀ ਹੈ। ਦੂਸਰਾ ਕਾਰਨ ਇਕ ਇਹ ਵੀ ਹੈ ਕਿ ਵਿਦੇਸ਼ੀ ਸਿੱਖ ਆਪਣੇ ਧਾਰਮਿਕ ਅਸਥਾਨਾਂ ‘ਚੋਂ ਭਾਰਤੀ ਅਧਿਕਾਰੀਆਂ ਦੀ ਦਖ਼ਲ ਅੰਦਾਜ਼ੀ ਕਿਉਂ ਰੋਕ ਰਹੇ ਹਨ। ਚਾਹੀਦਾ ਤਾਂ ਇਹ ਹੈ ਕਿ ਭਾਰਤ ਸਰਕਾਰ ਅਜਿਹੇ ਅਧਿਕਾਰੀਆਂ ਨੂੰ ਇਸ ਗੱਲੋਂ ਆਪ ਲਗਾਮ ਦੇਵੇ ਪਰ ਗੁੱਸਾ ਵਿਦੇਸ਼ੀ ਸਿੱਖਾਂ ‘ਤੇ ਕੀਤਾ ਜਾ ਰਿਹਾ ਹੈ। ਉਲਟਾ ਚੋਰ ਕੋਤਵਾਲ ਕੋ ਡਾਂਟੇ।
ਇਕ ਗੱਲ ਹੋਰ ਪੰਜਾਬ ਦੇ ਸਿੱਖ ਲੀਡਰਾਂ ਬਾਰੇ ਵੀ। ਪੰਜਾਬ ‘ਚ ਮੁੱਖ ਮੰਤਰੀ ਅਕਾਲੀ ਦਲ- ਭਾਜਪਾ ਦਾ ਹੋਵੇ ਜਾਂ ਕਾਂਗਰਸ ਦਾ ਬਦਕਿਸਮਤੀ ਪੰਜਾਬ ਦੀ ਉਹਦੀ ਤਾਰ ਦਿੱਲੀ ਤੋਂ ਹੀ ਹਿਲਦੀ ਹੈ। ਉਸਦੀ ਦੌੜ ਆਪਣੀ ਕੁਰਸੀ ਪੱਕੀ ਰੱਖਣ ਦੀ ਹੁੰਦੀ ਹੈ। ਉਹ ਆਪਣੀ ਪਾਰਟੀ ਦੇ ਦਿੱਲੀ ਵਾਲਿਆਂ ਦੀ ਖੁਸ਼ੀ ਹੀ ਚਾਹੁੰਦਾ ਹੈ। ਭਾਵ ‘ਮੁੱਲਾਂ ਦੀ ਦੌੜ ਮਸੀਤ ਤਾਈਂ ਵਾਂਗ ਇਹ ਝਾਕਦੇ ਹੀ ਦਿੱਲੀ ਵੱਲ ਹਨ ਤੇ ਦਿੱਲੀ ਵਾਲੇ ਘੱਟ ਗਿਣਤੀਆਂ ਵਿਸ਼ੇਸ਼ਕਰ ਸਿੱਖਾਂ ਲਈ ਪੰਜਾਬ ਲਈ ਦਿਲ ਵਾਲੇ ਨਹੀਂ ਕਾਲੇ ਦਿਲ ਵਾਲੇ ਹਨ। ਇਨ੍ਹਾਂ ਦੇ ਇਸ਼ਾਰੇ ਉੱਤੇ ਹੀ ਜੇ ਪੰਜਾਬ ਦੇ ਮੁੱਖ ਮੰਤਰੀ ਨੇ ਹਰ ਕੰਮ ਕਰਨਾ ਹੈ ਤਾਂ ਪੰਜਾਬ ਜਾਂ ਸਿੱਖਾਂ ਦਾ ਭਲਾ ਕਿਥੋਂ ਹੋਣਾ ਹੈ? ਦਿਲੀ ਵਾਲਿਆਂ ਦੀਆਂ ਪੰਜਾਬ ਪ੍ਰਤੀ ਮਾਰੂ ਨੀਤੀਆਂ ਅਤੇ ਸਿੱਖ ਲੀਡਰਾਂ ਦੇ ਸੁਆਰਥ ਕਾਰਨ ਅੱਜ ਪੰਜਾਬ ਲਗਪਗ ਉੱਜੜ ਚੁੱਕਾ ਹੈ। ਪੰਜਾਬ ਦਾ ਨੌਜਵਾਨ ਪੰਜਾਬੋ ਭੱਜ ਕੇ ਵਿਦੇਸ਼ ਦੀ ਸ਼ਰਨ ਲੱਭ ਰਿਹੈ। ਪੰਜਾਬ ਦੇ ਇਹ ਸਿੱਖ ਮੁਹਰੈਲ ਨੌਜਵਾਨਾਂ ਦੇ ਸਿਰ ਉੱਤੇ ਹੱਥ ਨਹੀਂ ਰੱਖ ਰਹੇ ਸਗੋਂ ਇਨ੍ਹਾਂ ਦੀ ਸੋਚ ਹੈ ਕਿ ਜਿਨ੍ਹਾਂ ਅਸੀਂ ਸਿੱਖ ਨੌਜਵਾਨਾਂ ਨੂੰ ਕੁੱਟਾਂ ਤੇ ਕੱਟਾਂਗੇ ਓਨੀ ਹੀ ਸਾਡੀ ਕੁਰਸੀ ਪੱਕੀ ਤੇ ਮਜ਼ਬੂਤ ਹੋਏਗੀ ਪਰ ਇਹ ਭੁੱਲ ਜਾਂਦੇ ਹਨ ਕਿ ਕੁਰਸੀਆਂ ਤੇ ਉਮਰਾਂ ਨੇ ਸਦਾ ਨਹੀਂ ਰਹਿਣਾ ਅੱਜ ਜਾਂ ਕੱਲ੍ਹ ਚਲੇ ਹੀ ਜਾਣਾ ਹੈ। ਹੁਣ ਵੀ ਮੋਦੀ ਦੇ ਨਕਸ਼ੇ ਕਦਮ ਤੇ ਚਲਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਟਰੂਡੋ ਨੂੰ 9 ਸਿੱਖ ਨੌਜਵਾਨਾਂ ਦੀ ਸੂਚੀ ਸੌਂਪੀ ਹੀ ਹੈ। ਕੈਪਟਨ ਹੋਰੀਂ ਤਾਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਚਿਰੋਕਣੀ ਘਿਓ ਸ਼ੱਕਰ ਰਲਾ ਚੁੱਕੇ ਹਨ। ਅਖੇ ਸੱਜਣ ਸਮੇਤ ਟਰੂਡੋ ਦੀ ਵਜ਼ਾਰਤ ਵਿਚ ਕਈ ਖਾਲਿਸਤਾਨੀ ਮੰਤਰੀ ਹਨ। ਫਿਰ ਸਭ ਪਾਸਿਓ ਸ਼ਾਬਾਸ਼ ਦਾ ਦੂਸਰਾ ਪਾਸਾ ਮਿਲਿਆ ਤਾਂ ਹੁਣ ਤੌਬਾ ਕਰਕੇ ਸੱਜਣ ਨਾਲ ਹੱਥ ਵੀ ਆ ਮਿਲਾਇਆ।
ਮੋਦੀ ਹੋਰਾਂ ਨੂੰ ਤਾਂ ਸ੍ਰੀ ਟਰੂਡੋ ਵਰਗੇ ਸਿੱਖਾਂ ਦੇ ਹਮਦਰਦ ਵੀ ਚੰਗੇ ਨਹੀਂ ਲਗਦੇ ਤੇ ਸਿੱਖ ਲੀਡਰਾਂ ਨੂੰ ਸਿੱਖ ਨੌਜਵਾਨਾਂ ਨਾਲੋਂ ਕਸਾਈ ਕੇ ਪੀ ਐਸ ਵਰਗੇ ਚੰਗੇ ਸ੍ਰੀ ਟਰੂਡੋ ਦੀ ਅੰਮ੍ਰਿਤਸਰ ਫੇਰੀ ਦੇ ਪ੍ਰਛਾਵੇਂ ਵਿਚ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਸਿੰਘ ਬਾਦਲ ਨੂੰ ਜ਼ਰੂਰ ਆਸ਼ਾ ਹੋਏਗੀ ਕਿ ਉਹ ਕੈਨੇਡਾ ਆਣ ਕੇ ਸਿੱਖਾਂ ਦੇ ਸਨਮੁੱਖ ਹੋ ਸਕਣਗੇ, ਪਰ ਫਿਲਹਾਲ ਅਜਿਹੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ।
ਜਾਂਦੇ ਜਾਂਦੇ ਇਕ ਗੱਲ ਕੇਜਰੀਵਾਲ ਦੀ ਵੀ ਹੋ ਜਾਵੇ। ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਹਨ। ਪੰਜਾਬੀਆਂ ਨੇ ਉਨ੍ਹਾਂ ਨੂੰ ਅਣ ਕਿਆਸਿਆ ਪਿਆਰ ਦਿੱਤਾ। ਸੁਣਦੇ ਹਾਂ, ਚੋਣਾਂ ਸਮੇਂ ਕੈਨੇਡੀਅਨ ਸਿੱਖਾਂ ਨੇ ਪੈਸਾ ਵੀ ਦਿੱਤਾ ਤੇ ਵਫ਼ਦਾਂ ਦੇ ਰੂਪ ‘ਚ ਕੈਨੇਡੀਅਨ ਉਨ੍ਹਾਂ ਦੀ ਮਦਦ ਲਈ ਵੀ ਗਏ। ਹੁਣ ਜਦ ਕੈਨੇਡਾ ਦੇ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਸਾਥੀ ਦਿੱਲੀ ਤੇ ਪੰਜਾਬ ਗਏ ਤਾਂ ਕੇਜਰੀਵਾਲ ਜੀ ਅੱਖ ਵਿਚ ਪਾਏ ਵੀ ਨਾ ਰੜਕੇ ਹੈ ਕੋਈ ਜੁਆਬ?
ਮੁਕਦੀ ਗੱਲ, ਜਸਟਿਨ ਟਰੂਡੋ ਅਤੇ ਸਹਿਯੋਗੀਆਂ ਨੂੰ ਪੰਜਾਬ/ਭਾਰਤ ਦੀ ਇਸ ਯਾਤਰਾ ਲਈ ਮੁਬਾਰਕਬਾਦ। ਉਹ ਸਿੱਖ ਪੰਜਾਬੀ ਤੇ ਭਾਰਤੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਉਨ੍ਹਾਂ ਦਾ ਦਿਲੋਂ ਸੁਆਗਤ ਤੇ ਸਤਿਕਾਰ ਕੀਤਾ। ਸਿੱਖਾਂ ਦੀ ਵਿਦੇਸ਼ਾਂ ਵਿਚ ਚੜ੍ਹਤਲ ਤੋਂ ਚਿੜ੍ਹਨ ਵਾਲੀਆਂ ਧਿਰਾਂ ਦੇ ਇਸ ਵਰਤਾਰੇ ਤੋਂ ਸਬਕ ਕੈ ਕੇ ਵਿਦੇਸ਼ੀ ਸਿੱਖਾਂ ਨੂੰ ਸਿੱਖੀ ਸਿਧਾਂਤਾਂ ਨੂੰ ਅਪਣਾਉਂਦਿਆਂ ਵਿਦੇਸ਼ੀ ਭਾਈਚਾਰੇ ਨਾਲ ਸਾਂਝ ਤੇ ਪਿਆਰ ਵਧਾ ਕੇ ਚੜ੍ਹਦੀ ਕਲਾ ਵੱਲ ਵਧਣਾ ਚਾਹੀਦਾ ਹੈ।