ਲਾਲ ਕ੍ਰਿਸ਼ਨ ਅਡਵਾਨੀ ਦੀ ਅਧੂਰੀ ਰਹਿ ਗਈ ‘ਇਹ ਇੱਛਾ’

ਲਾਲ ਕ੍ਰਿਸ਼ਨ ਅਡਵਾਨੀ ਦੀ ਅਧੂਰੀ ਰਹਿ ਗਈ ‘ਇਹ ਇੱਛਾ’

ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਨਰਿੰਦਰ ਮੋਦੀ ਭਾਵੇਂ ਹੀ ਖ਼ੁਦ ਨੂੰ ਸਰਦਾਰ ਪਟੇਲ ਵਰਗਾ ਮੰਨਦੇ ਹੋਣ, ਪਰ ਉਨ੍ਹਾਂ ਨੂੰ ਆਪਣੀ ਸਰਕਾਰ ਅਤੇ ਪਾਰਟੀ ਵਿਚ ਕੋਈ ਵਿਰੋਧ ਜ਼ਾਹਰ ਕਰਨ ਵਾਲਾ ਦੂਸਰਾ ਪਟੇਲ ਬਰਦਾਸ਼ਤ ਨਹੀਂ। ਵੈਸੇ ਹਕੀਕਤ ਇਹ ਹੈ ਕਿ ਪਾਰਟੀ ਅਤੇ ਸਰਕਾਰ ਵਿਚ ਇਸ ਕੱਦ ਅਤੇ ਦਮ ਦਾ ਕੋਈ ਦੂਸਰਾ ਨੇਤਾ ਹੀ ਅੱਜ ਨਹੀਂ ਦਿਖਾਈ ਦਿੰਦਾ, ਜੋ ਵਿਰੋਧ ਦੀ ਸੁਰ ਜ਼ਾਹਰ ਕਰ ਸਕੇ। ਮਾਹਰਾਂ ਮੁਤਾਬਕ ਹੁਣ ਸਰਕਾਰ ਅਤੇ ਪਾਰਟੀ ਸਿਰਫ਼ ਵਨ ਮੈਨ ਸ਼ੋਅ ਹੈ।
ਵਿਜੈ ਤ੍ਰਿਵੇਦੀ (ਬੀ.ਬੀ.ਸੀ. ਦੇ ਸੀਨੀਅਰ ਪੱਤਰਕਾਰ)
ਅਪ੍ਰੈਲ 2002 ਦੇ ਦੂਸਰੇ ਹਫ਼ਤੇ ਗੋਆ ਵਿਚ ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਚੱਲ ਰਹੀ ਸੀ। ਮੀਡੀਆ ਅਤੇ ਸਿਆਸੀ ਹਲਕਿਆਂ ਵਿਚ ਇਸ ਗੱਲ ਦੀ ਚਰਚਾ ਸੀ ਕਿ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਭਵਿੱਖ ‘ਤੇ ਕੀ ਫ਼ੈਸਲਾ ਹੋਵੇਗਾ।
ਦਿੱਲੀ ਤੋਂ ਉਡੇ ਉਸ ਵਿਸ਼ੇਸ਼ ਜਹਾਜ਼ ਵਿਚ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਗ੍ਰਹਿ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਬੈਠੇ ਸਨ। ਸਮੁੰਦਰ ਦੇ ਉਪਰ ਜਹਾਜ਼ ਉਡ ਰਿਹਾ ਸੀ। ਜਹਾਜ਼ ਵਿਚ ਵਿਦੇਸ਼ ਮੰਤਰੀ ਜਸਵੰਤ ਸਿੰਘ ਤੇ ਸੂਚਨਾ ਤਕਨੀਕੀ ਮੰਤਰੀ ਅਰੂਣ ਸ਼ੌਰੀ ਵੀ ਸਨ। ਭਾਜਪਾ ਦੇ ਇਕ ਸੀਨੀਅਰ ਨੇਤਾ ਨੇ ਦੱਸਿਆ ਕਿ ਇਸ ਦੋ ਘੰਟੇ ਦੀ ਯਾਤਰਾ ਵਿਚ ਸ਼ੁਰੂਆਤੀ ਗੱਲਬਾਤ ਗੁਜਰਾਤ ‘ਤੇ ਹੋਈ। ਅਟਲ ਗੰਭੀਰ ਮੁੱਦਰਾ ਵਿਚ ਬੈਠੇ ਸਨ, ਉਦੋਂ ਉਸ ਚੁੱਪ ਨੂੰ ਜਸਵੰਤ ਸਿੰਘ ਨੇ ਤੋੜਿਆ, ਬੋਲੇ-‘ਅਟਲ ਜੀ, ਤੁਸੀਂ ਕੀ ਸੋਚਦੇ ਹੋ?’ ਅਟਲ ਵਾਜਪਾਈ ਨੇ ਕਿਹਾ, ‘ਘੱਟੋ-ਘੱਟ ਅਸਤੀਫ਼ਾ ਤਾਂ ਆਫ਼ਰ ਕਰਦੇ?’ ਉਦੋਂ ਅਡਵਾਨੀ ਨੇ ਕਿਹਾ ਕਿ ਜੇਕਰ ਨਰਿੰਦਰ ਭਾਈ ਦੇ ਅਸਤੀਫ਼ਾ ਦੇਣ ਨਾਲ ਗੁਜਰਾਤ ਦੇ ਹਾਲਾਤ ਸੁਧਰਦੇ ਹਨ, ਤਾਂ ਮੈਂ ਉਨ੍ਹਾਂ ਨੂੰ ਅਸਤੀਫ਼ਾ ਦੇਣ ਲਈ ਕਹਿ ਦਿਆਂਗਾ, ਪਰ ਮੈਨੂੰ ਨਹੀਂ ਲਗਦਾ ਕਿ ਇਸ ਨਾਲ ਹਾਲਾਤ ਸੁਧਨਰਗੇ ਤੇ ਮੈਨੂੰ ਇਸ ਗੱਲ ‘ਤੇ ਵੀ ਯਕੀਨ ਨਹੀਂ ਹੈ ਕਿ ਕੌਮੀ ਕਾਰਜਕਾਰਨੀ ਵੀ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰੇਗੀ।
ਸਾਰੇ ਜਾਣਦੇ ਹਨ ਕਿ ਵਾਜਪਾਈ ਦੀ ਇੱਛਾ ਦੇ ਬਾਵਜੂਦ ਅਡਵਾਨੀ ਕਾਰਨ ਨਰਿੰਦਰ ਮੋਦੀ ਦਾ ਮੁੱਖ ਮੰਤਰੀ ਦਾ ਅਹੁਦਾ ਉਸ ਦਿਨ ਬਚ ਗਿਆ ਸੀ। ਖ਼ੁਦ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਕਿਤਾਬ ‘ਮਾਈ ਕੰਟਰੀ ਮਾਈ ਲਾਈਫ਼’ ਵਿਚ ਲਿਖਿਆ ਕਿ ਜਿਨ੍ਹਾਂ ਦੋ ਵੱਡੇ ਮੁੱਦਿਆਂ ‘ਤੇ ਵਾਜਪਾਈ ਅਤੇ ਮੇਰੀ ਇਕ ਰਾਏ ਨਹੀਂ ਸੀ, ਉਸ ਵਿਚ ਪਹਿਲਾਂ ਅਯੋਧਿਆ ਦਾ ਮੁੱਦਾ ਸੀ, ਜਿਸ ‘ਤੇ ਆਖ਼ਰ ਵਿਚ ਵਾਜਪਾਈ ਨੇ ਪਾਰਟੀ ਦੀ ਰਾਏ ਮੰੀ ਤੇ ਦੂਸਰਾ ਮਾਮਲਾ ਸੀ-ਗੁਜਰਾਤ ਦੰਗਿਆਂ ‘ਤੇ ਨਰਿੰਦਰ ਮੋਦੀ ਦੇ ਅਸਤੀਫ਼ੇ ਦੀ ਮੰਗ।
ਅਡਵਾਨੀ ਨੇ ਲਿਖਿਆ ਕਿ ਗੋਧਰਾ ਵਿਚ ਵੱਡੀ ਤਾਦਾਦ ਵਿਚ ਕਾਰ ਸੇਵਕਾਂ ਦੇ ਮਾਰੇ ਜਾਣ ਮਗਰੋਂ ਗੁਜਰਾਤ ਵਿਚ ਫ਼ਿਰਕੂ ਦੰਗੇ ਹੋ ਗਏ ਸਨ। ਇਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਮੋਦੀ ਦੇ ਅਸਤੀਫ਼ੇ ਲਈ ਦਬਾਅ ਵਧਾ ਦਿੱਤਾ ਸੀ। ਐਨ.ਡੀ.ਏ. ਵਿਚ ਵੀ ਕੁਝ ਪਾਰਟੀਆਂ ਅਤੇ ਭਾਜਪਾ ਵਿਚ ਵੀ ਕੁਝ ਲੋਕ ਮੰਨ ਰਹੇ ਸਨ ਕਿ ਮੋਦੀ ਨੂੰ ਅਸਤੀਫ਼ਾ ਦੇਣ ਲਈ ਕਿਹਾ ਜਾਣਾ ਚਾਹੀਦਾ ਹੈ। ਪਰ ਮੇਰੀ (ਅਡਵਾਨੀ) ਰਾਏ ਇਸ ਤੋਂ ਬਿਲਕੁਲ ਵੱਖਰੀ ਸੀ। ਇਸ ਤੋਂ ਕਰੀਬ 18 ਸਾਲ ਪਿੱਛੇ ਚਲਦੇ ਹਾਂ, ਜਦੋਂ 1984 ਦੀਆਂ ਚੋਣਾਂ ਵਿਚ ਭਾਜਪਾ ਦੀ ਕਰਾਰੀ ਹਾਰ ਮਗਰੋਂ ਰਾਸ਼ਟਰੀ ਸਵਯਮ ਸੇਵਕ ਸੰਘ ਵਲੋਂ ਨਰਿੰਦਰ ਮੋਦੀ ਨੂੰ ਭਾਜਪਾ ਵਿਚ ਭੇਜਿਆ ਗਿਆ ਸੀ ਤੇ ਅਡਵਾਨੀ ਨੇ ਮੋਦੀ ਨੂੰ ਗੁਜਰਾਤ ਵਿਚ ਕੰਮ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਫਿਰ ਅਡਵਾਨੀ ਦੀ ਇੱਛਾ ‘ਤੇ ਹੀ ਉਨ੍ਹਾਂ ਨੂੰ ਪਾਰਟੀ ਦਾ ਕੌਮੀ ਜਨਰਲ ਸਕੱਤਰ ਬਣਾਇਆ ਗਿਆ।
ਮੋਦੀ ਤੇ ਅਡਵਾਨੀ ਦਾ ਰਿਸ਼ਤਾ :
ਅਡਵਾਨੀ ਦੀ ਰਾਮ ਰੱਥ ਯਾਤਰਾ ਦੀ ਗੁਜਰਾਤ ਦੀ ਜ਼ਿੰਮੇਵਾਰੀ ਵੀ ਨਰਿੰਦਰ ਮੋਦੀ ਕੋਲ ਰਹੀ। ਰੱਥ ਯਾਤਰਾ ਨੂੰ ਪੂਰੇ ਦੇਸ਼ ਵਿਚ ਭਾਰੀ ਸਮਰਥਨ ਮਿਲਿਆ ਸੀ, ਬਿਹਾਰ ਵਿਚ ਲਾਲੂ ਯਾਦਵ ਦੀ ਸਰਕਾਰ ਨੇ ਅਡਵਾਨੀ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਉਥੇ ਨਾਲ ਹੀ ਅਡਵਾਨੀ 6 ਦਸੰਬਰ 1992 ਨੂੰ ਅਯੋਧਿਆ ਵਿਚ ਕਾਰ ਸੇਵਕਾਂ ਨੂੰ ਮਸਜਿਦ ਢਾਹੁਣ ਤੋਂ ਰੋਕਣ ਦੀ ਅਪੀਲ ਕਰ ਰਹੇ ਸਨ ਅਤੇ ਮਸਜਿਦ ਡਿੱਗਣ ‘ਤੇ ਦੁੱਖ ਪ੍ਰਗਟਾਇਆ ਸੀ।
ਇਹ ਗੱਲ ਵੱਖਰੀ ਹੈ ਕਿ ਮੌਜੂਦਾ ਸਰਕਾਰ ਵਿਚ ਸੀ.ਬੀ.ਆਈ. ਨੇ ਇਸ ਮਾਮਲੇ ‘ਤੇ ਉਨ੍ਹਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਅਡਵਾਨੀ ਅਤੇ ਨਰਿੰਦਰ ਮੋਦੀ ਵਿਚਾਲੇ ਵਰ੍ਹਿਆਂ ਤੱਕ ਗੁਰੂ-ਚੇਲੇ ਵਰਗਾ ਰਿਸ਼ਤਾ ਬਣਿਆ ਰਿਹਾ। ਮੋਦੀ ਵੀ ਅਡਵਾਨੀ ਨੂੰ ਗੁਜਰਾਤ ਤੋਂ ਲਗਾਤਾਰ ਸੰਸਦ ਮੈਂਬਰ ਬਣਾ ਕੇ ਭੇਜਦੇ ਰਹੇ ਤੇ ਵਾਜਪਾਈ ਦੀ ਤਮਾਮ ਨਾਰਾਜ਼ਗੀ ਦੇ ਬਾਵਜੂਦ ਮੋਦੀ, ਅਡਵਾਨੀ ਦਾ ਖ਼ਾਸ ਮੋਹ ਲੈਂਦੇ ਰਹੇ। ਮੈਨੂੰ ਯਾਦ ਆਉਂਦਾ ਹੈ ਕਿ 2009 ਦੀਆਂ ਆਮ ਚੋਣਾਂ ਦੌਰਾਨ ਇਕ ਇੰਟਰਵਿਊ ਵਿਚ ਮੈਂ ਮੋਦੀ ਨੂੰ ਜਦੋਂ ਪੁੱਛਿਆ ਕਿ ਕੀ ਉਹ ਹੁਣ ਗਾਂਧੀਨਗਰ ਛੱਡ ਕੇ ਦਿੱਲੀ ਜਾਣਾ ਚਾਹੁਣਗੇ, ਤਾਂ ਉਨ੍ਹਾਂ ਦਾ ਜਵਾਬ ਸੀ ਕਿ ਭਾਜਪਾ ਵਿਚ ਮੇਰੇ ਸਮੇਤ ਹਰ ਵਰਕਰ ਦਾ ਸੁਪਨਾ ਹੈ ਲਾਲ ਕ੍ਰਿਸ਼ਨ ਅਡਵਾਨੀ ਨੂੰ ਪ੍ਰਧਾਨ ਮੰਤਰੀ ਬਣਾਉਣਾ। ਭਾਵ ਇਹ ਰਿਸ਼ਤਾ ਹਮੇਸ਼ਾ ਹੀ ਮਜ਼ਬੂਤ ਬਣਿਆ ਰਿਹਾ ਸੀ।
ਪਰ ਇਕ ਵਾਰ ਫੇਰ ਗੋਆ ਵੱਲ ਚੱਲਣਾ ਪਏਗਾ, 2013 ਵਿਚ ਫੇਰ ਭਾਜਪਾ ਦੀ ਕੌਮੀ ਕਾਰਜਕਾਰਨੀ ਸੀ। ਰਾਜਨਾਥ ਸਿੰਘ ਮੁਖੀ ਸਨ ਤੇ ਮੋਦੀ ਨੂੰ ਅਗਲੇ ਸਾਲ ਭਾਵ 2014 ਦੀਆਂ ਆਮ ਚੋਣਾਂ ਲਈ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣਾਉਣ ਦੀ ਤਿਆਰੀ ਹੋ ਗਈ ਸੀ, ਪਰ ਉਦੋਂ ਅਡਵਾਨੀ ਨੇ ਇਸ ‘ਤੇ ਨਾਰਾਜ਼ਗੀ ਜ਼ਾਹਰ ਕਰ ਦਿੱਤੀ। ਉਹ ਗੋਆ ਪਹੁੰਚੇ ਹੀ ਨਹੀਂ ਅਤੇ ਉਸ ਕਾਰਨ ਉਸ ਦਿਨ ਮੋਦੀ ਦੀ ਉਮੀਦਵਾਰੀ ਦਾ ਐਲਾਨ ਨਾ ਹੋਇਆ, ਦਿੱਲੀ ਵਿਚ ਅਡਵਾਨੀ ਨੂੰ ਮਨਾਉਣ ਦੀਆਂ ਫੇਰ ਤੋਂ ਕੋਸ਼ਿਸ਼ਾਂ ਬੇਕਾਰ ਸਿੱਧ ਹੋਈਆਂ।
ਪਾਰਟੀ ਨੇ ਸਤੰਬਰ ਵਿਚ ਮੋਦੀ ਨੂੰ ਪ੍ਰਧਾਨ ਮੰਤਰੀ ਉਮੀਦਵਾਰ ਬਣਾਉਣ ਦਾ ਐਲਾਨ ਕਰ ਦਿੱਤਾ ਤੇ ਉਸ ਮਗਰੋਂ ਭਾਜਪਾ ਨੂੰ ਉਸ ਚੋਣ ਵਿਚ ਭਾਰੀ ਕਾਮਯਾਬੀ ਮਿਲੀ, ਭਾਜਪਾ ਦੀ ਪਹਿਲੀ ਪੂਰਨ ਬਹੁਮਤ ਸਰਕਾਰ ਬਣੀ, ਪਰ ਅਡਵਾਨੀ ਉਦੋਂ ਵੀ ਮੋਦੀ ਨਾਲ ਖੜ੍ਹੇ ਹੋਣ ਲਈ ਤਿਆਰ ਨਾ ਹੋਏ। ਅਡਵਾਨੀ ਸ਼ਾਇਦ ਉਸ ਵਕਤ ਤਕ ਵੀ ਜਨਤਾ ਦੇ ਮੂਡ ਅਤੇ ਸਮਰਥਨ ਨੂੰ ਹਜਮ ਨਹੀਂ ਕਰ ਸਕੇ ਸਨ। ਉਸ ਵਕਤ ਅਡਵਾਨੀ ਆਪਣੇ ਚੇਲੇ ਦੀ ਜਿੱਤ ਦੇ ਜਸ਼ਨ ਵਿਚ ਸ਼ਾਮਲ ਹੋ ਜਾਂਦੇ ਤਾਂ ਉਨ੍ਹਾਂ ਦਾ ਕੱਦ ਵਧਦਾ। ਸ਼ਾਇਦ ਇਸੇ ਨਾਰਾਜ਼ਗੀ ਨੂੰ ਮੋਦੀ ਭੁੱਲ ਨਹੀਂ ਸਕੇ ਤੇ ਅਡਵਾਨੀ ਦੀ ਰਾਏਸੀਨਾ ਹਿਲ ਦੀ ਯਾਤਰਾ ਅਧੂਰੀ ਰਹਿ ਗਈ ਭਾਵ ਅਡਵਾਨੀ ਰਾਸ਼ਟਰਪਤੀ ਨਹੀਂ ਬਣ ਸਕੇ। ਪ੍ਰਧਾਨ ਮੰਤਰੀ ਦੀ ਉਡੀਕ ਤੋਂ ਬਾਅਦ ਰਾਸ਼ਟਰਪਤੀ ਨਾ ਬਣਨ ਦਾ ਸੁਪਨਾ ਅਧੂਰਾ ਰਹਿ ਗਿਆ। ਭਾਜਪਾ ਸਮੇਤ ਜ਼ਿਆਦਾਤਰ ਸਿਆਸੀ ਪਾਰਟੀਆਂ ਵਿਚ ਜ਼ਿਆਦਾਤਰ ਲੋਕ ਅੱਜ ਵੀ ਮੰਨਦੇ ਹਨ ਕਿ ਅਡਵਾਨੀ ਤੋਂ ਬਿਹਤਰ ਕੋਈ ਉਮੀਦਵਾਰ ਨਹੀਂ ਹੋ ਸਕਦਾ। ਭਾਜਪਾ ਲਈ ਇਸ ਨਾਲੋਂ ਵੱਡਾ ਮੌਕਾ ਨਹੀਂ ਹੋ ਸਕਦਾ ਸੀ, ਜਦੋਂ ਉਹ ਆਪਣੇ ਸਟੇਟਸਮੈਨ ਨੂੰ ਰਾਸ਼ਟਰਪਤੀ ਬਣਾ ਦਿੰਦੀ। ਨਿਤਿਸ਼ ਕੁਮਾਰ ਤੇ ਮਮਤਾ ਬੈਨਰਜੀ ਵਰਗੇ ਵਿਰੋਧੀ ਪਾਰਟੀ ਦੇ ਨੇਤਾ ਵੀ ਸ਼ਾਇਦ ਉਨ੍ਹਾਂ ਦੇ ਨਾਲ ਆ ਜਾਂਦੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਦਿਲ ਵੱਡਾ ਰੱਖ ਕੇ ਅਡਵਾਨੀ ਨੂੰ ਰਾਸ਼ਟਰਪਤੀ ਬਣਾਉਣਾ ਚਾਹੀਦਾ ਸੀ, ਇਸ ਨਾਲ ਉਨ੍ਹਾਂ ਦੀ ਸ਼ਾਖ਼ ਹੋਰ ਵਧਦੀ।
ਅਡਵਾਨੀ ਦਾ ਯੋਗਦਾਨ :
ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਜਨਸੰਘ ਤੋਂ ਲੈ ਕੇ ਭਾਜਪਾ ਤੱਕ ਦੇ ਸਫ਼ਰ ਵਿਚ ਅਡਵਾਨੀ ਨਾਲੋਂ ਜ਼ਿਆਦਾ ਯੋਗਦਾਨ ਕਿਸੇ ਦਾ ਨਹੀਂ ਹੈ। ਭਾਜਪਾ ਦੀ ਦੂਸਰੀ ਪੀੜ੍ਹੀ ਭਾਵ ਜੋ ਅੱਜ ਸਰਕਾਰ ਵਿਚ ਬੈਠੇ ਹਨ, ਉਨ੍ਹਾਂ ਵਿਚੋਂ 90 ਫੀਸਦੀ ਤੋਂ ਜ਼ਿਆਦਾ ਲੋਕ ਅਡਵਾਨੀ ਦੀ ਦੇਣ ਮੰਨੇ ਜਾਂਦੇ ਹਨ। 1984 ਵਿਚ ਭਾਜਪਾ ਦੀ ਕਰਾਰੀ ਹਾਰ ਤੋਂ ਬਾਅਦ ਉਸ ਨੂੰ 1996 ਵਿਚ ਸਰਕਾਰ ਬਣਾਉਣ ਤੱਕ ਪਹੁੰਚਾਉਣ ਵਿਚ ਅਡਵਾਨੀ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਰਾਮ ਮੰਦਰ ਅੰਦੋਲਨ ਦੌਰਾਨ ਦੇਸ਼ ਵਿਚ ਸਭ ਤੋਂ ਜ਼ਿਆਦਾ ਲੋਕਪ੍ਰਿਯ ਨੇਤਾ ਹੋਣ ਅਤੇ ਸੰਘ ਪਰਿਵਾਰ ਦਾ ਪੂਰਾ ਆਸ਼ੀਰਵਾਦ ਹੋਣ ਦੇ ਬਾਵਜੂਦ ਅਡਵਾਨੀ ਨੇ 1995 ਵਿਚ ਵਾਜਪਾਈ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਦਾਅਵੇਦਾਰ ਐਲਾਨ ਕੇ ਸਭ ਨੂੰ ਹੈਰਾਨੀ ਵਿਚ ਪਾ ਦਿੱਤਾ ਸੀ, ਉਸ ਵਕਤ ਉਹ ਪ੍ਰਧਾਨ ਮੰਤਰੀ ਬਣ ਸਕਦੇ ਸਨ ਪਰ ਅਡਵਾਨੀ ਨੇ ਕਿਹਾ ਕਿ ਭਾਜਪਾ ਵਿਚ ਵਾਜਪਾਈ ਨਾਲੋਂ ਵੱਡਾ ਨੇਤਾ ਕੋਈ ਨਹੀਂ ਹੈ। 50 ਸਾਲ ਤੱਕ ਉਹ ਵਾਜਪਾਈ ਨਾਲ ਨੰਬਰ ਦੋ ਬਣੇ ਰਹੇ।
50 ਸਾਲ ਤੋਂ ਜ਼ਿਆਦਾ ਦੇ ਸਿਆਸੀ ਜੀਵਨ ਦੇ ਬਾਵਜੂਦ ਅਡਵਾਨੀ ‘ਤੇ ਕੋਈ ਦਾਗ਼ ਨਹੀਂ ਰਿਹਾ ਤੇ ਜਦੋਂ 1996 ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਨਰਸਿਮਹਾ ਰਾਓ ਨੇ ਵਿਰੋਧੀ ਧਿਰ ਦੇ ਵੱਡੇ ਨੇਤਾਵਾਂ ਨੂੰ ਹਵਾਲਾ ਕਾਂਡ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਸੀ, ਉਦੋਂ ਅਡਵਾਨੀ ਨੇ ਸਭ ਤੋਂ ਪਹਿਲਾਂ ਅਸਤੀਫ਼ਾ ਦੇ ਕੇ ਕਿਹਾ ਕਿ ਉਹ ਇਸ ਮਾਮਲੇ ਵਿਚ ਬੇਦਾਗ਼ ਨਿਕਲਣ ਤੋਂ ਪਹਿਲਾਂ ਚੋਣ ਨਹੀਂ ਲੜਨਗੇ ਤੇ 1996 ਵਿਚ ਚੋਣਾਂ ਤੋਂ ਬਾਅਦ ਉਹ ਮਾਮਲੇ ਵਿਚ ਬਰੀ ਹੋ ਗਏ। ਅਜਿਹੀ ਹਿੰਮਤ ਦਿਖਾਉਣਾ ਹਰੇਕ ਦੇ ਵਸ਼ ਦੀ ਗੱਲ ਨਹੀਂ ਹੈ।
ਅਡਵਾਨੀ ਦਾ ਵਿਵਾਦਗ੍ਰਸਤ ਬਿਆਨ :
2005 ਵਿਚ ਜੂਨ ਦਾ ਦਿਨ ਅਡਵਾਨੀ ਦੇ ਸਿਆਸੀ ਜੀਵਨ ਦਾ ਇਕ ਹੋਰ ਅਹਿਮ ਦਿਨ, ਜਦੋਂ ਕਰਾਚੀ ਵਿਚ ਜਿਨਹਾ ਦੀ ਮਜਾਰ ‘ਤੇ ਉਨ੍ਹਾਂ ਦੇ ਭਾਸ਼ਣ ਨੂੰ ਯਾਦ ਕਰਦਿਆਂ ਅਡਵਾਨੀ ਨੇ ਕਿਹਾ ਸੀ ਕਿ ਜਿਨਹਾ ਧਰਮ ਨਿਰਪੱਖ ਪਾਕਿਸਤਾਨ ਚਾਹੁੰਦੇ ਸਨ। ਜਿਨਹਾ ਦੇ ਪੱਖ ਵਿਚ ਖੜ੍ਹੇ ਦਿਖੇ ਅਡਵਾਨੀ ਨੂੰ ਲੈ ਕੇ ਹੰਗਾਮਾ ਹੋ ਗਿਆ। ਸੰਘ ਦੇ ਸਭ ਤੋਂ ਚਹੇਤੇ ਨੇਤਾ ਅਡਵਾਨੀ ਨੂੰ ਸੰਘ ਦੇ ਦਬਾਅ ਕਾਰਨ ਅਸਤੀਫ਼ਾ ਦੇਣਾ ਪਿਆ ਸੀ। ਕੁਝ ਨੇਤਾਵਾਂ ਨੇ ਉਨ੍ਹਾਂ ਨੂੰ ਦਿੱਲੀ ਵਿਚ ਆਪਣਾ ਬਿਆਨ ਬਦਲਣ ਦੀ ਸਲਾਹ ਵੀ ਦਿੱਤੀ ਸੀ, ਪਰ ਅਡਵਾਨੀ ਆਪਣੀ ਗੱਲ ‘ਤੇ ਅੜੇ ਰਹੇ। ਆਪਣੇ ਸਿਧਾਂਤਾਂ ‘ਤੇ ਖੜ੍ਹੇ ਰਹਿਣਾ ਅਡਵਾਨੀ ਦੀ ਸਭ ਤੋਂ ਵੱਡੀ ਖਾਸੀਅਤ ਮੰਨੀ ਜਾਂਦੀ ਹੈ।
ਇਕ ਹੋਰ ਕਿੱਸੇ ਦਾ ਜ਼ਿਕਰ ਜ਼ਰੂਰੀ ਹੈ-ਭਾਰਤ ਦੇ ਪਹਿਲੇ ਰਾਸ਼ਟਰਪਤੀ ਦੀ ਚੋਣ ਵਿਚ ਉਦੋਂ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੂੰ ਰਜਿੰਦਰ ਪਸੰਦ ਨਹੀਂ ਸੀ, ਉਹ ਸੀ. ਰਾਜਗੋਪਾਲਾਚਾਰੀ ਨੂੰ ਰਾਸ਼ਟਰਪਤੀ ਬਣਾਉਣਾ ਚਾਹੁੰਦੇ ਸਨ ਪਰ ਉਪ ਪ੍ਰਧਾਨ ਮੰਤਰੀ ਸਰਦਾਰ ਵਲੱਭ ਭਾਈ ਪਟੇਲ ਦਾ ਮੰਨਣਾ ਸੀ ਕਿ ਵਿਅਕਤੀਗਤ ਇੱਛਾਵਾਂ ਤੋਂ ਉਪਰ ਉਠ ਕੇ ਰਜਿੰਦਰ ਬਾਬੂ ਨੂੰ ਹੀ ਇਸ ਅਹੁਦੇ ‘ਤੇ ਹੋਣਾ ਚਾਹੀਦਾ ਹੈ ਕਿਉਂਕਿ ਉਹ ਜ਼ਿਆਦਾ ਯੋਗ ਹਨ।
ਨਹਿਰੂ ਦਬਾਅ ਪਾਉਂਦੇ ਰਹੇ, ਫਿਰ ਉਨ੍ਹਾਂ ਨੇ ਕਾਂਗਰਸ ਦੇ ਸੰਸਦ ਮੈਂਬਰਾਂ ਦੀ ਮੀਟਿੰਗ ਵਿਚ ਰਾਜਗੋਪਾਲਾਚਾਰੀ ਦਾ ਨਾਂ ਰੱਖਿਆ, ਪਰ ਸਮਰਥਨ ਨਾ ਮਿਲਿਆ। ਇਸ ਤੋਂ ਬਾਅਦ ਪਟੇਲ ਨੇ ਜਦੋਂ ਰਜਿੰਦਰ ਬਾਬੂ ਦੇ ਨਾਂ ਦਾ ਪ੍ਰਸਤਾਵ ਰੱਖਿਆ ਤਾਂ ਕਾਂਗਰਸੀ ਸੰਸਦ ਮੈਂਬਰਾਂ ਨੇ ਜ਼ੋਰਦਾਰ ਸਮਰਥਨ ਕੀਤਾ। ਮਾਮਲਾ ਉਸੇ ਵਕਤ ਤੈਅ ਹੋ ਗਿਆ ਅਤੇ ਨਹਿਰੂ ਨੇ ਆਪਣੀ ਹਾਰ ਸਵੀਕਾਰ ਕਰ ਲਈ ਤੇ ਰਜਿੰਦਰ ਬਾਬੂ ਪ੍ਰਧਾਨ ਮੰਤਰੀ ਦੀ ਅਣਇੱਛਾ ਦੇ ਬਾਵਜੂਦ ਪਹਿਲੇ ਰਾਸ਼ਟਰਪਤੀ ਬਣ ਗਏ।
ਵਨ ਮੈਨ ਸ਼ੋਅ ਪਾਰਟੀ :
ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਨਰਿੰਦਰ ਮੋਦੀ ਭਾਵੇਂ ਹੀ ਖ਼ੁਦ ਨੂੰ ਸਰਦਾਰ ਪਟੇਲ ਵਰਗਾ ਮੰਨਦੇ ਹੋਣ, ਪਰ ਉਨ੍ਹਾਂ ਨੂੰ ਆਪਣੀ ਸਰਕਾਰ ਅਤੇ ਪਾਰਟੀ ਵਿਚ ਕੋਈ ਵਿਰੋਧ ਜ਼ਾਹਰ ਕਰਨ ਵਾਲਾ ਦੂਸਰਾ ਪਟੇਲ ਬਰਦਾਸ਼ਤ ਨਹੀਂ। ਵੈਸੇ ਹਕੀਕਤ ਇਹ ਹੈ ਕਿ ਪਾਰਟੀ ਅਤੇ ਸਰਕਾਰ ਵਿਚ ਇਸ ਕੱਦ ਅਤੇ ਦਮ ਦਾ ਕੋਈ ਦੂਸਰਾ ਨੇਤਾ ਹੀ ਅੱਜ ਨਹੀਂ ਦਿਖਾਈ ਦਿੰਦਾ, ਜੋ ਵਿਰੋਧ ਦੀ ਸੁਰ ਜ਼ਾਹਰ ਕਰ ਸਕੇ। ਮਾਹਰਾਂ ਮੁਤਾਬਕ ਹੁਣ ਸਰਕਾਰ ਅਤੇ ਪਾਰਟੀ ਸਿਰਫ਼ ਵਨ ਮੈਨ ਸ਼ੋਅ ਹੈ। ਨਤੀਜਾ ਹੈ ਕਿ ਗ੍ਰਹਿ ਮੰਤਰੀ ਰਹਿੰਦਿਆਂ ਖ਼ੁਦ ਦੀ ਛੋਟਾ ਸਰਦਾਰ ਪਟੇਲ ਦੀ ਦਿਖ ਬਣਾਉਣ ਵਾਲੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਅਗਲੇ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਰੋਹ ਵਿਚ ਮਹਿਮਾਨ ਵਜੋਂ ਸ਼ਾਮਲ ਹੋਣਾ ਪਏਗਾ, ਜੇਕਰ ਉਹ ਚਾਹੁਣਗੇ ਤਾਂ। ਪਰ ਕਿਸੇ ਨੇ ਮੈਨੂੰ ਸਵਾਲ ਕੀਤਾ ਕਿ ਕੀ ਸਿਆਸਤ ਵਿਚ ਵੀ ਫੁਲ ਸਰਕਲ ਹੁੰਦਾ ਹੈ?