ਮੋਦੀ ਜੀ ਬੋਲੇ ਤਾਂ ਚੰਗਾ, ਪਰ ਕਈ ਸਵਾਲ ਛੱਡ ਗਏ

ਮੋਦੀ ਜੀ ਬੋਲੇ ਤਾਂ ਚੰਗਾ, ਪਰ ਕਈ ਸਵਾਲ ਛੱਡ ਗਏ

ਉਰਮਿਲੇਸ਼
ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਵਾਂਗ ਲੰਬਾ ਤੇ ਪ੍ਰਭਾਵਸ਼ਾਲੀ ਭਾਸ਼ਣ ਦਿੱਤਾ। ਉਨ੍ਹਾਂ ਨੇ ਢੇਰ ਸਾਰੇ ਮਾਮਲਿਆਂ ਨੂੰ ਉਠਾਇਆ ਤੇ ਆਪਣੀ ਸਰਕਾਰ ਦੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਗਿਣਵਾਈਆਂ। ਇਨ੍ਹਾਂ ਵਿਚ ਜ਼ਿਆਦਾਤਰ ਅਜਿਹੇ ਮਸਲਿਆਂ ਤੇ ਪ੍ਰਾਪਤੀਆਂ ਦੀ ਫਹਿਰਿਸ਼ਤ ਸੀ ਜੋ ਸਮੇਂ ਸਮੇਂ ‘ਤੇ ਖ਼ੁਦ ਪ੍ਰਧਾਨ ਮੰਤਰੀ, ਉਨ੍ਹਾਂ ਦੇ ਸਹਿਯੋਗੀ ਮੰਤਰੀ ਤੇ ਵਿਭਾਗਾਂ ਦੇ ਉਚ ਅਧਿਕਾਰੀ ਲੋਕਾਂ ਅੱਗੇ ਪੇਸ਼ ਕਰਦੇ ਆ ਰਹੇ ਹਨ ਪਰ ਸ਼ਾਸਨ ਦੀਆਂ ਪ੍ਰਾਪਤੀਆਂ ਤੋਂ ਇਲਾਵਾ ਦੇਸ਼ ਤੇ ਆਵਾਮ ਅੱਗੇ ਢੇਰ ਸਾਰੀਆਂ ਸਮੱਸਿਆਵਾਂ, ਮੁਸ਼ਕਲਾਂ ਤੇ ਚੁਣੌਤੀਆਂ ਵੀ ਹਨ। ਉਨ੍ਹਾਂ ਦੇ ਲੰਬੇ ਭਾਸ਼ਣ ਵਿਚ ਇਨ੍ਹਾਂ ਮਸਲਿਆਂ ਨੂੰ ਲੈ ਕੇ ਕੋਈ ਠੋਸ ਦਿਸ਼ਾ ਦਾ ਸੰਕੇਤ ਨਹੀਂ ਨਜ਼ਰ ਆਇਆ। ਅਸੀਂ ਸ਼ੁਰੂਆਤ ਕਰਦੇ ਹਾਂ, ਬਿਲਕੁਲ ਹਾਲ ਦੀ ਹੀ ਘਟਨਾ ਨੂੰ ਲੈ ਕੇ।
ਗੋਰਖਪੁਰ ਦਾ ਜ਼ਿਕਰ:
ਗੋਰਖਪੁਰ ਵਿਚ ਮਹਿਜ਼ 3-4 ਦਿਨਾਂ ਅੰਦਰ 60 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ ਜ਼ਿਆਦਾਤਰ ਬੱਚੇ ਸਨ। ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਗੋਰਖਪੁਰ ਤੋਂ ਆਉਂਦੇ ਹਨ। ਉਹ ਉਥੋਂ 5 ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਗੋਰਖਪੁਰ ਵਿਚ ਹੁਣੇ ਹੁਣੇ ਜੋ ਕੁਝ ਹੋਇਆ, ਉਹ ਅਚਾਨਕ ਤੇ ਪਹਿਲੀ ਵਾਰ ਨਹੀਂ ਹੋਇਆ। ਉਸ ਇਲਾਕੇ ਵਿਚ 1977-78 ਦੇ ਦੌਰ ਤੋਂ ਹੀ ਲੋਕ, ਖ਼ਾਸ ਤੌਰ ‘ਤੇ ਬੱਚੇ ਦਿਮਾਗ਼ੀ ਬੁਖ਼ਾਰ (ਸੈਫੇਲਾਈਟਸ) ਕਾਰਨ ਅਕਾਲ ਮੌਤ ਦੇ ਸ਼ਿਕਾਰ ਹੁੰਦੇ ਆ ਰਹੇ ਹਨ। ਦਸਦੇ ਹਨ ਕਿ ਹੁਣ ਤਕ ਇਸ ਇਲਾਕੇ ਵਿਚ ਤਕਰੀਬਨ ਇਕ ਲੱਖ ਬੱਚੇ ਇਸ ਬਿਮਾਰੀ ਨਾਲ ਮਰ ਚੁੱਕੇ ਹਨ। ਉਦੋਂ ਤੋਂ ਪਤਾ ਨਹੀਂ ਕਿੰਨੀਆਂ ਸਰਕਾਰਾਂ ਆਈਆਂ ਅਤੇ ਗਈਆਂ।
ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਚਮੁੱਚ ਆਪਣੇ ‘ਨਿਊ ਇੰਡੀਆ’ ਦੇ ਨਾਅਰੇ ਅਤੇ ਉਸ ਵਿਚ ਮੌਜੂਦ ਧਾਰਨਾ (ਜੇਕਰ ਉਸ ਵਿਚ ਸੁਖੀ, ਖ਼ੁਸ਼ਹਾਲ ਤੇ ਸਿਹਤਮੰਦ ਭਾਰਤ ਦਾ ਸੰਕਲਪ ਵੀ ਸ਼ਾਮਲ ਹੈ।) ਨੂੰ ਲੈ ਕੇ ਗੰਭੀਰ ਹਨ ਤਾਂ ਉਨ੍ਹਾਂ ਨੂੰ ਦੇਸ਼ ਅੱਗੇ ਇਕ ਮਜ਼ਬੂਤ ਸਿਹਤਮੰਦ ਨੀਤੀ ਦਾ ਖਾਕਾ ਪੇਸ਼ ਕਰਨਾ ਚਾਹੀਦਾ ਸੀ, ਜੋ ਸਾਡੇ ਬੱਚਿਆਂ ਦੀਆਂ ਬੇਹਿਸਾਬ ਅਕਾਲ ਮੌਤਾਂ ‘ਤੇ ਰੋਕ ਲਾਏ ਤੇ ਉਨ੍ਹਾਂ ਦੀ ਸੁਖੀ ਤੇ ਸਿਹਤਮੰਦ ਜ਼ਿੰਦਗੀ ਨਿਸਚਿਤ ਕਰੇ। ਪੰਜ ਸਾਲ ਤਕ ਦੇ ਬੱਚਿਆਂ ਦੇ ਕੁਪੋਸ਼ਣ ਦੇ ਮਾਮਲੇ ਭਾਰਤ ਦੀ ਸਥਿਤੀ ਅੱਜ ਵੀ ਬੇਹੱਦ ਪਤਲੀ ਹੈ।
ਭਾਰਤ ਨੂੰ ਨਿਰਾਸ਼ਾ ਕੀਤਾ…
ਸਾਡੇ ਗਵਾਂਢੀ ਬੰਗਲਾਦੇਸ਼, ਸ਼੍ਰੀਲੰਕਾ ਤੇ ਨੇਪਾਲ ਵੀ ਇਸ ਮਾਮਲੇ ਵਿਚ ਸਾਡੇ ਤੋਂ ਚੰਗੀ ਸਥਿਤੀ ਵਿਚ ਹਨ। ਕੁਪੋਸ਼ਣ ਦੇ ਮਾਮਲੇ ਵਿਚ ਉਤਰ ਪ੍ਰਦੇਸ਼ ਤੇ ਗੁਜਰਾਤ ਬਦਹਾਲ ਸੂਬਿਆਂ ਦੀ ਸੂਚੀ ਵਿਚ ਕਾਫ਼ੀ ਉਪਰ ਹੈ, ਜਿੱਥੇ 40 ਫੀਸੀਦ ਬੱਚੇ ਕੁਪੋਸ਼ਤ ਹਨ। ਉਹ ਅਕਾਲ ਮੌਤ ਦੇ ਸ਼ਿਕਾਰ ਹੁੰਦੇ ਹਨ ਜਾਂ ਅਪਾਹਜ, ਬੌਣੇ ਜਾਂ ਜੀਵਨ ਭਰ ਲਈ ਕਮਜ਼ੋਰ ਹੋ ਜਾਂਦੇ ਹਨ। ਪਰ ਬਿਮਾਰੀ, ਅਕਾਲ ਮੌਤਾਂ ਤੇ ਕੁਪੋਸ਼ਣ ਦੇ ਪ੍ਰਤੀਕ ਬਣ ਰਹੇ ਗੋਰਖਪੁਰ ਦੇ ਸਵਾਲ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਨਿਰਾਸ਼ ਕੀਤਾ।
ਬੜੇ ਚਲਾਊ ਢੰਗ ਨਾਲ ਉਨ੍ਹਾਂ ਨੇ ਕੁਦਰਤੀ ਆਫ਼ਤ ਦਾ ਜ਼ਿਕਰ ਕਰਨ ਦੇ ਕ੍ਰਮ ਵਿਚ ਗੋਰਖਪੁਰ ਦੀ ਤਰਾਸਦੀ ਦਾ ਵੀ ਹਵਾਲਾ ਦਿੱਤਾ। ਭਾਰਤ ਵਿਚ ਇਸ ਵਕਤ ਲੋਕ ਸਿਹਤ ‘ਤੇ ਕੁੱਲ ਖ਼ਰਚ ਜੀ.ਡੀ.ਪੀ. ਦੇ 1.2 ਫ਼ੀਸਦੀ ਦੇ ਨੇੜੇ-ਤੇੜੇ ਹੈ।
ਸਰਕਾਰ ਨੇ ਇਸ ਨੂੰ 2.5 ਫੀਸੀਦ ਕਰਨ ਦਾ ਵਾਅਦਾ ਕੀਤਾ ਹੈ। ਪਰ ਸੰਯੁਕਤ ਰਾਸ਼ਟਰ ਸੰਘ ਤੇ ਸਬੰਧਤ ਏਜੰਸੀਆਂ ਦੀ ਸਿਫ਼ਾਰਸ਼ ਘੱਟੋ-ਘੱਟ 6 ਫੀਸਦੀ ਕਰਨ ਦੀ ਰਹੀ ਹੈ। ਦੁਨੀਆ ਦੇ ਅਨੇਕ ਵਿਕਾਸਸ਼ੀਲ ਦੇਸ਼ 4 ਫੀਸਦੀ ਖ਼ਰਚ ਕਰ ਰਹੇ ਹਨ ਜਦਕਿ ਵਿਕਸਤ ਦੇਸ਼ਾਂ ਵਿਚ ਇਹ 6 ਤੋਂ 10 ਫ਼ੀਸਦੀ ਵਿਚਾਲੇ ਹੈ।
ਪੰਜ ਵੱਡੀਆਂ ਸਮੱਸਿਆਵਾਂ…
ਮੇਰੀ ਸਮਝ ਮੁਤਾਬਕ ਭਾਰਤ ਦੀਆਂ ਪੰਜ ਵੱਡੀਆਂ ਸਮੱਸਿਆਵਾਂ ਨੂੰ ਇਕ ਲੜੀ ਵਿਚ ਰੱਖਿਆ ਜਾਵੇ ਤਾਂ ਉਹ ਹੈ-ਸਿੱਖਿਆ, ਸਿਹਤ, ਰੁਜ਼ਗਾਰ, ਸਿਆਸੀ ਸੁਧਾਰ, ਜਾਤੀਵਾਦ ਤੇ ਫਿਰਕੂਵਾਦ।
ਭਾਰਤ ਨੇ ਆਰਥਿਕ ਸੁਧਾਰ ਤਾਂ ਕਰ ਲਿਆ, ਪਰ ਸਿਆਸੀ ਸੁਧਾਰ ਦੇ ਏਜੰਡੀ ਜਿਸ ਵਿਚ ਚੋਣ ਸੁਧਾਰ ਸਭ ਤੋਂ ਅਹਿਮ ਹੈ, ਨੂੰ ਅੱਜ ਤਕ ਸੰਬੋਧਨ ਨਹੀਂ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇਸ਼ ਦੇ ਵਿਸ਼ਵ ਪੱਧਰੀ ਯੂਨੀਵਰਸਿਟੀ ਬਣਾਉਣ ਲਈ ਪ੍ਰਤੀਬੱਧ ਹੈ। ਇਸ ਲਈ ਹਜ਼ਾਰ ਕਰੋੜ ਤਕ ਦਿੱਤਾ ਜਾਵੇਗਾ।
ਪ੍ਰਧਾਨ ਮੰਤਰੀ ਜੀ ਦਾ ਇਹ ਇਕ ਚੰਗਾ ਸੰਕਲਪ ਹੈ। ਪਰ ਸਰਕਾਰ ਦੇ ਦਾਅਵੇ ਤੇ ਅਸਲੀਅਤ ਵਿਚ ਫ਼ਰਕ ਦਿਖਾਈ ਦਿੰਦਾ ਹੈ। ਸਰਕਾਰ ਦੀ ਆਪਣੀ ਸੂਚੀ ਵਿਚ ਸਰਵੋਤਮ ਯੂਨੀਵਰਸਿਟੀ ਇਸ ਵਕਤ ਜੇ.ਐਨ.ਯੂ. ਹੈ ਪਰ ਸ਼ਾਸਨ ਉਸ ਦੇ ਕੈਂਪਸ ਵਿਚ ਟੈਂਕ ਰਖਵਾਉਣ ‘ਤੇ ਉਤਾਰੂ ਨਜ਼ਰ ਆਉਂਦਾ ਹੈ।
ਉਸ ਨੂੰ ਨਸ਼ਟ ਕਰਨ ਦੀ ਮੁਹਿੰਮ ਤੇਜ਼ ਹੈ। ਰੁਜ਼ਗਾਰ ਦੇ ਮੋਰਚੇ ‘ਤੇ ਪ੍ਰਧਾਨ ਮੰਤਰੀ ਨੇ ਕੋਈ ਠੋਸ ਟਿੱਪਣੀ ਨਹੀਂ ਕੀਤੀ, ਪੁਰਾਣੀਆਂ ਗੱਲਾਂ ਹੀ ਦੁਹਰਾਈਆਂ ਕਿ ਕਿਵੇਂ ਲੋਕ ਸਵੈ-ਨਿਵੇਸ਼ ਕਰ ਰਹੇ ਹਨ ਤੇ ਦੂਸਰਿਆਂ ਨੂੰ ਰੁਜ਼ਗਾਰ ਦੇ ਰਹੇ ਹਨ।
ਰੁਜ਼ਗਾਰ ਦੀ ਕਹਾਣੀ…
ਪਰ ਰੁਜ਼ਗਾਰ ਪੈਦਾ ਕਰਨ ਦੀ ਅਸਲ ਕਹਾਣੀ ਬਹੁਤ ਚਿੰਤਾਜਨਕ ਹੈ। ਨਿਰਮਾਣ ਖੇਤਰ ਵਿਚ ਵਾਧਾ ਨਹੀਂ ਹੈ, ਨੋਟਬੰਦੀ ਨੇ ਉਸ ਨੂੰ ਹੋਰ ਤਬਾਹ ਕਰ ਦਿੱਤਾ ਹੈ। ਰੁਜ਼ਗਾਰ ਪੈਦਾ ਕਰਨ ਦੀ ਬਜਾਏ ਪਹਿਲਾਂ ਤੋਂ ਆਬਾਦ ਖੇਤਰਾਂ ਵਿਚ ਬਦਹਾਲੀ ਤੇ ਬੇਰੁਜ਼ਗਾਰੀ ਵਧੀ ਹੈ। ਆਪਣੀ ਪਾਰਟੀ ਦੇ ਕਈ ਸਾਬਕਾ ਨੇਤਾਵਾਂ ਵਾਂਗ ਪ੍ਰਧਾਨ ਮੰਤਰੀ ਅਕਸਰ ਆਪਣੇ ਭਾਸ਼ਣਾਂ ਵਿਚ ਭਰਮ ਦੀ ਵਾਛੜ ਕਰਦੇ ਹਨ। ਉਨ੍ਹਾਂ ਦੇ ਨਾਅਰੇ ਵੀ ਬੇਹੱਦ ਆਕਰਸ਼ਕ ਹੁੰਦੇ ਹਨ।  ਲਾਲ ਕਿਲੇ ਦੀ ਫਸੀਲ ਤੋਂ ਇਸ ਵਾਰ ਉਨ੍ਹਾਂ ਨੇ ਕਿਹਾ, ‘ਉਦੋਂ ਨਾਅਰਾ ਸੀ, ‘ਭਾਰਤ ਛੱਡੋ’, ਅੱਜ ਦਾ ਨਾਅਰਾ ਹੈ-‘ਭਾਰਤ ਜੋੜੋ।’ ਪਰ ਅੱਜ ਦੇਸ਼ ਵਿਚ ਜਾਤੀਗਤ  ਅਤੇ ਫਿਰਕੂ ਵੰਡ ਤੇ ਨਫ਼ਰਤ ਵਿਚ ਵਾ3ਧਾ ਹੋ ਰਿਹਾ ਹੈ। ਸਰਕਾਰੀ ਅੰਕੜੇ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ। ਭੀੜ ਵਲੋਂ ਕੁੱਟ ਕੁੱਟ ਕੇ ਮਾਰਨ ਵਿਚ ਇਸ ਦੀ ਭਿਆਨਕ ਤਸਵੀਰ ਦਿਖਾਈ ਦਿੰਦੀ ਹੈ।
ਕਸ਼ਮੀਰ ਦੀ ਗੱਲ…
ਅਜਿਹੇ ਵਿਚ ‘ਭਾਰਤ ਜੋੜੋ’ ਦਾ ਨਾਅਰਾ ਕਿਵੇਂ ਕਾਮਯਾਬ ਹੋਵੇਗਾ ਪ੍ਰਧਾਨ ਮੰਤਰੀ ਜੀ! ਸਿਰਫ਼ ਇਹ ਕਹਿਣ ਨਾਲ ਗੱਲ ਨਹੀਂ ਬਣੇਗੀ ਕਿ ‘ਆਸਥਾ ਦੇ ਨਾਂ ‘ਤੇ ਹਿੰਸਾ ਮਨਜ਼ੂਰ ਨਹੀਂ।’ ਅੱਜ ਤਾਂ ਆਸਥਾ ਦੇ ਨਾਂ ‘ਤੇ ਕੁਝ ਸਿਰਫ਼ਿਰੇ ਲੋਕ ‘ਭੀੜ ਦੀ ਗੁੰਡਾਗਰਦੀ’ ਦੇ ਮੋਹਰੀਆਂ ਨੂੰ ਆਪਣਾ ‘ਹੀਰੋ’ ਬਣਾ ਰਹੇ ਹਨ। ਗਊ ਰਾਖਿਆਂ ਦੇ ਗਿਰੋਹ ਕਿਸੇ ‘ਨਿੱਜੀ ਸੈਨਾ’ ਵਾਂਗ ਵਿਚਰ ਰਹੇ ਹਨ ਤੇ ਅਨੇਕ ਥਾਵਾਂ ‘ਤੇ ਉਨ੍ਹਾਂ ਨੂੰ ਬਾਕਾਇਦਾ ਰਾਜ ਦੀ ਸੁਰੱਖਿਆ ਮਿਲ ਰਹੀ ਹੈ। ਕਸ਼ਮੀਰ ‘ਤੇ ਵੀ ਪ੍ਰਧਾਨ ਮੰਤਰੀ ਦੀ ਟਿੱਪਣੀ ਵਿਚ ਜਾਦੂਈ ਭਾਸ਼ਾ ਦੀ ਸੁੰਦਰਤਾ ਨਾਲੋਂ ਕੁਝ ਜ਼ਿਆਦਾ ਨਜ਼ਰ ਨਹੀਂ ਆਇਆ। ਖੁਦ ਉਨ੍ਹਾਂ ਦੇ ਰੱਖਿਆ ਮੰਤਰੀ ਦੇ ਸ਼ਬਦਾਂ ਵਿਚ ਜਿੱਥੇ ਯੁੱਧ ਵਰਗੇ ਹਾਲਾਤ ਹਨ, ਉਥੇ ‘ਗਨ’ ਤੇ ਗੋਲੀ’ ਹੀ ਨਹੀਂ ‘ਪੈਲੇਟ ਗਨਾਂ’ ਵੀ ਰੁਕੀਆਂ ਨਹੀਂ ਹਨ। ਅਜਿਹੇ ਵਿਚ ਕਸ਼ਮੀਰੀਆਂ ਨੂੰ ਗਲ ਲਾਉਣ ਦੀ ਗੱਲ ਸੁੰਦਰ ਤਾਂ ਲਗਦੀ ਹੈ ਪਰ ਅਸਲੀਅਤ ਨਹੀਂ। ਪ੍ਰਧਾਨ ਮੰਤਰੀ ਨੂੰ ਇਸ ਤੱਥ ‘ਤੇ ਗੰਭੀਰ ਚਿੰਤਨ ਕਰਨਾ ਚਾਹੀਦਾ ਹੈ ਕਿ 2014 ਤਕ ਕਸ਼ਮੀਰ ਲਗਭਗ ਪਟਰੀ ‘ਤੇ ਆ ਗਿਆ ਸੀ।
ਨਿਊ ਇੰਡੀਆ ਦਾ ਨਾਅਰਾ…
ਪਰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਕਸ਼ਮੀਰ ਨੀਤੀ ਦੇ ਸਕਾਰਾਤਮਕ ਕਦਮ ਅਚਾਨਕ ਰੁਕ ਕਿਉਂ ਗਏ? ਨਤੀਜਾ ਸਾਹਮਣੇ ਹੈ-ਅੱਜ ਕਸ਼ਮੀਰ ਵਿਚ ਅਤਿਵਾਦ ਦੇ ਦੌਰ ਦੀ ਭਿਆਨਕ ਵਾਪਸੀ ਹੋ ਚੁੱਕੀ ਹੈ। ਕੀ ਕਸ਼ਮੀਰ ਵਰਗੀ ਸਮੱਸਿਆ ਦਾ ਸਿਰਫ਼ ਫ਼ੌਜੀ ਹੱਲ ਹੈ ਜਾਂ ਸਿਆਸੀ ਪਹਿਲ ਵੀ ਜ਼ਰੂਰੀ ਹੈ? ਬੀਤੇ 3 ਸਾਲਾਂ ਵਿਚ ਸਰਕਾਰ ਨੇ ਕਸ਼ਮੀਰ ਮਸਲੇ ‘ਤੇ ਕਿਸ ਤਰ੍ਹਾਂ ਦੇ ਸਿਆਸੀ ਕਦਮ ਚੁੱਕੇ?
ਪ੍ਰਧਾਨ ਮੰਤਰੀ ਇਨ੍ਹੀਂ ਦਿਨੀਂ ਆਪਣੇ ਪਸੰਦੀਦਾ ਨਾਅਰੇ ‘ਨਿਊ ਇੰਡੀਆ’ ਦਾ ਵਾਰ ਵਾਰ ਜ਼ਿਕਰ ਕਰਦੇ ਹਨ। ਆਜ਼ਾਦੀ ਜ਼ਸ਼ਨਾਂ ਮੌਕੇ ਵੀ ਕੀਤਾ। ਉਨ੍ਹਾਂ ਕਿਹਾ ਕਿ ‘ਨਿਊ ਇੰਡੀਆ’ ਵਿਚ ਲੋਕ ਚਲਾਉਣਗੇ ਆਪਣੇ ਤੰਤਰ, ਲੋਕਾਂ ਨੂੰ ਤੰਤਰ ਨਹੀਂ ਚਲਾਏਗਾ।
ਟੈਕਸ ਵਸੂਲੀ, ਨੋਟਬੰਦੀ, ਜੀ.ਐਸ.ਟੀ. ਸਮੇਤ ਆਪਣੀ ਸਰਕਾਰ ਦੇ ਕਥਿਤ ਸਖ਼ਤ ਫ਼ੈਸਲਿਆਂ ਦਾ ਵੀ ਉਨ੍ਹਾਂ ਨੇ ਹਵਾਲਾ ਦਿੱਤਾ। ਕੇਂਦਰ-ਸੂਬਿਆਂ ਵਿਚਾਲੇ ਸਬੰਧਾਂ ਦੇ ਸਬੰਧ ਵਿਚ ਕੋਆਪਰੇਟਿਵ-ਕੰਪਟੇਟਿਵ ਫੈਡਰਲਿਜ਼ਮ ਦੀ ਚਰਚਾ ਕੀਤੀ ਪਰ ਇਨ੍ਹਾਂ ਤਮਾਮ ਮਸਲਿਆਂ ਵਿਚਾਲੇ ਇਕ ਸਵਾਲ ਬਾਕੀ ਰਹਿ ਗਿਆ ਹੈ। ਵਿਰੋਧੀ ਧਿਰ ਤੇ ਸਮਾਜ ਦੇ ਇਕ ਹਿੱਸੇ ਵਿਚ ਅੱਜ ਸਰਕਾਰ ਦੀ ਨੀਤੀ ਤੇ ਨਿਯਤ ‘ਤੇ ਵੱਡੇ ਸਵਾਲ ਉਠ ਰਹੇ ਹਨ ਕਿ ਸਰਕਾਰ ਯੋਜਨਾ ਤਹਿਤ ਵਿਰੋਧੀ ਧਿਰ ਦੀ ਹਕੂਮਤ ਵਾਲੇ ਸੂਬਿਆਂ ਲਈ ਮੁਸ਼ਕਲਾਂ ਪੈਦਾ ਕਰ ਰਹੀ ਹੈ ਤੇ ਵਿਰੋਧੀ ਧਿਰ ਦੇ ਨੇਤਾਵਾਂ, ਆਪਣੇ ਆਲੋਚਕਾਂ ਅਤੇ ਅਸਹਿਮਤ ਲੋਕਾਂ ਖ਼ਿਲਾਫ਼ ‘ਟੈਕਸ ਹਊਆ’ ਜਾਂ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਦਾ ਸਹਾਰਾ ਲੈ ਰਹੀ ਹੈ। ਅੰਤ ਵਿਚ ਪ੍ਰਧਾਨ ਮੰਤਰੀ ਨੇ ‘ਖੂਬਸੂਰਤ ਤੇ ਵੱਡਾ ਭਾਰਤ’ ਬਣਾਉਣ ਦਾ ਸੱਦਾ ਦਿੱਤਾ ਹੈ। ਚੰਗਾ ਲੱਗਾ। ਭਾਵਨਾ ਚੰਗੀ ਰਹੀ ਹੋਵੇਗੀ। ਪਰ ਇਹ ਦੱਸਣਾ ਜ਼ਰੂਰੀ ਹੈ ਕਿ ਦੇਸ਼ ਕੋਈ ਇੱਟ-ਪੱਥਰ ਨਾਲ ਬਣਨ ਵਾਲੀ ਇਮਾਰਤ ਨਹੀਂ, ਉਹ ਆਮ ਅਤੇ ਖ਼ਾਸ, ਤਮਾਮ ਤਰ੍ਹਾਂ ਦੇ ਲੋਕਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਨਾਲ ਬਣਨ ਤੇ ਸੰਵਰਨ ਵਾਲੀ ਜਿਉਂਦੀ ਜਾਗਦੀ ਸਰੰਚਨਾ ਹੈ। ਦੇਸ਼ ਵਾਸੀਆਂ ਨੂੰ ਡਰ ਮੁਕਤ, ਸੁਖੀ, ਸਿੱਖਿਅਤ, ਸਿਹਤਮੰਦ ਤੇ ਖ਼ੁਸ਼ਹਾਲ ਬਣਾ ਕੇ ਹੀ ਖੂਬਸੂਰਤ ਤੇ ਵੱਡਾ ਬਣਾਇਆ ਜਾ ਸਕਦਾ ਹੈ।