ਸਿੱਖ ਕਿਉਂ ਰੁਲਦੇ ਜਾਂਦੇ ਨੀ

ਸਿੱਖ ਕਿਉਂ ਰੁਲਦੇ ਜਾਂਦੇ ਨੀ

ਪ੍ਰੋ. ਬਲਵਿੰਦਰਪਾਲ ਸਿੰਘ
ਜਿਹੜੀਆਂ ਕੌਮਾਂ ਰੂਹ ਦੇ ਜ਼ੋਰ ਨਾਲ ਜਿਉਂਦੀਆਂ ਹਨ, ਉਨ੍ਹਾਂ ਦੇ ਦੁੱਖ ਡੂੰਘਿਆਈ ਤੱਕ ਵੀ ਮਾਪੇ ਨਹੀਂ ਜਾ ਸਕਦੇ। ਇਹੋ ਜਿਹੀਆਂ ਕੌਮਾਂ ਦੀ ਦਾਸਤਾਨ ਬੜੀ ਅਨੋਖੀ ਹੋਇਆ ਕਰਦੀ ਹੈ। ਜਦੋਂ ਉਨ੍ਹਾਂ ਦੇ ਆਗੂ ਪਦਾਰਥਵਾਦੀ ਸੋਚ ਤੇ ਨਿੱਜਤਾ ਨਾਲ ਜੁੜ ਜਾਂਦੇ ਹਨ ਤੇ ਉਨ੍ਹਾਂ ਦੀ ਸੋਚ ਵਿਕਾਊ ਹੋ ਜਾਂਦੀ ਹੈ ਤਾਂ ਇਹੋ ਜਿਹੇ ਸਮੇਂ ਦੌਰਾਨ ਰੂਹ ਦੇ ਜ਼ੋਰ ਨਾਲ ਜਿਉਣ ਵਾਲੀਆਂ ਕੌਮਾਂ ਅੰਦਰ ਵੱਲ ਪਰਤ ਜਾਂਦੀਆਂ ਹਨ ਅਤੇ ਗੰਭੀਰ ਖਤਰਿਆਂ ਵਿੱਚ ਘਿਰ ਜਾਂਦੀਆਂ ਹਨ। ਇਸੇ ਨੂੰ ਢਹਿੰਦੀ ਕਲਾ ਦਾ ਨਾਮ ਦਿੱਤਾ ਜਾ ਸਕਦਾ ਹੈ। ਜਾਪਦਾ ਹੈ ਕਿ ਸਿੱਖ ਕੌਮ ਦੀ ਦਰਦਨਾਕ ਦਾਸਤਾਂ ਵੀ ਅਜਿਹੀ ਹੈ, ਜਿਸ ਦਾ ਦਰਦ ਖਮੋਸ਼ੀ ਨਾਲ ਜੁੜ ਗਿਆ। ਇਹ ਦੌਰ ਬਹੁਤ ਲੰਮਾ ਜਾਪਦਾ ਹੈ। ਸਿੱਖ ਕੌਮ ਜਿਸ ਦੌਰ ਵਿਚੋਂ ਗੁਜ਼ਰ ਰਹੀ ਹੈ, ਉਹ ਦੌਰ ਕਦੇ ਵੀ ਇਤਿਹਾਸ ਵਿਚ ਅੱਜ ਤੱਕ ਨਹੀਂ ਵਾਪਰਿਆ। ਅੱਜ ਡੂੰਘਾ ਸਵਾਲ ਇਹੀ ਹੈ ਕਿ ਸਿੱਖ ਕਿਉਂ ਰੁਲਦੇ ਜਾਂਦੇ ਹਨ?
20ਵੀਂ ਸਦੀ ਦੇ ਪ੍ਰਸਿੱਧ ਪੰਜਾਬੀ ਸ਼ਾਇਰ ਪ੍ਰੋ. ਪੂਰਨ ਸਿੰਘ ਨੇ ਵੀ ਅਜਿਹਾ ਤੌਖਲਾ ਪ੍ਰਗਟਾਇਆ ਸੀ। ਉਸ ਨੇ ਆਪਣੀ ਇਕ ਕਵਿਤਾ ਵਿਚ ਲਿਖਿਆ ਸੀ-
ਇਹ ਗਲੀ!
ਮਾਹੀ ਯਾਰ ਦੀ ਹਾਂ
ਇਹ ਰਾਹ!
ਸੱਚੀ ਸਰਕਾਰ ਦੀ ਹਾਂ
ਓਏ!
ਸਿੱਖ ਕਿਉਂ ਰੁਲਦੇ ਜਾਂਦੇ ਨੀ?
ਪੂਰਨ ਸਿੰਘ ਨੇ ਆਪਣੀ ਇਸ ਕਵਿਤਾ ਵਿਚ ਸਿੱਖਾਂ ਦੇ ਰੁਲ ਜਾਣ ਦੀ ਗੱਲ ਕੀਤੀ ਹੈ। ਸਾਨੂੰ ਹੁਣ ਇਨ੍ਹਾਂ ਕਾਰਨਾਂ ਦਾ ਲੇਖਾ-ਜੋਖਾ ਕਰਨਾ ਪਵੇਗਾ ਕਿ ਸਿੱਖਾਂ ਵਿਚ ਢਹਿੰਦੀ ਕਲਾ ਕਿਉਂ ਆ ਰਹੀ ਹੈ ਤੇ ਉਹ ਰੁਲ ਕਿਉਂ ਰਹੇ ਨੇ?
ਸਿੱਖਾਂ ਦਾ ਇਤਿਹਾਸ ਗਵਾਹ ਹੈ ਕਿ ਸਿੱਖ ਹਮੇਸ਼ਾ ਖਤਰਿਆਂ ਦੇ ਨਾਲ ਖੇਡਦੇ ਰਹੇ ਹਨ। ਸ਼ਹਾਦਤਾਂ ਦਿੰਦੇ ਰਹੇ ਹਨ। ਬੜੀਆਂ ਮੁਸੀਬਤਾਂ ਵਿਚੋਂ ਵੀ ਗੁਜ਼ਰੇ ਹਨ ਪਰ ਅਜਿਹਾ ਦੌਰ ਕਦੇ ਵੀ ਨਹੀਂ ਆਇਆ ਕਿ ਉਹ ਬਿਲਕੁਲ ਹੀ ਖਾਮੋਸ਼ ਹੋ ਗਏ ਹੋਣ ਜਿਵੇਂ ਕਿ ਅੱਜ ਹਨ। ਸਿੱਖਾਂ ਦੇ ਬੀਤ ਚੁੱਕੇ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੇ ਸੰਕਲਪ ਤਹਿਤ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ। ਸੰਸਾਰਕ ਰਾਜਨੀਤੀ ਤੋਂ ਵੀ ਉੱਪਰ ਸੱਚੇ ਪਾਤਸ਼ਾਹ (ਅਕਾਲ ਪੁਰਖ) ਤਖ਼ਤ ਐਲਾਨ ਕਰ ਦਿੱਤਾ, ਜਿੱਥੇ ਧਰਮ ਤੇ ਰਾਜਨੀਤੀ ਸਾਂਝੀ ਸੀ ਤੇ ਇਨਸਾਫ ਤੇ ਸੱਚ ਦਾ ਬੋਲਬਾਲਾ ਸੀ।
ਕਹਿਣ ਤੋਂ ਭਾਵ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖ ਕੌਮ ਵਿਚ ਚੜ੍ਹਦੀ ਕਲਾ ਦਾ ਦੌਰ ਸਿਰਜਿਆ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਮਨੁੱਖੀ ਅਧਿਕਾਰਾਂ ਦੇ ਹਿੱਤ ਵਿੱਚ ਸ਼ਹਾਦਤ ਹੋਈ, ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤਰ ਚੁੱਕ ਲਏ। ਇਸ ਕਰਕੇ ਕਿ ਇਨ੍ਹਾਂ ਤੋਂ ਬਿਨਾਂ ਸਿੱਖ ਕੌਮ ਦੀ ਵੱਖਰੀ ਹੋਂਦ ਕਾਇਮ ਨਹੀਂ ਰੱਖੀ ਜਾ ਸਕਦੀ ਸੀ ਤੇ ਨਾ ਹੀ ਜ਼ੁਲਮ ਨਾਲ ਟੱਕਰ ਲਈ ਜਾ ਸਕਦੀ ਸੀ। ਗੁਰੂ ਦਾ ਨਿਸ਼ਾਨਾ ਇਹ ਸੀ ਕਿ ਸ਼ਬਦ ਗੁਰੂ ਲਹਿਰ ਅਧੀਨ ਸਿੱਖਾਂ ਨੂੰ ਗਿਆਨਵਾਨ, ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਓਟਿਆਂ ਦੀ ਓਟ ਬਣਾਉਣਾ ਤੇ ਸੁਚੱਜੇ ਆਦਰਸ਼ਵਾਦੀ ਸਮਾਜ ਦੀ ਸਿਰਜਣਾ ਕਰਨਾ। ਇਸੇ ਸੰਕਲਪ ਅਧੀਨ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਜਿਸ ਦਾ ਨਿਸ਼ਾਨਾ ਸੀ ਹਲੇਮੀ ਰਾਜ ਤੇ ਬੇਗਮਪੁਰੇ ਦੀ ਸਿਰਜਣਾ, ਜਿੱਥੇ ਸਮੂਹ ਲੋਕ ਸੁਖੀ ਰਹਿਣ ਭਾਵੇਂ ਉਹ ਕਿਸੇ ਜਾਤ ਦੇ ਹੋਣ, ਕਿਸੇ ਧਰਮ ਦੇ ਹੋਣ। ਰਾਜਾ ਨਿਆਂਕਾਰੀ ਹੋਵੇ ਤੇ ਮਨੁੱਖੀ ਅਧਿਕਾਰਾਂ ਦੀ ਪਾਲਣਾ ਹੋਵੇ। ਗੁਰੂ ਦੀ ਬਖਸ਼ਿਸ਼ ਸਦਕਾ ਉਹ ਦੌਰ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਵੇਲੇ ਆਇਆ, ਜਿਥੇ ਦਬੇ-ਕੁਚਲਿਆਂ, ਲੁੱਟੇ-ਕੁੱਟੇ ਕਿਸਾਨਾਂ ਨੂੰ ਰਾਜੇ ਬਣਾਇਆ ਗਿਆ। ਜੰਗ ਦੇ ਮੈਦਾਨ ਵਿਚ ਜੂਝਣ ਦਾ ਉਨ੍ਹਾਂ ਨੇ ਵੱਲ ਸਿੱਖਿਆ। ਇਹ ਦੱਬੇ-ਕੁਚਲੇ ਲੋਕ ਉਨ੍ਹਾਂ ਸਵਰਨ ਜਾਤਾਂ ਦੀ ਕਿਸਮਤ ਦੇ ਘਾੜੇ ਬਣੇ ਜੋ ਉਨ੍ਹਾਂ ਨੂੰ ਗੁਲਾਮਾਂ ਦੀ ਤਰ੍ਹਾਂ ਲਿਤਾੜਦੇ ਸਨ ਅਤੇ ਉੱਚ ਜਾਤ ਦਾ ਗੁਮਾਨ ਰੱਖ ਕੇ ਦਬੇ-ਕੁਚਲੇ ਲੋਕਾਂ ਅਤੇ ਕਿਸਾਨਾਂ ਨਾਲ ਪਸ਼ੂਆਂ ਤੋਂ ਵੀ ਭੈੜਾ ਸਲੂਕ ਕਰਦੇ ਸਨ।
ਸਿੱਖਾਂ ਦੀ ਫੁੱਟ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਗਿਆ, ਸ਼ਹਾਦਤਾਂ ਹੋਈਆਂ, ਸਿੱਖਾਂ ਦੇ ਬੰਦ-ਬੰਦ ਕੱਟੇ ਗਏ, ਮਾਵਾਂ ਨੇ ਸਿੱਖੀ ਸਿਦਕ ਨਾ ਹਾਰਦਿਆਂ ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਆਪਣੀਆਂ ਝੋਲੀਆਂ ‘ਚ ਪੁਆ ਲਏ। ਕਿੰਨਾ ਭਿਆਨਕ ਦੌਰ ਸੀ ਜਦੋਂ ਮੁਗਲ ਹਕੂਮਤ ਦੌਰਾਨ ਮਨੁੱਖੀ ਅਧਿਕਾਰਾਂ ਦੀ ਕੋਈ ਕਦਰ ਨਹੀਂ ਸੀ, ਪਰ ਸਿੱਖ ਫਿਰ ਵੀ ਨਹੀਂ ਹਾਰੇ, ਫਿਰ ਵੀ ਨਹੀਂ ਰੁਲੇ। ਗੁਰੂ ਨੂੰ ਅੰਗ-ਸੰਗ ਸਮਝ ਕੇ ਚੜ੍ਹਦੀ ਕਲਾ ਵਿੱਚ ਰਹੇ।
ਮਿਸਲਾਂ ਦਾ ਯੁਗ ਆਇਆ, ਮੁਗਲ ਹਕੂਮਤ ਤਬਾਹ ਹੋ ਕੇ ਰਹਿ ਗਈ। ਸਿੱਖ ਕੌਮ ਦੀ ਅਹਿਮਦ ਸ਼ਾਹ ਅਬਦਾਲੀ, ਨਾਦਰ ਸ਼ਾਹ ਨਾਲ ਟੱਕਰ ਹੋਈ, ਦੋ ਘੱਲੂਘਾਰੇ ਹੋਏ ਪਰ ਸਿੱਖ ਚੜ੍ਹਦੀ ਕਲਾ ਵਿੱਚ ਰਹੇ। 18ਵੀਂ ਸਦੀ ਦੌਰਾਨ ਬਾਬਾ ਬਘੇਲ ਸਿੰਘ ਦੀ ਅਗਵਾਈ ਵਿੱਚ ਸਿੱਖ ਦਿੱਲੀ ‘ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਕੇ ਪੂਰੇ ਭਾਰਤ ਦੇ ਸਰਦਾਰ ਬਣ ਗਏ। ਇਸੇ ਲਈ ਸਿੱਖਾਂ ਦੇ ਸੀਨੇ-ਬਸੀਨੇ ਇਹ ਸ਼ਬਦ ਘਰ ਕੀਤਾ ਹੋਇਆ ਹੈ ‘ਦਿੱਲੀ ਤਖ਼ਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਝੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ’।
ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੌਰਾਨ ਸਿੱਖਾਂ ਨੇ ਪੰਜਾਬ ਉੱਪਰ ਰਾਜ ਕੀਤਾ। ਅਫਗਾਨੀਆਂ ਅਤੇ ਅੰਗਰੇਜ਼ਾਂ ਨੂੰ ਡੱਕ ਕੇ ਰੱਖੀ ਰੱਖਿਆ। ਮਰਹੱਟੇ ਅਤੇ ਰਾਜਪੂਤ ਵੀ ਸਿੱਖਾਂ ਤੋਂ ਖੌਫ ਖਾਂਦੇ ਸਨ। ਅੰਗਰੇਜ਼ਾਂ ਦੇ ਸਮੇਂ ਸਿੱਖਾਂ ਨੇ ਭਾਰਤ ਨੂੰ ਗੁਲਾਮੀ ਤੋਂ ਛੁਟਕਾਰਾ ਦੁਆਉਣ ਲਈ 80 ਪ੍ਰਤੀਸ਼ਤ ਕੁਰਬਾਨੀਆਂ ਕੀਤੀਆਂ, ਜੇਲ੍ਹਾਂ ਕੱਟੀਆਂ ਪਰ ਫਿਰ ਵੀ ਸਿੱਖ ਚੜ੍ਹਦੀ ਕਲਾ ਵਿੱਚ ਰਹੇ।
ਬੀਤੇ ਤਿੰਨ ਦਹਾਕਿਆਂ ਦੌਰਾਨ ਸਿੱਖਾਂ ਨੇ ਗੰਭੀਰ ਸੰਤਾਪ ਝੱਲਿਆ। ਜੂਨ 84 ਅਤੇ ਨਵੰਬਰ-84 ਦੇ ਦੋ ਘੱਲੂਘਾਰਿਆਂ ਨੂੰ ਹੰਢਾਇਆ ਹੈ। ਇਨ੍ਹਾਂ ਘੱਲੂਘਾਰਿਆਂ ਦੌਰਾਨ ਸਿੱਖਾਂ ਦਾ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਹਰਿਮੰਦਰ ਸਾਹਿਬ ਦੀ ਬੇਅਦਬੀ ਹੋਈ, ਅਕਾਲ ਤਖ਼ਤ ਸਾਹਿਬ ਫੌਜੀ ਹਮਲੇ ਕਾਰਣ ਢਹਿ-ਢੇਰੀ ਹੋਇਆ ਤੇ ਨਵੰਬਰ 84 ਦੌਰਾਨ ਸਿੱਖਾਂ ਦਾ ਵੱਡੀ ਪੱਧਰ ‘ਤੇ ਕਤਲੇਆਮ ਕੀਤਾ ਹੋਇਆ। ਸਿੱਖਾਂ ਦੀਆਂ ਧੀਆਂ-ਭੈਣਾਂ ਦੀ ਸ਼ਰੇਆਮ ਇੱਜ਼ਤ ਲੁੱਟੀ ਗਈ। ਪੰਜਾਬ ਵਿੱਚ ਸ਼ਾਂਤੀ ਕਾਇਮ ਕਰਨ ਦੇ ਨਾਂ ‘ਤੇ ਸਿੱਖਾਂ ਨੂੰ ਲਾਵਾਰਿਸ ਲਾਸ਼ਾਂ ਬਣਾਇਆ ਗਿਆ। ਇਸ ਦੌਰ ਤੋਂ ਬਾਅਦ ਰਵਾਇਤੀ ਸਿੱਖ ਲੀਡਰਸ਼ਿਪ ਨੇ ਸਿੱਖ ਕੌਮ ਨਾਲ ਸੱਤਾ ਦੇ ਲਾਲਚ ‘ਚ ਧੋਖਾ ਕੀਤਾ। ਇਹ ਦੁਖਾਂਤ 18ਵੀਂ ਸਦੀ ਦੇ ਸਿੱਖ ਘੱਲੂਘਾਰਿਆਂ ਤੇ ਚਮਕੌਰ ਦੀ ਗੜ੍ਹੀ ਦੇ ਦ੍ਰਿਸ਼ ਤੋਂ ਵੱਖਰਾ ਨਹੀਂ ਸੀ। ਜੇਕਰ ਸਿੱਖ ਉਸ ਸਮੇਂ ਚੜ੍ਹਦੀ ਕਲਾ ‘ਚ ਰਹਿ ਸਕਦੇ ਹਨ, ਤਾਂ ਹੁਣ ਅਜਿਹਾ ਕੀ ਬੀਤਿਆ ਹੈ ਕਿ ਦੋ ਘੱਲੂਘਾਰਿਆਂ ਤੋਂ ਬਾਅਦ ਸਿੱਖਾਂ ਵਿੱਚੋਂ ਗੁਰੂ ਦਾ ਸੁਹਜ ਹੀ ਗਾਇਬ ਹੋ ਗਿਆ ਹੈ। ਇਸ ਤਰ੍ਹਾਂ ਜਾਪਦਾ ਹੈ ਕਿ ਸਿੱਖ ਲੀਡਰਸ਼ਿਪ ਨੇ ਗੁਰੂਆਂ ਦੀ ਵਿਚਾਰਧਾਰਾ ‘ਚ ਮਿਲਾਵਟੀ ਰੰਗ ਭਰ ਕੇ ਮਾਇਆਵਾਦੀ, ਕਰਮ-ਕਾਂਡੀ ਤੇ ਸੱਤਾ ਦੀ ਦੌੜ ਵਿੱਚ ਆਪਣੇ-ਆਪ ਨੂੰ ਜਜ਼ਬ ਕਰ ਲਿਆ। ਪੰਥ ਦੀਆਂ ਮੰਗਾਂ ਤੇ ਮਸਲਿਆਂ ਨਾਲੋਂ ਨਾਤਾ ਤੋੜ ਲਿਆ ਤੇ ਸਮੁੱਚੀ ਕੌਮ ਨੂੰ ਦਿਸ਼ਾਹੀਣ ਕਰ ਦਿੱਤਾ।
ਅਸੀਂ ਇਕ ਅਜਿਹੇ ਪੜਾਅ ‘ਤੇ ਆ ਪਹੁੰਚੇ ਹਾਂ ਜਿੱਥੇ ਸਾਨੂੰ ਆਪਣੇ ਅੰਦਰ ਇਕ ਡੂੰਘੀ ਝਾਤ ਮਾਰਨੀ ਪੈਣੀ ਹੈ। ਜਦੋਂ ਕੌਮ ਆਪਣੇ ਪੈਗੰਬਰਾਂ ਦੀ ਪਹਿਲ ਤਾਜ਼ਗੀ ਨਾਲੋਂ ਟੁੱਟਣ ਲੱਗਦੀ ਹੈ ਤਾਂ ਕੌਮਾਂ ਵਿਚ ਖੜੋਤ ਆ ਜਾਂਦੀ ਹੈ। ਇਹ ਸਭ ਹੁਣ ਸਾਡੇ ਨਾਲ ਬੀਤ ਰਿਹਾ ਹੈ। ਇਹ ਵੇਲਾ ਹੈ ਕਿ ਅਸੀਂ ਆਪਣੀ ਅੰਤਰ-ਦ੍ਰਿਸ਼ਟੀ ਨਾਲ ਇਸ ਸਭ ਕੁਝ ਦਾ ਲੇਖਾ-ਜੋਖਾ ਕਰੀਏ। ਇਹ ਨੁਕਤਾ ਸਪੱਸ਼ਟ ਹੋ ਜਾਣਾ ਚਾਹੀਦਾ ਹੈ ਕਿ ਸਾਰਾ ਖ਼ਤਰਾ ਸਾਡੀ ਵੱਖਰੀ ਪਛਾਣ ਗੁਆਚਣ ਦਾ ਹੈ। ਆਰ. ਐਸ. ਐਸ., ਹਿੰਦੂ ਪ੍ਰੀਸ਼ਦ, ਸ਼ਿਵ ਸੈਨਾ, ਪਖੰਡੀ ਸਾਧ ਅਤੇ ਸਿੱਖ ਵਿਰੋਧੀ ਜਥੇਬੰਦੀਆਂ ਸਾਡੀ ਵੱਖਰੀ ਪਛਾਣ ਨੂੰ ਖੋਰਨ ‘ਤੇ ਤੁਲੀਆਂ ਹੋਈਆਂ ਹਨ। ਸੁਆਲ ਤਾਂ ਇਹ ਹੈ ਕਿ ਅਸੀਂ ਰਹਿਤ, ਇਖਲਾਕੀ ਸੁੱਚਤਾ, ਸੂਰਮਗਤੀ ਤੇ ਮੀਰੀ ਦਾ ਨਿਆਰਾ ਤੇ ਪਿਆਰਾ ਸਿਧਾਂਤ, ਸ਼ਬਦ ਗੁਰੂ ਪਹਿਰੇ ਦੇ ਅਧੀਨ ਦੁਨੀਆਂ ਦੇ ਸਭਨਾਂ ਸੁਆਰਥਾਂ ਤੋਂ ਅਛੋਹ ਅਤੇ ਉਚੇਰਾ ਕਿਵੇਂ ਰੱਖੀਏ?
ਅਜੋਕੇ ਸਮੇਂ ਸਿੱਖ ਅਮੀਰ ਹੁੰਦੇ ਜਾ ਰਹੇ ਹਨ, ਗੁਰਦੁਆਰੇ ਵੀ ਸੋਹਣੇ ਬਣ ਰਹੇ ਹਨ ਪਰ ਸਿੱਖੀ ਗਾਇਬ ਹੁੰਦੀ ਜਾ ਰਹੀ ਹੈ। ਸਿੱਖੀ ਸਿਦਕ ਹੁਣ ਦਿਖਾਈ ਨਹੀਂ ਦਿੰਦਾ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਵੇ, ਸਿੱਖਾਂ ਦਾ ਕੋਈ ਮਜ਼ਾਕ ਉਡਾ ਲਵੇ ਜਾਂ ਕਿਸੇ ਪ੍ਰਾਂਤ ਵਿੱਚ ਸਿੱਖਾਂ ‘ਤੇ ਫਿਰਕੂ ਹਮਲਾ ਹੋ ਜਾਵੇ, ਜਿਵੇਂ ਕਿ ਹੁਣ ਗੁਜਰਾਤ ਵਿੱਚ ਸਿੱਖ ਕਿਸਾਨਾਂ ਨਾਲ ਵਾਪਰਿਆ ਹੈ, ਪਰ ਸਿੱਖਾਂ ‘ਤੇ ਇਸ ਦਾ ਕੋਈ ਅਸਰ ਨਹੀਂ ਹੁੰਦਾ। ਸਿੱਖ ਜੱਥੇਬੰਦੀਆਂ, ਸ਼੍ਰੋਮਣੀ ਕਮੇਟੀ ਤੇ ਪੰਥਕ ਲੀਡਰਾਂ ਦਾ ਪ੍ਰਤੀਕਰਮ ਸਿਰਫ਼ ਅਖਬਾਰਾਂ ਵਿੱਚ ਬਿਆਨਬਾਜ਼ੀ ਤੱਕ ਹੀ ਸੀਮਤ ਰਹਿੰਦਾ ਹੈ। ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਸਿੱਖ ਸਮੱਸਿਆਵਾਂ ਨਾਲ ਨਾਤਾ ਤੋੜ ਚੁੱਕਿਆ ਹੈ। ਇਸ ਲਈ ਉਸ ਤੋਂ ਕਿਸੇ ਵੀ ਤਰ੍ਹਾਂ ਦੀ ਪੰਥਕ ਹਿੱਤਾਂ ਵਿੱਚ ਆਸ ਰੱਖਣੀ ਫ਼ਜ਼ੂਲ ਹੈ।
ਇਨ੍ਹਾਂ ਗੰਭੀਰ ਸਥਿਤੀਆਂ ਨੂੰ ਦੇਖਦੇ ਹੋਏ ਕਈ ਸਿੱਖ ਵਿਦਵਾਨ ਸੋਚਦੇ ਹਨ ਕਿ ਸਿੱਖਾਂ ਦਾ ਹੁਣ ਅੰਤਿਮ ਦੌਰ ਆ ਗਿਆ ਹੈ। ਹਰ ਕੋਈ ਪੁੱਛਦਾ ਹੈ ਕਿ ਕੀ ਬਣੇਗਾ ਸਿੱਖ ਕੌਮ ਦਾ? ਇਸ ਦਾ ਭਵਿੱਖ ਕੀ ਹੈ? ਕੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਲਗਾਇਆ ਹੋਇਆ ਸਿੱਖੀ ਦਾ ਬੂਟਾ ਹੁਣ ਆਖਰੀ ਸਾਹਾਂ ‘ਤੇ ਹੈ? ਕਿਤੇ ਇਸ ਦਾ ਹਾਲ ਮਹਾਰਾਣਾ ਪ੍ਰਤਾਪ ਦੀ ਔਲਾਦ ਵਰਗਾ ਤਾਂ ਨਹੀਂ ਹੋਵੇਗਾ ਜਿਹੜੇ ਪੰਜਾਬ ਦੀਆਂ ਗਲੀਆਂ ਦੇ ਵਿਚ ਬਾਲਟੀਆਂ ਨੂੰ ਥੱਲੇ ਲਾਉਣ ਦਾ ਹੋਕਾ ਦੇ ਕੇ ਜੁਝਾਰੂ ਕੌਮਾਂ ਤੋਂ ਘਸਿਆਰੇ ਬਣੇ ਹੋਏ ਸਿਰਫ ਆਪਣੀ ਰੋਜ਼ੀ-ਰੋਟੀ ਤੱਕ ਸੀਮਿਤ ਹਨ। ਥਾਂ ਟਿਕਾਣਾ ਵੀ ਕੋਈ ਨਹੀਂ, ਸਿਰਫ ਟੱਪਰੀਵਾਸੀ ਬਣੇ ਹੋਏ ਹਨ। ਪੁੱਛੀਏ ਤਾਂ ਬੜੇ ਦਾਅਵੇ ਨਾਲ ਕਹਿੰਦੇ ਹਨ ਕਿ ਅਸੀਂ ਮਹਾਰਾਣਾ ਪ੍ਰਤਾਪ ਦੀ ਔਲਾਦ ਹਾਂ। ਕਿਤੇ ਸਿੱਖਾਂ ‘ਤੇ ਇਹੋ ਜਿਹਾ ਦੌਰ ਤਾਂ ਨਹੀਂ ਆ ਜਾਵੇਗਾ ਕਿ ਉਨ੍ਹਾਂ ਵਿਚ ਮਹਾਰਾਣਾ ਪ੍ਰਤਾਪ ਦੀ ਔਲਾਦ ਵਾਂਗ ਚੜ੍ਹਦੀ ਕਲਾ ਦਾ ਅੰਸ਼ ਹੀ ਮੁੱਕ ਜਾਵੇ।
ਤੁਸੀਂ ਆਖੋਗੇ ਕਿ ਸਿੱਖ ਇੰਨੇ ਅਮੀਰ ਨੇ, ਹਰੇਕ ਖੇਤਰ ਵਿਚ ਮੱਲਾਂ ਮਾਰਦੇ ਜਾ ਰਹੇ ਨੇ,  ਕੈਨੇਡਾ ਵਿਚ ਐਮ.ਪੀ. ਬਣੇ ਹੋਏ ਹਨ, ਇੰਗਲੈਂਡ ਦੀ ਰਾਜਨੀਤੀ ਵਿਚ ਵੀ ਚੰਗੇ ਮਾਅਰਕੇ ਮਾਰ ਰਹੇ ਹਨ। ਇਸੇ ਤਰ੍ਹਾਂ ਆਸਟਰੇਲੀਆ, ਹਾਂਗਕਾਂਗ, ਅਮਰੀਕਾ,  ਕੈਨੇਡਾ ਪਤਾ ਨਹੀਂ ਕਿੰਨੇ ਦੇਸ਼ਾਂ ਵਿਚ ਸਿੱਖਾਂ ਨੇ ਆਪਣਾ ਨਾਂ ਚਮਕਾਇਆ ਹੈ। ਇਹ ਤਾਂ ਸਿੱਖਾਂ ਦੀ ਚੜ੍ਹਦੀ ਕਲਾ ਹੋਈ ਤਾਂ ਮਹਾਰਾਣਾ ਪ੍ਰਤਾਪ ਦੀ ਔਲਾਦ ਵਰਗਾ ਹਸ਼ਰ ਕਿਵੇਂ ਹੋ ਸਕਦਾ ਹੈ?
ਗੱਲ ਇਹ ਨਹੀਂ ਕਿ ਸਿੱਖ ਅਮੀਰ ਹੋ ਗਏ ਜਾਂ ਥੋੜ੍ਹਚਿਰੀ ਰਾਜਨੀਤਕ ਤਾਕਤ ਵਿਚ ਆ ਗਏ ਤਾਂ ਸਮੁੱਚੀ ਕੌਮ ਦੀ ਚੜ੍ਹਦੀ  ਕਲਾ ਹੋ ਗਈ। ਮਸਲਾ ਤਾਂ ਇਹ ਹੈ ਕਿ ਸਿੱਖਾਂ ਵਿਚ ਗੁਰੂ ਦੀ ਵਿਚਾਰਧਾਰਾ, ਗੁਰੂ ਦਾ ਸੁਹਜ ਗਾਇਬ ਹੋ ਗਿਆ ਹੈ।  ਇਸੇ ਲਈ ਉਨ੍ਹਾਂ ਵਿੱਚ ਸਮਾਜ ਦੀ ਅਗਵਾਈ ਕਰਨ ਦੀ ਸ਼ਕਤੀ ਨਹੀਂ। ਇਹੀ ਕਾਰਣ ਹੈ ਕਿ ਭਾਰਤ ਤੇ ਵਿਦੇਸ਼ਾਂ ਵਿੱਚ ਸਿੱਖਾਂ ‘ਤੇ ਨਸਲੀ ਤੇ ਫ਼ਿਰਕੂ ਹਮਲੇ ਹੋ ਰਹੇ ਹਨ। ਵਿਦੇਸ਼ਾਂ ਵਿੱਚ ਸਿੱਖਾਂ ਨੂੰ ਜਿਹਾਦੀ ਜਾਂ ਬਿਨ ਲਾਦੇਨ ਦੇ ਸਮੱਰਥਕ ਸਮਝਿਆ ਜਾ ਰਿਹਾ ਹੈ। ਅਮਰੀਕਾ ਵਿੱਚ ਇਸੇ ਕਰਕੇ ਨਸਲਵਾਦੀ ਗੋਰਿਆਂ ਵੱਲੋਂ ਕਈ ਵਾਰ ਹਮਲੇ ਕੀਤੇ ਜਾ ਚੁੱਕੇ ਹਨ। ਸਿੱਖ ਆਪਣੇ ਬਚਾਅ ਦੇ ਲਈ ਭੈਅ ਦੀ ਨੀਤੀ ਅਪਣਾ ਕੇ ਹਾਲ-ਦੁਹਾਈ ਪਾ ਰਹੇ ਹਨ ਕਿ ਅਸੀਂ ਸਿੱਖ ਹਾਂ ਤੇ ਸਾਡਾ ਇਸਲਾਮ ਨਾਲ ਕੋਈ ਸਬੰਧ ਨਹੀਂ ਹੈ। ਅਸੀਂ ਅੱਤਵਾਦੀ ਨਹੀਂ, ਸ਼ਾਂਤੀ ਪਸੰਦ ਹਾਂ। ਪਰ ਫਿਰ ਵੀ ਉਨ੍ਹਾਂ ਉੱਪਰ ਨਸਲੀ ਹਮਲੇ ਬੰਦ ਨਹੀਂ ਹੋ ਰਹੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਵਾਸੀ ਸਿੱਖ ਸੰਸਥਾਵਾਂ ਹਾਲੇ ਤੱਕ ਵਿਸ਼ਵ ਦੇ ਲੋਕਾਂ ਨੂੰ ਨਹੀਂ ਦੱਸ ਸਕੀਆਂ ਕਿ ਸਿੱਖ ਧਰਮ ਦਾ ਮਨੋਰਥ ਕੀ ਹੈ, ਸਿੱਖ ਕੌਣ ਹਨ ਤੇ ਸਿੱਖਾਂ ਦੀ ਬਾਕੀ ਧਰਮਾਂ ਦੇ ਲੋਕਾਂ ਨਾਲੋਂ ਕੀ ਵੱਖਰੀ ਪਛਾਣ ਹੈ? ਵੱਡੀ ਗੱਲ ਇਹ ਹੈ ਕਿ ਅਸੀਂ ਗੁਰੂਆਂ ਦੀ ਵਿਚਾਰਧਾਰਾ ਸਰਬੱਤ ਦੇ ਭਲੇ ਨੂੰ ਪ੍ਰੋਜੈਕਟ ਕਰਕੇ ਨਸਲਵਾਦ ਵਿਰੁੱਧ ਵਿਸ਼ਵ ਪੱਧਰ ‘ਤੇ ਲਹਿਰ ਹੀ ਨਹੀਂ ਤੋਰ ਸਕੇ, ਜਿਸ ਕਾਰਨ ਸਾਨੂੰ ਵਿਸ਼ਵ ਪੱਧਰ ‘ਤੇ ਜ਼ਲੀਲ ਹੋਣਾ ਪੈ ਰਿਹਾ ਹੈ। ਇਨ੍ਹਾਂ ਘਟਨਾਵਾਂ ਤੋਂ ਪ੍ਰਤੱਖ ਹੈ ਕਿ ਸ਼੍ਰੋਮਣੀ ਕਮੇਟੀ ਤੇ ਪੰਥਕ ਸੰਸਥਾਵਾਂ ਦੀ ਅਗਵਾਈ ਕਰਨ ਵਾਲੀ ਲੀਡਰਸ਼ਿਪ ਗਿਆਨਵਾਨ ਨਹੀਂ ਹੈ ਤੇ ਨਾ ਹੀ ਗੁਰੂ ਨੂੰ ਪ੍ਰਨਾਈ ਹੋਈ ਹੈ। ਇੱਥੋਂ ਤੱਕ ਕਿ ਉਨ੍ਹਾਂ ਵਿੱਚ ਕੌਮ ਦੀ ਅਗਵਾਈ ਕਰਨ ਦੀ ਯੋਗਤਾ ਨਹੀਂ ਹੈ। ਜੇਕਰ ਇਹ ਯੋਗਤਾ ਹੁੰਦੀ, ਤਾਂ ਸਿੱਖ ਕੌਮ ਕਦੇ ਨਿਘਾਰ ਵੱਲ ਨਾ ਜਾਂਦੀ।
ਰਾਜਨੀਤਕ ਲੀਡਰਾਂ ਨੂੰ ਵੀ ਇਹ ਗੱਲ ਪੱਲੇ ਬੰਨ ਲੈਣੀ ਚਾਹੀਦੀ ਹੈ ਕਿ ਜੇਕਰ ਸਿੱਖਾਂ ਦੀ ਵਿਚਾਰਧਾਰਾ ਇਸੇ ਤਰ੍ਹਾਂ ਮਰਦੀ ਰਹੀ ਤਾਂ ਉਨ੍ਹਾਂ ਦੇ ਰਾਜ-ਪਾਟ ਦੇ ਦਿਨ ਵੀ ਪੁੱਗ ਜਾਣਗੇ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਵੋਟਾਂ ਦੇ ਲਈ ਸਿੱਖ ਸਿਧਾਂਤਾਂ ਦਾ ਬਲੀਦਾਨ ਨਾ ਦੇਣ ਅਤੇ ਗੁਰੂਆਂ ਦੀ ਚਿਣਗ ਸਿੱਖਾਂ ਵਿਚ ਬਹਾਲ ਰੱਖਣ ਦੇ ਲਈ ਜੱਦੋ-ਜਹਿਦ ਕਰਨ।
ਨਮੋਸ਼ੀ ਵਾਲੀ ਗੱਲ ਇਹ ਹੈ ਕਿ ਸਾਡੇ ਵਿਚ ਪੰਥ ਵਾਲੀ ਗੱਲ ਨਹੀਂ ਰਹਿ ਗਈ। ਪੰਥ ਦਾ ਅਰਥ ਸਮੂਹ ਸਿੱਖਾਂ ਵਿਚ ਗੁਰਮਤਿ ਸਿਧਾਂਤਾਂ ਅਨੁਸਾਰ ਏਕਤਾ ਹੈ। ਇਸ ਏਕਤਾ ਦਾ ਪ੍ਰਦਰਸ਼ਨ ਨਵੀਂ ਸਦੀ ਵਿਚ ਦੇਖਣ ਨੂੰ ਨਹੀਂ ਮਿਲ ਰਿਹਾ। ਸਾਡਾ ਭਾਈਚਾਰਾ ਕਿਤੇ ਵੀ ਵਸਿਆ ਹੋਇਆ ਹੈ, ਉਸ ਦੇ ਪ੍ਰਚਾਰਕ ਤੇ ਗ੍ਰੰਥੀ ਪ੍ਰਭਾਵਹੀਣ, ਅਨਪੜ੍ਹ ਹਨ ਜੋ ਸੰਗਤਾਂ ਨੂੰ ਪਖੰਡਾਂ ਅਤੇ ਅੰਧ-ਵਿਸ਼ਵਾਸਾਂ ਵਾਲੀਆਂ ਸਾਖੀਆਂ, ਕਹਾਣੀਆਂ ਸੁਣਾ ਕੇ ਗੁਰੂ ਦੀ ਵਿਚਾਰਧਾਰਾ ਤੋਂ ਉਲਟ ਬ੍ਰਾਹਮਣਵਾਦ ਵੱਲ ਧਕੇਲ ਰਹੇ ਹਨ ਅਤੇ ਆਧੁਨਿਕ ਯੁੱਗ ਦੇ ਸੰਦਰਭ ਵਿੱਚ ਗੁਰਮਤਿ ਅਨੁਸਾਰ ਸੇਧ ਦੇਣ ਤੋਂ ਅਸਮੱਰਥ ਹਨ। ਇਹੀ ਕਾਰਨ ਹੈ ਕਿ ਗੁਰਦੁਆਰਿਆਂ ਵਿੱਚ ਅਖੰਡ ਪਾਠਾਂ ਦੀ ਲੜੀ ਚੱਲ ਰਹੀ ਹੈ, ਕਰਾਮਾਤੀ ਤੇ ਚਮਤਕਾਰੀ ਕਹਾਣੀਆਂ ਸੁਣਾਈਆਂ ਜਾ ਰਹੀਆਂ ਹਨ। ਇਸੇ ਪ੍ਰਭਾਵ ਅਧੀਨ ਹੀ ਸਿੱਖ ਅੰਧ-ਵਿਸ਼ਵਾਸੀ ਬਿਰਤੀ ਅਧੀਨ ਡੇਰਾਵਾਦ, ਮੂਰਤੀ, ਸਰਪ, ਦੇਵ ਪੂਜਾ ਕਰ ਰਹੇ ਹਨ। ਇੱਥੋਂ ਤੱਕ ਕਿ ਦੁਸਹਿਰਾ, ਦੀਵਾਲੀ, ਕੰਜਕਾਂ ਤੇ ਮਨਮਤੀ ਤੇ ਕਰਮਕਾਂਡੀ ਤਿਉਹਾਰ ਆਦਿ ਪੂਜ ਕੇ ਸਨਾਤਨੀ ਪਰੰਪਰਾ ਦਾ ਹਿੱਸਾ ਬਣ ਰਹੇ ਹਨ। ਜੇਕਰ ਗੁਰਬਾਣੀ ਦੀ ਸ਼ੁੱਧ ਤੇ ਵਿਗਿਆਨਕ ਵਿਆਖਿਆ ਕੀਤੀ ਹੁੰਦੀ, ਤਾਂ ਸਿੱਖ ਸਮਾਜ ਇਸ ਅਧੋਗਤੀ ਵਿੱਚ ਨਹੀਂ ਸੀ ਜਾਣਾ ਤੇ ਨਾ ਹੀ ਗੁਰੂਆਂ ਦੀ ਵਿਚਾਰਧਾਰਾ ਨਾਲੋਂ ਟੁੱਟਣਾ ਸੀ। ਅੱਜ ਸਿੱਖ ਪੰਥ ਵਿੱਚ ਜਾਤਾਂ, ਧੜਿਆਂ ਦੀ ਵੰਡ ਦਾ ਕਾਰਣ ਹੀ ਇਹੀ ਹੈ ਕਿ ਸਿੱਖਾਂ ਵਿੱਚ ਗੁਰੂਆਂ ਦੀ ਵਿਚਾਰਧਾਰਾ ਦਾ ਸੁਨੇਹਾ ਨਹੀਂ ਜਾ ਰਿਹਾ।
ਸਿੱਖਾਂ ਦਾ ਚੰਗਾ ਅਕਸ ਦਿਨੋ-ਦਿਨ ਘਟਦਾ ਜਾ ਰਿਹਾ ਹੈ। ਉਹ ਅਯਾਸ਼ੀ ਵਿਚ ਖੁਭਦੇ ਜਾ ਰਹੇ ਹਨ। ਦੂਜੀ ਗੱਲ ਜਿਹੜੀ ਸਿੱਖਾਂ ਲਈ ਚਿੰਤਾ ਦਾ ਵਿਸ਼ਾ ਹੈ, ਉਹ ਇਹ ਹੈ ਕਿ ਪੰਜਾਬ ਦੀ ਸਿੱਖ ਜਵਾਨੀ ਨਸ਼ਿਆਂ ਦੀ ਲਪੇਟ ਵਿਚ ਆ ਗਈ ਹੈ। ਇੰਜ ਕਹਿ ਲਓ ਕਿ ਸਿੱਖ ਕੌਮ ਨਸ਼ਿਆਂ ਵਿਚ ਖੁਦਕੁਸ਼ੀ ਕਰ ਰਹੀ ਹੈ। ਹਰ ਪਿੰਡ ਵਿਚ ਨਸ਼ੇੜੀਆਂ ਤੇ ਨਸ਼ਿਆਂ ਦੇ ਸਮੱਗਲਰਾਂ ਦੀ ਦਹਿਸ਼ਤ ਹੈ। ਸਿਆਸੀ ਲੀਡਰਾਂ ਦੇ ਥਾਪੜੇ ਨਾਲ ਇਹ ਸਮਾਜ ਦਾ ਮਾਹੌਲ ਗੰਧਲਾ ਕਰ ਰਹੇ ਹਨ। ਨਸ਼ਿਆਂ ਵਿਚ ਗਰਕੇ ਇਹ ਸਿੱਖ ਨੌਜਵਾਨ ਜੁਰਮ ਦੀ ਦੁਨੀਆਂ ‘ਚ ਸ਼ਾਮਿਲ ਹੋ ਜਾਂਦੇ ਹਨ। ਪੰਜਾਬ ਵਿਚ ਵਧ ਰਹੀਆਂ ਜੁਰਮ ਦੀਆਂ ਘਟਨਾਵਾਂ ਇਸ ਗੱਲ ਦੀਆਂ ਗਵਾਹ ਹਨ। ਨਸ਼ਿਆਂ ਤੋਂ ਨੌਜਵਾਨਾਂ ਨੂੰ ਦੂਰ ਰੱਖਣ ਬਾਰੇ ਆਮ ਸਿੱਖਾਂ ਨੂੰ ਵਿਚਾਰ ਕਰਨੀ ਪਏਗੀ ਤੇ ਜਥੇਬੰਦਕ ਹੋ ਕੇ ਇਨ੍ਹਾਂ ਕੁਰੀਤੀਆਂ ਖ਼ਿਲਾਫ਼ ਸੰਘਰਸ਼ ਕਰਨਾ ਪਵੇਗਾ।
ਪੰਜਾਬ ਦਾ ਵਿੱਦਿਆ ਖੇਤਰ ਤਬਾਹ ਹੋ ਕੇ ਰਹਿ ਗਿਆ ਹੈ। ਬੇਰੁਜ਼ਗਾਰੀ ਤੇਜ਼ੀ ਨਾਲ ਵਧ ਰਹੀ ਹੈ, ਜੋ ਸਿੱਖ ਨੌਜਵਾਨ ਵਰਗ ਲਈ ਨਸ਼ਿਆਂ ਦਾ ਕਾਰਨ ਬਣ ਰਹੀ ਹੈ। ਇਹੀ ਢਹਿੰਦੀ ਕਲਾ ਸਿੱਖ ਨੌਜਵਾਨ ਵਰਗ ਨੂੰ ਜਰਾਇਮ-ਪੇਸ਼ਾ ਬਣਨ ਵੱਲ ਪ੍ਰੇਰ ਰਹੀ ਹੈ। ਇਸੇ ਕਾਰਨ ਪੰਜਾਬ ਵਿਚ ਬਲਾਤਕਾਰ, ਹਿੰਸਾ, ਗੁੰਡਾਗਰਦੀ ਦੀਆਂ ਘਟਨਾਵਾਂ ਵਧ ਰਹੀਆਂ ਹਨ। ਜਦੋਂ ਕੌਮ ਆਪਣੇ ਨਿਸ਼ਾਨੇ ਤੋਂ ਥਿੜਕ ਜਾਵੇ, ਜੰਗ ਹਾਰਨ ਤੋਂ ਬਾਅਦ ਲੀਡਰਸ਼ਿਪ ਕੋਈ ਸੇਧ ਨਾ ਦੇ ਸਕੇ ਤਾਂ ਉਹੀ ਕੁਝ ਬਣਦਾ ਹੈ ਜੋ ਅੱਜ ਸਿੱਖ ਕੌਮ ਨਾਲ ਬਣ ਰਿਹਾ ਹੈ।
ਸਭ ਤੋਂ ਅਹਿਮ ਸੰਕਟ ਹੈ ਕਿ ਸਿੱਖ ਸਮਾਜ ਉੱਪਰ ਧਨਾਢ ਲੋਕਾਂ ਦਾ ਕਬਜ਼ਾ ਹੋ ਚੁੱਕਾ ਹੈ, ਜਿਸ ਨੂੰ ਬਾਬੇ ਨਾਨਕ ਦੀ ਭਾਸ਼ਾ ਵਿੱਚ ਮਲਕ ਭਾਗੋ ਕਿਹਾ ਜਾ ਸਕਦਾ ਹੈ। ਇਹ ਲੋਕ ਸਿੱਖ ਕੌਮ ਦੀਆਂ ਅਹਿਮ ਸੰਸਥਾਵਾਂ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਅਕਾਲ ਤਖ਼ਤ ਸਾਹਿਬ, ਵੱਡੇ ਗੁਰੂ-ਘਰਾਂ ‘ਤੇ ਕਾਬਜ਼ ਹਨ, ਜਿੱਥੋਂ ਕਿ ਸਿੱਖ ਹਿੱਤਾਂ ਤੇ ਭਵਿੱਖ ਲਈ ਫ਼ੈਸਲੇ ਲਏ ਜਾਂਦੇ ਹਨ। ਹੁਣ ਸਿੱਖਾਂ ਲਈ ਗੁਰੂਆਂ ਦੀ ਵਿਚਾਰਧਾਰਾ ‘ਤੇ ਪਹਿਰਾ ਦੇ ਕੇ ਆਦਰਸ਼ਵਾਦੀ ਸਮਾਜ ਦੀ ਸਿਰਜਣਾ ਕਰਨਾ ਏਜੰਡਾ ਨਹੀਂ ਰਿਹਾ। ਦਸਮ ਗ੍ਰੰਥ, ਰਾਗਮਾਲਾ, ਰਹਿਤ ਮਰਿਯਾਦਾ, ਗੁਰਦੁਆਰਿਆਂ ਦੀ ਸੁੰਦਰਤਾ, ਮਾਇਆ ਦਾ ਅਡੰਬਰ ਹੀ ਕੌਮ ਦਾ ਏਜੰਡਾ ਬਣਾ ਦਿੱਤਾ ਗਿਆ ਹੈ। ਗੁਰਦੁਆਰਿਆਂ ਉੱਪਰ ਵੀ ਇਨ੍ਹਾਂ ਧਨਾਢਾਂ ਦਾ ਕਬਜ਼ਾ ਹੋ ਚੁੱਕਾ ਹੈ ਤੇ ਕਿਰਤੀ ਵਰਗ ਦੇ ਭਾਈਚਾਰੇ ਨੂੰ ਸਿੱਖੀ ਸੰਕਲਪ ਤੋਂ ਪਰ੍ਹੇ ਧੱਕ ਦਿੱਤਾ, ਜਿਸ ਕਰਕੇ ਕਿਰਤੀ ਸਿੱਖ ਵਰਗ ਡੇਰਿਆਂ ਦੀ ਸ਼ਕਤੀ ਤੇ ਸ਼ਰਧਾਲੂ ਬਣ ਰਿਹਾ ਹੈ। ਇਹੀ ਕਾਰਣ ਹੈ ਕਿ ਸਿੱਖ ਕੌਮ ਦੀ ਸ਼ਕਤੀ ਦਿਨੋਂ-ਦਿਨ ਕਮਜ਼ੋਰ ਹੋ ਰਹੀ ਹੈ ਤੇ ਡੇਰਾਵਾਦ ਸਿੱਖ ਕੌਮ ਲਈ ਕਿਰਤੀ ਵਰਗ ਦੀ ਸ਼ਕਤੀ ਕਾਰਨ ਸਿਰਫ਼ ਚੈਲਿੰਜ ਹੀ ਨਹੀਂ ਬਣ ਰਿਹਾ, ਲਲਕਾਰ ਵੀ ਰਿਹਾ ਹੈ। ਸਿੱਖ ਕੌਮ ਦੀ ਘਟ ਰਹੀ ਤਾਕਤ ਕਾਰਨ ਉਸ ਦੀ ਰਾਜਨੀਤਕ ਸ਼ਕਤੀ ਵੀ ਗੁਆਚ ਰਹੀ ਹੈ। ਇਸ ਸਮੇਂ ਸਾਡੇ ਸਾਹਮਣੇ ਤਿੰਨ ਮਸਲੇ ਗੰਭੀਰ ਹਨ-ਗ਼ਰੀਬੀ, ਭੁੱਖਮਰੀ ਤੇ ਨਸਲਵਾਦ। ਇਨ੍ਹਾਂ ਦੇ ਹੱਲ ਲਈ ਜਿੰਨਾ ਚਿਰ ਤੱਕ ਅਸੀਂ ਗੁਰੂਆਂ ਦੀ ਵਿਚਾਰਧਾਰਾ ਅਨੁਸਾਰ ਸੰਘਰਸ਼ਸ਼ੀਲ ਨਹੀਂ ਹੁੰਦੇ, ਉੱਨਾ ਚਿਰ ਤੱਕ ਅਸੀਂ ਖੁਆਰ ਹੁੰਦੇ ਰਹਾਂਗੇ। ਯਾਦ ਰੱਖਣਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਿੱਖ ਪੰਥ ਦਾ ਏਜੰਡਾ ਨਸਲਵਾਦ ਤੇ ਕੁਰੱਪਟ ਰਾਜਾਸ਼ਾਹੀ ਵਿਰੁੱਧ ਵਿਦਰੋਹ ਤੇ ਸੰਘਰਸ਼, ਸੇਵਾ ਰਾਹੀਂ ਗ਼ਰੀਬੀ ਤੇ ਭੁੱਖਮਰੀ ਦੀ ਮੁਕਤੀ ਲਈ ਪ੍ਰਤੀਬੱਧ ਹੋਣਾ, ਰਿਹਾ ਹੈ। ਇਸੇ ਤਹਿਤ ਹੀ ਸਿੱਖ ਪੰਥ ਵਰਗੀ ਕ੍ਰਾਂਤੀਕਾਰੀ ਲਹਿਰ ਦੀ ਉਸਾਰੀ ਹੋਈ ਸੀ ਤੇ ਖਾਲਸਾ ਰਾਜ ਵਿੱਚ ਤਬਦੀਲ ਹੋਈ ਸੀ। ਗੁਰੂ ਨਾਨਕ ਸਾਹਿਬ ਜਪੁਜੀ ਸਾਹਿਬ ਦੇ ਆਰੰਭ ਵਿੱਚ ਜੀਵਨ ਮੁਕਤੀ ਦੇ ਸੁਚੱਜੇ ਸਮਾਜ ਤੇ ਚੰਗੇ ਮਨੁੱਖ ਦੀ ਘਾੜਤ ਲਈ ਇਕ ਸੁਆਲ ਪਾਉਾਂਦੇ ਨ ‘ਕਿਵ ਸਚਿਆਰਾ ਹੋਈਐ ਕਿ ਕੂੜੇ ਤੂਟੈ ਪਾਲਿ।।’ ਤੇ ਆਪ ਹੀ ਉੱਤਰ ਦਿੰਦੇ ਹਨ, ‘ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ।’ ਇਸ ਦਾ ਅਰਥ ਇਹੀ ਹੈ ਕਿ ਜੇਕਰ ਸਿੱਖ ਕੌਮ ਨੇ ਇਸ ਸੰਸਾਰ ਵਿੱਚ ਆਪਣੀ ਹੋਂਦ ਬਰਕਰਾਰ ਰੱਖਣੀ ਹੈ ਤੇ ਖਾਲਸਾ ਪੰਥ ਦਾ ਵਿਕਾਸ ਕਰਦਿਆਂ ‘ਖਾਲਸਾ ਰਾਜ’ ਹਾਸਲ ਕਰਨਾ ਹੈ ਤਾਂ ਹਰੇਕ ਸਿੱਖ ਨੂੰ ਸੱਚਾਈ ਦਾ ਇਹ ਮਾਰਗ ਅਪਨਾ ਕੇ ਲੁੱਟ ਖਸੁੱਟ, ਚਰਿੱਤਰਹੀਣਤਾ, ਅੰਧ-ਵਿਸ਼ਵਾਸ ਤੇ ਮਾਨਸਿਕ ਗੁਲਾਮੀ ਤੋਂ ਛੁਟਕਾਰਾ ਪਾਉਣ ਲਈ ਸੰਘਰਸ਼ਸ਼ੀਲ ਹੋਣਾ ਪਵੇਗਾ। ਸੋ ਇਸ ਲਈ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਅਮਲੀ ਰੂਪ ਵਿੱਚ ਜੀਵਨ ਦਾ ਅੰਗ ਬਣਾ ਕੇ ਕਰਮਕਾਂਡੀ ਤੇ ਮੂਰਤੀ ਪੂਜਕ ਬਾਬਿਆਂ ਤੋਂ ਮੁਕਤ ਹੋਣਾ ਪਵੇਗਾ। ਰਾਜਨੀਤੀ ਨੂੰ ਲੁਟੇਰਿਆਂ ਤੇ ਅਪਰਾਧੀਆਂ ਤੋਂ ਮੁਕਤ ਕਰਨ ਦੇ ਲਈ ਲੋਕ ਸੰਘਰਸ਼ ਕਰਨਾ ਪਵੇਗਾ। ਗੁਰਧਾਮਾਂ ਤੇ ਸਿੱਖ ਸੰਸਥਾਵਾਂ ਨੂੰ ਕੁਰੱਪਟ ਤੇ ਚਰਿੱਤਰਹੀਣ ਪ੍ਰਬੰਧਕਾਂ ਤੋਂ ਆਜ਼ਾਦ ਕਰਵਾਉਣਾ ਪਵੇਗਾ। ਫਿਰਕਾਪ੍ਰਸਤਾਂ ਦੀਆਂ ਸ਼ਾਤਰਾਣਾ ਚਾਲਾਂ ਨੂੰ ਸਮਝਦਿਆਂ ਹੋਇਆਂ ਲੋਕਾਂ ਨੂੰ ਦਲੀਲ ਨਾਲ ਆਪਣੇ ਨਾਲ ਸਹਿਮਤ ਕਰਨਾ ਪਵੇਗਾ, ਘੱਟ ਗਿਣਤੀਆਂ ਤੇ ਦਲਿਤਾਂ ਨਾਲ ਹੋ ਰਹੀਆਂ ਵਧੀਕੀਆਂ ਵਿਰੁੱਧ ਆਵਾਜ਼ ਬੁਲੰਦ ਕਰਨੀ ਪਵੇਗੀ। ਆਪਣੇ ਹੱਕਾਂ ਦੀ ਪ੍ਰਾਪਤੀ ਤੇ ਉਨ੍ਹਾਂ ਨਾਲ ਜੁੜੀਆਂ ਮੰਗਾਂ ਦੀ ਪ੍ਰਾਪਤੀ ਲਈ ਸਦਾ ਯਤਨਸ਼ੀਲ ਰਹਿਣਾ ਪਵੇਗਾ। ਇਹ ਯਾਦ ਰੱਖ ਲੈਣਾ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਏਨਾ ਮਜ਼ਬੂਤ ਹੈ ਕਿ ਜੇਕਰ ਉਸ ਉੱਪਰ ਅਸੀਂ ਪਹਿਰਾ ਦੇਈਏ ਤਾਂ ਸਾਡੀ ਕੋਈ ਵੀ ਜੜ੍ਹ ਨਹੀਂ ਪੁੱਟ ਸਕੇਗਾ।
ਸੋ, ਇਸ ਮੰਤਵ ਲਈ ਕਿਰਤੀ ਤੇ ਗਰੀਬ ਸਿੱਖਾਂ ਨੂੰ ਸਿੱਖ ਭਾਈਚਾਰੇ ਦੀ ਸ਼ਕਤੀ ਤੇ ਤਾਕਤ ਬਣਾਉਣਾ ਪਵੇਗਾ। ਅੰਧ-ਵਿਸ਼ਵਾਸਾਂ, ਕਰਮ-ਕਾਂਡਾਂ ‘ਚੋਂ ਨਿਕਲ ਕੇ ਸੱਚ ਆਚਾਰ ਨਾਲ ਜੁੜਨਾ ਪਵੇਗਾ ਤੇ ਜਾਤ-ਪਾਤ, ਰੰਗ-ਭੇਦ ਦੇ ਮਸਲਿਆਂ ਤੋਂ ਪਾਰ ਹੋ ਕੇ ਸੋਚਣਾ ਪਵੇਗਾ। ਇਹ ਮਸਲੇ ਹਥਿਆਰਾਂ ਦੀ ਸ਼ਕਤੀ ਜਾਂ ਲਹਿਰ ਨਾਲ ਹੱਲ ਨਹੀਂ ਹੋਣ ਵਾਲੇ। ਇਸ ਸੰਬੰਧ ਵਿੱਚ ਸਾਨੂੰ ਗੁਰਮਤਿ ਦੇ ਆਧਾਰ ‘ਤੇ ਸੰਵਾਦ ਤੇ ਜਾਗ੍ਰਿਤੀ ਲਹਿਰ ਦੀ ਲੋੜ ਹੈ, ਜੋ ਕਿ ਸਿੱਖ ਸਮਾਜ ਨੂੰ ਗੁਰਮਤਿ ਮਾਡਲ ਨਾਲ ਅਮਲੀ ਤੌਰ ‘ਤੇ ਜੋੜੇ।