ਧਿਕ ਕੰਗਾਲੀ ਦਾ ਕਾਰਨ ਬਣੀ ਭਾਸ਼ਾ ਪ੍ਰਤੀ ਪੰਜਾਬੀਆਂ ਦੀ ਗੈਰ-ਵਿਗਿਆਨਕ ਤੇ ਦੋਸ਼ਪੂਰਨ ਸਮਝ

ਧਿਕ ਕੰਗਾਲੀ ਦਾ ਕਾਰਨ ਬਣੀ ਭਾਸ਼ਾ ਪ੍ਰਤੀ ਪੰਜਾਬੀਆਂ ਦੀ ਗੈਰ-ਵਿਗਿਆਨਕ ਤੇ ਦੋਸ਼ਪੂਰਨ ਸਮਝ

ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਸਰਕਾਰੀ ਸਕੂਲਾਂ ਵਿਚ ਅੰਗਰੇਜ਼ੀ ਨੂੰ ਸਿੱਖਿਆ ਦੇ ਮਾਧਿਅਮ ਵਜੋਂ ਲਾਗੂ ਕਰਨ ਦੀ ਦਿਖਾਈ ਗਈ ਉਤਸੁਕਤਾ ਕਾਰਨ ਭਾਸ਼ਾ ਉਪਰ ਸਿਆਸਤ ਫਿਰ ਭਖ ਗਈ ਹੈ ਅਤੇ ਵਿਰੋਧੀ ਪਾਰਟੀਆਂ ਸੂਬਾ ਸਰਕਾਰ ਦੀ ਅਲੋਚਨਾ ‘ਤੇ ਉਤਾਰੂ ਹਨ ਅਤੇ ਇਸ ਨੂੰ ਮਾਂ-ਬੋਲੀ ਪੰਜਾਬੀ ਵਿਰੋਧੀ ਕਾਰਵਾਈ ਗਰਦਾਨ ਰਹੀਆਂ ਹਨ। ਐਪਰ ਬਤੌਰ ਮਾਧਿਅਮ ਅੰਗਰੇਜ਼ੀ ਤੋਂ ਪੰਜਾਬੀ ਬੋਲੀ ਤੋਂ ਖ਼ਤਰਾ ਕਿਵੇਂ ਹੈ, ਬਾਰੇ ਸਮਝ ਬੇਹੱਦ ਹਲਕੇ ਪੱਧਰ ਦੀ ਹੈ। ਜਿਹੜੇ ਦਾਅਵਾ ਕਰਦੇ ਹਨ ਕਿ ਅਸੀਂ ਮਾਂ-ਬੋਲੀ ਨੂੰ ਪਿਆਰ ਕਰਦੇ ਹਾਂ, ਉਹਨਾਂ ਵਿਚੋਂ ਬਹੁਤਿਆਂ ਦੀ ਸਮਝ ਇਸ ਤੋਂ ਵੱਖਰੀ ਨਹੀਂ ਹੈ। ਇਸ ਪੱਧਰ ਦੀ ਸਮਝ ਤੇ ਲਿਆਕਤ ਦੇ ਮਾਲਕ ਪੰਜਾਬੀਆਂ ਦੇ ਇਸ ‘ਮਾਂ-ਬੋਲੀ ਪਰੇਮ’ ਤੋਂ ਕਿਸੇ ਠੋਸ ਸਿੱਟੇ ਦੀ ਆਸ ਨਹੀਂ ਲਾਈ ਜਾ ਸਕਦੀ।
ਤ੍ਰਾਸਦੀ ਦੀ ਗੱਲ ਇਹ ਹੈ ਕਿ ਪੰਜਾਬੀ ਬਾਕੀ ਸੱਭਿਅਤਾਵਾਂ ਨਾਲੋਂ ਇਸ ਪੱਖੋਂ ਤਰੱਕੀ ਨਹੀਂ ਕਰ ਸਕੇ। ‘ਬਤੌਰ ਸਿੱਖਿਆ ਮਾਧਿਅਮ ਅੰਗਰੇਜੀ ਤੋਂ ਪੰਜਾਬੀ ਨੂੰ ਖ਼ਤਰਾ ਹੈ’ ਜਾਂ ‘ਪੰਜਾਬੀ ਦਾ ਥਾਂ ਅੰਗਰੇਜ਼ੀ ਤੇ ਹਿੰਦੀ ਭਾਸ਼ਾਵਾਂ ਲੈ ਰਹੀਆਂ ਹਨ’ ਵਰਗੇ ਫਿਕਰੇ ਭਾਸ਼ਾ ਅਤੇ ਸਿੱਖਿਆ ਬਾਰੇ ਸਤਹੀ ਪੱਧਰ ਦੇ ਗਿਆਨ ਤੱਕ ਹੀ ਸੀਮਤ ਹਨ। ਅਸਲੀਅਤ ਇਹ ਹੈ ਕਿ ਭਾਸ਼ਾ ਪ੍ਰਤੀ ਦੋਸ਼ਪੂਰਨ ਪਹੁੰਚ ਹੋਣ ਕਾਰਨ ਅਸੀਂ ਸਿੱਖਿਆ, ਬੌਧਿਕਤਾ ਅਤੇ ਭਾਸ਼ਾ ਦੇ ਆਪਸੀ ਰਿਸ਼ਤੇ ਨੂੰ ਸਮਝ ਨਹੀਂ ਸਕੇ। ਇਸ ਦੀ ਉਘੜਵੀਂ ਮਿਸਾਲ ਉਦੋਂ ਸਾਕਾਰ ਹੁੰਦੀ ਹੈ ਜਦੋਂ ਪੰਜਾਬੀ ਭਾਸ਼ਾ ਦੇ ਪਤਨ ਦੀ ਗੱਲ ਕਰਦਿਆਂ ਅੰਗਰੇਜ਼ੀ ਅਤੇ ਹਿੰਦੀ ਨੂੰ ਇਕੋ ਰੱਸੇ ਵਿਚ ਪਿਰਾਉਂਦਾ ਹੈ ਜਾਂ ਫਿਰ ਅੰਗਰੇਜ਼ੀ ਮਾਧਿਅਮ ਨੂੰ ਸਿਰਫ ‘ਪੰਜਾਬੀ ਭਾਸ਼ਾ ਨੂੰ ਖ਼ਤਰੇ’ ਤੱਕ ਹੀ ਸੀਮਤ ਕਰ ਲੈਂਦਾ ਹੈ। ਚਾਹੇ, ਸਿੱਖਿਆ ਤੇ ਭਾਸ਼ਾ ਇਕ ਦੂਸਰੇ ਦੇ ਅਟੁੱਟ ਅੰਗ ਹਨ ਪਰ ਸਿੱਖਿਆ ਮਾਧਿਅਮ ਸਬੰਧੀ ਸ਼ੁਰੂ ਹੋਈ ਚਰਚਾ ਦੇ ਪ੍ਰਸੰਗ ਵਿਚ ਦੋਹਾਂ ਵਰਤਾਰਿਆਂ ਨੂੰ ਸਮਝਣ ਦੀ ਲੋੜ ਹੈ।
ਸਿੱਖਿਆ ਦੇ ਸਧਾਰਨ ਅਰਥ ਹਨ ‘ਸਿੱਖਣਾ’ ਜਾਂ ‘ਗਿਆਨ ਗ੍ਰਹਿਣ ਕਰਨਾ’। ਇਸ ਲਈ ਮਾਧਿਅਮ ਉਹੀ ਕਾਮਯਾਬ ਹੈ, ਜਿਸ ਰਾਹੀਂ ਦੋਵੇਂ ਕਿਰਿਆਵਾਂ ਜੋ ਅਗੇ ਜਾ ਕਿ ਬੌਧਿਕ ਗੁਣਾਂ ਨੂੰ ਪੈਦਾ ਕਰਦੀਆਂ ਹਨ, ਸੁਖੈਣ ਕੀਤੀਆਂ ਜਾ ਸਕਣ। ਤੇ ਮਾਂ-ਬੋਲੀ ਤੋਂ ਵਧੀਆ ‘ਸਿੱਖਣ’ ਜਾਂ ‘ਗਿਆਨ ਗ੍ਰਹਿਣ’ ਕਰਨ ਦਾ ਮਾਧਿਅਮ ਹੋਰ ਕੋਈ ਨਹੀਂ ਹੋ ਸਕਦਾ। ਜੇ ਮਾਂ-ਬੋਲੀ ਦੀ ਜਗਾ ਕੋਈ ਹੋਰ ਬੋਲੀ ਮਾਧਿਅਮ ਦੇ ਰੂਪ ਵਿਚ ਥੋਪ ਦਿੱਤੀ ਜਾਵੇ, ਤਾਂ ਵਿਦਿਆਰਥੀ ਦਾ ਗਿਆਨ ਵਿਹੁਣੇ ਹੋਣਾ ਜਾਂ ਬੌਧਿਕ ਤੌਰ ‘ਤੇ ਕੰਗਾਲ ਹੋਣਾ ਸੁਭਾਵਕ ਹੈ। ਹੁਣ ਇਥੇ ਪਹਿਲਾਂ ਸਿੱਖਿਆ ਗ੍ਰਹਿਣ ਕਰਨ ਦਾ ਸਵਾਲ ਖੜ੍ਹਾ ਹੁੰਦਾ ਹੈ, ‘ਮਾਂ-ਬੋਲੀ ਨੂੰ ਖਤਰੇ’ ਦਾ ਸਵਾਲ ਬਾਅਦ ਵਿਚ।
ਅਜਿਹਾ ਸਰੋਕਾਰ ਮੁਢਲੀ ਸਿੱਖਿਆ ਨਾਲ ਵਧੇਰੇ ਕਰਕੇ ਜੁੜਿਆ ਹੋਇਆ ਹੈ। ਅਸਲੀਅਤ ਤਾਂ ਇਹ ਹੈ ਕਿ ਸਿੱਖਿਆ ਦੇ ਇਸ ਪੜਾਅ ‘ਤੇ ਹੋਰ ਭਾਸ਼ਾ ਵਿਚ ਵਿਦਿਆ ਪ੍ਰਦਾਨ ਕਰਨੀ ਸੰਭਵ ਹੀ ਨਹੀਂ ਹੈ। ਜੇ ਪੰਜਾਬ ਦੀ ਮੁਢਲੀ ਸਿੱਖਿਆ ਦੀ ਗੱਲ ਕਰੀਏ ਤਾਂ ਹਿੰਦੀ ਤਾਂ ਕਿਸੇ ਹੱਦ ਤੱਕ ਬਤੌਰ ਮਾਧਿਅਮ ਸੰਭਵ ਹੋ ਸਕਦੀ ਹੈ ਪਰ ਅੰਗਰੇਜ਼ੀ ਬਿਲਕੁਲ ਨਹੀਂ।  ਅੰਗਰੇਜ਼ੀ ਅਜਿਹੀ ਭਾਸ਼ਾ ਹੈ ਜੋ ਸੱਤ ਸਮੁੰਦਰੋਂ ਪਾਰ ਤੋਂ ਆਈ ਹੈ ਤੇ ਇਸ ਦਾ ਆਪਣਾ ਨਿਆਰਾ ਸੱਭਿਆਚਾਰ ਹੈ ਜੋ ਕਿ ਭਾਰਤੀ ਉਪ-ਮਹਾਂਦੀਪ ਦੀਆਂ ਭਾਸ਼ਾਵਾਂ ਤੋਂ ਬਿਲਕੁੱਲ ਵੱਖਰਾ ਹੈ। ਅਜਿਹੀ ਸੂਰਤ ਵਿਚ ਇਸ ਨੂੰ ਮੁਢਲੀ ਸਿੱਖਿਆ ਦਾ ਮਾਧਿਅਮ ਬਣਾਉਣਾ ਗੈਰ-ਤਰਕਸੰਗਤ ਕਵਾਇਦ ਹੈ, ਕਿਉਂਕਿ ਇਹ ਮਾਧਿਅਮ ਨਾ ਹੋ ਕੇ ਉਲਟਾ ਵਿੱਦਿਆ ਗ੍ਰਹਿਣ ਕਰਨ ਵਿਚ ਅੜਿਕਾ ਬਣ ਜਾਂਦੀ ਹੈ।
ਮਹਿੰਗੇ ਅੰਗਰੇਜ਼ੀ ਮਾਧਿਅਮ ਦੇ ਨਿੱਜੀ ਸਕੂਲਾਂ ਜਿਥੋਂ ਦਾ ਵਿਦਿਅਕ ਮਿਆਰ ਬਹੁਤ ਉੱਚਾ ਮੰਨਿਆ ਜਾਂਦਾ ਹੈ, ਦੇ ਮੁਢਲੇ ਸਿੱਖਿਆ ਦੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਵਿਚ ਘੋਟੇ ਲਾਉਂਦੇ ਦੇਖਿਆ ਜਾ ਸਕਦਾ ਹੈ ਪਰ ਉਹ ਇਸ ਦੇ ਅਰਥਾਂ ਤੋਂ ਅਣਜਾਣ ਹੁੰਦੇ ਹਨ। ਜਦੋਂ ਕਿ ਅਰਥਾਂ ਦੀ ਸਮਝ ਤੋਂ ਬਗੈਰ ਸਿੱਖਿਆ ਵੀ ਅਰਥਹੀਣ ਹੋ ਜਾਂਦੀ ਹੈ। ਮਿਸਾਲ ਦੇ ਤੌਰ ‘ਤੇ ਮੁਢਲੀ ਪੱਧਰ ਦਾ ਵਿਦਿਆਰਥੀ ਅੰਗਰੇਜ਼ੀ ਵਿਚ ਇਤਿਹਾਸ ਪੜ੍ਹ ਰਿਹਾ ਹੈ, ਪਰ ਉਹ ਫਿਰ ਵੀ ਇਤਿਹਾਸ ਤੋਂ ਅਣਜਾਣ ਰਹਿੰਦਾ ਹੈ। ਮੁੱਕਦੀ ਗੱਲ ਇਹ ਹੈ ਕਿ ਸਾਨੂੰ ਖੁਦ ਨੂੰ ਇਹ ਗੱਲ ਸਪੱਸ਼ਟ ਨਹੀਂ ਹੈ ਕਿ ਅਸੀਂ ਬੱਚੇ ਨੂੰ ਵਿਦਿਆ ਦੇਣੀ ਚਾਹੁੰਦੇ ਹਾਂ ਜਾਂ ਅੰਗਰੇਜ਼ੀ ਭਾਸ਼ਾ ਜਿਸ ਨੂੰ ਉਹ ਸਿੱਖਣ ਦੇ ਯੋਗ ਨਹੀਂ ਹੋਇਆ, ਸਿੱਖਾਉਣਾ ਚਾਹੁੰਦੇ ਹਾਂ। ਭਾਸ਼ਾ ਸਿੱਖਿਆ ਦਾ ਮਾਧਿਅਮ ਹੈ ਪਰ ਮੁਢਲੀ ਸਿੱਖਿਆ ਮਾਂ-ਬੋਲੀ ਵਿਚ ਹੀ ਸਹੀ ਅਰਥਾਂ ‘ਚ ਦਿੱਤੀ ਜਾ ਸਕਦੀ ਹੈ। ਅਤੇ ਮਾਂ-ਬੋਲੀ ਵਿਚ ਸੁਚੱਜੇ ਢੰਗ ਨਾਲ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀ ਵਿਚ ਕਿਸੇ ਹੋਰ ਭਾਸ਼ਾ ਨੂੰ ਸਿੱਖਣ ਦੀ ਵਧੇਰੇ ਸਮਰੱਥਾ ਹੁੰਦੀ ਹੈ।
ਪਰ ਪੰਜਾਬੀ ਮਾਪੇ ਸਿੱਖਿਆ ਤੇ ਭਾਸ਼ਾ ਦੇ ਅੰਤਰ-ਸਬੰਧਾਂ ਨੂੰ ਸਮਝੇ ਬਿਨ੍ਹਾਂ ਇਸ ਅਸਪਸ਼ਟਤਾ ਦੇ ਸ਼ਿਕਾਰ ਹਨ ਕਿ ਉਹ ਆਪਣੇ ਬੱਚਿਆਂ ਨੂੰ ਉਮਰ ਦੇ ਮੁਢਲੇ ਪੜਾਅ ‘ਤੇ ਵਿਦਿਆ ਪ੍ਰਦਾਨ ਕਰਨਾ ਚਾਹੁੰਦੇ ਹਨ, ਜਾਂ ਭਾਸ਼ਾ ਸਿਖਾਉਣਾ ਚਾਹੁੰਦੇ ਹਨ।
ਪੰਜਾਬੀ ਬੱਚਿਆਂ ਲਈ ਅੰਗਰੇਜ਼ੀ ਮਾਧਿਅਮ ਅਤੇ ਮੁਢਲੀ ਸਿੱਖਿਆ ਇਕ ਆਪਾ ਵਿਰੋਧੀ ਗੱਲਾਂ ਹਨ। ਜੇ ਅਜਿਹਾ ਨਾ ਹੋਵੇ ਤਾਂ ਅਧਿਆਪਕ ਨੂੰ ਅੰਗਰੇਜੀ ਮਾਧਿਅਮ ਦੀ ਇਤਿਹਾਸ ਦੀ ਕਿਤਾਬ ਦੀ ਵਿਆਖਿਆ ਪੰਜਾਬੀ ਵਿਚ ਕਰਨ ਦੀ ਲੋੜ ਨਾ ਪਵੇ। ਪੰਜਾਬੀ ਭਾਸ਼ਾ ਦੀ ਕਿਤਾਬ ਦੇ ਮਾਮਲੇ ਵਿਚ ਅਜਿਹਾ ਨਹੀਂ ਕਰਨਾ ਪੈਂਦਾ, ਕਿਉਂਕਿ ਇਸ ਵਿਚ ਲਿਖੇ ਨੂੰ ਮੁਢਲੀ ਸਿੱਖਿਆ ਦੇ ਵਿਦਿਆਰਥੀ ਆਮ ਕਰਕੇ ਖੁਦ ਹੀ ਸਮਝਦੇ ਹਨ। ਮੁਢਲੇ ਪੱਧਰ ‘ਤੇ ਸਿੱਖਿਆ ਦੇ ਮਾਧਿਅਮ ਦੇ ਰੂਪ ਵਿਚ ਅੰਗਰੇਜ਼ੀ ਨੂੰ ਤਾਂ ਹੀ ਤਰਕਸੰਗਤ ਕਿਹਾ ਜਾ ਸਕਦਾ ਹੈ ਜੇਕਰ ਅਧਿਆਪਕ ਅੰਗਰੇਜ਼ੀ ਨੂੰ ਪਾਠ ਦੀ ਵਿਆਖਿਆ ਦਾ ਸਾਧਨ ਬਣਾਵੇ ਤੇ ਉਸ ਨੂੰ ਸਥਾਨਕ ਭਾਸ਼ਾ ਦਾ ਸਹਾਰਾ ਨਾ ਲੈਣਾ ਪਵੇ। ਇਥੇ ਤਾਂ ਪੰਜਾਬੀ ‘ਚ ਵਿਆਖਿਆ ਕਰਨ ਦੇ ਬਾਵਜੂਦ ਬੱਚਿਆਂ ਦੇ ਪੱਲੇ ਕੁਝ ਨਹੀਂ ਪੈਂਦਾ ਅਤੇ ਉਹ ਅੰਗਰੇਜ਼ੀ ਦੀਆਂ ਕਿਤਾਬਾਂ ਦੇ ਨਿਰੋਲ ਰੱਟੇ ਲਾਉਂਦੇ ਦੇਖੇ ਜਾ ਸਕਦੇ ਹਨ।
ਕਹਿਣ ਤੋਂ ਭਾਵ ਹੈ ਕਿ ਸਰਕਾਰੀ ਸਕੂਲਾਂ ਜਿਹਨਾਂ ਦਾ ਵਿਦਿਅਕ ਮਿਆਰ ਪਹਿਲਾਂ ਹੀ ਵਧੀਆ ਹਾਲਤ ਵਿਚ ਨਹੀਂ ਹੈ, ਵਿਚ ਮੁਢਲੀ ਪੱਧਰ ‘ਤੇ ਅੰਗਰੇਜ਼ੀ ਨੂੰ ਮਾਧਿਅਮ ਦੇ ਰੂਪ ਵਿਚ ਲਾਗੂ ਕਰਨ ਦਾ ਨਤੀਜਾ ਬੌਧਿਕ ਕੰਗਾਲੀ ਨਾਲ ਜੁੜਿਆ ਹੋਇਆ ਹੈ। ਮੁਢਲੇ ਪੱਧਰ ‘ਤੇ ਵਿਦਿਆਰਥੀ ਨੂੰ ਮਾਂ-ਬੋਲੀ ਵਿਚ ਗਿਆਨ ਨਾ ਮਿਲਣ ਕਾਰਨ ਉਹ ਬੌਧਿਕ ਪੱਖੋਂ ਕੁਪੋਸ਼ਿਤ ਰਹਿ ਜਾਂਦਾ ਹੈ। ਕੋਈ ਇਨਸਾਨ ਗਿਆਨ ਦੀਆਂ ਡੂੰਘਾਣਾਂ ਦੀ ਥਾਹ ਆਪਣੀ ਮਾਂ-ਬੋਲੀ ਵਿਚ ਹੀ ਪਾ ਸਕਦਾ ਹੈ।

ਸੱਭਿਆਚਾਰ ਦੀ ਭੂਮਿਕਾ
ਸੱਭਿਆਚਾਰ ਇਨਸਾਨ ਦੀ ਬੌਧਿਕ ਤੇ ਅਕਾਦਮਿਕ ਤਰੱਕੀ ਲਈ ਅਹਿਮ ਭੂਮਿਕਾ ਅਦਾ ਕਰਦਾ ਹੈ ਤੇ ਇਹ ਇਕ ਤਰ੍ਹਾਂ ਨਾਲ ਸਕੂਲ ਹੁੰਦਾ ਹੈ। ਇਹ ਵੀ ਇਕ ਤੱਥ ਹੈ ਕਿ ਸੱਭਿਆਚਾਰ ਦੀ ਬੁਨਿਆਦ ਸਬੰਧਿਤ ਭਾਸ਼ਾ ਹੁੰਦੀ ਹੈ। ਜੇ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਮਾਂ-ਬੋਲੀ ‘ਚ ਮੁਢਲੀ ਸਿੱਖਿਆ ਤੋਂ ਵਾਂਝਾ ਕਰ ਰਹੇ ਹਾਂ ਤਾਂ ਉਸ ਨੂੰ ਇਸ ਸਕੂਲ ਤੋਂ ਬਾਹਰ ਕੱਢ ਰਹੇ ਹਾਂ। ਪੰਜਾਬ ਵਿਚ ਪਿੰਡਾਂ ਦੇ ਵਿੱਦਿਆਰਥੀਆਂ ਜਿਹੜੇ ਅੰਗਰੇਜ਼ੀ ਮਾਧਿਅਮ ਦੇ ਸਕੂਲਾਂ ‘ਚ ਪੜ੍ਹਦੇ ਵੀ ਹਨ, ਦੀ ਇਹ ਘਾਟ ਕਿਸੇ ਹੱਦ ਤੱਕ ਪੂਰੀ ਹੋ ਜਾਂਦੀ ਹੈ ਕਿਉਂਕਿ ਪਿੰਡਾਂ ਦਾ ਮਹੌਲ ਅਜੇ ਵੀ ਸੱਭਿਆਚਾਰ ਦੇ ਰੰਗਾਂ ਵਿਚ ਰੰਗਿਆ ਹੁੰਦਾ ਹੈ। ਪਰ ਸ਼ਹਿਰਾਂ ਦੀ ਨਵੀਂ ਪੀੜ੍ਹੀ ‘ਤੇ ਇਸ ਦਾ ਬੁਰਾ ਅਸਰ ਵਧੇਰੇ ਪੈਂਦਾ ਹੈ।
ਸਰਕਾਰੀ ਸਕੂਲਾਂ ਵਿਚ ਮੁਢਲੀ ਪੱਧਰ ‘ਤੇ ਅੰਗਰੇਜ਼ੀ ਮਾਧਿਅਮ ਲਾਗੂ ਕਰਨ ਦਾ ਇਹ ਤਰਕ ਵੀ ਦਿੱਤਾ ਜਾ ਰਿਹਾ ਹੈ ਕਿ ਅਜਿਹਾ ਸਰਕਾਰੀ ਸਕੂਲਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਤੇ ਸਰਕਾਰੀ ਤੇ ਨਿੱਜੀ ਸਕੂਲਾਂ ਦੇ ਆਪਸੀ ਪਾੜੇ ਨੂੰ ਦੂਰ ਕੀਤਾ ਜਾ ਰਿਹਾ, ਤਾਂ ਕਿ ਉਹ ਨਿੱਜੀ ਸਕੂਲਾਂ ਦਾ ਟਾਕਰਾ ਕਰ ਸਕਣ। ਜੇ ਮਿਆਰ ਦੀ ਗੱਲ ਆ ਤਾਂ ਚਾਹੀਦਾ ਤਾਂ ਇਹ ਹੈ ਕਿ ਮਿਆਰ ਨੂੰ ਉਪਰ ਚੁੱਕਿਆ ਜਾਵੇ। ਜੇ ਵਿਦਿਆਰਥੀ ਗਣਿਤ ਵਿਚ ਕਮਜੋਰ ਹਨ ਤਾਂ ਕੀ ਅੰਗਰੇਜ਼ੀ ਰਟਾਉਣ ਨਾਲ ਉਸ ਦੀ ਕਮਜੋਰੀ ਦੂਰ ਹੋ ਜਾਵੇਗੀ? ਅੰਗਰੇਜ਼ੀ ਇਕ ਭਾਸ਼ਾ ਹੈ, ਨਾ ਕਿ ਗਿਆਨ ਜਾਂ ਸਿੱਖਿਆ। ਅਕਾਦਮਿਕਤਾ ਦਾ ਪੈਮਾਨਾ ਅੰਗਰੇਜ਼ੀ ਨਹੀਂ ਹੈ। ਸਿੱਖਿਆ ਦਾ ਮਾਧਿਅਮ ਕਿਹੜੀ ਭਾਸ਼ਾ ਵਿਚ ਹੈ, ਇਹ ਗੱਲ ਮਿਆਰ ਦੇ ਪੱਖ ਤੋਂ ਅਹਿਮੀਅਤ ਨਹੀਂ ਰੱਖਦੀ। ਮਾਧਿਅਮ ਕੋਈ ਵੀ ਹੋਵੇ, ਮਿਆਰ ਫਿਰ ਵੀ ਉਪਰ ਚੁੱਕਿਆ ਜਾ ਸਕਦਾ ਹੈ।
ਕੌਮਾਂਤਰੀ ਭਾਸ਼ਾ ਵਿਗਿਆਨੀ ਤੇ ਖੋਜਕਾਰ ਆਪਣੇ ਅਧਿਐਨਾਂ ਦੇ ਆਧਾਰ ‘ਤੇ ਬੱਚਿਆਂ ਨੂੰ ਮੁਢਲੀ ਸਿੱਖਿਆ ਉਹਨਾਂ ਦੀ ਮਾਂ-ਬੋਲੀ ਵਿਚ ਨਾ ਦੇਣ ਦੀ ਪਹੁੰਚ ਨੂੰ ਰੱਦ ਕਰਦੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼੍ਰੀ ਅੰਮ੍ਰਿਤਸਰ ਦੇ ਪੰਜਾਬੀ ਮਹਿਕਮੇ ਦੇ ਸਾਬਕਾ ਮੁਖੀ ਡਾ. ਧਰਮ ਸਿੰਘ ਅਨੁਸਾਰ ਪਾਕਿਸਤਾਨ ਵਿਚ ਅੰਨਪੜਤਾ ਦਾ ਵੱਡਾ ਕਾਰਨ ਉਹਨਾਂ ਦੀ ਮਾਂ-ਬੋਲੀ ਵਿਚ ਸਿੱਖਿਆ ਨਾ ਦੇਣਾ ਹੈ।
ਅਸਲ ਵਿਚ, ਜੇ ਸਿੱਖਿਆ ਮਾਂ-ਬੋਲੀ ਵਿਚ ਨਾ ਦਿੱਤੀ ਜਾਵੇ ਤਾਂ ਸਿੱਖਿਆ ਪੇਚੀਦਾ ਬਣ ਜਾਂਦੀ ਹੈ ਅਤੇ ਵਿਦਿਆਰਥੀਆਂ ਦੇ ਇਮਤਿਹਾਨਾਂ ਵਿਚ ਸਫਲ ਹੋਣ ਦੀ ਦਰ ਘੱਟ ਜਾਂਦੀ ਹੈ। ਕੁਝ ਤਾਂ ਪਹਿਲਾਂ ਹੀ ਹੱਥ ਖੜੇ ਕਰਕੇ ਸਿੱਖਿਆ ਤੋਂ ਬਾਹਰ ਹੋ ਜਾਂਦਾ ਹਨ, ਕਈ ਸਫਲ ਨਹੀਂ ਹੋ ਪਾਉਂਦੇ। ਪੰਜਾਬ ਵਿਚ ਭਾਸ਼ਾਈ ਵਿਸ਼ੇ ਦੇ ਤੌਰ ‘ਤੇ ਅੰਗਰੇਜ਼ੀ ਨੂੰ ਔਖਾ ਮੰਨਿਆ ਜਾਂਦਾ ਹੈ ਅਤੇ ਅਨੇਕਾਂ ਵਿੱਦਿਆਰਖੀ ਹਰ ਸਾਲ ਅੰਗਰੇਜ਼ੀ ‘ਚੋਂ ਫੇਲ ਹੁੰਦੇ ਦੇਖੇ ਜਾ ਸਕਦੇ ਹਨ। ਸਰਕਾਰੀ ਸਕੂਲਾਂ ਦੇ ਅਜਿਹੇ ਮਿਆਰ ਦੇ ਚਲਦਿਆਂ ਅੰਗਰੇਜ਼ੀ ਬਤੌਰ ਮਾਧਿਅਮ ਕਿਵੇਂ ਕਾਮਯਾਬ ਹੋ ਸਕਦੀ ਹੈ?
-ਅੰਮ੍ਰਿਤਸਰ ਟਾਈਮਜ਼ ਬਿਊਰੋ ਰਿਪੋਰਟ