ਸਿੱਖ, ਜਸਟਿਨ ਟਰੂਡੋ ਅਤੇ ਭਾਰਤੀ ਬਹੁਲਵਾਦ

ਸਿੱਖ, ਜਸਟਿਨ ਟਰੂਡੋ ਅਤੇ ਭਾਰਤੀ ਬਹੁਲਵਾਦ

ਦਿੱਲੀ ਦੇ ਪੰਜਾਬ ਵਿਚਲੇ ਸੂਬੇਦਾਰਾਂ ਤੋਂ ਲੈ ਕੇ ਭਾਰਤੀ ਸੁਰੱਖਿਆ ਸਲਾਹਕਾਰ, ਮੰਤਰੀ-ਸੰਤਰੀ ਸਭ ਸਵੈ ਭਰੋਸੇ ਦਾ ਦਿਖਾਵਾ ਕਰਦਿਆਂ ਸਿੱਖ ਰਾਜ ਦੇ ਚਾਹਵਾਨਾਂ ਨੂੰ ਨਿਗੂਣੇ ਤੱਕ ਗੁਰਦਾਨਦੇ ਹਨ। ਅਕਸਰ ਹੀ ਕਹਿੰਦੇ ਹਨ ਕਿ ਭਾਰਤ ਜਿਹੇ ਵੱਡੇ ਲੋਕਤੰਤਰ ਨੂੰ ਨਿਗੂਣੇ ਤੱਤਾਂ ਤੋਂ ਕਦੀ ਖ਼ਤਰਾ ਨਹੀਂ ਹੁੰਦਾ। ਜਸਟਿਨ ਟਰੂਡੋ ਤੇ ਸਾਥੀਆਂ ਦੀ ਪੰਜਾਬ ਫੇਰੀ ਨਾਲ ਜਿਸ ਖੌਫ਼ਜ਼ਦਾ ਤਕਲੀਫ਼ ਦਾ ਮੁਜ਼ਾਹਰਾ ਭਾਰਤੀ ਕੂਟਨੀਤੀ ਨੇ ਕੀਤਾ ਹੈ ਉਹਦੇ ਵਿਚੋਂ ਇਹ ਸਵਾਲ ਉੱਠਦਾ ਹੈ ਕਿ ਜਾਂ ਤਾਂ ਭਾਰਤ ਹਕੂਮਤੀ ਦਾਅਵੇ ਜਿਹਾ ਸਮਰੱਥ ਲੋਕਤੰਤਰ ਨਹੀਂ ਹੈ ਜਾਂ ਆਜ਼ਾਦੀ ਦੀ ਤਾਂਘ ਰੱਖਦੇ ਸਿੱਖ ‘ਨਿਗੂਣੇ ਤੱਤ’ ਨਹੀਂ ਹਨ?

ਗੁਰਬੀਰ ਸਿੰਘ

ਸਮੁੱਚੇ ਸਿੱਖ ਭਾਈਚਾਰੇ ਨੂੰ ਜਿਹੜਾ ਕਿ ਅੱਜ ਧਰਤੀ ਦੇ ਪੂਰਬ ਤੋਂ ਪੱਛਮ ਤੱਕ ਵੱਖੋ ਵੱਖ ਦੇਸ਼ਾਂ ਵਿਚ ਵੱਸ ਰਿਹਾ ਹੈ, ਇਕ ਤੱਥ ਧਿਆਨ ਗੋਚਰੇ ਕਰ ਲੈਣਾ ਚਾਹੀਦਾ ਹੈ। ਉਹ ਇਹ ਕਿ ਆਮ ਕਰਕੇ ਬਹੁ ਗਿਣਤੀ ਭਾਰਤੀ ਭਾਈਚਾਰੇ ਤੇ ਖ਼ਾਸ ਕਰਕੇ ਭਾਰਤੀ ਨੀਤੀ ਦੇ ਸਿੱਖਾਂ ਪ੍ਰਤੀ ਵਤੀਰੇ ਵਿਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਦੀ ਤਵੱਕੋ ਉੱਕਾ ਹੀ ਨਾ ਕੀਤੀ ਜਾਵੇ। ਗੱਲ ਨੂੰ ਅਗਾਂਹ ਤੋਰਨ ਤੋਂ ਪਹਿਲਾਂ ਇਤਿਹਾਸ ਵੱਲ ਥੋੜ੍ਹੀ ਜਿਹੀ ਝਾਤੀ ਮਾਰ ਲਈਏ।
ਸੰਨ 1945 ਵਿਚ ਦੂਜੀ ਵਿਸ਼ਵ ਜੰਗ ਦੀ ਸਮਾਪਤੀ ਨਾਲ ਬਸਤੀਵਾਦ ਦਾ ਪਤਨ ਸ਼ੁਰੂ ਹੋ ਗਿਆ ਸੀ। ਬਸਤੀਵਾਦ ਦੇ ਕਿੰਗਰੇ ਢਹਿਣ ਸਕਦਾ ਅੰਗਰੇਜ਼ ਦੇ ਰਾਜ ਵਿਚ ਸੂਰਜ ਛਿਪਣ ਲੱਗ ਪਿਆ। ਭਾਰਤ ਵਿਚੋਂ ਵੀ ਅੰਗਰੇਜ਼ ਤਸ਼ਰੀਫ਼ ਲੈ ਕੇ ਗਏ ਸਨ। ਚਰਖੇ ਦੀ ਅਗਵਾਈ ਵਾਲੇ ਅੰਦੋਲਨ ਜਾਂ ਦੋ ਚੌਂਹ ਚੋਬਰਾਂ ਵੱਲੋਂ ਖੜ੍ਹੀਆਂ ਕੀਤੀਆਂ ਰਿਪਬਲਿਕਨ ਆਰਮੀਆਂ ਸਮਾਰਾਜਵਾਦੀ ਹਾਕਮਾਂ ਵਾਸਤੇ ਸ਼ੁਗਲ ਦੇ ਸਾਧਨ ਬੇਸ਼ੱਕ ਪੈਦਾ ਕਰਦੀਆਂ ਰਹੀਆਂ ਹੋਣ ਪਰ ਅੰਗਰੇਜ਼ੀ ਹਕੂਮਤ ਦੇ ਸਿਰ ਦੀ ਪੀੜ ਕਦੇ ਵੀ ਨਹੀਂ ਸਨ। ਵੈਸੇ ਵੀ ਮਾਊਂਟਬੈਟਨ ਜਿਹੇ ਉੱਚ ਅਹੁਦੇਦਾਰਾਂ ਨੂੰ ਛੱਡ ਕੇ ਬਹੁਤ ਅੰਗਰੇਜ਼ ਅਫ਼ਸਰ ਜਿਹੜੇ ਭਾਰਤੀਆਂ ਲਈ ‘ਲਾਟ ਸਾਹਿਬ’ ਸਨ ਉਹ ਇੰਗਟਲੈਂਡ ਦੇ ਕੁਲੀਨ ਵਰਗ ਵਿਚੋਂ ਨਾ ਹੋ ਕੇ ਅੰਗਰੇਜ਼ੀ ਸਮਾਜ ਦੇ ਹੇਠਲੇ ਜਾਂ ਦਰਮਿਆਨੇ ਤਬਕਿਆਂ ‘ਚੋਂ ਆਉਂਦੇ ਸਨ। ਭਾਵ ਇਹ ਕਿ ਹਿੰਦੂਸਤਾਨ ਨੂੰ ਕਾਬੂ ਵਿਚ ਰੱਖਣ ਲਈ ਬਰਤਾਨੀਆ ਨੂੰ ਕਦੇ ਵੀ ਆਪਣੇ ਮੁਲਕ ਦੇ ਸਿਰੇ ਦੇ (Supreme) ਦਿਮਾਗ ਸੱਤ ਸਮੁੰਦਰ ਪਾਰ ਨਹੀਂ ਸੀ ਘੱਲਣੇ ਪੈਂਦੇ।
ਭਾਰਤ ਦੇ ਖਿੰਡੇ ਪੁੰਡੇ ਸਮਾਜਿਕ ਢਾਂਚੇ ਨੇ ਜਿਹੜਾ ਕਿ ਅੱਜ ਵੀ ਜਾਤਾਂ ਉਪ ਜਾਤਾਂ ਦੇ ਜੰਜਾਲ ਵਿਚ ਉਲਝਿਆ ਹੋਇਆ ਹੈ ਬਰਤਾਨੀਆਂ ਵਿਚ ਬਹੁਤੇ ਕਾਬਲ ਜਾਂ ਸਮਰੱਥ ਪਰਿਵਾਰਕ ਪਿਛੋਕੜ ‘ਚੋਂ ਨਾ ਆਉਂਦੇ ਨੌਜਵਾਨਾਂ ਨੂੰ ਉਚੇਰੇ ਹਾਕਮਾਂ ਵਜੋਂ ਵਿਚਰਨ ਦੇ ਸੁਨਹਿਰੀ ਮੌਕੇ ਪ੍ਰਦਾਨ ਕੀਤੇ। ਅਜਿਹੇ ਨੌਜਵਾਨਾਂ ਵਿਚੋਂ ਪ੍ਰਮੁੱਖ ਉਦਾਹਰਣ ਰਾਬਰਟ ਕਲਾਈਵ ਦੀ ਹੈ ਜਿਹੜਾ ਕਲਰਕੀ ਤੋਂ ਜਰਨੈਲੀ ਤੱਕ ਸਹਿਜੇ ਹੀ ਅਪੱੜ ਗਿਆ ਸੀ। ਭਾਰਤੀ ਸਿਵਲ ਸੇਵਾਵਾਂ (I.C.S.) ਦੀ ਪ੍ਰੀਖਿਆ ਵਿਚ ਵੀ ਬਰਤਾਨਵੀ ਕੁਲੀਨ ਵਰਗ ਵਿਚੋਂ ਕੋਈ ਵਿਰਲਾ ਹੀ ਬੈਠਦਾ ਸੀ।
ਭਾਰਤੀ ਹਾਕਮਾਂ ਨੂੰ ਰਾਜ ਲੈਣ ਲਈ ਜੁਝਾਰੂ ਕੌਮਾਂ ਵਾਂਗ ਲਹੂ ਵੀਟਵੇਂ ਹਾਲਾਤ ਦਾ ਸਾਹਮਣਾ ਨਹੀਂ ਕਰਨਾ ਪਿਆ। ਵਿਸ਼ਵ ਪੱਧਰ ਦੀਆਂ ਤਬਦੀਲੀਆਂ ਨੇ ਅਖੌਤੀ ਸਵਰਨ ਵਰਗ ਨੂੰ ਹਕੂਮਤ ਦੇ ਪੰਘੂੜੇ ਪਾ ਦਿੱਤਾ। ਵਿਸ਼ਵ ਦੇ ਹਾਲਾਤ ਅਨੁਸਾਰ ਸਹੀ ਨੀਤੀ ਵਰਤ ਕੇ ਜਿਨਾਹ ਪਾਕਿਸਤਾਨ ਦੀ ਸਥਾਪਨਾ ਕਰਨ ਵਿਚ ਕਾਮਯਾਬ ਰਿਹਾ। ਭਾਰਤ ਸਬੰਧੀ ਗੱਲ ਕਰੀਏ ਤਾਂ ਇਹ ਤੱਥ ਉੱਭਰਦਾ ਹੈ ਕਿ ਜਿਹੜੇ ਸਮਾਜ ਨੇ ਸਦੀਆਂ ਬੱਧੀ ਸੀਲ ਹੋ ਕੇ ਜ਼ਲਾਲਤ ਭਰੀ ਗੁਲਾਮੀ ਭੋਗੀ ਹੋਵੇ ਉਸ ਸਮਾਜ ਦੇ ਸਮੂਹਿਕ ਚੇਤਨ ਅਵਚੇਤਨ ਵਿਚ ਡਰ ਦਾ ਜ਼ੋਰ ਜੰਗਜੂ ਕੌਮਾਂ ਦੇ ਮੁਕਾਬਲਤਨ ਬਹੁਤ ਜ਼ਿਆਦਾ ਹੋਣਾ ਸੁਭਾਵਿਕ ਹੈ। ਜੰਗਜੂ ਕੌਮਾਂ ਅੰਦਰ ਸਮੂਹਿਕ ਡਰ ਨਾ ਹੋ ਕੇ ਤੌਖਲੇ ਹੁੰਦੇ ਹਨ। ਜੁਝਾਰ ਬਿਰਤੀ ਰੱਖਦੀਆਂ ਕੌਮਾਂ ਹਿੱਕਾਂ ਡਾਹ ਕੇ ਹਾਲਾਤ ਅਨੁਸਾਰ ਪੈਂਤੜੇ ਲੈਂਦੀਆਂ ਸੰਘਰਸ਼ ਕਰਦੀਆਂ ਹਨ। ਇਸ ਦੇ ਉਲਟ ਨਿੱਸਲ ਸਮਾਜ ਡਰਦਾ ਹੋਇਆ ‘ਜਿਉਂ ਦੀ ਤਿਉਂ’ ਸਥਿਤੀ ਵਿਚ ਹੀ ਰਹਿਣਾ ਚਾਹੁੰਦਾ ਹੈ। ਦਿੱਲੀ ਹਕੂਮਤ ਵੱਲੋਂ ਹਰੇਕ ਫਰੰਟ (ਕਸ਼ਮੀਰ ਨਾਗਲੈਂਡ, ਸਿੱਖ ਹਕੂਕ ਤੇ ਉਮੰਗਾਂ) ਤੇ ‘ਜਿਉਂ ਦੀ ਤਿਉਂ’ ਸਥਿਤੀ ਨੂੰ ਬਰਕਰਾਰ ਰੱਖਣਾ ਹੀ ਉਸ ਦਾ ਡਰੇ ਹੋਣ ਦਾ ਪ੍ਰਮੁੱਖ ਲੱਛਣ ਹੈ। ਜਿਹੜੇ ਸੁੱਘੜ ਲੋਕਤੰਤਰ ਹਨ ਉਹ ਵੱਖਰੇ ਜਾਂ ਨਿਆਰੇ ਹੋਣ ਦਾ ਦਾਅਵਾ ਰੱਖਦੀਆਂ ਕੌਮਾਂ ਨੂੰ ਮਾੜੀ ਮੋਟੀ ਹੀਲ ਹੁੱਜਤ ਸਦਕਾ ਸੈ ਨਿਰਣੇ ਦਾ ਹੱਕ ਦੇ ਦਿੰਦੇ ਹਨ।
ਸਮੂਹਿਕ ਡਰ ਦੇ ਸ਼ਿਕਾਰ ਸਮਾਜ ਦਾ ਹਿੱਸਾ ਹੋਣ ਦੇ ਨਾਤੇ ਭਾਰਤੀ ਨੀਤੀ ਨਾਲ ਜੁੜੇ ਸਾਰੇ ਵਰਗਾਂ ਦਾ ਪ੍ਰਤੀਕਰਮ ਉਸੇ ਡਰ ਵਿਚੋਂ ਜਨਮਦਾ ਹੈ। ਸਿੱਖ ਇਤਿਹਾਸ ਸਿੱਖ ਰਵਾਇਤਾਂ ਗੱਲ ਦੀ ਸਮੁੱਚੀ ਸਿੱਖ ਤਰਜ਼ ਏ ਜ਼ਿੰਦਗੀ ਤੋਂ ਨੀਰਸ/ਨਿਰਾਸ਼ ਇਤਿਹਾਸਕ ਪਿਛੋਕੜ ਵਾਲਿਆਂ ਨੂੰ ਕੰਬਣੀ ਛਿੜਦੀ ਰਹਿਣਾ ਇਕ ਸਰਲ ਵਰਤਾਰਾ ਹੈ। ਸਮੂਹਿਕ ਭਾਰਤੀ ਮਾਨਸਿਕਤਾ (Collective Indian Psyche) ਦੇ ਅੰਦਰਲੇ ਸਮੂਹਿਕ ਡਰ ਦੇ ਦੀਦਾਰ ਕਰਨ ਦੇ ਚਾਹਵਾਨ ਆਥਣ ਵੇਲੇ ਕੋਈ ਵੀ ਖ਼ਬਰੀ ਚੈਨਲ ਲਗਾ ਕੇ ਇਕ ਸਦੀਵੀ ਡਰ ਦੇ ਸ਼ਿਕਾਰ ਸਮਾਜ ਦੇ ਨੁਮਾਇੰਦਿਆਂ ਦੀਆਂ ਚੀਕਾਂ ਕੂਕਾਂ ਸੁਣ ਸਕਦੇ ਹਨ। ਦਲਿਤ ਜਾਂ ਘੱਟ ਗਿਣਤੀਆਂ ਦੇ ਨੁਮਾਇੰਦਿਆਂ ਨੂੰ ਨੀਮ ਪਾਗਲਾਂ ਵਾਂਗ ਪੇਸ਼ ਆਉਂਦੇ ਛੋਕਰੇ-ਛੋਕਰੀਆਂ ਅੱਗੇ ਦੇਸ਼ ਭਗਤ ਹੋਣ ਦੀਆਂ ਸਫ਼ਾਈਆਂ ਦੇਣੀਆਂ ਪੈਂਦੀਆਂ ਹਨ। ਸਰਹੱਦ ਤੇ ਹੁੰਦਾ ਮਾੜਾ ਮੋਟਾ ਖੜਕਾ ਦੜਕਾ ਰਾਜਧਾਨੀ ਵਿਚ ਬੈਠੇ ਖ਼ਬਰ ਪਾੜਿਆਂ ਨੂੰ ਤਰੇਲੀਆਂ ਲਿਆ ਦਿੰਦਾ ਹੈ।
ਜਸਟਿਨ ਟਰੂਡੋ ਦੇ ਦੌਰੇ ਤੋਂ ਪਹਿਲਾਂ ਭਾਰਤੀ ਬਹੁ ਗਿਣਤੀ, ਜੋ ਪੰਜਾਬ ਦੇ ਸੰਦਰਭ ਵਿਚ ਘੱਟ ਗਿਣਤੀ ਅਖਵਾਉਂਦੀ ਹੈ, ਨੂੰ ਖੁਸ਼ ਕਰਨ ਖਾਤਰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ‘ਉਨ੍ਹਾਂ ਦਾ ਹੀ ਰਾਗ’ ਅਲਾਪਿਆ। ਭਾਰਤ ਸਰਕਾਰ ਤੇ ਮੀਡੀਆ ਦਾ ਵਤੀਰਾ ਟਰੂਡੋ ਅਤੇ ਉਸ ਦੇ ਸੰਗੀ ਸਿੱਖ ਮੰਤਰੀਆਂ ਪ੍ਰਤੀ ਭਾਰਤ ਆਉਂਦੇ ਹੋਰਨਾਂ ਮੁਲਕਾਂ ਦੇ ਨੁਮਾਇੰਦਿਆਂ ਨਾਲੋਂ ਓਪਰਾ ਓਪਰਾ ਸੀ। ਪ੍ਰਧਾਨ ਮੰਤਰੀ ਵਜੋਂ ਹਲਫ਼ ਲੈਣ ਤੋਂ ਬਾਅਦ ਜਸਟਿਨ ਟਰੂਡੋ ਨੇ ਮਾਣ ਨਾਲ ਆਖਿਆ ਸੀ ਕਿ ਮੇਰੀ ਕੈਬਨਿਟ ਵਿਚ ਮੋਦੀ ਦੀ ਕੈਬਨਿਟ ਨਾਲੋਂ ਵੱਧ ਸਿੱਖ ਮੰਤਰੀ ਹਨ। ਭਾਰਤ ਨੂੰ ਇਹ ਤੱਥ ਹਜ਼ਮ ਨਹੀਂ ਹੋ ਰਿਹਾ। ਪੱਛਮੀ ਮੁਲਕਾਂ ਵਿਚ ਸਿਖਰਾਂ ਛੂੰਹਦੇ ਸਿੱਖਾਂ ਦੀਆਂ ਪ੍ਰਾਪਤੀਆਂ ਨੂੰ ਅਣਗੌਲਿਆਂ ਕਰਨਾ ਜਾ ਛੁਟਿਆ ਕੇ ਦੇਖਣਾ ਭਰਾਤੀ ਬਹੁ ਗਿਣਤੀ ਦਾ ਖਾਸ ਹੈ। ਭਾਰਤ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਆਲਮੀ ਪੱਧਰ ਤੇ ਵਿਚਰਦੇ ਸਿੱਖ ਭਾਰਤੀ ਪ੍ਰਤੀਕਿਰਿਆ ਦੀ ਪਰਵਾਹ ਨਹੀਂ ਕਰਦੇ। ਜਿਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਿਓ-ਪੁੱਤ ਭਾਉਂਦੇ ਹੋਣ ਉਹ ਹਰਜੀਤ ਸਿੰਘ ਸੱਜਣ ਅਤੇ ਜਗਮੀਤ ਸਿੰਘ ਕੋਲੋਂ ਡਰਦੇ ਹੀ ਰਹਿਣਗੇ।
ਸਿੱਖ ਹੋਂਦ ਹਸਤੀ ਪਿਛਲੇ ਕੁਝ ਅਰਸੇ ਤੋਂ ਕੈਨੇਡਾ ਦੇ ਭਾਰਤ ਨਾਲ ਸਬੰਧਾਂ ਨੂੰ ਕਿਵੇਂ ਨਾ ਕਿਵੇਂ ਪ੍ਰਭਾਵਿਤ ਕਰਦੀ ਹੀ ਰਹਿੰਦੀ ਹੈ। ਕਨਿਸ਼ਕ ਬੰਬ ਧਮਾਕਾ ਕਾਂਡ ਦੇ ਸਹਾਰੇ ਭਾਰਤੀ ਕੂਟਨੀਤੀ ਨਾਲ ਜੁੜੇ ਸਾਰੇ ਸੰਦਾਂ (ਸਮੇਤ ਮੀਡੀਆ) ਨੇ ਸਿੱਖਾਂ ਨੂੰ ਕੈਨੇਡਾ ਵਿਚ ਅਲੱਗ ਥਲੱਗ ਕਰਨ ਲਈ ਪੂਰਾ ਤਾਣ ਲਾਇਆ। ਕੈਨੇਡੀਆਈ ਪ੍ਰਧਾਨ ਮੰਤਰੀ ਦੇ ਹਾਲੀਆ ਦੌਰੇ ਨੂੰ ਲੈ ਕੇ ਭਾਰਤੀ ਹਕੂਮਤ ਦਾ ਰਵੱਈਆ ਸਿੱਖਾਂ ਅਤੇ ਸਿੱਖ ਹਮਦਰਦਾਂ ਬਾਰੇ ਭਾਰਤੀ ਨੀਤੀ ਦੀ ਬਿਲਕੁਲ ਸਪੱਸ਼ਟ ਪੇਸ਼ਕਾਰੀ ਰਿਹਾ ਹੈ। ਆਪਣੇ ਹਮ ਰੁਤਬਾ ਦੀ ਹਾਜ਼ਰੀ ਵਿਚ ਮੋਦੀ ਨੇ ਭਾਰਤੀ ਹਾਕਮਾਂ ਦਾ ਉਹੀ ‘ਦੇਸ਼ ਦੀ ਏਕਤਾ ਅਖੰਡਤਾ’ ਦਾ ਰਵਾਇਤੀ ਰੋਣਾ ਰੋਇਆ। ਏਕਤਾ ਅਖੰਡਤਾ ਵਾਲਾ ਇਹ ਮੰਤਰ ਬਹੁਲਵਾਦੀ ਲੋਕਤੰਤਰ ਨੂੰ ਚੰਗਾ ਸੂਤ ਬੈਠਦਾ ਹੈ।
ਨਵੰਬਰ ’84 ਦੀ ਨਸਲਕੁਸ਼ੀ ਸਬੰਧੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਸਾਲ 2014 ਦੀ 27 ਦਸੰਬਰ ਨੂੰ ਅਖ਼ਬਾਰਾਂ ਵਿਚ ਬਿਆਨ ਛਪਿਆ ਸੀ। ਭਾਰਤੀ ਗ੍ਰਹਿ ਮੰਤਰੀ ਨੇ ਪਹਿਲੀ ਵਾਰ ਦਿੱਲੀ ਦੀ ਫਸੀਲ ਤੋਂ ਇਹ ਤਸਲੀਮ ਕੀਤਾ ਕਿ ’84 ਦੇ ਸਿੱਖ ਵਿਰੋਧੀ ਦੰਗੇ ਨਸਲਕੁਸ਼ੀ ਸਨ (’84 Riots were genocide : Rajnath, The Tribune 27 Dec 2014)। ਜਦੋਂ ਓਨਟਾਰੀਓ ਸੂਬੇ ਦੀ ਅਸੈਂਬਲੀ ਵਿਚ ਸਿੱਖ ਕਤਲੇਆਮ ਨੂੰ ਨਸਲਕੁਸ਼ੀ ਕਬੂਲਦਾ ਮਤਾ ਪਾਸ ਹੋਇਆ ਤਾਂ ਭਾਰਤ ਸਰਕਾਰ ਤੇ ਮੀਡੀਆ ਤੜਪ ਉੱਠੇ। ਰੋਜ਼ਾਨਾ ਵਿਚਰਦੇ ਹੋਏ ਦਿੱਲੀ ਦੇ ਪੰਜਾਬ ਵਿਚਲੇ ਸੂਬੇਦਾਰਾਂ ਤੋਂ ਲੈ ਕੇ ਭਾਰਤੀ ਸੁਰੱਖਿਆ ਸਲਾਹਕਾਰ, ਮੰਤਰੀ-ਸੰਤਰੀ ਸਭ ਸਵੈ ਭਰੋਸੇ ਦਾ ਦਿਖਾਵਾ ਕਰਦਿਆਂ ਸਿੱਖ ਰਾਜ ਦੇ ਚਾਹਵਾਨਾਂ ਨੂੰ ਨਿਗੂਣੇ ਤੱਕ ਗੁਰਦਾਨਦੇ ਹਨ। ਅਕਸਰ ਹੀ ਕਹਿੰਦੇ ਹਨ ਕਿ ਭਾਰਤ ਜਿਹੇ ਵੱਡੇ ਲੋਕਤੰਤਰ ਨੂੰ ਨਿਗੂਣੇ ਤੱਤਾਂ (fringe elements) ਤੋਂ ਕਦੀ ਖ਼ਤਰਾ ਨਹੀਂ ਹੁੰਦਾ। ਜਸਟਿਨ ਟਰੂਡੋ ਤੇ ਸਾਥੀਆਂ ਦੀ ਪੰਜਾਬ ਫੇਰੀ ਨਾਲ ਜਿਸ ਖੌਫ਼ਜ਼ਦਾ ਤਕਲੀਫ਼ ਦਾ ਮੁਜ਼ਾਹਰਾ ਭਾਰਤੀ ਕੂਟਨੀਤੀ ਨੇ ਕੀਤਾ ਹੈ ਉਹਦੇ ਵਿਚੋਂ ਇਹ ਸਵਾਲ ਉੱਠਦਾ ਹੈ ਕਿ ਜਾਂ ਤਾਂ ਭਾਰਤ ਹਕੂਮਤੀ ਦਾਅਵੇ ਜਿਹਾ ਸਮਰੱਥ ਲੋਕਤੰਤਰ ਨਹੀਂ ਹੈ ਜਾਂ ਆਜ਼ਾਦੀ ਦੀ ਤਾਂਘ ਰੱਖਦੇ ਸਿੱਖ ‘ਨਿਗੂਣੇ ਤੱਤ’ ਨਹੀਂ ਹਨ?