ਪੂੰਜੀਵਾਦੀ ਯੁੱਗ ‘ਚ ਸਿੱਖ ਧਰਮ ਦਾ ਮਹੱਤਵ

ਪੂੰਜੀਵਾਦੀ ਯੁੱਗ ‘ਚ ਸਿੱਖ ਧਰਮ ਦਾ ਮਹੱਤਵ

ਡਾ. ਭੁਪਿੰਦਰ ਸਿੰਘ
ਅੱਜ ਦਾ ਵਿਸ਼ਵ ਭਾਈਚਾਰਾ ਵਿਕਾਸ ਦੀਆਂ ਮੰਜ਼ਲਾਂ ਤੈਅ ਕਰਦਾ ਹੋਇਆ ਉੱਤਰ ਆਧੁਨਿਕਤਾ ਦੇ ਯੁੱਗ ‘ਚ ਪ੍ਰਵੇਸ਼ ਕਰ ਗਿਆ ਹੈ। ਰੱਬ, ਸੱਚ, ਪੂਰਨ ਅਤੇ ਸਹਿਜ ਦੇ ਸੰਕਲਪਾਂ ਦਾ ਬਦਲ ਲੱਭਦਾ ਹੋਇਆ ਅੱਜ ਦਾ ਮਨੁੱਖ ਪੂੰਜੀ ਨੂੰ ਮਨੁੱਖੀ ਹੋਣੀ ਦਾ ਗਤੀ ਕੇਂਦਰ ਸਥਾਪਿਤ ਕਰਨ ਵਿੱਚ ਰੁੱਝਿਆ ਹੋਇਆ ਹੈ। ਇਹ ਸਿਲਸਿਲਾ ਕੋਈ ਨਵਾਂ ਨਹੀਂ। 1882 ਵਿੱਚ ਜਰਮਨ ਭਾਸ਼ਾ ਵਿੱਚ ਪ੍ਰਕਾਸ਼ਿਤ ਪੁਸਤਕ, ਜਿਸ ਦਾ ਅੰਗਰੇਜ਼ੀ ਵਿੱਚ ਅਨੁਵਾਦਿਤ ਨਾਂ ਗੇਯਾ ਸਾਇੰਸ ਹੈ, ‘ਚ ਨੀਟਸ਼ੇ ਨੇ ਐਲਾਨ ਕਰ ਦਿੱਤਾ ਸੀ:
”ਰੱਬ ਮਰ ਗਿਆ ਹੈ, ਰੱਬ ਹਾਲਾਂ ਵੀ ਮਰਿਆ ਹੋਇਆ ਹੈ ਤੇ ਅਸੀਂ ਉਸ ਨੂੰ ਮਾਰਿਆ ਹੈ।-ਇਸ ਤੋਂ ਵੱਡਾ ਕਰਮ ਕੋਈ ਨਹੀਂ ਹੋਇਆ, ਸਾਡੇ ਤੋਂ ਪਿੱਛੋਂ ਜੋ ਜੰਮੇਗਾ-ਇਸ ਕਰਮ ਕਾਰਨ ਉਹ ਅੱਜ ਤੱਕ ਦੇ ਇਤਿਹਾਸ ਨਾਲੋਂ ਉਚੇਰੇ ਇਤਿਹਾਸ ਨਾਲ ਸਬੰਧਿਤ ਹੋਵੇਗਾ।”
ਨੀਟਸ਼ੇ ਦੁਆਰਾ ਪੇਸ਼ ਕੀਤੀ ਗਈ ਇਹ ਧਾਰਨਾ ਉੱਤਰ-ਆਧੁਨਿਕ ਵਿਚਾਰਧਾਰਾ ਦਾ ਬੁਨਿਆਦੀ ਪ੍ਰਸੰਗ ਸਿਰਜਦੀ ਹੈ। ਉਚੇਰੇ ਇਤਿਹਾਸ ਤੋਂ ਨੀਟਸ਼ੇ ਦਾ ਭਾਵ ਨਵੇਂ ਭਵਿੱਖ ਮੁਖੀ ਇਤਿਹਾਸ ਤੋਂ ਹੈ, ਜਿਸ ਦੀ ਸਿਰਜਣਾ, ਰੱਬ ਕੇਂਦਰਿਤ ਹੋਣ ਦੀ ਥਾਂ ਮਨੁੱਖ ਦੇ ਨਿਸ਼ਚੇ ਦੁਆਲੇ ਹੋਵੇਗੀ। ਰੱਬ ਨੂੰ ਮਾਰ ਕੇ ਜੋ ਉੱਤਰ ਆਧੁਨਿਕ ਮਨੁੱਖ ਇਸ ਦਾ ਬਦਲ ਸਿਰਜ ਰਿਹਾ ਹੈ, ਉਹ ਪੂੰਜੀ ਹੈ, ਜਿਸ ਦਾ ਪਾਸਾਰ ਭਾਰਤੀ ਪਰੰਪਰਾ ਵਿੱਚ ਮਾਇਆ ਦਾ ਬਿਰਤਾਂਤ ਸਿਰਜਦਾ ਹੈ। ਉੱਤਰ ਆਧੁਨਿਕ ਯੁੱਗ ਵਿੱਚ ਮਹਾਂ-ਪ੍ਰਬੰਧ ਜਾਂ ਮਹਾਂ-ਬਿਰਤਾਂਤ ਉਸਾਰੇ ਜਾ ਰਹੇ ਹਨ। ਇਹ ਬਿਰਤਾਂਤ ਪਰੰਪਰਾਗਤ ਬਿਰਤਾਂਤਾਂ ਤੇ ਅਲਪ-ਬਿਰਤਾਂਤਾਂ ਨੂੰ ਹਜ਼ਮ ਕਰਨ ਲੱਗੇ ਹਨ। ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਮਨੁੱਖ ਦੀ ਮੁਕਤੀ ਇਨ੍ਹਾਂ ਮਹਾਂ-ਪ੍ਰਬੰਧਾਂ ਨੂੰ ਧਾਰਨ ਕਰਨ ਸਦਕਾ ਹੀ ਸੰਭਵ ਹੈ।
ਉੱਤਰ-ਆਧੁਨਿਕ ਯੁੱਗ ਦੀ ਚੇਤਨਾ ਦੇ ਸੰਕੇਤ ਅਤੇ ਸੰਭਾਵਨਾਵਾਂ ਗੁਰੂ ਗ੍ਰੰਥ ਸਾਹਿਬ ਵਿੱਚ ਭਲੀ-ਭਾਂਤ ਮੌਜੂਦ ਹਨ। ਰੱਬ ਕੇਂਦਰਿਤ ਬਣਤਰ, ਮਨੁੱਖ ਦੀਆਂ ਨਿਸ਼ਚੇਧਾਰਕ ਬਣਤਰਾਂ ਦੀ ਹੋਂਦ ਅਤੇ ਪਾਸਾਰ, ਗੁਰਮੁਖ ਅਤੇ ਮਨਮੁਖ ਦੀ ਵਿਕਲਪਿਤ ਅਤੇ ਤੁਲਨਾਤਮਕ ਬਣਤਰਾਂ ਰਾਹੀਂ ਸਾਕਾਰ ਹੋਏ ਹਨ। ਇਸ ਵਿਕਲਪਿਤ ਅਤੇ ਤੁਲਨਾਤਮਕ ਵਿਧੀ ਰਾਹੀਂ ਰੱਬ ਕੇਂਦਰਿਤ ਪੂਰਨ ਹੋਂਦ ਦੀ ਸਿਰਜਣਾ ਕੀਤੀ ਗਈ ਹੈ। ਗੁਰੂ ਨਾਨਕ ਦੇਵ ਭਲਕ ਦਾ ਪੈਗੰਬਰ ਹੈ। ਅੱਜ ਦੇ ਵਿਗਿਆਨਕ ਯੁੱਗ ਤੋਂ ਗੁਰੂ ਨਾਨਕ ਦੇਵ ਜੀ ਦੀ ਸੋਚ ਹਜ਼ਾਰਾਂ ਸਾਲ ਅੱਗੇ ਖੜ੍ਹੀ ਹੈ, ਪਰ ਅੱਜ ਦਾ ਵਿਦਵਾਨ ਪੂੰਜੀ ਦੀ ਝਲਕ ਸਹਿਣ ਤੋਂ ਅਸਮੱਰਥ ਹੈ। ਇਸ ਝਲਕ ਨੇ ਉਸ ਦੀ ਮੱਤ ਬੁੱਧ ਨੂੰ ਚੁੰਧਿਆ ਦਿੱਤਾ ਹੈ। ਉਹ ਗੁਰੂ ਨਾਨਕ ਅਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ ਬ੍ਰਾਹਮਣੀਕਰਨ ਕਰਨ ਅਤੇ ਗੁਰੂ ਆਸ਼ੇ ਤੋਂ ਵੱਖਰਾ ਆਸ਼ਾ ਸਿਰਜਣ ਦੀ ਪ੍ਰਕਿਰਿਆ ਵਿੱਚ ਗਲਤਾਨ ਹੈ। ਗੁਰੂ ਨਾਨਕ ਦੇਵ ਜੀ ਨੇ ਜਿਸ ਸਮਾਜ ਅਤੇ ਸੱਭਿਆਚਾਰ ਨੂੰ ਬਦਲਣ ਦਾ ਬੀੜਾ ਚੁੱਕਿਆ, ਦਰਅਸਲ ਉਹ ਬੌਣਾ ਅਤੇ ਪੱਛੜਿਆ ਹੋਇਆ ਸਮਾਜ ਹੈ, ਜਿਸ ਨੇ ਗੁਰੂ ਨਾਨਕ ਦੇਵ ਜੀ ਵਰਗੇ ਮਹਾਨ ਚਿੰਤਕ ਦਾ ਅਨੁਆਈ ਹੋਣ ਦੀ ਹਾਲੀਂ ਯੋਗਤਾ ਪ੍ਰਾਪਤ ਕਰਨੀ ਹੈ। ਗੁਰੂ ਨਾਨਕ ਦੇਵ ਜੀ ਇਸ ਤੱਥ ਤੋਂ ਭਲੀ-ਭਾਂਤ ਪਰਿਚਤ ਹਨ।
ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ।।
ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ।।
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ।।
ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ।।
ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ।।
ਮੂਰਖ ਪੰਡਿਤ ਹਿਕਮਤਿ ਹੁਜਤਿ ਸੰਜੈ ਕਰਹਿ ਪਿਆਰੁ।।
(ਆਸਾ ਦੀ ਵਾਰ)
ਕਾਲ ਦੀ ਉਕਤ ਪ੍ਰਕਿਰਿਆ ਅਨੁਸਾਰ ਮਨੁੱਖ ਆਪਣੀ ਨਕਲੀ ਪਰਿਭਾਸ਼ਾ ਦੀ ਟੀਸੀ ‘ਤੇ ਜਾ ਪਹੁੰਚਿਆ ਹੈ, ਪਰ ਬੰਦਾ ਪੂਰਨ ਸਮਝਣ ਲੱਗ ਪਿਆ ਹੈ। ਉਹ ਆਪਣੇ ਵਿੱਚ ਸੱਚ ਸਮਾਉਣ ਦੀ ਸਮਰੱਥਾ ਗੁਆ ਚੁੱਕਾ ਹੈ। ਕਿਸੇ ਵਿਚਾਰਧਾਰਾ ਦਾ ਲੜ ਫੜਨਾ ਉਸ ਲਈ ਕਠਿਨ ਕਾਰਜ ਹੈ। ਗੁਰੂ ਨਾਨਕ ਦੇਵ ਜੀ ਦੇ ਮਾਰਗ ‘ਤੇ ਚੱਲਣ ਲਈ ਊਣਾ ਹੋਣ ਦੀ ਲੋੜ ਹੈ। ਊਣਾ ਹੋਣਾ ਸੱਭਿਆਚਾਰਕ ਅਮੀਰੀ ਦਾ ਲੱਛਣ ਹੈ। ਅੱਜ ਦਾ ਵਿਦਵਾਨ ਅਤੇ ਰਾਜਨੀਤੀਵਾਨ, ਉਕਤ ਲੱਛਣ ਤੋਂ ਵਾਂਝਾ ਹੋ ਚੁੱਕਿਆ ਹੈ। ਇਸ ਲਈ ਗੁਰਮਤਿ ਵਿਚਾਰਧਾਰਾ ਵਿੱਚ ਖੋਟ ਰਲਾਉਣ ਦੀ ਨਿਰੰਤਰ ਪ੍ਰਕਿਰਿਆ ਆਰੰਭ ਹੋ ਚੁੱਕੀ ਹੈ। ਰਾਜਨੀਤੀਵਾਨ, ਪੁਜਾਰੀ ਅਤੇ ਬੁੱਧੀਜੀਵੀ ਇਸ ਵਿਚਾਰਧਾਰਕ ਪ੍ਰਦੂਸ਼ਣ ਲਈ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਹ ਕਰਮ ਕੋਈ ਨਵਾਂ ਨਹੀਂ ਹੈ। ਦਸਵੇਂ ਪਾਤਸ਼ਾਹ ਦੇ ਜੀਵਨ ਦੌਰਾਨ ਹੀ ਇਹ ਯਤਨ ਆਰੰਭ ਹੋ ਗਏ ਸਨ। ਖਾਲਸਈ ਵਿਚਾਰਧਾਰਾ ਦਾ ਸਰੂਪ ਪਵਿੱਤਰ ਰੱਖਣ ਲਈ ਪਹਿਲਾਂ ਪੰਚ ਪਰਵਾਨੀ, ਪੰਚ ਪਰਧਾਨੀ ਦੀ ਸੰਸਥਾ ਕਾਇਮ ਕੀਤੀ ਗਈ। ਫਿਰ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਸੌਂਪ ਦਿੱਤੀ ਗਈ।
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।।
ਗੁਰੂ ਗ੍ਰੰਥ ਜੀ ਮਾਨਿਓ ਪਰਗਟ ਗੁਰਾਂ ਕੀ ਦੇਹਿ।।
ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇਣ ਦਾ ਇੱਕ ਨਿਸ਼ਾਨਾ ਧਰਮ ਨੂੰ ਉਪਜੀਵਕਾ ਦਾ ਸਾਧਨ ਬਣਾਉਣ ਦੀ ਪਰੰਪਰਾ ‘ਤੇ ਰੋਕ ਲਾਉਣਾ ਸੀ। ਵਿਚਾਰਧਾਰਾ ਵਿੱਚ ਖੋਟ ਰਲਾਉਣ ਦਾ ਇੱਕ ਸਾਧਨ ਪਰੰਪਰਾ ਰਿਹਾ ਹੈ। ਪਹਿਲਾਂ ਗਲਤ ਪਰੰਪਰਾ ਸ਼ੁਰੂ ਕਰ ਲੈਣੀ, ਫਿਰ ਪਰੰਪਰਾ ਦੇ ਆਧਾਰ ‘ਤੇ ਗੁਰਮਤਿ ਵਿਚਾਰਧਾਰਾ ‘ਚ ਸੋਧ ਕਰਨ ਦਾ ਸਿਲਸਿਲਾ ਆਰੰਭ ਕਰ ਲੈਣ ਦਾ ਅਮਲ ਵੀ ਚੱਲਦਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਤੇ ਪਰੰਪਰਾ ਦੀ ਤੁਲਨਾ ਵਿੱਚ ਸ਼ਬਦ ਦਾ ਰੁਤਬਾ ਵੱਡਾ ਹੈ। ਗੁਰਬਾਣੀ ਦਾ ਸ਼ਬਦ ਵਿਚਾਰਧਾਰਾ ਦਾ ਸਿਰਜਨ ਹੈ। ਇਹੀ ਕਾਰਨ ਹੈ ਕਿ ਸ਼ਬਦ ਨੂੰ ਗੁਰੂ ਦੀ ਉਪਾਧੀ ਦਿੱਤੀ ਗਈ ਹੈ। ਗੁਰਬਾਣੀ ਦੀ ਵਿਚਾਰਧਾਰਾ ਸ਼ਬਦ ਦਾ ਪਸਾਰ ਨਹੀਂ ਕਰਦੀ, ਸਗੋਂ ਇੱਕ ਗੱਲ ‘ਤੇ ਕੇਂਦਰਿਤ ਕਰਦੀ ਹੈ।
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ।।
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ।।
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ।।
ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ।।
ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ।।੧।। (ਆਸਾ ਦੀ ਵਾਰ)
ਸੰਤੋਖ, ਜਤ ਅਤੇ ਸਤ ਮਨੁੱਖੀ ਪੂਰਨਤਾ ਦੇ ਵੱਖ-ਵੱਖ ਪੜਾਅ ਹਨ। ਇੱਕ ਪੂਰਨਤਾ ਦਾ ਪੜਾਅ ਮਨਮੁੱਖ ਮਨੁੱਖ ਦਾ ਹੈ, ਜੋ ਮਾਇਆ ਇਕੱਠੀ ਕਰਨ ਦੀ ਦੌੜ ਵਿੱਚ ਰੁੱਝਿਆ ਹੋਇਆ ਹੈ। ਗੁਰਮਤਿ ਵਿਚਾਰਧਾਰਾ ਮਨੁੱਖ ਨੂੰ ਇਸ ਕੂੜ ਮਾਰਗ ਤੋਂ ਰੋਕਦੀ ਹੈ। ਗੁਰਮਤਿ ਵਿਚਾਰਧਾਰਾ ਦੀ ਦੂਜੀ ਮਹੱਤਤਾ ਸਥਾਨ ਨੂੰ ਪੂਰਨ ਕਰਨ ਦੀ ਹੈ। ਗੁਰਬਾਣੀ ਦੀ ਵਿਚਾਰਧਾਰਾ ਸਥਾਨ ਦੀ ਪੂਰਤੀ ਕੁਦਰਤ ਦੇ ਸਿਧਾਂਤ ਦੁਆਰਾ ਪੂਰਦੀ ਹੈ। ਕੁਦਰਤ ਦਾ ਸਿਧਾਂਤ ਮਾਇਆ ਦੇ ਸਿਧਾਂਤ ਤੋਂ ਬਿਲਕੁਲ ਨਿਵੇਕਲਾ ਹੈ। ਇਸ ਸਿਧਾਂਤ ਰਾਹੀਂ ਮਨੁੱਖ ਬ੍ਰਹਿਮੰਡ ਅਤੇ ਰੱਬ ਦਾ ਏਕੀਕਰਨ ਕਰ ਦਿੱਤਾ ਗਿਆ ਹੈ। ਕੁਦਰਤ ਦੇ ਨੇਮ ਅਟੱਲ ਹਨ। ਅੱਜ ਦਾ ਵਿਗਿਆਨੀ ਇਨ੍ਹਾਂ ਨੇਮਾਂ ਦੀ ਤਲਾਸ਼ ਵਿੱਚ ਰੁੱਝਿਆ ਹੋਇਆ ਹੈ, ਪਰ ਗੁਰਬਾਣੀ ਵਿੱਚ ਇਨ੍ਹਾਂ ਸਭ ਤਲਾਸ਼ੇ ਗਏ ਨੇਮਾਂ ਅਤੇ ਤਲਾਸ਼ੇ ਜਾਣ ਵਾਲੇ ਨੇਮਾਂ ਦਾ ਉਲੇਖ ਕੁਦਰਤ ਅਤੇ ਹੁਕਮ ਦੇ ਵਰਤਾਰੇ ਰਾਹੀਂ ਹੋਇਆ ਹੈ।
ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ ।।
ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕੁ ।।੨।।
ਇਸ ਤਰ੍ਹਾਂ ਗੁਰਬਾਣੀ, ਮਨੁੱਖ, ਕੁਦਰਤ ਅਤੇ ਰੱਬ ਨੂੰ ਇੱਕ ਇਕਾਈ ਵਿੱਚ ਪੇਸ਼ ਕਰਦੀ ਹੈ। ਇਨ੍ਹਾਂ ਇਕਾਈਆਂ ਵਿੱਚ ਰੱਬ ਅਤੇ ਕੁਦਰਤ ਨੇਮ ਵਿੱਚ ਬੱਧੇ ਹੋਏ ਹਨ। ਮਨੁੱਖ ਵਿੱਚ ਕੁਦਰਤੀ ਨੇਮਾਂ ਦਾ ਖੰਡਨ ਕਰਨ ਦੀ ਸੰਭਾਵਨਾ ਬਣੀ ਰਹਿੰਦੀ ਹੈ। ਰੱਬ ਕੁਦਰਤ ਵਿੱਚ ਵਸਿਆ ਹੋਇਆ ਹੈ। ਇਸ ਲਈ ਗੁਰਮਤਿ ਸੱਭਿਆਚਾਰ ਕੁਦਰਤ ਨੂੰ ਮਾਨਣ ਵਾਲਾ ਅਤੇ ਕੁਦਰਤ ਦਾ ਰਾਖਾ ਹੈ। ਗੁਰਬਾਣੀ ਨੇ ਧਰਮ ਦਾ ਪਾਲਣ ਕਰਦਿਆਂ ਹੋਇਆਂ ਕੁਦਰਤ ਨੂੰ ਮਾਣਨ ਦੀ ਖੁੱਲ੍ਹ ਦਿੱਤੀ ਹੈ। ਇੱਥੇ ਇਹ ਵਿਚਾਰ ਲੈਣਾ ਵੀ ਚੰਗਾ ਹੋਵੇਗਾ ਕਿ ਅੱਜ ਦੇ ਉੱਤਰ ਆਧੁਨਿਕ ਯੁੱਗ ਵਿੱਚ, ਉਦਯੋਗਿਕ ਵਿਕਾਸ ਤੇ ਉਪਭੋਗਤਾ ਸਮਾਜ ਗੁਰਮਤਿ ਵਿਚਾਰਧਾਰਾ ਦੇ ਅਨੁਕੂਲ ਹੈ, ਨਹੀਂ, ਗੁਰਮਤਿ ਵਿਚਾਰਧਾਰਾ ਮਨੁੱਖ ਨੂੰ ਇਸ ਹਵਸ ਦੀ ਦੌੜ ਦੌੜਨ ਤੋਂ ਰੋਕਦੀ ਹੈ। ਦਇਆ ਤੇ ਸੰਤੋਖ ਦਾ ਮਾਰਗ ਦਰਸਾਉਾਂਦੀ । ਕੁਦਰਤ ਦੇ ਸੋਮਿਆਂ ਨੂੰ ਪ੍ਰਦੂਸ਼ਿਤ ਕਰਨਾ ਗੁਰਮਤਿ ਵਿਚਾਰਧਾਰਾ ਦਾ ਟੀਚਾ ਨਹੀਂ।
ਬ੍ਰਾਹਮਣਵਾਦ ਹਰ ਵਿਚਾਰਧਾਰਾ ਦਾ ਦੁਸ਼ਮਣ ਹੈ। ਬ੍ਰਾਹਮਣਵਾਦ ਕਿਸੇ ਵਿਚਾਰਧਾਰਾ ਦੇ ਨਿੱਜੀਕਰਨ ਦੀ ਪ੍ਰਕਿਰਿਆ ਹੈ। ਗੁਰਮਤਿ ਵਿਚਾਰਧਾਰਾ, ਆਪਣੇ ਮਨੁੱਖ ਨੂੰ ਇਸ ਪ੍ਰਕਿਰਿਆ ਤੋਂ ਸੁਚੇਤ ਕਰਦੀ ਰਹੀ ਹੈ। ਬ੍ਰਾਹਮਣਵਾਦੀ ਪ੍ਰਕਿਰਿਆ ਪਰੰਪਰਾ ਤੇ ਸੰਰਚਨਾ ਦਾ ਵਿਵਾਦ ਪਰੰਪਰਾ ਦੇ ਹੱਕ ਵਿੱਚ ਹੱਲ ਕਰਦੀ ਹੈ। ਇਹ ਵਿਚਾਰਧਾਰਾ ਨੂੰ ਉਪਜੀਵਕਾ ਦਾ ਸਾਧਨ ਸਮਝਦੀ ਹੈ। ਇਸ ਸਾਧਨ ਦੀ ਚੰਗੀ ਤਰ੍ਹਾਂ ਵਰਤੋਂ ਕਰਨ ਲਈ ਉਹ ਪਾਖੰਡ ਦਾ ਸਹਾਰਾ ਲੈਂਦੀ ਹੈ। ਗੁਰਬਾਣੀ ਨੇ ਬ੍ਰਾਹਮਣ ਦੇ ਲੱਛਣ ਇਹ ਦੱਸੇ ਹਨ-
ਤਗੁ ਨ ਇੰਦ੍ਰੀ ਤਗੁ ਨ ਨਾਰੀ।।
ਭਲਕੇ ਥੁਕ ਪਵੈ ਨਿਤ ਦਾੜੀ।।
ਤਗੁ ਨ ਪੈਰੀ ਤਗੁ ਨ ਹਥੀ।।
ਤਗੁ ਨ ਜਿਹਵਾ ਤਗੁ ਨ ਅਖੀ।।
ਵੇਤਗਾ ਆਪੇ ਵਤੈ।।
ਵਟਿ ਧਾਗੇ ਅਵਰਾ ਘਤੈ।।
ਲੈ ਭਾੜਿ ਕਰੇ ਵੀਆਹੁ।।
ਕਢਿ ਕਾਗਲੁ ਦਸੇ ਰਾਹੁ।।
ਸੁਣਿ ਵੇਖਹੁ ਲੋਕਾ ਏਹੁ ਵਿਡਾਣੁ।।
ਮਨਿ ਅੰਧਾ ਨਾਉ ਸੁਜਾਣੁ (ਆਸਾ ਦੀ ਵਾਰ)
ਜਿਹੜੇ ਲੋਕ ਧਰਮ ਦੇ ਚਿੰਨ੍ਹ ਧਾਰਨ ਕਰਕੇ ਧਰਮ ਦੀ ਕੁਵਰਤੋਂ ਕਰਦੇ ਹਨ। ਧਰਮ ਦੀ ਸਿੱਖਿਆ ਵੇਚਦੇ ਹਨ। ਅਜਿਹੇ ਭੇਖੀਆਂ ਦੀ ਗੁਰਮਤਿ ਵਿਚਾਰਧਾਰਾ ਵਿੱਚ ਕੋਈ ਥਾਂ ਨਹੀਂ ਹੈ।
ਮਾਣਸ ਖਾਣੇ ਕਰਹਿ ਨਿਵਾਜ।।
ਛੁਰੀ ਵਗਾਇਨਿ ਤਿਨ ਗਲਿ ਤਾਗ।।
ਤਿਨ ਘਰਿ ਬ੍ਰਹਮਣ ਪੂਰਹਿ ਨਾਦ।।
ਉਨਾ ਭਿ ਆਵਹਿ ਓਈ ਸਾਦ।।
ਕੂੜੀ ਰਾਸਿ ਕੂੜਾ ਵਾਪਾਰੁ।।
ਕੂੜੁ ਬੋਲਿ ਕਰਹਿ ਆਹਾਰੁ।।
ਸਰਮ ਧਰਮ ਕਾ ਡੇਰਾ ਦੂਰਿ।।
ਨਾਨਕ ਕੂੜੁ ਰਹਿਆ ਭਰਪੂਰਿ।।
ਇਹ ਲੋਕ ਸੱਚ ਦੀ ਪ੍ਰਾਪਤੀ ਨਹੀਂ ਕਰ ਸਕਦੇ। ਗੁਰਮਤਿ ਵਿਚਾਰਧਾਰਾ ਕੱਟੜਪੰਥੀ ਸੰਕੀਰਨ ਮਾਰਗ ਤੋਂ ਹੋੜਦੀ ਹੈ। ਗੁਰਬਾਣੀ ਦੀ ਵਿਚਾਰਧਾਰਾ ਕਰਤਾ ਦਾ ਰੱਬ ਨਾਲ ਏਕੀਕਰਨ ਕਰਦੀ ਹੈ।
ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ।। (ਆਸਾ ਦੀ ਵਾਰ)
ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਸ਼ਾ ਪ੍ਰਮੁੱਖ ਆਸ਼ਾ ਸਤੀ-ਸੰਤੋਖੀ ਤੇ ਵਿਚਾਰਵਾਨ ਮਨੁੱਖ ਪੈਦਾ ਕਰਨ ਦਾ ਆਸ਼ਾ ਹੈ। ਗੁਰਬਾਣੀ ਮਨੁੱਖੀ ਮਨ ਦੀ ਹੋੜ ਨੂੰ ਸਮਝਦੀ ਹੈ। ਖ਼ੁਸ਼ੀਆਂ ਦਾ ਕੋਈ ਅੰਤ ਨਹੀਂ। ਧਨ ਦੌਲਤ ਇਕੱਠਾ ਕਰਨ ਦਾ ਕੋਈ ਅੰਤ ਨਹੀਂ। ਇਸ ਪ੍ਰਕਿਰਿਆ ਵਿੱਚ ਗਲਤਾਨ ਹੋਣ ਤੋਂ ਮਨੁੱਖ ਨੂੰ ਰੋਕਿਆ ਗਿਆ ਹੈ। ਇਹ ਰੋਕ ਬੰਧਨ ਨਹੀਂ, ਮਨੁੱਖੀ ਸੋਚ ਦਾ ਪ੍ਰਸੰਗ ਬਦਲਣ ਦੀ ਪ੍ਰਕਿਰਿਆ ਹੈ।
ਨਚਣੁ ਕੁਦਣੁ ਮਨ ਕਾ ਚਾਉ
ਨਾਨਕੁ ਜਿਨੁ ਮਨਿ ਭਉ ਤਿਨਾ ਮਨਿ ਭਾਉ।।
ਗੁਰਮਤਿ ਵਿਚਾਰਧਾਰਾ, ਸਿਰਫ਼ ਸੱਚਾ ਮਨੁੱਖ ਸਿਰਜਣ ਦੀ ਪ੍ਰਕਿਰਿਆ ਨਹੀਂ। ਇਹ ਸੱਚਾ ਰਾਜ ਸਥਾਪਿਤ ਕਰਨ ਦਾ ਆਸ਼ਾ ਵੀ ਰੱਖਦੀ ਹੈ। ਗੁਰਬਾਣੀ ਦਾ ਆਸਾ ਇੱਕ ਸਵੈ-ਚਾਲਤ ਪ੍ਰਬੰਧ ਦੀ ਸੋਝੀ ਕਰਾਉਾਂਦਾ ।
ਸਚੀ ਤੇਰੀ ਸਿਫਤਿ ਸਚੀ ਸਲਾਹ।।
ਸਚੀ ਤੇਰੀ ਕੁਦਰਤ ਸੱਚੇ ਪਾਤਿਸ਼ਾਹ।।
ਇਸ ਤਰ੍ਹਾਂ ਗੁਰਬਾਣੀ ਦੇ ਮਾਡਲ ਵਿੱਚੋਂ ਗੁਰਮੁਖ ਰਾਜੇ ਦਾ ਸੰਕਲਪ ਉੱਭਰਦਾ ਹੈ, ਪਰ ਗੁਰਬਾਣੀ ਸੱਚੇ ਪਾਤਸ਼ਾਹ ਦੇ ਤੁਲ ਹੋਰ ਕਿਸੇ ਝੂਠੇ ਪਾਤਸ਼ਾਹ ਨੂੰ ਮਾਣਤਾ ਪ੍ਰਦਾਨ ਨਹੀਂ ਕਰਦੀ ਅਤੇ ਨਾ ਹੀ ਖਸਮ ਨਾਲ ਬਰਾਬਰੀ ਕਰਨ ਲਈ ਪ੍ਰੇਰਨਾ ਸਰੋਤ ਬਣਦੀ ਹੈ।
ਊਚਾ ਸਾਹਿਬ, ਊਚਾ ਨਾਉ,
ਗੁਰਮਤਿ ਵਿਚਾਰਧਾਰਾ ਪੰਚ ਪਰਵਾਨ ਅਤੇ ਪੰਚ ਪ੍ਰਧਾਨ ਦੇ ਰਾਜਸੀ ਸੰਕਲਪ ਸਿਰਜਦੀ ਹੈ। ਇੱਥੇ ਪੰਜ ਗਿਣਤੀ ਪੱਖੋਂ ਮਹੱਤਤਾ ਨਹੀਂ ਰੱਖਦਾ, ਇਹ ਪੰਚਮੁਖੀ ਸੰਸਥਾ ਕਰਕੇ ਮਹੱਤਵਪੂਰਨ ਹੈ। ਮਨ ਦੀ ਸ਼ੁੱਧੀ ਲਈ ਪੰਜ ਖੰਡਾਂ ਰਾਹੀਂ ਸ਼ੁੱਧੀ ਹਾਸਲ ਕਰਨਾ ਜ਼ਰੂਰੀ ਹੈ। ਪੰਜ ਪਿਆਰਿਆਂ ਦੀ ਸੰਸਥਾ ਰਾਹੀਂ ਜੀਵਨ ਦੀ ਪੁਨਰ-ਨਿਰਮਾਣ ਦੀ ਵਿਸ਼ੇਸ਼ ਮਹੱਤਾ ਹੈ। ਜੋ ਗੁਰਬਾਣੀ ਦਾ ਸਿਰਜਿਆ ਸਮਾਜ ਪ੍ਰਬੰਧ ਨੂੰ ਚਲਾ ਰਿਹਾ ਹੋਵੇਗਾ। ਅਜਿਹਾ ਰਾਜ ਪ੍ਰਬੰਧ ਅੱਜ ਇੱਕ ਸੁਪਨਾ ਲੱਗਦਾ ਹੈ। ਸਮਾਜ ਦੇ ਵਿਕਾਸ ਨਾਲ, ਗੁਰਬਾਣੀ ਦੇ ਮਾਡਲ ਨੂੰ ਅਮਲੀ ਬਾਣਾ ਪਹਿਨਾ ਸਕਣਾ ਸੰਭਵ ਹੋਵੇਗਾ। ਅੱਜ ਦਾ ਵਿਸ਼ਵ ਭਾਈਚਾਰਾ ਉੱਤਰ-ਆਧੁਨਿਕ ਯੁੱਗ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ। ਦੇਸ, ਕੌਮ, ਸੱਭਿਆਚਾਰ ਅਤੇ ਪਰੰਪਰਾਵਾਂ ਬਦਲ ਰਹੀਆਂ ਹਨ। ਉੱਤਰ-ਆਧੁਨਿਕ ਵਿਦਵਾਨਾਂ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਰੱਬ ਮਰ ਗਿਆ ਹੈ। ਅਸੀਂ ਰੱਬ ਨੂੰ ਮਾਰਿਆ ਹੈ। ਹੁਣ ਸਮਾਜ ਨੂੰ ਰੱਬ ਦੀ ਲੋੜ ਨਹੀਂ, ਸਮਾਜ ਦੇ ਬ੍ਰਹਿਮੰਡ ਨਾਲ ਸੰਬੰਧਾਂ ਦੀ ਨਵੀਨ ਸਿਰਜਣਾ ਹੀ ਰੱਬ ਦਾ ਬਦਲ  ਬਣੇਗੀ। ਡਿੱਗਦਾ ਹੋਇਆ ਆਚਰਨ, ਵੱਧਦਾ ਹੋਇਆ ਭ੍ਰਿਸ਼ਟਾਚਾਰ, ਅਨੈਤਿਕ ਕਦਰਾਂ-ਕੀਮਤਾਂ ਦਾ ਪਾਸਾਰ, ਨਸ਼ਿਆਂ ਦੀ ਵੱਧ ਰਹੀ ਵਰਤੋਂ ਮਾਇਆ ਇਕੱਠੀ ਕਰਨ ਦੀ ਦੌੜ ਅਜੋਕੇ ਮਨੁੱਖ ਨੂੰ ਰੱਬ ਨਾਲ ਜੁੜਨ ਵਿੱਚ ਰੁਕਾਵਟ ਬਣਨਗੀਆਂ।
ਇਸ ਲਈ ਅੱਜ ਦੇ ਉਤਰ-ਆਧੁਨਿਕ ਯੁੱਗ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ, ਪ੍ਰਚਾਰ, ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਤੇ ਸਿਰਜਿਆ ਅਮਲੀ ਆਚਾਰ-ਵਿਵਹਾਰ ਮਨੁੱਖ ਦੀ ਸਭ ਤੋਂ ਵੱਡੀ ਲੋੜ ਬਣ ਗਿਆ ਹੈ।