ਨਿੱਕ-ਸੁੱਕ ਕਮੀਆਂ ਫ਼ਿਲਮ ਦੇ ਵਿਸ਼ੇ, ਵਿਸ਼ਾਲਤਾ, ਕੱਦ ਅੱਗੇ ਬੌਣੀਆਂ

ਨਿੱਕ-ਸੁੱਕ ਕਮੀਆਂ ਫ਼ਿਲਮ ਦੇ ਵਿਸ਼ੇ, ਵਿਸ਼ਾਲਤਾ, ਕੱਦ ਅੱਗੇ ਬੌਣੀਆਂ

ਹਾਲੇ ਤਾਂ ਸ਼ੁਰੂਆਤ ਐ ਮਿੱਤਰਾ, ਰੱਬ ਦੇ ਬਖ਼ਸ਼ੇ ਕਾਜ ਦੀਆਂ
ਬੜੀਆਂ ਲੰਮੀਆਂ ਰਾਹਵਾਂ ਨੇ ਸਤਿੰਦਰ ਤੋਂ ‘ਸਰ ਤਾਜ’ ਦੀਆਂ।
ਅਮਨਦੀਪ ਸਿੰਘ
(ਮੋਬਾਈਲ : 604-363-4326)

ਆਪਣੇ ਬੜੇ ਈ ਕਰੀਬੀ ਬੇਲੀ ਦੇ ਹੰਭਲੇ ਸਦਕਾ ਪੰਜਾਬ ਦੇ ਤਖ਼ਤ ਦੇ ਆਖਰੀ ਵਾਰਸ ਤੇ ਸ਼ੇਰ ਏ ਪੰਜਾਬ, ਮਹਾਰਾਜਾ ਰਣਜੀਤ ਸਿੰਘ, ਦੇ ਫਰਜ਼ੰਦ ਦਲੀਪ ਸਿੰਘ ਦੀ ਜ਼ਿੰਦਗੀ ਨੂੰ ਪਰਦੇ ਤੇ ਪੇਸ਼ ਕਰਦੀ ਹੋਈ ਫ਼ਿਲਮ ਦੇ ਪ੍ਰੀਮੀਅਰ ਸ਼ੋਅ ‘ਤੇ ਜਾਣ ਦਾ ਮੌਕਾ ਮਿਲਿਆ।
ਆਪਣੀ ਆਦਤ ਮੁਤਾਬਕ ਪੜਚੋਲੀਆ ਨਿਗਾਹ ਨਾਲ ਫ਼ਿਲਮ ਵੇਖਣ ਦਾ ਮਨ ਸੀ, ਤੇ ਫ਼ਿਲਮ ਵੇਖੀ ਵੀ ਇਸੇ ਨੁਕਤਾ ਨਜ਼ਰ ਤੋਂ। ਆਂਹਦੇ ਹੁੰਦੇ ਆ ਬੀ ਬਾਂਦਰ ਭਾਵੇਂ ਬੁੱਢਾ ਹੋ ਜੇ ਪਰ ਉਲਟਬਾਜ਼ੀਆਂ ਮਾਰਨੋਂ ਨੀਂ ਹਟ ਸਕਦਾ। ਉਹੀ ਹਾਲ ਮੇਰੇ ਵਰਗੇ ਨਘੋਚੀਆਂ ਦਾ ਐ, ਕੁੱਝ ਵੀ ਹੋਵੇ, ਮੀਨ ਮੇਖ ਕੱਢਣ ਦਾ ਕੋਈ ਨਾ ਕੋਈ ਨੁਕਤਾ ਕੱਢ ਈ ਲੈਣਾ ਅਖੇ ‘ਆਟਾ ਗੁੰਨ੍ਹਦੀ ਹਿਲਦੀ ਕਿਉਂ ਆਂ’। ਕਦੇ ਕਦੇ ਤਾਂ ਮੈਨੂੰ ਇਹ ਡਰ ਵੀ ਲੱਗਣ ਲੱਗ ਪੈਂਦਾ ਬੀ ਕਿਤੇ ਕਾਮਰੇਡਾਂ ਵਾਲੀਆਂ, ਹਰ ਗੱਲ ਵਿੱਚ ਨੁਕਸ ਕੱਢਣ ਵਾਲੀਆਂ ਆਦਤਾਂ ਪੱਕ ਨਾ ਜਾਣ।
ਇਸ ਲਈ ‘ਦ ਬਲੈਕ ਪ੍ਰਿੰਸ’ ਵੇਖ ਕੇ ਪੜਚੋਲ ਤਾਂ ਕਰਨੀ ਈ ਸੀ ਪਰ ਨਾਲ ਦੀ ਨਾਲ ਇਹ ਦੱਸ ਦੇਵਾਂ ਕਿ ਮੈਂ ਪੂਰੀ ਫ਼ਿਲਮ ਵਿਚੋਂ ਜੋ ਮਰਜ਼ੀ ਨੁਕਸ ਕੱਢੀ ਜਾਵਾਂ, ਜਿਹੜੀ ਮਰਜ਼ੀ ਊਣਤਾਈ ਦੀ ਗੱਲ ਕਰਾਂ, ਹਰ ਉਹ ਕਮੀ ਪੇਸ਼ੀ, ਫ਼ਿਲਮ ਦੇ ਵਿਸ਼ੇ, ਉਸ ਦੀ ਵਿਸ਼ਾਲਤਾ, ਤੇ ਉਸ ਦੇ ਕੱਦ ਦੇ ਸਾਹਮਣੇ ਨਿਗੂਣੀ, ਤੇ ਬੌਣੀ ਐ।
ਮੈਂ ਅਜੇ ਇੰਨਾ ਵੱਡਾ ਨੀਂ ਹੋਇਆ ਕਿ ਆਪਣੇ ਅਤੀਤ ਦਾ ਮੁਲਾਂਕਣ ਕਰ ਸਕਾਂ। ਹਥਲੀ ਪੜਚੋਲ ਵਿੱਚ ਜੇ ਕਿਸੇ ਕਮੀ ਪੇਸ਼ੀ ਦਾ ਜ਼ਿਕਰ ਮੈਂ ਕਰਾਂਗਾ ਵੀ ਤਾਂ ਉਹ ਸਿਰਫ ਤੇ ਸਿਰਫ ਪਰਦੇ ਉਤਲੀ ਪੇਸ਼ਕਾਰੀ ਨਾਲ ਸੰਬੰਧਤ ਹੋਵੇਗੀ ਨਾ ਕਿ ਵਿਖਾਏ ਗਏ ਅਤੀਤ ਨਾਲ। ਲੱਗਦੇ ਹੱਥੀਂ ਮੈਂ ਇਹ ਵੀ ਕਹਿ ਦੇਵਾਂ ਕਿ ਮੇਰੀ ਨਜ਼ਰ ਵਿਚਲੀਆਂ ਊਣਤਾਈਆਂ ਕਿਸੇ ਵੀ ਪੱਖੋਂ ਇਹ ਕਾਰਨ ਨਾ ਬਣਨ ਕਿ ਤੁਸੀਂ ਵਧੀਆ ਫ਼ਿਲਮ ਵੇਖਣ ਦਾ ਆਪਣਾ ਇਰਾਦਾ ਬਦਲ ਦੇਵੋ ਜਾਂ ਇਸ ਨੂੰ ਨਾ ਦੇਖਣ ਦਾ ਵਿਚਾਰ ਹੋਰ ਪੱਕਾ ਕਰ ਲਵੋ। ਸਗੋਂ ਮੈਂ ਉਮੀਦ ਕਰਾਂਗਾ ਕਿ ਇਹ ਪੜਚੋਲ ਪੜ੍ਹਨ ਤੋਂ ਬਾਅਦ ਵੀ, ਇਹ ਫ਼ਿਲਮ ਆਪ ਵੀ ਜ਼ਰੂਰ ਵੇਖੋਗੇ ਤੇ ਆਪਣੇ ਤੋਂ ਛੋਟੇ ਵੱਡਿਆਂ ਨੂੰ ਵੀ ਵਿਖਾਉਗੇ।
ਇਸ ਫ਼ਿਲਮ ਦੀਆਂ ਕਮੀਆਂ ਦਾ ਜ਼ਿਕਰ ਪਹਿਲਾਂ ਈ ਕਰ ਦੇਵਾਂ ਕਿਉਂਕਿ, ਇਨ੍ਹਾਂ ਇੱਕ ਦੋ ਗੱਲਾਂ ਤੋਂ ਬਾਅਦ ਮੈਂ ਕੋਸ਼ਿਸ਼ ਵੀ ਕਰਾਂ ਤਾਂ ਇਸ ਫ਼ਿਲਮ ਦੀ ਕੋਈ ਇਹੋ ਜਿਹੀ ਕਮੀ ਸ਼ਾਇਦ ਨਾ ਲੱਭ ਸਕਾਂ ਜਿਹੜੀ ਇਸ ਫ਼ਿਲਮ ਦਾ ਕੱਦ ਘਟਾਉਂਦੀ ਹੋਵੇ।
ਸਭ ਤੋਂ ਪਹਿਲੀ ਨਿੱਕੀ ਜਿਹੀ ਗਲਤੀ ਫ਼ਿਲਮ ਦੇ ਸੰਵਾਦਾਂ ਦੇ ਅੰਗਰੇਜ਼ੀ ਵਿੱਚ ਲਿਖੇ ਤਰਜ਼ਮੇ ਵਿੱਚ ਦਿਖੀ, ਜਿੱਥੇ ਪਹਿਲੀ ਵਾਰੀ ਸਿੱਖ ਰਾਜ ਦਾ ਜ਼ਿਕਰ ਆਉਂਦਾ ਹੈ ਤੇ ਸਬ-ਟਾਈਟਲ ਵਿੱਚ ਸਿੱਖ ਕਿੰਗਡਮ ਦੀ ਥਾਂ ਸਿਰਫ ਕਿੰਗਡਮ ਲਿਖਿਆ ਵੇਖਣ ਨੂੰ ਮਿਲਿਆ। ਪਰ ਸੱਚ ਪੁੱਛੋ ਤਾਂ ਇਹ ‘ਵਿਆਹ ਵਿੱਚ ਬੀ ਦਾ ਲੇਖਾ’ ਪਾਉਣ ਵਾਲੀ ਗੱਲ ਐ।
ਦੂਜੀ ਕਮੀ ਜਿਹੜੀ ਮੈਨੂੰ ਦਿਖੀ, ਉਹ ਸੀ, ਪਰਦੇ ਉਪਰ ਚਿਹਰਿਆਂ ਦੇ ਹਾਭ ਭਾਵ ਵਿੱਚ ਸੂਖਮਤਾ ਦੀ ਕਮੀ ਜਾਂ ਅਣਹੋਂਦ। ਇੱਕ ਮਾਂ ਨੂੰ ਮੁੱਦਤਾਂ ਤੋਂ ਵਿਛੜਿਆ ਉਸ ਦਾ ਪੁੱਤ ਮਿਲਣ ਆਇਆ ਹੋਵੇ ਤੇ ਉਹਦੀ ਆਵਾਜ਼, ਉਹਦੇ ਬੋਲਾਂ ਵਿੱਚ ਕਈ ਤਰ੍ਹਾਂ ਦੇ ਸੂਖਮ ਹਾਵ ਭਾਵ ਰਲੇ ਮਿਲੇ ਹੁੰਦੇ ਹਨ। ਪਰ ਸ਼ਬਾਨਾ ਆਜ਼ਮੀ ਦੀ ਆਵਾਜ਼ ਸਿੱਧੀ ਸਪਾਟ ਸੀ। ਬੋਲਾਂ ਵਿੱਚ ਜਜ਼ਬਾਤਾਂ ਦੀ ਅਣਹੋਂਦ ਉਸ ਘੜੀ ਵਿੱਚ ਡੂੰਘਾ ਲਹਿ ਜਾਣ ਤੇ ਉਸ ਦਾ ਇੱਕ ਹਿੱਸਾ ਬਣ ਜਾਣ ਤੋਂ ਰੋਕਦੀ ਰਹੀ। ਹਾਲਾਂਕਿ, ਇਹ, ਉਹ ਮੁਲਾਕਾਤ ਸੀ ਜਿਸ ਦੇ ਬਾਰੇ ਸੁਣਦੇ ਆਏ ਹਾਂ ਕਿ ਦਲੀਪ ਸਿੰਘ ਦੀ ਸੋਚ ਨੂੰ ਬਦਲ ਦੇਣ ਵਾਲੀ ਮੁਲਾਕਾਤ ਸੀ ਇਹ। ਜੇ ਇਸ ਮੁਲਾਕਾਤ ਨੂੰ ਹੋਰ ਪ੍ਰਭਾਵਸ਼ਾਲੀ ਬਣਾ ਦਿੱਤਾ ਜਾਂਦਾ ਤਾਂ ਇਹ ਸਾਰੀ ਫ਼ਿਲਮ ਦਾ ਸਿਖਰ ਹੋ ਨਿਬੜਦਾ।
ਐਪਰ ਇਹ ਗੱਲ ਵੀ ਕਰਨੀ ਬਣਦੀ ਐ ਕਿ ਉਹ ਸੂਖਮਤਾ ਤੇ ਉਹ ਰਲੇ ਮਿਲੇ ਜਜ਼ਬਾਤ ਬਹੁਤ ਗੁੰਝਲਦਾਰ ਹਨ ਤੇ ਉਨ੍ਹਾਂ ਨੂੰ ਅਦਾਕਾਰੀ ਵਿੱਚ ਸ਼ਾਮਲ ਕਰਨਾ ਕਿਸੇ ਹਾਰੀ ਸਾਰੀ ਦੇ ਵੱਸ ਦਾ ਰੋਗ ਨਹੀਂ ਸੀ। ਅਤੇ ਕਿਉਂਕਿ ਇਹ ਕਹਾਣੀ ਦਲੀਪ ਸਿੰਘ ਦੀ ਇਤਿਹਾਸਕ ਜ਼ਿੰਦਗੀ ‘ਤੇ ਹੈ ਇਸ ਲਈ ਕਦੇ ਕਦੇ ਅਤੀਤ ਦੀਆਂ ਘਟਨਾਵਾਂ ਨੂੰ ਪੇਸ਼ ਕਰਨਾ ਜ਼ਿਆਦਾ ਜ਼ਰੂਰੀ ਹੁੰਦਾ, ਬਜਾਇ ਇਸ ਦੇ ਕਿ ਉਹ ਕਿੰਨੀ ਡੂੰਘਾਈ ਨਾਲ ਪੇਸ਼ ਕੀਤੀਆਂ ਗਈਆਂ।
ਇਸ ਗੱਲ ‘ਤੇ ਵੀ ਗੌਰ ਕਰਨਾ ਬਣਦੈ ਕਿ ਅਤੀਤ ਵਿਚਲਾ ਉਹ ਸਾਰਾ ਹੀ ਘਟਨਾਕ੍ਰਮ ਜੇ ਪਰਦੇ ‘ਤੇ ਵਿਖਾਉਣਾ ਪਵੇ ਤਾਂ ਦੋ ਢਾਈ ਘੰਟਿਆਂ ਦੀ ਇੱਕ ਫ਼ਿਲਮ ਵਿੱਚ ਸਮੇਟਿਆ ਹੀ ਨੀਂ ਜਾ ਸਕਦਾ। ਇਸ ਲਈ ਸਿਰਫ ਖਾਸ ਖਾਸ ਘਟਨਾਵਾਂ ਨੂੰ ਚੁਣਨਾ ਪੈਂਦਾ ਅਤੇ ਉਹ ਚੋਣ ਇਸ ਫ਼ਿਲਮ ਦੀ ਸਾਰੀ ਟੀਮ ਨੇ ਬਾਖੂਬੀ ਕੀਤੀ ਹੈ। ਹਾਲਾਂਕਿ ਜਿੰਨਾ ਕੁ ਸੁਣਿਆ ਸੁਣਾਇਆ ਇਤਿਹਾਸ ਮੈਨੂੰ ਪਤਾ, ਕਿ ਅੰਗਰੇਜ਼ਾਂ ਨੇ ਰਾਣੀ ਜਿੰਦਾਂ ਨਾਲ ਬਹੁਤ ਮਾੜਾ ਸਲੂਕ ਕੀਤਾ, ਉਸ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਗਿਆ, ਉਸ ਨੂੰ ਬਦਨਾਮ ਕਰਨ ਲਈ 7 ਟਕਾ ਦਿਹਾੜੀ ‘ਤੇ ਇੱਕ ਬੰਦਾ ਸਿਰਫ਼ ਉਸ ਦੇ ਖਿਲਾਫ ਅਫਵਾਹਾਂ ਫੈਲਾਉਣ ਲਈ ਹੀ ਰੱਖਿਆ ਗਿਆ। ਜੇ ਇਹ ਦੋ ਘਟਨਾਵਾਂ ਵੀ ਕਿਤੇ ਪਰਦੇ ‘ਤੇ ਰੂਪਮਾਨ ਕਰ ਦਿੱਤੀਆਂ ਜਾਂਦੀਆਂ ਤਾਂ ਦਰਸ਼ਕਾਂ ਦੀ ਹਮਦਰਦੀ ਉਨ੍ਹਾਂ ਨੂੰ ਇਸ ਫ਼ਿਲਮ ਦੇ ਨਾਲ ਹੋਰ ਪੀਢੀ ਸਾਂਝ ਪਵਾ ਦਿੰਦੀ।
ਮੇਰਾ ਖਿਆਲ ਹੈ ਕਿ ਜੇ ਤੁਸੀਂ ਇਸ ਫ਼ਿਲਮ ਨੂੰ ਵੇਖਣ ਵੇਲੇ ਆਪਣੇ ਆਪ ਨੂੰ ਦਲੀਪ ਸਿੰਘ ਦੀ ਥਾਂ ‘ਤੇ ਰੱਖ ਕੇ ਸਾਰੀ ਫ਼ਿਲਮ ਵਿਚਲੇ ਘਟਨਾਕ੍ਰਮ ਨੂੰ ਦੇਖੋਗੇ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਆਪਣਾ ਸਭ ਕੁਝ ਗੁਆ ਕੇ ਆਪਣਿਆਂ ਤੋਂ ਵੱਖ ਹੋ ਕੇ, ਬਿਗਾਨੇ ਮੁਲਕਾਂ ਵਿੱਚ ਆਪਣੀ ਅਸਲੀ ਹੋਂਦ ਨੂੰ ਖਤਰਾ ਕਿਵੇਂ ਪੈਦਾ ਹੋ ਜਾਂਦਾ। ਸਿੱਖ ਰਾਜ ਦਾ ਹਰ ਉਹ ਖੈਰ-ਖਵਾਹ ਜਦੋਂ ਇਸ ਫ਼ਿਲਮ ਨੂੰ ਵੇਖੇਗਾ ਤਾਂ ਸੁਭਾਵਿਕ ਹੀ ਮਹਿਸੂਸ ਕਰੇਗਾ ਕਿ ਅਸੀਂ ਆਪਣਾ ਰਾਜ ਭਾਗ ਗਵਾ ਕੇ ਨਿਤਾਣੇ ਤੇ ਨਿਮਾਣੇ ਕਿਵੇਂ ਬਣ ਗਏ। ਤੁਹਾਨੂੰ ਆਪਣਾ ਆਪ ਦਲੀਪ ਸਿੰਘ ਲੱਗੇਗਾ ਤੇ ਤੁਸੀਂ ਵੀ ਆਪਣੇ ਆਪ ਨੂੰ ਪੰਜਾਬ ਦੇ ਤਖ਼ਤ ਦੇ ਵਾਰਸ ਚਿਤਵਣ ਲੱਗੋਗੇ।
ਲਫਜ਼ਾਂ ਦੀ ਕੀ ਅਹਿਮੀਅਤ ਹੁੰਦੀ ਹੈ ਇਹ ਅੱਜਕੱਲ ਦੀ ਪੀੜ੍ਹੀ ਭੁੱਲਦੀ ਜਾ ਰਹੀ ਐ, ਪਰ ਇਸ ਫ਼ਿਲਮ ਵਿਚਲੇ ਕੁੱਝ ਮੌਕਿਆਂ ‘ਤੇ ਵੱਖ ਵੱਖ ਲਫਜ਼ਾਂ ਵਿਚਲਾ ਫ਼ਰਕ ਕਿੰਨਾ ਵੱਡਾ ਹੋ ਸਕਦਾ ਇਸ ‘ਤੇ ਗੌਰ ਕੀਤਾ ਜਾਣਾ ਜ਼ਰੂਰੀ ਬਣ ਜਾਂਦਾ ਐ। ਉਨ੍ਹਾਂ ਵਿਚੋਂ ਈ ਕੁੱਝ ਮੌਕਿਆਂ ਦੇ ਵਾਕਿਆਤ ਸਦਾ ਈ ਦਿਲ ਵਿੱਚ ਵਸੇ ਰਹਿਣਗੇ, ਜਿਵੇਂ ਕਿ ਮਹਾਰਾਣੀ ਜਿੰਦਾਂ ਦਾ ਦਲੀਪ ਸਿੰਘ ਨੂੰ ਅਹਿਸਾਸ ਕਰਾਉਣਾ ਕਿ ‘ਤੂੰ ਪ੍ਰਿੰਸ ਨਹੀਂ, ਰਾਜਾ ਹੈਂ।’ ਭਾਵੇਂ ਕਿ ਸ਼ਾਇਦ ਦਲੀਪ ਸਿੰਘ ਨੂੰ ਉਸ ਵੇਲੇ ਪ੍ਰਿੰਸ ਕਹਾਉਣ ਵਿੱਚ ਹੀ ਬੜਾ ਵੱਡਾ ਮਾਣ ਲੱਗਦਾ ਹੋਵੇ, ਕਿਉਂਕਿ ਉਹ ਉਸੇ ਮਾਹੌਲ ਵਿੱਚ ਵੱਡਾ ਹੋਇਆ ਸੀ। ਇੱਕ ਹੋਰ ਮੌਕੇ ਰਾਣੀ ਜਿੰਦਾਂ ਵੱਲੋਂ ਲਫਜ਼ਾਂ ਦੇ ਤੀਰਾਂ ਨਾਲ ਰਾਣੀ ਵਿਕਟੋਰੀਆ ਨੂੰ ਇਹ ਜਤਾਉਣਾ ਕਿ ਇਹ ਸਾਮਾਨ ਸਾਡੇ ਕੋਲੋਂ ਚੋਰੀ ਕੀਤਾ ਹੋਇਆ ਹੈ, ਜਾਂ ਡਾਕਟਰ ਲੋਗਿਨ ਨੂੰ ਆਪਣੇ ਲਫਜ਼ਾਂ ਨਾਲ ਧੁਰ ਤੱਕ ਚੀਰ ਕੇ ਉਸ ਨੂੰ ਇਹ ਅਹਿਸਾਸ ਕਰਾਉਣਾ ਕਿ ਕਿਵੇਂ ਉਸ ਨੇ ਇੱਕ ਬੱਚੇ ਤੋਂ ਉਸ ਦਾ ਸਭ ਕੁੱਝ ਖੋਹ ਲਿਆ। ਇੱਕ ਮੰਗਤੇ ਦਾ ਦਲੀਪ ਸਿੰਘ ਨੂੰ ਇਹ ਕਹਿ ਕੇ ਝੰਜੋੜਨਾ ਕਿ ਇੱਕ ਮੰਗਤੇ ਦਾ ਦੂਜੇ ਮੰਗਤੇ ਕੋਲੋਂ ਕੁੱਝ ਮੰਗਣ ਦਾ ਸਵਾਲ ਹੀ ਨਹੀਂ ਉਠਦਾ। ਇਹ ਸਭ ਲਫਜ਼ਾਂ ਦਾ ਹੀ ਕਮਾਲ ਸੀ।
ਇਸੇ ਤਰ੍ਹਾਂ ਇੱਕ ਵੇਲੇ ਜਦੋਂ ਪ੍ਰਿੰਸ ਵਿਕਟਰ ਆਪਣੇ ਬਾਪ ਨੂੰ ਰਾਣੀ ਵਿਕਟੋਰੀਆ ਨੂੰ ਚਿੱਠੀ ਲਿਖ ਕੇ ਆਪਣੀ ਪੈਨਸ਼ਨ ਵਾਪਸ ਲਗਵਾਉਣ ਲਈ ਕਹਿੰਦਾ ਹੈ, ਤਾਂ ਦਲੀਪ ਸਿੰਘ ਦੇ ਹਾਵ ਭਾਵ ਉਸ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਉਹ ਇੱਕ ਤਖਤ ਦਾ ਵਾਰਸ ਹੈ ਕਿਸੇ ਰਾਣੀ ਦੀ ਪੈਨਸ਼ਨ ਦਾ ਮੁਥਾਜ ਨਹੀਂ, ਪਰ ਵਿਕਟਰ ਸ਼ਾਇਦ ਇਸ ਗੱਲ ਨੂੰ ਸਮਝਣ ਤੋਂ ਅਸਮਰੱਥ ਹੈ ਕਿਉਂਕਿ ਉਸ ਨੇ ਕਦੇ ਨਾ ਤਾਂ ਉਹ ਤਖ਼ਤ ਵੇਖਿਆ ਤੇ ਨਾ ਕਦੇ ਉਸਦਾ ਸੁਪਨਾ ਸੰਜੋਇਆ।
ਇਹ ਵੇਲਾ, ਮੈਨੂੰ, ਸਾਡੀਆਂ ਵਿਦੇਸ਼ਾਂ ਵਿੱਚ ਜੰਮੀਆਂ ਪੀੜ੍ਹੀਆਂ ਦੀ ਯਾਦ ਦਿਵਾ ਗਿਆ, ਕਿ ਜਦੋਂ ਉਨ੍ਹਾਂ ਦੇ ਵਡੇਰੇ ਉਨ੍ਹਾਂ ਨੂੰ ਦੱਸਦੇ ਹਨ ਜਾਂ ਸਮਝਾਉਂਦੇ ਹਨ ਕਿ ਉਹ ਕਿਸ ਕੌਮ ਦੇ ਵਾਰਸ ਹਨ, ਉਨ੍ਹਾਂ ਦੀ ਅਸਲੀਅਤ ਕੀ ਹੈ, ਤਾਂ ਬਹੁਤੀ ਵਾਰੀ ਨਵੀਂ ਪੀੜ੍ਹੀ ਇਸ ਗੱਲ ਦੀ ਡੂੰਘਾਈ ਨੂੰ ਸਮਝਣ ਤੋਂ ਅਸਮਰੱਥ ਹੁੰਦੀ ਹੈ।
ਇਸ ਫ਼ਿਲਮ ਨੂੰ ਵੇਖਦੇ ਵੇਲੇ ਇੱਕ ਗੱਲ ਜੋ ਵਾਰ ਵਾਰ ਮੇਰੇ ਦਿਮਾਗ ਵਿੱਚ ਘੁੰਮਦੀ ਰਹੀ, ਉਹ ਇਹ ਸੀ, ਕਿ ਅੰਗਰੇਜ਼ਾਂ ਦੇ ਕਬਜ਼ੇ ਹੇਠਲੇ ਦੇਸ਼ਾਂ ਵਿਚੋਂ ਸਿਰਫ ਪੰਜਾਬ ਹੀ ਇੱਕ ਐਸਾ ਦੇਸ਼ ਸੀ ਜਿਸ ਦੇ ਵਾਰਸ ਨੂੰ ਇੰਗਲੈਂਡ ਵਿੱਚ ਸ਼ਾਹੀ ਠਾਠ ਨਾਲ ਰੱਖਿਆ ਗਿਆ, ਜਦਕਿ ਭਾਰਤ ਦੇਸ਼ ਦੇ ਬਹੁਤ ਸਾਰੇ ਰਾਜਿਆਂ ਨੂੰ ਤੇ ਉਨ੍ਹਾਂ ਦੇ ਵਾਰਸਾਂ ਨੂੰ ਅੰਗਰੇਜ਼ਾਂ ਨੇ ਕਿਸੇ ਨਾ ਕਿਸੇ ਚਾਲ ਹੇਠ ਮਾਰ ਦਿੱਤਾ ਜਾਂ ਮਰਵਾ ਦਿੱਤਾ। ਪਰ ਦਲੀਪ ਸਿੰਘ ਨੂੰ ਜਿਉਂਦੇ ਰੱਖਣ ਵਿੱਚ ਉਨ੍ਹਾਂ ਦਾ ਕੋਈ ਨਾ ਕੋਈ ਤਾਂ ਹਿੱਤ ਸੀ। ਪਰ ਦਲੀਪ ਸਿੰਘ ਨੂੰ ਇਹ ਅਹਿਸਾਸ ਹੁੰਦਿਆ ਦੇਰ ਲੱਗੀ ਕਿ ਪਿੰਜਰਾ ਚਾਹੇ ਸੋਨੇ ਦਾ ਹੀ ਕਿਉਂ ਨਾ ਹੋਵੇ, ਉਸ ਵਿੱਚ ਰਹਿਣ ਵਾਲਾ ਗੁਲਾਮ ਜਾਂ ਪਾਲਤੂ ਹੀ ਹੁੰਦਾ ਹੈ, ਤੇ ਇਹੋ ਜਿਹੇ ਤਰਸ ਦੇ ਪਾਤਰ ਜੀਵਾਂ ਦੀ ਜ਼ਿੰਦਗੀ ਉਨ੍ਹਾਂ ਦੇ ਦੁਨਿਆਵੀ ਮਾਲਕਾਂ ਦੇ ਰਹਿਮੋ ਕਰਮ ‘ਤੇ ਹੁੰਦੀ ਹੈ।
ਇਸ ਫ਼ਿਲਮ ‘ਤੇ ਕੀਤੀ ਮਿਹਨਤ ਲਈ, ਇਸ ਫ਼ਿਲਮ ਦੀ ਸਾਰੀ ਟੋਲੀ, ਸਮਰਥਕ, ਅਦਾਕਾਰ, ਇਸ ਦੀ ਸਮੱਗਰੀ ਇਕੱਠੀ ਕਰਨ ਵਾਲੇ ਇਤਿਹਾਸਕਾਰ ਸਭ ਹੀ ਵਧਾਈ ਤੇ ਧੰਨਵਾਦ ਦੇ ਪਾਤਰ ਨੇ, ਕਿਉਂਕਿ ਬਹੁਤੀ ਵਾਰੀ ਪੰਜਾਬ ਦੇ ਇਤਿਹਾਸਕ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਲਈ ਹੀ ਇਤਿਹਾਸਕ ਵਿਸ਼ਿਆਂ ‘ਤੇ ਫ਼ਿਲਮਾਂ ਬਣਾਈਆਂ ਜਾਂਦੀਆਂ ਹਨ, ਪਰ ਮੇਰੇ ਚੇਤਿਆਂ ਵਿਚਲੀ ਇਹ ਪਹਿਲੀ ਫ਼ਿਲਮ ਹੋਵੇਗੀ ਜਿਸ ਵਿੱਚ ਪੰਜਾਬ ਦੇ ਇਤਿਹਾਸ ਨਾਲ ਕੋਈ ਵੀ ਛੇੜ ਛਾੜ ਕਰਨ ਤੋਂ ਗੁਰੇਜ਼ ਕੀਤਾ ਗਿਆ ਹੈ ਤੇ ਪੂਰੀ ਇਮਾਨਦਾਰੀ ਨਾਲ ਇਤਿਹਾਸਕ ਵੇਲਿਆਂ ਤੇ ਵਾਕਿਆਂ ਨੂੰ ਪੇਸ਼ ਕਰਨ ਦੀ ਸੁਹਿਰਦ ਕੋਸ਼ਿਸ਼ ਕੀਤੀ ਗਈ ਹੈ। ਇਸ ਸਭ ਲਈ ਨਿਰਦੇਸ਼ਕ ਕਵੀ ਰਾਜ਼, ਨਿਰਮਾਤਾ ਜਸਜੀਤ ਸਿੰਘ, ਅਦਾਕਾਰ ਸਤਿੰਦਰ ਸਰਤਾਜ, ਸ਼ਬਾਨਾ ਆਜ਼ਮੀ ਤੇ ਹੋਰ ਸਾਰੇ ਪਰਦੇ ਪਿਛਲੇ ਯੋਗਦਾਨੀਆਂ ਦਾ ਬਹੁਤ ਧੰਨਵਾਦ ਕਿ ਉਨ੍ਹਾਂ ਨੇ ਪੰਜਾਬੀ ਸਿਨੇਮਾ ਵਿੱਚ ਇੱਕ ਨਵਾਂ ਮੀਲ ਪੱਥਰ ਗੱਡਣ ਦੀ ਸਫਲ ਕੋਸ਼ਿਸ਼ ਕੀਤੀ।