‘ਬਲੈਕ ਪ੍ਰਿੰਸ’ ਜੀਵਨ ਦੀ ਸਵੈ ਪਵਚੋਲ ਅਤੇ ਮਕਸਦ ਲੱਭਣ ਦੀ ਦਾਸਤਾਨ

‘ਬਲੈਕ ਪ੍ਰਿੰਸ’ ਜੀਵਨ ਦੀ ਸਵੈ ਪਵਚੋਲ ਅਤੇ ਮਕਸਦ ਲੱਭਣ ਦੀ ਦਾਸਤਾਨ

ਸੁਖਬੀਰ ਸਿੰਘ ਨੇ ਤਕਨੀਕੀ ਖੇਤਰ ਵਿਚ ਉਚ ਵਿਦਿਆ ਹਾਸਲ ਕੀਤੀ ਹੈ ਅਤੇ ਕੁਝ ਸਮਾਂ ਈਟਰਨਲ ਯੂਨੀਵਰਸਿਟੀ ਬੜੂ ਸਾਹਿਬ ਵਿਚ ਬਤੌਰ ਅਧਿਆਪਕ ਪੜ੍ਹਾਇਆ ਵੀ ਹੈ । ਪਰ ਉਸ ਦਾ ਰੁਝਾਨ ਧਰਮ, ਇਤਿਹਾਸ, ਰਾਜਨੀਤੀ, ਮਨੋਵਿਗਿਆਨ ਅਤੇ ਸਾਹਿਤ ਵਰਗੇ ਵਿਸ਼ਿਆਂ ਵਿਚ ਵੀ ਬਰਾਬਰ ਬਰਕਰਾਰ ਰਿਹਾ ਹੈ। ਅੱਜ ਕੱਲ੍ਹ ਉਹ ਪੜ੍ਹਾਉਣ ਤੋਂ ਲੰਮੀ ਛੁੱਟੀ ਲੈ ਕੇ ਕਨੇਡਾ ਦੇ ਸ਼ਹਿਰ ਵਿਨੀਪੈਗ ਵਿਚ ਰਹਿ ਰਿਹਾ ਹੈ। ਅਸੀਂ ਪਹਿਲਾਂ ਵੀ ‘ ਕੌਮਾਂਤਰੀ ਅੰਮ੍ਰਿਤਸਰ ਟਾਈਮਜ਼’ ਵਿੱਚ ਉਸ ਦੀਆਂ ਕਵਿਤਾਵਾਂ ਅਤੇ ਗੰਭੀਰ ਲਿਖਤਾਂ ਛਾਪ ਚੁੱਕੇ ਹਾਂ। ਚਰਚਿਤ ਫਿਲਮ ‘ਦ ਬਲੈਕ ਪ੍ਰਿੰਸ’ ਬਾਰੇ ਉਸ ਨੇ ਆਪਣੀ ਵੱਖਰੀ ਕਿਸਮ ਦੇ ਵਿਚਾਰ ਲਿਖ ਕੇ ਭੇਜੇ ਹਨ ਜੋ ਪਾਠਕਾਂ ਦੇ ਰੂਬਰੂ ਕਰ ਰਹੇ ਹਾਂ-ਸੰਪਾਦਕ

ਸੁਖਬੀਰ ਸਿੰਘ ਕੈਲਗਰੀ, ਕਨੇਡਾ

ਸੁਖਬੀਰ ਸਿੰਘ ਨੇ ਤਕਨੀਕੀ ਖੇਤਰ ਵਿਚ ਉਚ ਵਿਦਿਆ ਹਾਸਲ ਕੀਤੀ ਹੈ ਅਤੇ ਕੁਝ ਸਮਾਂ ਈਟਰਨਲ ਯੂਨੀਵਰਸਿਟੀ ਬੜੂ ਸਾਹਿਬ ਵਿਚ ਬਤੌਰ ਅਧਿਆਪਕ ਪੜ੍ਹਾਇਆ ਵੀ ਹੈ । ਪਰ ਉਸ ਦਾ ਰੁਝਾਨ ਧਰਮ, ਇਤਿਹਾਸ, ਰਾਜਨੀਤੀ, ਮਨੋਵਿਗਿਆਨ ਅਤੇ ਸਾਹਿਤ ਵਰਗੇ ਵਿਸ਼ਿਆਂ ਵਿਚ ਵੀ ਬਰਾਬਰ ਬਰਕਰਾਰ ਰਿਹਾ ਹੈ। ਅੱਜ ਕੱਲ੍ਹ ਉਹ ਪੜ੍ਹਾਉਣ ਤੋਂ ਲੰਮੀ ਛੁੱਟੀ ਲੈ ਕੇ ਕਨੇਡਾ ਦੇ ਸ਼ਹਿਰ ਵਿਨੀਪੈਗ ਵਿਚ ਰਹਿ ਰਿਹਾ ਹੈ। ਅਸੀਂ ਪਹਿਲਾਂ ਵੀ ‘ ਕੌਮਾਂਤਰੀ ਅੰਮ੍ਰਿਤਸਰ ਟਾਈਮਜ਼’ ਵਿੱਚ ਉਸ ਦੀਆਂ ਕਵਿਤਾਵਾਂ ਅਤੇ ਗੰਭੀਰ ਲਿਖਤਾਂ ਛਾਪ ਚੁੱਕੇ ਹਾਂ। ਚਰਚਿਤ ਫਿਲਮ ‘ਦ ਬਲੈਕ ਪ੍ਰਿੰਸ’ ਬਾਰੇ ਉਸ ਨੇ ਆਪਣੀ ਵੱਖਰੀ ਕਿਸਮ ਦੇ ਵਿਚਾਰ ਲਿਖ ਕੇ ਭੇਜੇ ਹਨ ਜੋ ਪਾਠਕਾਂ ਦੇ ਰੂਬਰੂ ਕਰ ਰਹੇ ਹਾਂ-ਸੰਪਾਦਕ

ਰਾਣੀ ਵਿਕਟੋਰੀਆ ਨਾਲ ਮੁਢਲੇ ਵਾਰਤਾਲਾਪ
‘ਬਲੈਕ ਪ੍ਰਿੰਸ’ ਕੋਲ ਐਸ਼ਪ੍ਰਸਤੀ ਵਾਲਾ ਜੀਵਨ ਹੈ ਪਰ ਫੇਰ ਵੀ ਮਨ ਵਿਚਲਿਤ ਹੈ। ਰਾਣੀ ਨਾਲ ਮਹੱਲ ਤੇ ਖੜ੍ਹਦਿਆਂ ਉਹ ਆਪਣੇ ਆਪ ਨੂੰ ਸ਼ਾਹੀ ਗੁਲਾਮ ਦੱਸਦਾ ਹੈ। ਸਭ ਕੁਝ ਹੁੰਦਿਆਂ ਗੁਲਾਮੀ ਦਾ ਅਹਿਸਾਸ ਕਿਉਂ? ਅਜੇ ਬੇਚੈਨੀ ਹੈ ਪਰ ਸਵਾਲ ਸਹੀ ਨੀ ਬਣ ਪਾ ਰਿਹਾ। ਅਸਲ ਚ ਜੀਵਨ ਦੇ ਪਹਿਲੇ ਪੰਜ ਸਾਲ ਖਾਲਸਾ ਰਾਜ ਬੀਤੇ ਅਤੇ ਅਚੇਤ ਚ ਪਿਤਾ ਪੁਰਖਿਆਂ ਦੀਆਂ ਯਾਦਾਂ ਐਸਾ ਉਖੜਵਾਂ ਅਹਿਸਾਸ ਕਰਾਉਂਦੀਆਂ ਹਨ ਜੋ ਜ਼ੁਬਾਨ ਤੋਂੇ ਗੁਲਾਮੀ ਬਣ ਨਿਕਲਦਾ ਹੈ। ਗੋਰੇ ਰੰਗ ਦੀ ਅਤੇ ਸੁਚੱਜੇ ਸੁਭਾਅ ਦੀ ਰਾਣੀ ਵਿਕਟੋਰੀਆ ਢਾਹੂ ਔਰਤਪਣ (negative anima) ਦੇ ਰੂਪ ਚ ਉਭਰਦੀ ਹੈ। ਮਹਾਰਾਜੇ ਦੀ ਮੁਢਲੀ ਜਵਾਨੀ ਉਤੇ ਵਿਕਟੋਰੀਆ ਭਾਵ ਏਸ ਨਕਾਰਾਤਮਕ ਐਨਮਾ ਦਾ ਪ੍ਰਭਾਵ ਹੈ। ਇਸ ਕਰਕੇ ਮਹਾਰਾਜੇ ਦੀ ਹਉਮੈ ਦੇ ਕੁਝ ਪੱਖ ਆਪਣੇ ਆਪ ਨੂੰ ਵਿਕਟੋਰੀਆ ਭਾਵ ਨਾਲ ਪਛਾਣਦੇ ਹਨ। ਪਰ ਇਸ ਸਭ ਦੇ ਬਾਵਜੂਦ ਅਚੇਤ ਦੇ ਭੁਲੇਵਿਆਂ ਚੋਂ ਉਸਨੂੰ ਬੇਪਛਾਣ ਜਿਹੀਆਂ ਪਿਤਾ ਪੁਰਖੀ ਆਵਾਜ਼ਾਂ ਸੁਣਦੀਆਂ ਹਨ।

ਮਾਂ ਨਾਲ ਮਿਲਣੀ
ਅਚੇਤ ਦੀਆਂ ਅਣਘੜਤ ਆਵਾਜ਼ਾਂ ਉਸਨੂੰ ਆਪਣੇ ਅੰਦਰਲੀ ਉਸਾਰੂ ਔਰਤਪਣ (positive anima) ਖੋਜਣ ਲਈ ਬੇਚੈਨ ਕਰਦੀਆਂ ਹਨ। ਉਸਨੂੰ ਅਚੇਤ ਦੇ ਪੱਧਰ ਤੇ ਵਿਕਟੋਰੀਆ ਭਾਵ ਦੀ ਮਾਦਾ ਪਛਾਣ (anima) ਤੇ ਸ਼ੱਕ ਜ਼ਰੂਰ ਹੈ। ਇਸ ਕਰਕੇ ਉਸਦਾ ਅਚੇਤ ਮਹਾਰਾਜੇ ਨੂੰ ਮਾਂ ਲੱਭਣ ਦਾ ਫੁਰਨਾ ਫੁਰਾਉਂਦਾ ਹੈ। ਮਹਾਂਰਾਣੀ ਜਿੰਦਾ ਡੂੰਘੀ ਉਤਰੀ ਹੋਈ ਔਰਤ ਹੈ ਜੋ ਕਿ ਨਿਜ ਤੋਂ ਉਠ ਕੇ ਗੁਰੂ ਸਾਹਿਬ ਦੇ ਬਖਸ਼ੇ ਹੋਏ ਸਮੂਹ ਤੇ ਸਰਬੱਤ ਦੇ ਸਿਧਾਂਤ ਨਾਮ ਜੁੜੀ ਹੋਈ ਹੈ। ਦਲੀਪ ਸਿਉਂ ਮਾਂ ਨੂੰ ਝੁਕ ਕੇ ਮਿਲਦਾ ਹੈ। ਇਹ ਸਿਰਫ ਮਾਂ ਦਾ ਸਤਿਕਾਰ ਹੀ ਨਹੀਂ ਬਲਕਿ ਅਚੇਤ ਦੇ ਫੁਰਨੇ ਹਨ ਜੋ ਕਿ ਦਲੀਪ ਨੂੰ ਇਸ ਉਸਾਰੂ ਇਸਤਰੀ ਨਾਲ ਪਛਾਣੇ ਜਾਣ ਲਈ ਮਨਾ ਰਹੇ ਹਨ। ਦਲੀਪ ਝੁਕਦਾ ਜਾ ਰਿਹਾ ਹੈ। ਮਾਂ ਜਦ ਕੱਟੇ ਕੇਸਾਂ ਤੇ ਹੱਥ ਫੇਰਦੀ ਹੈ ਤਾਂ ਦਲੀਪ ਦੀ ਜਾਗਰੂਕਤਾ (ego awareness) ਦੇ ਤਾਣੇ ਬਾਣੇ ਨਾਲ ਹੋਏ ਖਿਲਵਾੜ ਦਾ ਅਹਿਸਾਸ ਹੁੰਦਾ ਹੈ। ਇਸਾਈਅਤ ਤੇ ਕਤਲੇ ਕੇਸ ਇਸਦਾ ਇਕ ਸੁਚੇਤ ਪੱਖ ਹਨ।
ਇਹੀ ਤਾਣੇ ਬਾਣੇ ਨਾਲ ਹੋਈ ਛੇੜਖਾਨੀ ਨੂੰ ਉਹ ਅਚੇਤ ਰੂਪ ਚ ਕਹਿੰਦਾ ਹੈ, ”ਇਥੇ ਸਭ ਲੋਕ ਬਹੁਤ ਚੰਗੇ ਨੇ”। ਇਹ ਹਉਮੈ ਦਾ ਪੈਦਾ ਕੀਤਾ ਹੋਇਆ ਇਕ ਤਰਕ ਹੈ ਜੋ ਕਿ ਵਕਤੀ ਸੰਤੁਸ਼ਟੀ ਪੈਦਾ ਕਰਦਾ ਹੈ ਅਤੇ ਸਥਾਪਤ ਪ੍ਰਬੰਧ ਚ ਅੰਨ੍ਹਾ ਵਿਸ਼ਵਾਸ ਪੈਦਾ ਕਰਦਾ ਹੈ। ਇਹ ਐਨਮ (ਮਹਾਰਾਣੀ ਜਿੰਦਾ) ਤੇ ਅੰਗਰੇਜ਼ੀ ਹਉਮੈ ਦਾ ਆਹਮੋ ਸਾਹਮਣਾ ਹੈ ਤੇ ਹਉਮੈ ਨਿਮਰਤਾ ਨਾਲ ਸੱਚ ਨੂੰ ਟਾਲ ਰਹੀ ਹੈ। ਇਹੀ ਹਾਲਤ ਅਜੋਕੀ ਨੌਜਵਾਨ ਪੀੜ੍ਹੀ ਦੀ ਹੈ ਜੋ ਕਿ 47ਵਿਆਂ, 84ਵਿਆਂ ਅਤੇ 90ਵਿਆਂ ਦੇ ਕਤਲੇਆਮ ਨੂੰ ਹੁੰਦਿਆਂ ਹੋਇਆਂ ਵੀ ”ਇਥੇ ਸਭ ਲੋਕ ਬਹੁਤ ਚੰਗੇ ਹੀ ਹਨ”ੁ ਕਹਿ ਰਹੀ ਹੈ। ਲੋੜ ਇਸ ਪ੍ਰਭਾਵ ਨੂੰ ਸਮਝਣ ਦੀ ਹੈ ਤੇ ਵਕਤੀ ਸੰਤੁਸ਼ਟੀ ਦੇ ਪ੍ਰਭਾਵ ਤੇ ਕਾਰਣ ਨੂੰ ਘੋਖਣ ਦੀ ਹੈ।
ਅਰੂੜ ਸਿੰਘ ਜੋ ਕਿ ਮਹਾਰਾਜੇ ਦਾ ਹੀ ਬਿੰਬ ਹੈ। ਮਹਾਰਾਜਾ ਕਈ ਵਾਰ ਆਪਣੇ ਆਪ ਨਾਲ ਗੱਲਬਾਤ ਅਰੂੜ ਸਿੰਘ ਦੇ ਜ਼ਰੀਏ ਹੀ ਕਰਦਾ ਹੈ। ਉਹ ਉਸ ਨਾਲ ਹਰ ਗੱਲ ਤੇ ਸਹਿਮਤ ਹੈ। ਕਈ ਵਾਰ ਮਹਾਰਾਜਾ ਉਸ ਚੋਂ ਵੀ ਬੋਲਦਾ ਹੈ, ਉਹ ਕਹਿੰਦਾ ਹੈ ਕਿ ਅਸੀਂ ਭਟਕੀ ਹੋਈ ਕੌਮ ਹਾਂ। ਇਹ ਭਟਕਣਾ ਜਾਗਰੂਕਤਾ (ego awareness) ਦਾ ਗੈਰ-ਪਿਤਾ-ਪੁਰਖੀ ਤੰਦਾਂ ਉਤੇ ਬੁਣ ਕੇ ਖਿੰਡ ਜਾਣਾ ਹੀ ਹੈ।

ਸਵੈ (self) ਦਾ ਟੁੰਬਣਾ ਅਤੇ ਸਵਾਲ
ਦਲੀਪ ਸਿੰਘ ਦੇ ਜੀਵਨ ਚ ਕਈ ਬੰਦੇ ਤੇ ਘਟਨਾਵਾਂ ਉਸਦੇ ਸਵੈ ਦੇ ਹੀ ਸੰਦੇਸ਼ ਲੈ ਕੇ ਆਏ। ਮਾਂ ਨੇ ਪੁੱਤ ਨੂੰ ਰਾਹ ਤੇ ਪਾਇਆ ਹੈ। ਸੁਰਤ ਦਾ ਖਿੰਡਾਉ ਮਿਟ ਰਿਹਾ ਹੈ ਕਿਉਂਕਿ ਉਸਨੇ ਡੂੰਘੀ ਇਸਤਰੀ ਦੇ ਦਰਸ਼ਨ ਕੀਤੇ ਹਨ। ਵਿਕਟੋਰੀਆ ਧੁੰਦ ਵਾਂਗ ਲਹਿ ਰਹੀ ਹੈ। ਹੁਣ ਸਵੈ ਦੇ ਟੁੰਬਣ ਦੀ ਵਾਰੀ ਹੈ। ਜਦ ਮਹਾਰਾਜਾ ਪਹਿਲੀ ਵਾਰ ਖਾਲਸਾਈ ਸਿੰਘਾਂ ਨੂੰ ਮਿਲਦਾ ਹੈ ਤਾਂ ਮਾਂ ਨੇ ਤਾਜ਼ੀਆਂ ਸੁਰਜੀਤ ਕੀਤੀਆਂ ਸਮੂਹ ਦੀਆਂ (collective) ਤੰਦਾਂ ਮਹਾਰਾਜੇ ਅੰਦਰ ਬੇਚੈਨੀ ਵਧਾਂਉਂਦੀਆਂ ਹਨ। ਇਹ ਸਵੈ ਦੇ ਸੁਚੇਤ ਸੰਕੇਤ ਹਨ।
ਜਦ ਕਰਨਲ ਹਰਬੌਨ ਮਹਾਰਾਣੀ ਜਿੰਦਾ ਨੂੰ ਖਾਲਸਾਈ ਤਲਵਾਰ ਭੇਂਟ ਕਰਦਾ ਹੈ ਤੇ ਮਹਾਰਾਜਾ ਦਲੀਪ ਸਿਉਂ ਝਾਤੀ ਰਾਹੀਂ ਉਸਨੂੰ ਦੇਖਦਾ ਹੈ ਇਹ ਵੀ ਸਵੈ ਨਾਲ ਪਛਾਣ ਹੋਣਾ ਹੀ ਹੈ। ਐਂ ਲਗਦਾ ਹੈ ਕਿ ‘ਉਸਦਾ ਸਵੈ’ (real self)  ਕਰਨਲ ਹਰਬੌਨ ਬਣ (ਮੂਰਤੀਮਾਨ ਹੋ) ਬਲੈਕ ਪ੍ਰਿੰਸ ਨੂੰ ਮਹਾਰਾਜਾ ਬਣਨ ਲਈ ਕਹਿ ਰਿਹਾ ਹੈ। ਉਹ ਕਹਿੰਦਾ ਹੈ ਕਿ ਮੈਂ ਮਹਾਰਾਜੇ ਨੂੰ ਬਚਾਇਆ ਹੀ ਇਸੇ ਲਈ ਸੀ। ਭਿਖਾਰੀ ਦੀ ਝਾੜ ਝੰਭ ਵੀ ਓਸੇ ਸਵੈ-ਹਉਮੈ ਵਿਚਕਾਰਲੇ ਹੱਦ ਬੰਨੇ ਤੇ ਜਾ ਕੇ ਹੀ ਅਰਥ ਕਰਦੀ ਹੈ। ਮਹਾਰਾਜਾ ਮੈਂ ਕੌਣ ਹਾਂ? ਉਹ ਸਵਾਲ ਪੁੱਛ ਰਿਹਾ ਹੈ। ਉਸਨੂੰ ਇਹ ਨਿਸ਼ਚਾ ਹੈ ਕਿ ਜੋ ਅੰਦਰੂਨੀ ਜਾਗਰੂਕਤਾ (ego consciousness ) ਉਸਨੂੰ ਡਾ: ਲੋਗਿਨ ਦੇ ਰੂਪ ਚ ਮਿਲੀ ਹੈ ਉਹ ਇਸ ਸਵਾਲ ਦਾ ਉਤਰ ਨਹੀ ਦੇ ਪਾ ਰਹੀ।ਇਹ ਅੰਦਰੂਨੀ ਜਾਗਰੂਕਤਾ ਅਸਲ ਚ ਪਰਾਈ ਯਾ ਵਲੈਤੀ ਹੈ, ਜੋ ਉਸਦੇ ਅਚੇਤ ਨਾਲ ਲੈਅ ਚ ਨਹੀਂ ਹੈ। ਡਾ: ਲੋਗਿਨ ਉਸਨੂੰ ਕਈ ਵਾਰ ਧੱਕੇ ਨਾਲ ਇਸਾਈਅਤ ਦੇ ਪਾਠ ਪੜਾਉਂਦਾ ਹੈ ਪਰ ਕਿਉਂਕਿ ਹੁਣ ਮਹਾਰਾਜਾ ਲਗਾਤਾਰ ਆਪਣੇ ਕੇਂਦਰ ਤੋਂ ਸਹਿਮਤੀ ਯਾ ਅਸਹਿਮਤੀ ਦੇ ਰੂਪ ਚ ਜਵਾਬ ਲੈ ਰਿਹਾ ਹੈ, ਉਸਤੇ ਹੁਣ ਡਾ: ਲੋਗਿਨ ਦੀ ਅੰਗਰੇਜ਼ੀ ਯਾ ਓਪਰੀ ਜਾਗਰੂਕਤਾ ਅਸਰ ਨਹੀਂ ਕਰ ਰਹੀ। ਜਦ ਇਹ ਵਾਪਰ ਰਿਹਾ ਹੈ ਤਾਂ ਇਕ ਦ੍ਰਿਸ਼ ਚ ਲੋਗਿਨ ਗੁੱਸਾ ਹੋ ਕੇ ਉਠ ਕੇ ਚਲਾ ਜਾਂਦਾ ਹੈ ਤਾਂ ਇੰਝ ਪ੍ਰਤੀਤ ਹੁੰਦਾ ਹੈ ਕਿ ਬਰਤਾਨਵੀ ਹਉਮੈ ਨੇ ਕਈ ਸਾਲਾਂ ਦਾ ਸਹਿਜ ਛੱਡ ਹੁਣ ਗੁੱਸੇ ਵਾਲੀ ਆਕੜ ਦਾ ਰੂਪ ਧਾਰਨ ਕਰ ਲਿਆ ਹੈ।
ਸ. ਠਾਕਰ ਸਿੰਘ ਸੰਧਾਵਾਲੀਆ ਵੀ ਉਹਨਾਂ ਸਮੂਹਕ ਤੰਦਾਂ ਤੇ ਹੀ ਸੱਟ ਮਾਰਦੇ ਹਨ, ਉਸਨੂੰ ਗੁਰਬਾਣੀ ਦੇ ਲੜ ਲਾਉਂਦਾ ਹੈ। ਮਹਾਰਾਜਾ ਆਪਣੇ ਜੀਵਨ ਦੇ ਮਕਸਦ ਨੂੰ ਪਛਾਣਦਾ ਹੈ। ਇਕ ਦ੍ਰਿਸ਼ ਚ ਉਹ ਬੋਲਦਾ ਹੈ ਕਿ ਖਾਲਸਾ ਰਾਜ ਦਾ ਫਰਜ਼ੰਦ ਮਿਟਾਉਣਾ ਐਨਾ ਸੌਖਾ ਨਹੀਂ। ਇਹ ਸਿੱਧਾ ਸਵੈ ਦਾ ਸੰਵਾਦ ਹੈ। ਹੁਣ ਉਹ ਨਿਜ ਤੋਂ ਨਹੀਂ ਬਲਕਿ ਵੱਡੇ ਸਮੂਹ ਖਾਲਸੇ ਦੇ ਹਿੱਸੇ ਤੇ ਉਤਰਾਧਿਕਾਰੀ ਵਜੋਂ ਬੋਲ ਰਿਹਾ ਹੈ। ਇਹ ਉਸਦੀ ਅੰਤਰ ਜਾਗਰੂਕਤਾ (ego consciousness) ਚ ਨਵਾਂ ਤੇ ਠੋਸ ਪਰੀਵਰਤਨ ਹੈ।
ਹੁਣ ਉਸਨੂੰ ‘ਮੈਂ ਕੌਣ ਹਾਂ’ ਦਾ ਉਤਰ ਸਿਖ ਪਛਾਣ, ਸੁਤੰਤਰਤਾ ਤੇ ਸਿੱਖ ਰਾਜ ਦੀ ਮੁੜ ਪ੍ਰਾਪਤੀ ਚ ਲੱਭਦਾ ਹੈ। ਉਹ ਅੰਮ੍ਰਿਤ ਛਕਦਾ ਹੈ ਤੇ ਰਾਜ ਪ੍ਰਾਪਤੀ ਦੀਆਂ ਕੋਸ਼ਿਸ਼ਾਂ ਕਰਦਾ ਹੈ। ਰੂਸੀ ਜ਼ਾਰ ਤੱਕ ਪਹੁੰਚ ਕਰਦਾ ਹੈ।
ਮਹਾਰਾਜੇ ਦੇ ਜੀਵਨ ਚ ਹੋਰ ਔਰਤਾਂ ਵੀ ਆਈਆਂ ਪਰ ਉਸਨੇ ਆਪਣੇ ਆਪ ਨੂੰ ਆਪਣੀ ਮਾਂ ਨਾਲ ਈ ਪਛਾਣਿਆ ਕਿਉਂਕਿ ਆਪਣੇ ਜੀਵਨ ਦਾ ਮਕਸਦ ਤੇ ਉਸਤੋਂ ਪੈਦਾ ਹੋਇਆ ਸਕੂਨ ਉਸਨੂੰ ਉਥੋਂ ਹੀ ਮਿਲਿਆ। ਕੂਕੇ ਸਿੰਘ ਵੱਲੋਂ ਮਹਾਰਾਜੇ ਦੀ ਆਮਦ ਦੀ ਖਬਰ ਤੋਂ ਪੈਦਾ ਹੋਇਆ ਉਤਸ਼ਾਹ ਸਿੱਖ ਅਚੇਤ ਦੀਆਂ ਸਮੂਹਿਕ ਤੰਦਾਂ ਦੇ ਜੁੜੇ ਹੋਣ ਦਾ ਸਬੂਤ ਹੈ ਜੋ ਦਸਦਾ ਹੈ ਕਿ ਕਿੰਨੀ ਜਲਦੀ ਸਾਡਾ ਅੰਦਰ ਰਾਜ ਪ੍ਰਾਪਤੀ ਦੀ ਗੱਲ ਨਾਲ ਆਪਣੇ ਆਪ ਨੂੰ ਪਛਾਣਦਾ ਹੈ।
ਮਹਾਰਾਜੇ ਦੀ ਕੋਸ਼ਿਸ਼ ਅਸਫਲ ਰਹਿੰਦੀ ਹੈ ਪਰ ਜੀਵਨ ਦੇ ਮਨੋਰਥ ਨੂੰ ਸਮਝਣ ਦਾ ਪਾਠ ਹੈ।

ਆਖਰੀ ਵਾਰਤਾਲਾਪ
ਰਾਣੀ ਵਿਕਟੋਰੀਆ ਦਲੀਪ ਸਿੰਘ ਨੂੰ ਆਖਰ ਚ ਮਿਲ ਕੇ ਆਪਣੀਆਂ ਵਧੀਕੀਆਂ ਕਬੂਲਦੀ ਹੈ ਪਰ ਅਸਮਰਥਾ ਦਾ ਇਜ਼ਹਾਰ ਵੀ ਕਰਦੀ ਹੈ। ਇਸ ਦ੍ਰਿਸ਼ ਨੂੰ ਦੇਖ ਕੇ ਇੰਝ ਲੱਗਿਆ ਕਿ ਹਉਮੈ ਬੰਦੇ ਤੋਂ ਉਚ ਕੋਟੀ ਦੇ ਕਾਰਜ ਕਰਵਾ ਸਕਦੀ ਹੈ ਪਰ ਨਕਾਰਾਤਮਕ ਰੁਚੀਆਂ ਨਹੀਂ। ਇਹ ਆਪਣੇ ਜੁਰਮ ਦਾ ਇਕਰਾਰ ਜ਼ਰੂਰ ਕਰ ਲੈਂਦੇ ਹਨ ਪਰ ਓਦੋਂ ਜਦ ਇਹ ਆਪ ਪੂਰੀ ਤਰਾਂ ਸੁਰੱਖਿਅਤ ਹੋਣ। ਇਸ ਗਲਤੀ ਦੇ ਅਹਿਸਾਸ ਬਾਵਜੂਦ ਉਹ ਆਪਣਾ ਮਾਰੂ ਅਤੇ ਵਿਨਾਸ਼ਕ ਸੁਭਾਅ ਨਹੀਂ ਛੱਡਦੇ। ਡਾਕਟਰ ਲੋਗਨ ਅਤੇ ਰਾਡੀ ਵਿਕਟੋਰੀਆ ਵਿੱਚ ਹੋਵੇ ਸੰਵਾਦ ਜਿੱਥੇ ਉਹ ਮਹਾਰਾਜੇ ਦੇ ਭਵਿੱਖ ਬਾਰੇ ਗੱਲਾਂ ਕਰਦੇ ਹਨ, ਉਨ੍ਹਾਂ ਦੀਆਂ ਨਕਾਰਾਅਤਮਕ ਰੁਚੀਆਂ ਦੇ ਸਹਿਜ ਸੁਭਾਅ ਪ੍ਰਗਟਾਵੇ ਦਾ ਸਬੂਤ ਹਨ। ਰਾਣੀ ਨੇ ਅੰਤ ਚ ਕਿਹਾ ਕਿ ਉਹ ਹੁਣ ਅਸਮਰਥ ਹੈ। ਉਸ ਮੌਕੇ ਉਹ ਬਹੁਤ ਸੁੰਦਰ ਕੁਦਰਤੀ ਵੀਰਾਨੀ ਵਾਂਗ ਜਾਪੀ, ਜੋ ਸ਼ਾਂਤਮਈ ਹੈ ਪਰ ਬੇਰਹਿਮ ਹੈ।
ਵਿਕਟਰ, ਦਲੀਪ ਸਿੰਘ ਨੂੰ ਮਿਲਦਾ ਹੈ। ਉਸਨੂੰ ਪਤਾ ਹੀ ਨਹੀਂ ਕਿ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ ਚੋਂ ਹੈ। ਇਹ ਵਾਰਤਾਲਾਪ, ਬਰਤਾਨਵੀ ਮਹੌਲ ਚ ਪੈਦਾ ਹੋਈ ਜਾਗਰੂਕਤਾ ਅਤੇ ਮਹਾਰਾਜਾ ਦਲੀਪ ਸਿੰਘ ਅੰਦਰ ਖਾਲਸਾਈ ਜਾਗਰੂਕਤਾ ਚ ਹੈ। ਉਹ ਮਹਾਰਾਜੇ ਨੂੰ ਰਾਣੀ ਦੀ ਮਿੰਨਤ ਕਰਨ ਲਈ ਕਹਿੰਦਾ ਹੈ, ਪਰ ਮਹਾਰਾਜਾ ਮਨ੍ਹਾ ਕਰ ਦਿੰਦਾ ਹੈ। ਹੁਣ ਦੇ ਸਮਿਆਂ ‘ਚ ਇਹਨਾਂ ਵਿਕਟਰਾਂ ਦੀ ਭਰਮਾਰ ਹੈ ਕਿਉਂਕਿ ਉਹਨਾਂ ਕੋਲ ਮਾਂ ਜਿੰਦ ਕੌਰ ਵਰਗੀ ਵੱਡੀ ਔਰਤ, ਠਾਕੁਰ ਸਿੰਘ ਸੰਧਾਵਾਲੀਆ ਅਤੇ ਅਰੂੜ ਸਿੰਘ ਵਰਗੇ ਸਾਥੀ ਨਹੀਂ ਹਨ।
ਮੌਤ ਵੇਲੇ ਮਹਾਰਾਜੇ ਦਲੀਪ ਸਿੰਘ ਦੇ ਜ਼ਿਹਨ ਚ ਮਾਂ ਮਹਾਰਾਣੀ ਜਿੰਦਾ ਹੈ ਜੋ ਕਿ ਤਲਵਾਰ ਫੜਾ ਰਹੀ ਹੈ ਜੋ ਉਸਤੋਂ ਖੁੱਸ ਜਾਂਦੀ ਹੈ ਪਰ ਉਸ ਵੇਲੇ ਉਸਨੂੰ ਇਹ ਪਤਾ ਹੈ ਕਿ ਤਲਵਾਰ ਉਸਦੇ ਪੁਰਖਿਆਂ ਦੀ ਹੈ। ਇਹ ਅਚੇਤ ਦੀਆਂ ਉਸਾਰੀਆਂ ਚੋਂ ਪੈਦਾ ਹੋਇਆ ਦ੍ਰਿਸ਼ ਹੀ ਉਸਦੇ ਜੀਵਨ ਦਾ ਸਾਰ ਹੈ।
ਜੌਨ ਪਾਲ ਸਾਰਟਰ ਦਾ ਸਿਧਾਂਤ ਹੈ ਕਿ ਜੀਵਨ ਦਾ ਵਜੂਦ ਤੱਤ ਤੋਂ (Existence precedes essence) ਪਹਿਲੇ ਹੈ ਭਾਵ ਜੀਵਨ ਦਾ ਅਰਥ ਪ੍ਰੀ ਪ੍ਰੀਭਾਸ਼ਿਤ ਮਾਡਲ ਚ ਨਹੀਂ ਕੀਤਾ ਜਾ ਸਕਦਾ, ਬੰਦਾ ਆਪਣੇ ਜੀਵਨ ਦਾ ਅਰਥ ਖੁਦ ਬਣਾਉਂਦਾ ਹੈ। ਜੋ ਪਛਾਣ ਦਲੀਪ ਸਿੰਘ ਨੂੰ ਬਰਤਾਨਵੀ ਰਹਿਣ ਸਹਿਣ ਚ ਮਿਲੀ, ਉਸਨੂੰ ਉਸਨੇ ਠੁਕਰਾਇਆ। ਉਸਨੇ ਆਪਣੀ ਮਾਂ ਲੱਭੀ, ਆਪਣੇ ਲੋਕ ਲੱਭੇ, ਇਤਿਹਾਸ ਖੋਜਿਆ, ਆਪਣੇ ਧਰਮ-ਸੱਭਿਆਚਾਰ ਲੱਭਿਆ-ਅਪਣਾਇਆ, ਆਪਣੀ ਹਉਮੈ ਨੂੰ ਕਿਸੇ ਪਾਸਿਓਂ ਤੋੜ ਕੇ ਕਿਤੇ ਹੋਰ ਜੋੜਿਆ। ਬੇਸ਼ੱਕ ਇਹ ਖੋਜ ਨੇ ਉਸਦੀ ਜਿੰਦਗੀ ਦੇ ਆਖਰੀ ਪਲ ਦੁਖਦਾਈ ਬਣਾਏ ਪਰ ਉਹ ਹੁਣ ਹੌਲਾ ਸੀ ਆਪਣੇ ਆਪੇ ਨਾਲ ਇਕਸੁਰ ਸੀ।
ਰਾਣੀ ਵਿਕਟੋਰੀਆ ਕੋਲ ਰਹਿੰਦਿਆਂ ਜੋ ਗੁਲਾਮੀ ਦਾ ਅਹਿਸਾਸ ਸੀ ਉਹ ਹੁਣ ਆਖਰੀ ਪਲਾਂ ਚ ਮੰਜੇ ਉਤੇ ਅਧਰੰਗ ਨਾਲ ਜੂਝਦਿਆਂ ਹੌਲੇਪਣ ਤੇ ਆਜ਼ਾਦੀ ਦੀ ਆਸ ਵਾਲਾ ਸੀ। ਉਹ ਸੁਪਨੇ ਚ ਮਾਂ ਕੋਲੋਂ ਪਿਤਾ ਪੁਰਖੀ ਤਲਵਾਰ ਫੜਦਾ ਹੈ, ਇਹ ਹੀ ਉਸਦੇ ”ਮੈਂ ਕੌਣ ਹਾਂ?” ਦਾ ਉਤਰ ਸੀ। ਜੇ ਉਹ ਬਰਤਾਨਵੀ ਮਾਡਲ ਚ ਰਹਿੰਦਿਆਂ ਜੀਵਨ ਜਿਉਂ ਕੇ ਮਰ ਜਾਂਦਾ ਤਾਂ ਸ਼ਾਇਦ ਇਹ ਸੁਪਨਾ ਕਦੇ ਨਾ ਆਉਂਦਾ।