ਉਜੱਡਾਂ ਵਿੱਚ ਘਿਰਿਆ ਅਹਿਮਕ…

ਉਜੱਡਾਂ ਵਿੱਚ ਘਿਰਿਆ ਅਹਿਮਕ…

ਹਰੀਸ਼ ਖਰੇ
ਮਾਈਕਲ ਵੁਲਫ ਦੀ ਪੁਸਤਕ ‘ਫਾਇਰ ਐਂਡ ਫਯੂਰੀ- ਇਨਸਾਈਡ ਦਿ ਟਰੰਪ ਵਾÂ੍ਹੀਟ ਹਾਊਸ’ (ਰੋਹ ਤੇ ਦਵੇਸ਼: ਟਰੰਪ ਦੇ ਵਾਈਟ ਹਾਊਸ ਦਾ ਅੰਦਰੂਨੀ ਜਗਤ) ਪੂਰੀ ਦੁਨੀਆਂ ਵਿੱਚ ਸਭ ਤੋਂ ਵੱਧ ਵਿਕਣ ਵਾਲੀਆਂ ਪੁਸਤਕਾਂ ਵਿੱਚ ਸ਼ੁਮਾਰ ਹੋ ਗਈ ਹੈ ਕਿਉਂਕਿ ਇਸ ਵਿੱਚ ਇੱਕ ਮਸਾਲੇਦਾਰ ਕ੍ਰਿਤ ਵਾਲੇ ਸਾਰੇ ਗੁਣ ਮੌਜੂਦ ਹਨ- ਇਹ ਇੱਕ ਅਜਿਹੇ ਵਿਅਕਤੀ ਦੇ ਮਨ ਤਕ ਰਸਾਈ ਅਤੇ ਪ੍ਰਭਾਵ ਪਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦੀ ਬੰਨ੍ਹ ਕੇ ਬਿਠਾਉਣ ਯੋਗ ਤੇ ਦਿਲਚਸਪ ਢੰਗ ਨਾਲ ਲਿਖੀ ਗਈ ਕਹਾਣੀ ਹੈ ਜੋ ਦੁਨੀਆਂ ਦੇ ਸਭ ਤੋਂ ਵਧੇਰੇ ਸ਼ਕਤੀਸ਼ਾਲੀ ਅਤੇ ਅਹਿਮ ਅਹੁਦੇ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਸੀ।
ਮੁੱਢਲੇ ਰੂਪ ਵਿੱਚ ਇਹ ਬਹੁਤ ਦਿਲਚਸਪ ਹੋਣ ਦੇ ਨਾਲ ਨਾਲ ਮਨ ਨੂੰ ਡੂੰਘਾਈਆਂ ਤਕ ਅਸ਼ਾਂਤ ਕਰ ਦੇਣ ਵਾਲੀ ਪੁਸਤਕ ਵੀ ਹੈ ਕਿਉਂਕਿ ਇਹ (ਵਾÂ੍ਹੀਟ ਹਾਊਸ ਦੇ) ਅੰਦਰੂਨੀ ਸਰੋਤਾਂ ਅਤੇ ਉਨ੍ਹਾਂ ਦੀਆਂ ਕੁਸੈਲੀਆਂ ਤਾਜ਼ਾ ਯਾਦਾਂ ‘ਤੇ ਆਧਾਰਿਤ ਹੈ। ਟਰੰਪ ਦੀ ਅਗਵਾਈ ਵਾਲਾ ਵਾÂ੍ਹੀਟ ਹਾਊਸ ਪੂਰੀ ਤਰ੍ਹਾਂ ਧੜੇਬਾਜ਼ੀ ਵਾਲੀ ਥਾਂ ਹੈ ਜਿੱਥੇ ਤਿਕੜਮਬਾਜ਼ਾਂ ਦਾ ਹਜੂਮ ਅਤੇ ਵਿਚਾਰਵਾਨ ਆਪੋ ਆਪਣੇ ਹਿਸਾਬ ਨਾਲ ਕੰਮਕਾਜੀ ਪ੍ਰੋਟੋਕੋਲ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੁੱਢਲਾ ਝਗੜਾ ਜਾਰਵਾਂਕਾ (ਰਾਸ਼ਟਰਪਤੀ ਡੋਨਲਡ ਟਰੰਪ ਦੀ ਧੀ ਇਵਾਂਕਾ, ਉਸ ਦਾ ਪਤੀ ਜੇਅਰਡ ਕੁਸ਼ਨਰ ਅਤੇ ਇਸ ਜੋੜੇ ਵੱਲੋਂ ਵਾÂ੍ਹੀਟ ਹਾਊਸ ਵਿੱਚ ਸੁਰੱਖਿਆ ਤੇ ਵਿੱਤੀ ਸਲਾਹਕਾਰਾਂ ਵਜੋਂ ਨਿਯੁਕਤ ਕਰਵਾਏ ਗਏ ਉੱਘੀ ਬਹੁਕੌਮੀ ਵਿੱਤੀ ਕੰਪਨੀ ਗੋਲਡਮੈਨ ਸੈਕਸ ਦੇ ਸਾਬਕਾ ਅਧਿਕਾਰੀ) ਅਤੇ ਬੈਨਨਾਈਟਸ (ਨਿਰਪੇਖਤਾਵਾਦੀ ਸੱਜੇ-ਪੱਖੀ ਤੇ ਬੁਨਿਆਦੀ ਤੌਰ ‘ਤੇ ਸਥਾਪਤੀ ਵਿਰੋਧੀ ਸ਼ਖ਼ਸ ਸਟੀਵ ਬੈਨਨ ਅਤੇ ਉਸ ਦੇ ਵਿਚਾਰਧਾਰਕ ਮਿੱਤਰਾਂ) ਦਰਮਿਆਨ ਹੈ। ਬੈਨਨ ਦੇ ਹਮਾਇਤੀ ਕੁਸ਼ਨਰ ਨੂੰ ‘ਅੰਤਾਂ ਦਾ ਮੂਰਖ ਅਤੇ ਉਪਹਾਸ ਦਾ ਪਾਤਰ’ ਸਮਝਦੇ ਹਨ। ਦੂਜੀ ਧਿਰ ਵੱਲੋਂ ਬੈਨਨ ਨੂੰ ‘ਅਧਖੜ ਉਮਰ ਪਾਰ ਕਰ ਚੁੱਕੇ ਗ਼ੈਰ-ਸਮਾਜੀ ਤੇ ਕੁਜੋੜ’ ਵਿਅਕਤੀ ਵਜੋਂ ਪੇਸ਼ ਕੀਤਾ ਜਾਂਦਾ ਹੈ ਜਿਸ ਨੂੰ ‘ਹੋਰਾਂ ਨਾਲ ਨਿਭਾਉਣ ਲਈ ਬਹੁਤ ਜ਼ਿਆਦਾ ਕੋਸ਼ਿਸ਼ਾਂ ਕਰਨੀਆਂ ਪਈਆਂ ਜੋ ਕਾਮਯਾਬ ਨਹੀਂ ਹੋ ਸਕੀਆਂ’
ਜਾਰਵਾਂਕਾ ਜੁੰਡਲੀ ਜਿੱਤ ਗਈ ਅਤੇ ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ ਸਟੀਵ ਬੈਨਨ ਨੂੰ ਬੇਇੱਜ਼ਤ ਕਰਕੇ ਅਹੁਦੇ ਤੋਂ ਹਟਾ ਦਿੱਤਾ ਗਿਆ (ਜੋ ਮਾਈਕਲ ਵੁਲਫ ਦੀ ਪੁਸਤਕ ਲਈ ਮੁੱਢਲਾ ਸਰੋਤ ਬਣਿਆ)।
ਟਰੰਪ ਦਾ ਵਾÂ੍ਹੀਟ ਹਾਊਸ ਪੂਰੀ ਤਰ੍ਹਾਂ ਪਰਿਵਾਰ ਕੇਂਦਰਿਤ ਵਿਵਸਥਾ ਬਣ ਗਿਆ ਹੈ। ਦੁਨੀਆਂ ਦੀ ਸਭ ਤੋਂ ਵਧੇਰੇ ‘ਸੰਸਥਾਗਤ’ ਜਮਹੂਰੀਅਤ ਦਾ ਰੁਤਬਾ ਘਟਾ ਕੇ ਇਸ ਨੂੰ ਮੱਧਯੁਗੀ ਦਰਬਾਰ ਵਰਗਾ ਬਣਾ ਦਿੱਤਾ ਗਿਆ ਹੈ ਜਿੱਥੇ ਪਰਿਵਾਰਕ ਵੰਡੀਆਂ ਧੜੇਬੰਦੀ ਦਾ ਰੂਪ ਧਾਰਨ ਕਰ ਲੈਂਦੀਆਂ ਸਨ ਤੇ ਇਹ ਧੜੇ ਬਾਦਸ਼ਾਹ ਦਾ ਧਿਆਨ ਖਿੱਚਣ ਲਈ ਆਪਸ ਵਿੱਚ ਝਗੜਦੇ ਰਹਿੰਦੇ ਸਨ।
ਕਿਹੋ ਜਿਹਾ ਬਾਦਸ਼ਾਹ ਹੈ! ਵੁਲਫ ਦੇ ਵੇਰਵਿਆਂ ਤੋਂ ਸਮੁੱਚੇ ਤੌਰ ‘ਤੇ ਬਹੁਤ ਹੀ ਨਿਕੰਮੇ ਰਾਸ਼ਟਰਪਤੀ ਦੀ ਤਸਵੀਰ ਉੱਘੜਦੀ ਹੈ। ਉਸ ਨੇ ਅਮਰੀਕੀ ਰਾਸ਼ਟਰਪਤੀ ਲਈ ਖ਼ਬਤੀ, ਅਜੀਬ, ਦਿਮਾਗ਼ ਦੇ ਢਿੱਲੇ ਪੇਚਾਂ ਵਾਲਾ, ਅਸਥਿਰ, ਖ਼ਰਦਿਮਾਗ਼ ਅਤੇ ਡਾਵਾਂਡੋਲ ਮਾਨਸਿਕਤਾ ਵਾਲਾ ਵਿਅਕਤੀ ਜਿਹੇ ਸ਼ਬਦ ਆਮ ਹੀ ਵਰਤੇ ਹਨ। ਉਸ ਨੂੰ ਕਿਸੇ ਕਿਸਮ ਦੇ ਸਮਾਜਿਕ ਅਨੁਸ਼ਾਸਨ ਤੋਂ ਵਿਹੂਣੇ ਆਦਮੀ ਵਜੋਂ ਪੇਸ਼ ਕੀਤਾ ਗਿਆ ਹੈ ਜੋ ‘ਨਫ਼ਾਸਤ ਦੇ ਨੇੜੇ-ਤੇੜੇ ਢੁਕਣ ਦੀ ਕੋਸ਼ਿਸ਼ ਵੀ ਨਹੀਂ ਕਰਦਾ।’  ਟਰੰਪ ਅਜਿਹਾ ਸ਼ਖ਼ਸ ਹੈ ਜਿਸ ਦੀ ‘ਅਸੂਲਾਂ ਮੁਤਾਬਿਕ ਕੰਮ ਕਰਨ ਵਿੱਚ ਕੋਈ ਦਿਲਚਸਪੀ ਨਹੀਂ ਜਾਂ ਉਸ ਵਿੱਚ ਅਸੂਲ ਮੁਤਾਬਿਕ ਚੱਲਣ ਦੀ ਸਮਰੱਥਾ ਹੀ ਨਹੀਂ।’  ਉਹ ਜ਼ਾਲਿਮਾਨਾ ਕਾਰਵਾਈਆਂ ਵੀ ਬੜੇ ਸੁਭਾਵਿਕ ਢੰਗ ਨਾਲ ਕਰ ਸਕਦਾ ਹੈ। ਇਸ ਤੋਂ ਵੀ ਉਪਰਲੀ ਗੱਲ ਹੈ ਕਿ ਉਹ ਪੂਰਾ ਬੇਸ਼ਊਰ ਹੈ।
ਜਦੋਂ ਪਾਠਕ ਇਨ੍ਹਾਂ ਖ਼ੁਸ਼ਨੁਮਾ ਵੇਰਵਿਆਂ ‘ਤੇ ਝਾਤ ਮਾਰਦਾ ਹੈ ਤਾਂ ਇੱਕ ਵਿਚਾਰ ਮਨ ਵਿੱਚ ਵਾਰ ਵਾਰ ਆਉਂਦਾ ਹੈ: ਅਮਰੀਕਾ ਵਰਗੇ ਮੁਲਕ- ਜੋ ਵਿਕਸਿਤ ਸੰਸਥਾਵਾਂ, ਮਜ਼ਬੂਤ ਨੀਂਹਾਂ ਅਤੇ ਯੂਨੀਵਰਸਿਟੀਆਂ ‘ਤੇ ਮਾਣ ਕਰਦਾ ਹੈ- ਨੇ ਇਸ ਆਦਮੀ ਨੂੰ ਰਾਸ਼ਟਰਪਤੀ ਕਿਵੇਂ ਚੁਣ ਲਿਆ? ਵੁਲਫ ਮੁਤਾਬਿਕ ਇਸ ਆਦਮੀ ਨੇ ਬੁਰੀ ਤਰ੍ਹਾਂ ਪ੍ਰੇਸ਼ਾਨ ਆਪਣੀ ਪਤਨੀ ਨੂੰ ਗੰਭੀਰਤਾ ਨਾਲ ਗਾਰੰਟੀ ਦਿੱਤੀ ਕਿ ‘ਉਹ ਕਿਸੇ ਵੀ ਹਾਲਤ ਵਿੱਚ ਚੋਣਾਂ ਨਹੀਂ ਜਿੱਤੇਗਾ।’ ਇਸ ਦੇ ਬਾਵਜੂਦ ਉਸ ਨੂੰ ਵੋਟਾਂ ਦੇ ਕੇ ਰਾਸ਼ਟਰਪਤੀ ਦੇ ਅਹੁਦੇ ਨਾਲ ਨਿਵਾਜ ਦਿੱਤਾ ਗਿਆ। ਇਸ ਨਾਲ ਇੱਕ ਹੋਰ ਵਿਚਾਰ ਮਨ ਵਿੱਚ ਆਉਂਦਾ ਹੈ: ਜਾਂ ਤਾਂ ਉਸ ਦੀ ਵਿਰੋਧੀ ਹਿਲੇਰੀ ਕਲਿੰਟਨ ਨੇ ਬਹੁਤ ਹੀ ਨਾਕਾਮ ਪ੍ਰਚਾਰ ਮੁਹਿੰਮ ਚਲਾਈ ਤੇ ਜਾਂ ਫਿਰ ਅਮਰੀਕਾ ‘ਨਿਊ ਯੌਰਕ ਟਾਈਮਜ਼’ ਅਤੇ ‘ਵਾਸ਼ਿੰਗਟਨ ਪੋਸਟ’ ਦੇ ਪਾਠਕਾਂ ਦੇ ਮਨਾਂ ਵਿਚਲੇ ਭਿਅੰਕਰ ਮੁਲਕ ਵਾਲੇ ਪ੍ਰਭਾਵ ਨਾਲੋਂ ਵੀ ਕਿਤੇ ਭਿਆਨਕ ਥਾਂ ਬਣ ਚੁੱਕਾ ਹੈ।
ਸਾਰੀ ਦੁਨੀਆਂ ਦੇ ਕੂਟਨੀਤਕਾਂ ਨੂੰ ਮਾਈਕਲ ਵੁਲਫ ਦੀ ਪੁਸਤਕ ਪੜ੍ਹਨੀ ਚਾਹੀਦੀ ਹੈ। ਇੰਨਾ ਕੁਝ ਆਖੇ ਜਾਣ ਦੇ ਬਾਵਜੂਦ ਅਮਰੀਕਾ ਹਾਲੇ ਵੀ ਧਰਤੀ ਉੱਤੇ ਸਭ ਤੋਂ ਸ਼ਕਤੀਸ਼ਾਲੀ ਮੁਲਕ ਹੈ। ਇਸ ਨੇ ਹਾਲੇ ਵੀ ਦੁਨੀਆਂ ਵਿੱਚ ਵਿਵਸਥਾ ਦੇ ਰਾਖੇ ਵਾਲਾ ਆਪਣਾ ਅਕਸ ਕਾਇਮ ਰੱਖਿਆ ਹੋਇਆ ਹੈ; ਭਾਵੇਂ ਕਿ ਵਾ?੍ਹੀਟ ਹਾਊਸ ਵਿੱਚ ਇੱਕ ਅਜਿਹਾ ਸ਼ਖ਼ਸ ਰਾਸ਼ਟਰਪਤੀ ਦੇ ਅਹੁਦੇ ‘ਤੇ ਬਿਰਾਜਮਾਨ ਹੈ ਜੋ ਅਮਰੀਕਾ ਦੀ ਆਲਮੀ ਭੂਮਿਕਾ ਨਾਲ ਜੁੜੇ ਫ਼ਰਜ਼ਾਂ ਨੂੰ ਨਿਭਾਉਣ ਲਈ ਬੌਧਿਕ ਪੱਖੋਂ ਪੂਰੀ ਤਰ੍ਹਾਂ ਸਮਰੱਥ ਨਹੀਂ ਹੈ। ਜ਼ਾਹਿਰ ਹੈ, ਭਾਰਤੀਆਂ ਨੂੰ ਟਰੰਪ ਦੇ ਪਲੜੇ ਵਿੱਚ ਤੁਲਣ ਤੋਂ ਖ਼ਬਰਦਾਰ ਹੋਣਾ ਚਾਹੀਦਾ ਹੈ।
ਮੰਗਲਵਾਰ ਨੂੰ ਅਸੀਂ ਨਾਥੂ ਰਾਮ ਗੋਡਸੇ ਹੱਥੋਂ ਮਹਾਤਮਾ ਗਾਂਧੀ ਦੀ ਹੱਤਿਆ ਦਾ ਦਿਹਾੜਾ ਮਨਾਉਣ ਨਾਲ ਜੁੜੀਆਂ ਰਹੁਰੀਤਾਂ ਅਦਾ ਕੀਤੀਆਂ। ਕੈਮਰਿਆਂ ਪ੍ਰਤੀ ਸਦਾ ਚੌਕੰਨੇ ਰਹਿਣ ਵਾਲੇ ਸਾਡੇ ਨੇਤਾਗਣ ਰਾਜ ਘਾਟ ‘ਤੇ ਜਾਣਗੇ। ੍ਹਰ ਸਾਲ ਦੀ ਤਰ੍ਹਾਂ ਉਸ ਦਿਨ ਚੈਨਲਾਂ ‘ਤੇ ਬ੍ਰਿਟਿਸ਼ ਨਿਰਦੇਸ਼ਕ ਰਿਚਰਡ ਐਟਨਬਰੋ ਦੀ ਫ਼ਿਲਮ ‘ਗਾਂਧੀ’ ਵੀ ਦਿਖਾਈ ਗਈ ਅਤੇ ਭਾਰਤ ਦੇ ਕੁਝ ਲੋਕਾਂ ਨੂੰ ਵੀਹਵੀਂ ਸਦੀ ਦੇ ਸਭ ਤੋਂ ਮਹਾਨ ਵਿਅਕਤੀ ਬਾਰੇ ਘਸਿਆ-ਪਿਟਿਆ ਪੁਰਾਣਾ ਕਾਫ਼ੀ ਕੁਝ ਜਾਣਨ/ਸੁਨਣ ਨੂੰ ਮਿਲਿਆ।
ਹਰ ਕੀਮਤ ਉੱਤੇ ਸੱਤਾ ‘ਤੇ ਕਾਬਜ਼ ਹੋਣ ਦੇ ਤੁੱਛ ਮੰਤਵ ਨਾਲ ਜੁੜੇ ਰੁਝੇਵਿਆਂ ਕਾਰਨ ਅਸੀਂ ਮਹਾਤਮਾ ਦੀ ‘ਚਤੁਰ ਬਾਣੀਆ’ ਆਖ ਕੇ ਭੰਡੀ ਕੀਤੀ ਹੈ। ਪ੍ਰੇਰਨਾਦਾਇਕ ਹਸਤੀ ਵਜੋਂ ਮਹਾਤਮਾ ਗਾਂਧੀ ਦਾ ਰੁਤਬਾ ਘਟਾ ਦਿੱਤਾ ਗਿਆ ਹੈ। ਇਸ ਤੋਂ ਉਲਟ ਅਹਿਮਦਾਬਾਦ ਸਥਿਤ ਉਨ੍ਹਾਂ ਦੀ ਰਿਹਾਇਸ਼ ਸਾਬਰਮਤੀ ਆਸ਼ਰਮ ਨੂੰ ਕਿਸੇ ਨਾ ਕਿਸੇ ਵਿਦੇਸ਼ੀ ਹਸਤੀ ਦੀ ਆਮਦ ਮੌਕੇ ਫੋਟੋਆਂ ਖਿਚਵਾਉਣ ਲਈ ਢੁੱਕਵੀਂ ਥਾਂ ਵਜੋਂ ਵਰਤਿਆ ਜਾਂਦਾ ਹੈ।
ਇਸ ਚੇਤੇ ਰੱਖਣਾ ਅਹਿਮ ਹੈ ਕਿ ਇਸ ਸੰਤ ਦਾ ਬੇਕਿਰਕੀ ਨਾਲ ਕਤਲ ਕੀਤਾ ਗਿਆ ਸੀ; ਉਹ ਵੀ ਉਦੋਂ, ਜਦੋਂ ਉਹ ਸ਼ਾਮ ਦੀ ਪ੍ਰਾਰਥਨਾ ਲਈ ਜਾ ਰਹੇ ਸਨ। ਇਹ ਸਪਸ਼ਟ ਤੌਰ ‘ਤੇ ਕਤਲ ਹੀ ਸੀ। ਇਹ ਬਿਲਕੁਲ ਗ਼ੈਰ-ਹਿੰਦੁਸਤਾਨੀ, ਗ਼ੈਰ-ਭਾਰਤੀ ਰਵਾਇਤ ਹੈ। ਮਹਾਤਮਾ ਦੀ ਹੱਤਿਆ ਵੀ ਉਨ੍ਹਾਂ ਲੋਕਾਂ ਵੱਲੋਂ ਕੀਤੀ ਗਈ ਜੋ ਖ਼ੁਦ ਨੂੰ ਹਿੰਦੂ ਹਿੱਤਾਂ ਦੀ ਪ੍ਰਤੀਨਿਧਤਾ ਕਰਨ ਦੇ ਹੱਕਦਾਰ ਮੰਨਦੇ ਹਨ।
ਇਸ ਤੁਅੱਸਬੀ ਹਜੂਮ ਲਈ ਕਮਜ਼ੋਰ ਜਿਸਮ ਵਾਲੀ ਸੰਤਾਂ ਵਰਗੀ ਇਹ ਸ਼ਖ਼ਸੀਅਤ ਸਭ ਤੋਂ ਵੱਡਾ ਖ਼ਤਰਾ ਬਣ ਗਈ ਸੀ। ਮਹਾਤਮਾ ਗਾਂਧੀ ਨੂੰ ਨੰਬਰ ਇੱਕ ਦੁਸ਼ਮਣ ਦਾ ਰੁਤਬਾ ਦੇ ਦਿੱਤਾ ਗਿਆ ਕਿਉਂਕਿ ਉਨ੍ਹਾਂ ਦੀ ਕਮਜ਼ੋਰ ਦੇਹ ਤੇ ਕੰਬਦੀ ਆਵਾਜ਼ ਹਾਲੇ ਵੀ ਭਾਰਤੀ ਜਨਤਾ ਵੱਲੋਂ ਇਖਲਾਕੀ ਅਥਾਰਟੀ ਸਮਝੀ ਜਾਂਦੀ ਸੀ। ਅਤੇ 15 ਅਗਸਤ 1947 ਮਗਰੋਂ ਸ਼ੁਰੂ ਹੋਏ ਸ਼ੁਦਾਅ ਅਤੇ ਇੱਕ ਦੂਜੇ ਦੇ ਖ਼ੂਨ ਦੇ ਪਿਆਸੇ ਬਣ ਜਾਣ ਦੇ ਅਮਲ ਦੌਰਾਨ ਇਹ ਸ਼ਖ਼ਸ ਹਾਲੇ ਵੀ ਵਿਵੇਕਸ਼ੀਲਤਾ ਅਤੇ ਅਹਿੰਸਾ ਦਾ ਗੀਤ ਗਾਉਣ ‘ਤੇ ਜ਼ੋਰ ਦੇ ਰਿਹਾ ਸੀ। ਉਸ ਨੂੰ ਤਾਂ ਹਰ ਹਾਲ ਚੁੱਪ ਕਰਵਾਉਣਾ ਹੀ ਪੈਣਾ ਸੀ। ਇਸੇ ਲਈ ਸੱਤਰ ਸਾਲ ਪਹਿਲਾਂ 30 ਜਨਵਰੀ ਨੂੰ ਬਿਰਲਾ ਹਾਊਸ ਵਿਖੇ ਉਨ੍ਹਾਂ ਨੂੰ ਮਾਰਨ ਲਈ ਗੋਲੀਆਂ ਚਲਾਈਆਂ ਗਈਆਂ।
ਸਰੀਰਿਕ ਤੌਰ ‘ਤੇ ਉਨ੍ਹਾਂ ਨੂੰ ਮਿਟਾ ਕੇ ਇੱਕ ਰਾਸ਼ਟਰ ਵਜੋਂ ਸਾਨੂੰ ਉਨ੍ਹਾਂ ਵੱਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਵੀ ਮਲੀਆਮੇਟ ਕਰ ਦੇਣ ਦੀ ਸੋਚਣ ਵਾਲੇ ਹਾਲੇ ਵੀ ਨਿਰਾਸ਼ ਹਨ। ਹੱਤਿਆਰੇ ਸਰੀਰਿਕ ਜੰਗ ਤਾਂ ਜਿੱਤ ਗਏ, ਪਰ ਸਦਾਚਾਰਕ ਤੇ ਇਖ਼ਲਾਕੀ ਜੰਗ ਹਾਰ ਗਏ। ਗਾਂਧੀ ਦੇ ਕਾਤਲਾਂ ਨੇ ਹਾਲੇ ਹਾਰ ਨਹੀਂ ਮੰਨੀ- ਅਤੇ ਨਾ ਹੀ ਭਾਰਤ ਨੇ ਮਹਾਤਮਾ ਦੇ ਸਿਧਾਂਤ ਤਿਆਗੇ ਹਨ।
ਸਾਂਪਲਾ ਨੂੰ ਜਾਗਿਆ ਦਲਿਤਾਂ ਦਾ ਦਰਦ !
ਅਖ਼ਬਾਰਾਂ ਵਿੱਚ ਪੜ੍ਹੀ ਇਹ ਖ਼ਬਰ ਹੈਰਾਨੀਜਨਕ ਸੀ ਕਿ ਪੰਜਾਬ ਭਾਜਪਾ ਦੇ ਮੁਖੀ ਵਿਜੈ ਸਾਂਪਲਾ ਨੇ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਚਿੱਠੀ ਲਿਖ ਕੇ ਗੁਰਦੁਆਰਿਆਂ ਵਿੱਚ ਜਾਤੀਵਾਦੀ ਘਟਨਾਵਾਂ ਨੂੰ ਠੱਲ੍ਹ ਪਾਉਣ ਵਾਸਤੇ ਕਦਮ ਚੁੱਕਣ ਲਈ ਆਖਿਆ ਹੈ। ਭਾਜਪਾ ਆਗੂ ਨੇ ਖ਼ਾਸ ਤੌਰ ‘ਤੇ ਇਸ ਤੱਥ ਪ੍ਰਤੀ ਨਾਖੁਸ਼ੀ ਪ੍ਰਗਟਾਈ ਹੈ ਕਿ ਕੁਝ ਪਿੰਡਾਂ ਵਿੱਚ ਦਲਿਤਾਂ ਨੂੰ ਗੁਰਦੁਆਰਿਆਂ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਇੱਥੋਂ ਤਕ ਕਿ ਉਨ੍ਹਾਂ ਨੂੰ ਆਪਣੇ ਵੱਖਰੇ ਸ਼ਮਸ਼ਾਨਘਾਟ ਬਣਾਉਣ ਲਈ ਮਜਬੂਰ ਕੀਤਾ ਗਿਆ।
ਸ੍ਰੀ ਸਾਂਪਲਾ ਅਤੇ ਉਨ੍ਹਾਂ ਦੀ ਪਾਰਟੀ ਭਾਜਪਾ ਪੰਜਾਬ ਵਿੱਚ ਇੱਕ ਦਹਾਕਾ ਅਕਾਲੀ ਦਲ ਦੀ ਭਾਈਵਾਲ ਰਹੀ ਹੈ; ਦਰਅਸਲ, ਭਾਜਪਾ-ਅਕਾਲੀ ਦਲ ਗੱਠਜੋੜ ਬਹੁਤ ਪੁਰਾਣਾ ਹੈ। ਵਿਆਪਕ ਪੱਧਰ ‘ਤੇ ਇਹ ਸਮਝਿਆ ਜਾਂਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਉੱਤੇ ਪ੍ਰਭਾਵ ਸਦਕਾ ਅਕਾਲੀ ਦਲ (ਭਾਵ ਬਾਦਲ) ਹੀ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਨੂੰ ਕੰਟਰੋਲ ਕਰਦਾ ਹੈ।
ਸ੍ਰੀ ਸਾਂਪਲਾ ਹੁਣ ਅਚਾਨਕ ਦਲਿਤ ਸਿੱਖਾਂ ਨਾਲ ਹੁੰਦੇ ਵਿਤਕਰੇ ਨੂੰ ਮੁੱਦਾ ਕਿਉਂ ਬਣਾਉਣਾ ਚਾਹੁੰਦੇ ਹਨ? ਅਜਿਹਾ ਤਾਂ ਨਹੀਂ ਕਿ ਵਿਤਕਰਾ ਪਿਛਲੇ ਹਫ਼ਤੇ ਹੀ ਸ਼ੁਰੂ ਹੋਇਆ ਹੋਵੇ। ਸਾਂਪਲਾ ਕਾਫ਼ੀ ਸਮੇਂ ਤੋਂ ਪੰਜਾਬ ਵਿੱਚ ਹਨ ਅਤੇ ਉਨ੍ਹਾਂ ਤੋਂ ਸਾਰੇ ਧਾਰਮਿਕ ਗਰੁੱਪਾਂ ਦੀਆਂ ਸਮਾਜਿਕ ਅਮਲਦਾਰੀਆਂ ਤੋਂ ਚੰਗੀ ਤਰ੍ਹਾਂ ਜਾਣੂੰ ਹੋਣ ਦੀ ਤਵੱਕੋ ਜ਼ਰੂਰ ਕੀਤੀ ਜਾ ਸਕਦੀ ਹੈ। ਸ੍ਰੀ ਸਾਂਪਲਾ ਸਾਨੂੰ ਇਹ ਮਨਾਉਣਾ ਨਹੀਂ ਚਾਹੁਣਗੇ ਕਿ ਉਨ੍ਹਾਂ ਨੂੰ ਇਨ੍ਹਾਂ ਨਾਖੁਸ਼ੀ ਵਾਲੀਆਂ ਘਟਨਾਵਾਂ ਬਾਰੇ ਹੁਣੇ ਹੀ ਪਤਾ ਲੱਗਿਆ ਹੈ। ਜੋ ਵੀ ਹੋਵੇ ਸਮਾਜ ਵਿਗਿਆਨੀਆਂ ਅਤੇ ਹੋਰ ਲੇਖਕਾਂ ਨੇ ਵੱਡੇ ਪੱਧਰ ਉੱਤੇ ਇਸ ਪਾੜੇ ਬਾਰੇ ਲਿਖਿਆ ਹੈ। ਬੇਸ਼ੱਕ, ਇਹ ਵਰਤਾਰਾ ਸਿੱਖ ਗੁਰੂ ਸਾਹਿਬਾਨ ਵੱਲੋਂ ਸ਼ੁਰੂ ਤੋਂ ਹੀ ਪ੍ਰਚਾਰੇ ਗਏ ਸਿਧਾਂਤਾਂ ਨੂੰ ਐਨ ਉਲਟ ਹੈ।
ਉਂਜ, ਇਹ ਪੁੱਛਣਾ ਬਣਦਾ ਹੈ ਕਿ ਪੰਜਾਬ ਵਿੱਚ ਬਾਦਲਾਂ ਦੇ ਸੱਤਾ ਵਿੱਚ ਹੁੰਦੇ ਸਮੇਂ ਭਾਜਪਾ ਨੇ ਇਹ ਮੁੱਦਾ ਕਿਉਂ ਨਹੀਂ ਉਠਾਇਆ? ਕੀ ਇਹ ਭਾਜਪਾ ਦੇ ਅਕਾਲੀ ਦਲ ਨਾਲੋਂ ਤੋੜ ਵਿਛੋੜੇ ਦੀ ਸ਼ੁਰੂਆਤ ਹੈ? ਜਾਂ ਹਿੰਦੂਤਵੀ ਗੁੱਟ ਕੁਝ ਹੋਰ ਵੋਟਾਂ ਹਾਸਲ ਹੋਣ ਦੀ ਉਮੀਦ ਵਿੱਚ ਇੱਕ ਹੋਰ ਸਮਾਜਿਕ ਗੜਬੜ ਲਈ ਚੁਆਤੀ ਲਾਉਣਾ ਚਾਹੁੰਦੇ ਹਨ?
ਸਹਿਜ ਸੁਭਾਅ ਵਾਲਾ ਜਰਨੈਲ
ਪਿਛਲੇ ਵੀਰਵਾਰ ਮੈਂ ਭਾਰਤੀ ਥਲ ਸੈਨਾ ਦੀ ਪੱਛਮੀ ਕਮਾਂਡ ਦੇ ਹੈੱਡਕੁਆਰਟਰ ਵਿਖੇ ਮੀਡੀਆ ਅਤੇ ਅਫ਼ਸਰਾਂ ਦਰਮਿਆਨ ਹੋਣ ਵਾਲੀ ਗੋਸ਼ਟੀ ਵਿੱਚ ਸ਼ਾਮਿਲ ਹੋਣ ਲਈ ਚੰਡੀਮੰਦਰ ਗਿਆ।
ਗੋਸ਼ਟੀ ਵਿੱਚ ਹਥਿਆਰਬੰਦ ਸੈਨਾਵਾਂ ਬਾਰੇ ਮੇਰੀਆਂ ਖਰੀਆਂ ਖਰੀਆਂ ਟਿੱਪਣੀਆਂ ਦੇ ਬਾਵਜੂਦ ਕਮਾਂਡ ਦੇ ਸੈਨਾਪਤੀ ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ ਨੇ ਬੜੀ ਫਰਾਖ਼ਦਿਲੀ ਨਾਲ ਆਖਿਆ ਕਿ ਵਿਰੋਧੀ ਵਿਚਾਰਾਂ ਦਾ ਸੁਆਗਤ ਹੈ।
ਦੁਪਹਿਰ ਦੇ ਖਾਣੇ ਸਮੇਂ ਅਫ਼ਸਰਾਂ ਨਾਲ ਹੋਈ ਗੈਰਰਸਮੀ ਗੱਲਬਾਤ ਸਭ ਤੋਂ ਵਧੇਰੇ ਖੁਸ਼ਨੁਮਾ ਅਨੁਭਵ ਸੀ। ਉਨ੍ਹਾਂ ਨੇ ਸ਼ੇਖੀ ਮਾਰਨ, ਦਮਗਜੇ ਮਾਰਨ, ਵਰਦੀ ਦੀ ਧੌਂਸ ਜਮਾਉਣ ਜਾਂ ਝੂਠਾ ਮਰਦਊਪੁਣਾ ਦਿਖਾਉਣ ਜਿਹੀ ਕੋਈ ਗੱਲ ਨਹੀਂ ਕੀਤੀ। ਮੈਨੂੰ ਲੈਫਟੀਨੈਂਟ ਜਨਰਲ ਸੁਰਿੰਦਰ ਸਿੰਘ ਖ਼ਾਸ ਤੌਰ ‘ਤੇ ਸੰਤੁਲਿਤ ਸੁਭਾਅ ਵਾਲੇ, ਬਹੁਤ ਕੇਂਦਰਿਤ ਸ਼ਖ਼ਸ ਜਾਪੇ। ਮੈਂ ਇਸ ਯਕੀਨਦਹਾਨੀ ਨਾਲ ਉੱਥੋਂ ਪਰਤਿਆ ਕਿ ਸਾਡੇ ਦੇਸ਼ ਦੀ ਰੱਖਿਆ ਦੀ ਜ਼ਿੰਮੇਵਾਰੀ ਸੂਝਵਾਨ, ਹੋਣਹਾਰ ਅਤੇ ਸਮਰਪਿਤ ਅਫ਼ਸਰਾਂ ਦੇ ਹੱਥਾਂ ਵਿੱਚ ਹੈ।
ਇਸੇ ਲਈ ਮੈਂ ਕੌਫ਼ੀ ਦਾ ਕੱਪ ਚੁੱਕ ਕੇ ਚੰਡੀਮੰਦਰ ਦੇ ਫ਼ੌਜੀ ਅਫ਼ਸਰਾਂ ਨੂੰ ਸਲੂਟ ਕਰਦਾ ਹਾਂ। ਤੁਸੀਂ ਵੀ ਮੇਰਾ ਸਾਥ ਦੇ ਸਕਦੇ ਹੋ।

(‘ਪੰਜਾਬੀ ਟ੍ਰਿਬਿਊਨ’ ਵਿਚੋਂ ਧੰਨਵਾਦ ਸਹਿਤ)