ਟਰੂਡੋ ਦੀ ਫੇਰੀ, ਖਾਲਿਸਤਾਨ ਦੀ ਮੰਗ ਅਤੇ ਧਰਮ ਨਿਰਪੱਖ ਪੱਤਰਕਾਰੀ
ਕੈਨੇਡਾ ਇੰਨਾ ਖੁਲ੍ਹੇ ਵਿਚਾਰਾਂ ਵਾਲਾ ਮੁਲਕ ਹੈ ਕਿ ਜੇ ਤੁਸੀ ਉਥੇ 100 ਕਿੱਲੇ ਜ਼ਮੀਨ ਖਰੀਦ ਕੇ ਆਪਣੀ ਜ਼ਮੀਨ ‘ਤੇ ਵੱਖਰਾ ਦੇਸ਼ ਬਣਾਉਣ ਦੀ ਮੰਗ ਰੱਖ ਦਿਓ ਤਾਂ ਵੀ ਉਹ ਕਹਿਣਗੇ ਕਿ ਇਹ ਮੰਗ ਰੱਖਣਾ ਤੁਹਾਡਾ ਜਮਹੂਰੀ ਹੱਕ ਹੈ।
ਜੇ ਕੱਲ੍ਹ ਨੂੰ ਖਾਲਿਸਤਾਨ ਬਣ ਜਾਂਦਾ ਹੈ ਅਤੇ ਕੈਨੇਡਾ ਵਿੱਚ ਰਹਿੰਦੇ ਖਾਲਿਸਤਾਨ ਵਿਰੋਧੀ ਲੋਕ ਖਾਲਿਸਤਾਨ ਦਾ ਤਖਤਾ ਪਲਟ ਕਰਨ ਵਾਸਤੇ ਸ਼ਾਂਤੀ ਨਾਲ ਕੈਨੇਡਾ ਦੀ ਧਰਤੀ ‘ਤੇ ਕੋਈ ਰਾਜਨੀਤਿਕ ਮੁਹਿੰਮ ਚਲਾਉਂਦੇ ਨੇ ਤਾਂ ਵੀ ਕੈਨੇਡਾ ਨੂੰ ਕੋਈ ਫਰਕ ਨਹੀਂ ਪਵੇਗਾ, ਉਦੋਂ ਫੇਰ ਭਾਵੇਂ ਖਾਲਿਸਤਾਨੀ ਜਿੰਨਾ ਮਰਜ਼ੀ ਵਿਰੋਧ ਕਰ ਲੈਣ।
ਕੈਨੇਡਾ ਤਹਾਨੂੰ ਇਹ ਆਜ਼ਾਦੀ ਦਿੰਦਾ ਕਿ ਤੁਸੀ ਕੁੱਝ ਵੀ ਮੰਗ ਸਕੋ। ਪਰ ਇਸ ਦਾ ਮਤਲਬ ਇਹ ਨਹੀਂ ਕਿ ਜੋ ਤੁਸੀਂ ਮੰਗ ਰਹੇ ਹੋ ਉਹ ਕਨੇਡਾ ਦੀ ਵੀ ਮੰਗ ਹੈ। ਬਾਬਾ ਸਾਹਿਬ ਅੰਬੇਦਕਰ ਨੇ ਜਿਸ ਤਰ੍ਹਾਂ ਦੀ ਬੋਲਣ ਦੀ ਆਜ਼ਾਦੀ ਭਾਰਤੀ ਸੰਵਿਧਾਨ ਵਿਚ ਵਿਆਖਿਆ ਕੀਤੀ ਹੈ, ਬਿਲਕੁਲ ਉਸੇ ਤਰ੍ਹਾਂ ਦੀ ਆਜ਼ਾਦੀ ਕੈਨੇਡਾ ਨੇ ਆਪਣੇ ਬਾਸ਼ਿੰਦਿਆਂ ਨੂੰ ਧਰਾਤਲ ‘ਤੇ ਵੀ ਦਿੱਤੀ ਹੈ।
ਗੁਰਪ੍ਰੀਤ ਸਿੰਘ ਸਹੋਤਾ,
ਸੀਨੀਅਰ ਪੱਤਰਕਾਰ, ਸਰੀ, ਕਨੇਡਾ
ਪਿਛਲੇ ਸਾਲ ਨਵੰਬਰ ਦੀ ਗੱਲ ਹੈ। ਕੁੱਲ 57 ਇਸਲਾਮਿਕ ਮੁਲਕਾਂ ਦੇ ਤਾਕਤਵਰ ਸਮੂਹ ‘ਆਰਗਾਨਾਈਜ਼ੇਸ਼ਨ ਆਫ ਇਸਲਾਮਿਕ ਕਾਰਪੋਰੇਸ਼ਨ’ (ਓਆਈਸੀ) ਨੇ ਪਾਕਿਸਤਾਨ ਨਾਲ ਮਿਲ ਕੇ ਕਸ਼ਮੀਰ ਵਿੱਚ ਭਾਰਤ ਵਲੋਂ ਕਥਿਤ ਤੌਰ ‘ਤੇ ਕੀਤੇ ਜਾ ਰਹੇ ਤਸ਼ੱਦਦ ਨੂੰ ਦਰਸਾਉਂਦੀ ਫੋਟੋ ਪ੍ਰਦਰਸ਼ਨੀ ਆਪਣੇ ਜਿਦਾਹ ਵਿਚਲੇ ਸਕੱਤਰੇਤ ਦਫਤਰ ਵਿਖੇ ਲਗਾਈ ਗਈ।
ਇਸ ਮੌਕੇ ਓਆਈਸੀ ਦੇ ਸੈਕਟਰੀ ਜਨਰਲ ਯੂਸਫ ਬਿਨ ਅਹਿਮਦ ਉਥਾਈਮੀਨ ਨੇ ਸ਼ਰੇਆਮ ਕਿਹਾ ਕਿ ਕਸ਼ਮੀਰ ਦੇ ਲੋਕਾਂ ਦੀ ਖੁਦਮੁਖਤਿਆਰੀ ਦੀ ਕਥਿਤ ਮੰਗ ਦੇ ਮੁੱਦੇ ‘ਤੇ ਓਆਈਸੀ ਪੂਰੀ ਤਰ੍ਹਾਂ ਕਸ਼ਮੀਰ ਦੇ ਲੋਕਾਂ ਨਾਲ ਹੈ।
ਇਹ ਕੋਈ ਪਹਿਲੀ ਵਾਰ ਨਹੀਂ ਸੀ ਜਦੋਂ ਓਆਈਸੀ ਨੇ ਭਾਰਤ ਵਿਰੁੱਧ ਕਸ਼ਮੀਰ ਮਸਲੇ ‘ਤੇ ਇਸ ਤਰ੍ਹਾਂ ਦੀ ਗੱਲ ਕੀਤੀ। ਓਆਈਸੀ ਕਸ਼ਮੀਰ ਮਸਲੇ ‘ਤੇ ਹਮੇਸ਼ਾ ਇਸੇ ਤਰ੍ਹਾਂ ਗੱਲ ਕਰਦਾ ਰਿਹਾ ਹੈ।
ਜੇਕਰ ਸਿਰਫ ਫਰਵਰੀ ਮਹੀਨੇ ਦੀ ਗੱਲ ਕਰੀਏ ਤਾਂ ਹੁਣੇ-ਹੁਣੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਅਰਬ ਅਮੀਰਾਤ ਅਤੇ ਉਮਾਨ ਦੇ ਦੌਰੇ ‘ਤੇ ਜਾ ਕੇ ਆਏ ਹਨ । ਇਰਾਨ ਦੇ ਪ੍ਰਧਾਨ ਮੰਤਰੀ ਭਾਰਤ ਹੋ ਕੇ ਗਏ ਨੇ। ਇਹ ਤਿੰਨੇ ਮੁਲਕ ਓਆਈਸੀ ਦੇ ਮੈਂਬਰ ਹਨ । ਓਆਈਸੀ ਦੇ ਕਈ ਹੋਰ ਮੈਂਬਰ ਮੁਲਕਾਂ ਦਾ ਦੌਰਾ ਮੋਦੀ ਸਾਹਬ ਪਿਛਲੇ ਚਾਰ ਸਾਲਾਂ ਵਿਚ ਕਰ ਆਏ।
ਪਰ ਭਾਰਤ ਜਾਂ ਪੰਜਾਬ ਦੇ ਕਿਸੇ ਧਰਮ ਨਿਰਪੱਖ ਪੱਤਰਕਾਰ ਨੇ ਕਦੇ ਵੀ ਨਰਿੰਦਰ ਮੋਦੀ ਨੂੰ ਇਹ ਨਹੀਂ ਕਿਹਾ ਕਿ ਓਆਈਸੀ ਕਸ਼ਮੀਰੀ ਵੱਖਵਾਦੀਆਂ ਨਾਲ ਹਮਦਰਦੀ ਰੱਖਦੀ ਹੈ ਅਤੇ ਇਸ ਲਈ ਇਸ ਦੇ ਮੈਂਬਰ ਮੁਲਕਾਂ ਨਾਲ ਕੋਈ ਗੱਲਬਾਤ ਕਰਨ ਤੋਂ ਪਹਿਲਾਂ ਇਹਨਾਂ ਨੂੰ ਓਆਈਸੀ ਤੋਂ ਤੋੜ ਵਿਛੋੜਾ ਕਰਨ ਲਈ ਕਿਹਾ ਜਾਵੇ ਜਾਂ ਫਿਰ ਘੱਟੋ ਘੱਟ ਇਹਨਾਂ ਮੁਲਕਾਂ ਨਾਲ ਸਬੰਧ ਅੱਗੇ ਤੋਰਨ ਤੋਂ ਪਹਿਲਾਂ ਪਾਕਿਸਤਾਨ ਅਤੇ ਕਸ਼ਮੀਰ ‘ਤੇ ਸ਼ਪੱਸ਼ਟੀਕਰਨ ਹੀ ਲੈ ਲਿਆ ਜਾਵੇ।
ਕਿਸੇ ਵੀ ਧਰਮ ਨਿਰਪੱਖ ਪੱਤਰਕਾਰ ਨੇ ਓਆਈਸੀ ਵਲੋਂ ਕਸ਼ਮੀਰ ਮਸਲੇ’ ਤੇ ਲਾਈ ਭਾਰਤ ਵਿਰੋਧੀ ਫੋਟੋ ਪ੍ਰਦਰਸ਼ਨੀ ਦੀ ਖਬਰ ਤੱਕ ਨਸ਼ਰ ਨਹੀਂ ਕੀਤੀ। ਨਰਿੰਦਰ ਮੋਦੀ ਪ੍ਰੋਟੋਕੋਲ ਤੋੜ ਕੇ ਇਹਨਾਂ ਮੁਲਕਾਂ ਦੇ ਬਾਸ਼ੰਦਿਆਂ ਦਾ ਸਵਾਗਤ ਕਰਦੇ ਰਹੇ। ਕਿਸੇ ਵੀ ਧਰਮ ਨਿਰਪੱਖ ਪੱਤਰਕਾਰ ਦੇ ਮੱਥੇ ‘ਤੇ ਤਿਉੜੀ ਨਹੀਂ ਪਈ।
ਐਨਾ ਹੀ ਨਹੀਂ, ਇਹ ਓਆਈਸੀ ਦਾ ਹੀ ਦਬਾਅ ਸੀ ਕਿ ਪਿਛਲੇ ਸਾਲ ਦਸੰਬਰ ਵਿਚ ਮੋਦੀ ਸਰਕਾਰ ਨੇ ਆਪਣੀ ਸਰਕਾਰ ਅਤੇ ਆਰ ਐਸ ਐਸ ਦੀ ਵਿਚਾਰਧਾਰਾ ਦੇ ਵਿਰੁੱਧ ਜਾ ਕੇ ਸੰਯੁਕਤ ਰਾਸ਼ਟਰ ਵਿੱਚ ਹੋਈ ਵੋਟਿੰਗ ‘ਚ ਅਮਰੀਕਾ ਅਤੇ ਇਜ਼ਰਾਇਲ ਦੀ ਇੱਛਾ ਦੇ ਵਿਰੁੱਧ ਵੋਟ ਪਾ ਕੇ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਮੰਨਣ ਤੋਂ ਨਾਂਹ ਕਰ ਦਿੱਤੀ। ਪਰ ਕਿਸੇ ਵੀ ਧਰਮ ਨਿਰਪੱਖ ਪੱਤਰਕਾਰ ਨੇ ਓਆਈਸੀ, ਕਸ਼ਮੀਰ ਅਤੇ ਭਾਰਤ ਦੁਆਰਾ ਯੇਰੂਸ਼ਲਮ ਦੇ ਮੁੱਦੇ ‘ਤੇ ਪਾਈ ਵੋਟ ਵਿਚਾਲੇ ਸਬੰਧ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ।
ਓਆਈਸੀ ਵੀ ਸੰਯੁਕਤ ਰਾਸ਼ਟਰ ਦੀ ਤਰਜ ‘ਤੇ ਬਣਿਆ ਤਾਕਤਵਰ ਸਮੂਹ ਹੈ ਪਰ ਇਸ ਦੇ ਮੈਂਬਰ ਸਿਰਫ਼ ਮੁਸਲਿਮ ਅਬਾਦੀ ਵਾਲੇ ਮੁਲਕ ਬਣ ਸਕਦੇ ਹਨ। ਭਾਰਤ ਵੀ ਆਪਣੀ ਮੁਸਲਿਮ ਜਨਸੰਖਿਆ ਦੇ ਆਧਾਰ ‘ਤੇ ਇਸ ਦਾ ਮੈਂਬਰ ਬਣਨਾ ਚਾਹੁੰਦਾ ਹੈ ਪਰ ਫਿਲਹਾਲ ਅਗਲੇ ਹੱਥ ਨਹੀਂ ਲਾਉਣ ਦਿੰਦੇ। ਹਾਲਾਂ ਕਿ ਰੂਸ ਵਰਗੇ ਨਾਸਤਿਕ ਮੁਲਕ ਨੂੰ ਓਆਈਸੀ ਨੇ ਆਬਜ਼ਰਵਰ ਮੈਂਬਰ ਬਣਾਇਆ ਹੋਇਆ ਹੈ। ਪਰ ਪਾਕਿਸਤਾਨ ਭਾਰਤ ਨੂੰ ਓਆਈਸੀ ਵਿਚ ਆਬਜ਼ਰਵਰ ਮੈਂਬਰ ਵੀ ਨਹੀਂ ਬਣਨ ਦਿੰਦਾ।
ਕੋਈ ਧਰਮ ਨਿਰਪੱਖ ਪੱਤਰਕਾਰ ਨਹੀਂ ਕਹਿੰਦਾ ਕਿ ਧਾਰਮਿਕ ਪਹਿਚਾਣ ਵਾਲੇ ਸਮੂਹ ਦਾ ਮੈਂਬਰ ਬਣਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
ਜੋ ਜੋ ਸਵਾਲ ਧਰਮ ਨਿਰਪੱਖ ਪੱਤਰਕਾਰਾਂ ਨੇ ਓਆਈਸੀ, ਕਸ਼ਮੀਰ ਅਤੇ ਭਾਰਤ ਦੇ ਸਬੰਧ ਵਿੱਚ ਸਵਾਲਾਂ ਦੀ ਸੰਭਾਵਨਾ ਹੋਣ ਦੇ ਬਾਵਜੂਦ ਨਹੀਂ ਪੁੱਛੇ, ਉਹੀ ਸਾਰੇ ਸਵਾਲ ਕੈਨੇਡਾ ਅਤੇ ਖਾਲਿਸਤਾਨ ਪੱਖੀਆਂ ਦੇ ਸਬੰਧ ਵਿਚ ਸੰਭਾਵਨਾ ਨਾ ਹੋਣ ਦੇ ਬਾਵਜੂਦ ਪੈਦਾ ਕੀਤੇ ਜਾ ਰਹੇ ਹਨ ।
ਦੂਜੇ ਪਾਸੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਹਾਲੀਆ ਭਾਰਤ ਦੇ ਦੌਰੇ ਨਾਲ ਸਭ ਤੋਂ ਵੱਧ ਢਿੱਡ ਭਾਰਤ ਅਤੇ ਪੰਜਾਬ ਦੇ ਧਰਮ ਨਿਰਪੱਖ ਪੱਤਰਕਾਰਾਂ ਦਾ ਦੁਖਿਆ ਹੈ।
ਕੀ ਇਹ ਢਿੱਡ ਦੁਖਣਾ ਜਾਇਜ਼ ਹੈ? ਇਸ ਤੋਂ ਪਹਿਲਾਂ ਇਹ ਦੇਖਣਾ ਹੋਵੇਗਾ ਕਿ ਕੀ ਕੈਨੇਡਾ ਅਤੇ ਖਾਲਿਸਤਾਨ ਵਿੱਚ ਉਹੀ ਸਬੰਧ ਹੈ, ਜੋ ਓਆਈਸੀ ਅਤੇ ਕਸ਼ਮੀਰ ਵਿੱਚ ਹੈ?
ਇਹ ਗੱਲ ਕਹਿਣਾ ਤਾਂ ਦੂਰ, ਕੈਨੇਡਾ ਨੇ ਕਦੇ ਇਸ਼ਾਰਾ ਵੀ ਨਹੀਂ ਕੀਤਾ ਕਿ ਉਹ ਇਕ ਦੇਸ਼ ਵਜੋਂ ਖਾਲਿਸਤਾਨ ਦੇ ਨਾਮ ‘ਤੇ ਕਿਸੇ ਭੁਗੋਲਿਕ ਖਿੱਤੇ ਬਾਰੇ ਕੋਈ ਵਿਚਾਰ ਵੀ ਰੱਖਦਾ ਹੈ। ਇਹ ਕੈਨੇਡਾ ਦਾ ਏਜੰਡਾ ਹੀ ਨਹੀਂ ਹੈ।
ਕੈਨੇਡਾ ਇੰਨਾ ਖੁਲ੍ਹੇ ਵਿਚਾਰਾਂ ਵਾਲਾ ਮੁਲਕ ਹੈ ਕਿ ਜੇ ਤੁਸੀ ਉਥੇ 100 ਕਿੱਲੇ ਜ਼ਮੀਨ ਖਰੀਦ ਕੇ ਆਪਣੀ ਜ਼ਮੀਨ ‘ਤੇ ਵੱਖਰਾ ਦੇਸ਼ ਬਣਾਉਣ ਦੀ ਮੰਗ ਰੱਖ ਦਿਓ ਤਾਂ ਵੀ ਉਹ ਕਹਿਣਗੇ ਕਿ ਇਹ ਮੰਗ ਰੱਖਣਾ ਤੁਹਾਡਾ ਜਮਹੂਰੀ ਹੱਕ ਹੈ।
ਜੇ ਕੱਲ੍ਹ ਨੂੰ ਖਾਲਿਸਤਾਨ ਬਣ ਜਾਂਦਾ ਹੈ ਅਤੇ ਕੈਨੇਡਾ ਵਿੱਚ ਰਹਿੰਦੇ ਖਾਲਿਸਤਾਨ ਵਿਰੋਧੀ ਲੋਕ ਖਾਲਿਸਤਾਨ ਦਾ ਤਖਤਾ ਪਲਟ ਕਰਨ ਵਾਸਤੇ ਸ਼ਾਂਤੀ ਨਾਲ ਕੈਨੇਡਾ ਦੀ ਧਰਤੀ ‘ਤੇ ਕੋਈ ਰਾਜਨੀਤਿਕ ਮੁਹਿੰਮ ਚਲਾਉਂਦੇ ਨੇ ਤਾਂ ਵੀ ਕੈਨੇਡਾ ਨੂੰ ਕੋਈ ਫਰਕ ਨਹੀਂ ਪਵੇਗਾ, ਉਦੋਂ ਫੇਰ ਭਾਵੇਂ ਖਾਲਿਸਤਾਨੀ ਜਿੰਨਾ ਮਰਜ਼ੀ ਵਿਰੋਧ ਕਰ ਲੈਣ।
ਕੈਨੇਡਾ ਤਹਾਨੂੰ ਇਹ ਆਜ਼ਾਦੀ ਦਿੰਦਾ ਕਿ ਤੁਸੀ ਕੁੱਝ ਵੀ ਮੰਗ ਸਕੋ। ਪਰ ਇਸ ਦਾ ਮਤਲਬ ਇਹ ਨਹੀਂ ਕਿ ਜੋ ਤੁਸੀਂ ਮੰਗ ਰਹੇ ਹੋ ਉਹ ਕਨੇਡਾ ਦੀ ਵੀ ਮੰਗ ਹੈ। ਬਾਬਾ ਸਾਹਿਬ ਅੰਬੇਦਕਰ ਨੇ ਜਿਸ ਤਰ੍ਹਾਂ ਦੀ ਬੋਲਣ ਦੀ ਆਜ਼ਾਦੀ ਭਾਰਤੀ ਸੰਵਿਧਾਨ ਵਿਚ ਵਿਆਖਿਆ ਕੀਤੀ ਹੈ, ਬਿਲਕੁਲ ਉਸੇ ਤਰ੍ਹਾਂ ਦੀ ਆਜ਼ਾਦੀ ਕੈਨੇਡਾ ਨੇ ਆਪਣੇ ਬਾਸ਼ਿੰਦਿਆਂ ਨੂੰ ਧਰਾਤਲ ‘ਤੇ ਵੀ ਦਿੱਤੀ ਹੈ।
ਜੇ ਥੋੜ੍ਹੀ ਜਿਹੀ ਇਮਾਨਦਾਰੀ ਵਰਤੀ ਜਾਵੇ ਤਾਂ ਸਹਿਜੇ ਹੀ ਪਤਾ ਲੱਗ ਜਾਵੇਗਾ ਕਿ ਜੋ ਗੰਭੀਰਤਾ ਓਆਈਸੀ ਅਤੇ ਕਸ਼ਮੀਰ ਦੇ ਸਬੰਧਾਂ ਵਿੱਚ ਹੈ, ਉਸ ਗੰਭੀਰਤਾ ਦਾ ਇਕ ਫੀਸਦੀ ਵੀ ਕੈਨੇਡਾ ਅਤੇ ਖਾਲਿਸਤਾਨ ਪੱਖੀਆਂ ਦੇ ਸਬੰਧਾਂ ਵਿੱਚ ਨਹੀਂ ਹੈ।
ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ‘ਤੇ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਾਉਣ ਕਰਕੇ 50 ਤੋਂ ਵੱਧ ਦੇਸ਼ ਧਰੋਹ ਦੇ ਮੁਕੱਦਮੇ ਸਨ। ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਦੀ ਬਦੌਲਤ ਮਾਨ ਸਾਹਬ ਸਾਰੇ ਮੁਕੱਦਮਿਆਂ ਵਿਚੋਂ ਬਰੀ ਹੋ ਗਏ।
ਜੇ ਧਰਮ ਨਿਰਪੱਖ ਪੱਤਰਕਾਰ ਕੈਨੇਡਾ ਤੋਂ ਸਪੱਸ਼ਟੀਕਰਨ ਮੰਗ ਰਹੇ ਹਨ ਤਾਂ ਉਨ੍ਹਾਂ ਨੂੰ ਬਾਬਾ ਸਾਹਿਬ ਅੰਬੇਦਕਰ ਅਤੇ ਭਾਰਤੀ ਸੰਵਿਧਾਨ ਦੀ ਆਤਮਾ ਤੋਂ ਵੀ ਸਪੱਸ਼ਟੀਕਰਨ ਮੰਗਣਾ ਚਾਹੀਦਾ ਹੈ ਕਿ ਕੋਈ ਖਾਲਿਸਤਾਨ ਦੀ ਸ਼ਾਂਤਮਈ ਮੰਗ ਕਰਨ ਵਾਲਾ ਕਿਵੇਂ ਬਰੀ ਹੋ ਸਕਦਾ ਹੈ?
ਇਹ ਸਾਰੀ ਗੱਲ ਭਾਰਤ ਦੇ ਧਰਮ ਨਿਰਪੱਖ ਪੱਤਰਕਾਰਾਂ ਅਤੇ ਵਿਦਵਾਨਾਂ ਨੂੰ ਵੀ ਪਤਾ ਹੈ। ਇਸ ਦੇ ਬਾਵਜੂਦ ਆਊਟ ਲੁੱਕ ਵਰਗੇ ਖੋਜੀ ਅਤੇ ਨਿਡਰ ਪੱਤਰਕਾਰੀ ਲਈ ਮੰਨੇ ਜਾਂਦੇ ਇਸ ਪਰਚੇ ਨੇ ਆਪਣਾ ਸਾਰਾ ਅੰਕ ਇਹ ਸਾਬਿਤ ਕਰਨ ਵਾਸਤੇ ਛਾਪਿਆ ਕਿ ਜਿਵੇਂ ਕੈਨੇਡਾ ਦੀ ਮੱਦਦ ਨਾਲ ਖਾਲਿਸਤਾਨ ਅੱਜ ਬਣਿਆ ਕਿ ਕੱਲ੍ਹ ਬਣਿਆ। ਤੇ ਬਾਕੀ ਫਿਰ ਉਸ ਹੀ ਲੀਹ ‘ਤੇ ਚੱਲ ਕੇ ਅੰਨ੍ਹਾ ਵਿਰੋਧ ਕਰ ਰਹੇ ਹਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਫੇਰੀ ਦੇ ਸਬੰਧ ਵਿਚ ਇਹ ਸਾਰੇ ਧਰਮ ਨਿਰਪੱਖ ਪੱਤਰਕਾਰ ਅਤੇ ਵਿਦਵਾਨ ਸਿੱਖ ਸ਼ਬਦ ਦਾ ਬਹੁਤ ਨਕਾਰਾਤਮਕ ਇਸਤੇਮਾਲ ਕਰ ਰਹੇ ਹਨ । ਜਦੋਂ ਹਿੰਦੂਵਾਦੀ ਪੱਤਰਕਾਰ ਮੁਸਲਮਾਨ ਸ਼ਬਦ ਨੂੰ ਨਕਾਰਾਤਮਕ ਤਰੀਕੇ ਨਾਲ ਵਰਤਦੇ ਹਨ ਤਾਂ ਧਰਮ ਨਿਰਪੱਖ ਪੱਤਰਕਾਰਾਂ ਨੂੰ ਬਹੁਤ ਤਕਲੀਫ ਹੁੰਦੀ ਹੈ।
ਪਾਕਿਸਤਾਨ ਸ਼ਰੇਆਮ ਆਜ਼ਾਦ ਕਸ਼ਮੀਰ ਦੇ ਹੱਕ ਵਿਚ ਖੜ੍ਹਾ ਹੈ। ਅੱਜ ਦਾ ਤਾਂ ਪਤਾ ਨਹੀਂ ਪਰ ਕਿਸੇ ਸਮੇਂ ਆਜ਼ਾਦ ਪੰਜਾਬ ਦੇ ਹੱਕ ਵਿਚ ਖੜ੍ਹਾ ਸੀ। ਪਰ ਫੇਰ ਵੀ ਜੇ ਕੱਲ੍ਹ ਨੂੰ ਭਾਰਤ ਪਾਕਿਸਤਾਨ ਗੱਲਬਾਤ ਕਰਨ ਲਈ ਰਾਜ਼ੀ ਹੋ ਜਾਣਗੇ ਤਾਂ ਧਰਮ ਨਿਰਪੱਖ ਪੱਤਰਕਾਰ ਸ਼ਾਂਤੀ ਦੇ ਕਬੂਤਰ ਬਣਕੇ ਆਉਣਗੇ। ਪਹਿਲਾਂ ਵੀ ਆਉਂਦੇ ਰਹੇ ਹਨ ।
ਪਰ ਕੈਪਟਨ ਨੂੰ ਨਾ ਮਿਲਣ ਦੇ ਕਥਿਤ ਫੈਸਲੇ ਦੀ ਖਬਰ ਨੂੰ ਆਧਾਰ ਮੰਨ ਕੇ ਧਰਮ ਨਿਰਪੱਖ ਪੱਤਰਕਾਰ ਇਹ ਕਹਿਣ ਤੱਕ ਚਲੇ ਗਏ ਕਿ ਮੋਦੀ ਨੂੰ ਟਰੂਡੋ ਦੀ ਫੇਰੀ ਰੱਦ ਕਰ ਦੇਣੀ ਚਾਹੀਦੀ ਹੈ। ਐਡੀ ਤਾਂ ਕੋਈ ਗੱਲ ਹੀ ਨਹੀਂ ਹੋਈ ਕਿ ਫੇਰੀ ਰੱਦ ਕਰ ਦਿੱਤੀ ਜਾਵੇ।
ਇਹ ਲਹਿਜਾ ਲਗਭਗ ਸਾਰੇ ਧਰਮ ਨਿਰਪੱਖ ਪੱਤਰਕਾਰਾਂ ਦਾ ਹੈ। ਆਪਾਂ ਸਿਰਫ਼ ਧਰਮ ਨਿਰਪੱਖ ਪੱਤਰਕਾਰਾਂ ਦੀ ਗੱਲ ਇਸ ਲਈ ਕਰ ਰਹੇ ਹਾਂ ਕਿਉਂ ਕਿ ਰਿਪਬਲਿਕ ਅਤੇ ਜੀ ਨਿਊਜ਼ ਵਰਗੇ ਅਦਾਰਿਆਂ ਅਤੇ ਪੱਤਰਕਾਰਾਂ ਦੀ ਘੱਟ ਗਿਣਤੀਆਂ ਦੇ ਵੱਲ ਪਹੁੰਚ ਬਹੁਤ ਸ਼ਪੱਸਟ ਹੈ ਅਤੇ ਉਹਨਾਂ ਦੁਆਰਾ ਸਿੱਖਾਂ ਜਾਂ ਮੁਸਲਮਾਨਾਂ ਦੇ ਮੁੱਦਿਆਂ ‘ਤੇ ਕੀਤੀ ਜਾਂਦੀ ਪੱਤਰਕਾਰੀ ਬਾਰੇ ਕੋਈ ਰੰਜ ਨਹੀਂ ਹੋਣਾ ਚਾਹੀਦਾ। ਉਹ ਤਾਂ ਖੁੱਲ੍ਹ ਕੇ ਉਲਟ ਖੜ੍ਹੇ ਹਨ।
ਇਹ ਕੋਈ ਅੱਜ ਦੀ ਗੱਲ ਨਹੀਂ। ਜਦੋਂ ਕੈਨੇਡਾ ਆਪਣੀ ਨਸਲਵਾਦ ਦੀ ਸਮੱਸਿਆ ਨਾਲ ਲੜ ਰਿਹਾ ਸੀ, ਜਦੋਂ ਸਿੱਖਾਂ ਦਾ ਕੈਨੇਡਾ ਵਿਚ ਕੋਈ ਐਮ ਪੀ ਜਾਂ ਐਮ ਐਲ ਏ ਨਹੀਂ ਸੀ, ਉਦੋਂ ਵੀ ਧਰਮ ਨਿਰਪੱਖ ਪੱਤਰਕਾਰਾਂ ਦਾ ਸਿੱਖਾਂ ਵੱਲ ਇਹੀ ਵਤੀਰਾ ਸੀ।
ਇਸ ਦਾ ਇਕ ਸਿੱਧਾ ਕਾਰਨ ਇਹ ਸੀ ਕਿ ਕਥਿਤ ਆਜ਼ਾਦੀ ਮਿਲਣ ਤੋਂ ਬਾਅਦ ਜਿਆਦਾ ਸਮਾਂ ਕਾਂਗਰਸ ਦਾ ਰਾਜ ਰਿਹਾ ਅਤੇ ਸਿੱਖਾਂ ਦੀ ਸਿੱਧੀ ਟੱਕਰ ਵੀ ਕਾਂਗਰਸ ਨਾਲ ਰਹੀ। ਧਰਮ ਨਿਰਪੱਖ ਪੱਤਰਕਾਰ ਵੀ ਕਾਂਗਰਸ ਨੂੰ ਹੀ ਸਹਾਉਂਦੇ ਸਨ। ਇਸ ਕਰਕੇ ਇਹ ਕੁਦਰਤੀ ਸੀ ਕਿ ਧਰਮ ਨਿਰਪੱਖ ਪੱਤਰਕਾਰਾਂ ਦੇ ਮਨ ਵਿਚ ਸਿੱਖਾਂ ਪ੍ਰਤੀ ਖੁੰਦਕ ਪੈਦਾ ਹੋ ਗਈ।
ਦੂਜਾ ਇਹ ਧਰਮ ਨਿਰਪੱਖ ਲਾਣਾ ਕਾਮਰੇਡਾਂ ਦੀ ਦੇਣ ਹੈ ਅਤੇ ਕਾਮਰੇਡਾਂ ਅਤੇ ਸਿੱਖਾਂ ਦਾ ਇਤਿਹਾਸਿਕ ਕਲੇਸ਼ ਹੈ।
ਤੀਜਾ, ਸਿੱਖਾਂ ਦੇ ਹਰਿਮੰਦਰ ਸਾਹਬ ‘ਤੇ ਭਾਵੇਂ ਸੋਨਾ ਚੜਿਆ ਹੋਇਆ ਪਰ ਓਆਈਸੀ ਵਰਗੇ ਪੈਸੇ ਵਲੋਂ ਅਮੀਰ ਮੁਸਲਿਮ ਦੇਸ਼ਾਂ ਦੇ ਸਮੂਹ ਅੱਗੇ ਸਿੱਖਾਂ ਦਾ ਕਿਤੇ ਕੋਈ ਮੁਕਾਬਲਾ ਹੀ ਨਹੀਂ। ਧਰਮ ਨਿਰਪੱਖ ਲਾਣਾ ਮੁਸਲਮਾਨਾਂ ਬਾਰੇ ਗੱਲ ਕਰਦੇ ਹੋਏ ਓਆਈਸੀ ਤੋਂ ਝਿਪਦਾ।
ਸਿੱਖਾਂ ਦਾ ਅੰਤਰਰਾਸ਼ਟਰੀ ਰਾਜਨੀਤੀ ਦਾ ਤਜਰਬਾ ਨਾਂਹ ਦੇ ਬਰਾਬਰ ਹੈ ਅਤੇ ਇਹਨਾਂ ਨੂੰ ਕਈ ਵਾਰ ਸਮਝ ਨਹੀਂ ਹੁੰਦੀ ਕਿ ਕਿਹੜੀ ਗੱਲ ਕਹਿਣੀ ਹੈ ਅਤੇ ਕਿਹੜੀ ਨਹੀਂ। ਇਸ ਕਰਕੇ ਧਰਮ ਨਿਰਪੱਖ ਪੱਤਰਕਾਰਾਂ ਵਾਸਤੇ ਸਿੱਖ ਸੌਖਾ ਸ਼ਿਕਾਰ ਹੁੰਦੇ ਨੇ।
ਰੋਜ ਰੋਜ ਮੁਸਲਮਾਨਾਂ ਪ੍ਰਤੀ ਹੇਜ ਦਿਖਾ ਕੇ ਹਿੰਦੂਵਾਦੀਆਂ ਤੋਂ ਗਾਲ੍ਹਾਂ ਖਾਣ ਵਾਲੇ ਧਰਮ ਨਿਰਪੱਖ ਪੱਤਰਕਾਰਾਂ ਕੋਲ ਆਪਣੇ ਆਪ ਨੂੰ ਰਾਸ਼ਟਰਵਾਦੀ ਸਾਬਿਤ ਕਰਨ ਵਾਸਤੇ ਸਿਰਫ਼ ਇਕ ਹੀ ਚਾਰਾ ਹੁੰਦਾ ਕਿ ਸਿੱਖਾਂ ਨੂੰ ਜ਼ਲੀਲ ਕਰੋ।
ਇਥੇ ਸਪੱਸ਼ਟ ਕਰ ਦੇਈਏ ਕਿ ਸਾਨੂੰ ਇਸ ਗੱਲ ‘ਤੇ ਕੋਈ ਇਤਰਾਜ਼ ਨਹੀਂ ਕਿ, ਭਾਵੇਂ ਓਆਈਸੀ ਦੇ ਦਬਾਅ ਅਤੇ ਕਾਂਗਰਸ ਦੇ ਲਿਹਾਜ਼ ਕਰਕੇ ਹੀ ਸਹੀ, ਧਰਮ ਨਿਰਪੱਖ ਪੱਤਰਕਾਰ ਮੁਸਲਮਾਨਾਂ ਦਾ ਥੋੜਾ ਮੋਟਾ ਹੇਜ ਕਰਦੇ ਹਨ।
ਪਰ ਸਿੱਖਾਂ ਦੇ ਮਸਲਿਆਂ ਨੂੰ ਰਿਪੋਰਟ ਕਰਨ ਵੇਲੇ ਇਹ ਅਚਾਨਕ ਜ਼ਹਿਰ ਘੋਲਣ ਲੱਗ ਜਾਂਦੇ ਨੇ।
ਚਲੋ, ਜੋ ਗੱਲ ਸਿੱਖ ਕੈਨੇਡਾ ਨੂੰ ਕਦੇ ਵੀ ਨਾ ਸਮਝਾ ਸਕਦੇ, ਉਹ ਧਰਮ ਨਿਰਪੱਖ ਪੱਤਰਕਾਰਾਂ ਨੇ ਇਕ ਝਟਕੇ ਵਿਚ ਹੀ ਸਮਝਾ ਦਿੱਤੀ।
Comments (0)