ਸੁਖਬੀਰ ਬਾਦਲ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਸ਼੍ਰੋਮਣੀ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਭੰਗ

ਸੁਖਬੀਰ ਬਾਦਲ ਵੱਲੋਂ ਪਾਰਟੀ ਦੀ ਮਜ਼ਬੂਤੀ ਲਈ ਸ਼੍ਰੋਮਣੀ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਭੰਗ

ਚੰਡੀਗੜ੍ਹ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਪੁਨਰ ਗਠਨ ਕਰਨ ਦਾ ਫ਼ੈਸਲਾ ਲੈਂਦਿਆਂ ਪਹਿਲਾਂ ਤੋਂ ਮੌਜੂਦ ਸਾਰੇ ਜਥੇਬੰਦਕ ਢਾਂਚੇ ਨੂੰ ਭੰਗ ਕਰਨ ਦਾ ਫ਼ੈਸਲਾ ਕੀਤਾ ਹੈ।
ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਵੱਖ ਵੱਖ ਪੱਧਰ ‘ਤੇ ਵਿਚਾਰ ਵਟਾਂਦਰੇ ਮਗਰੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਹਿਸੂਸ  ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਜਥੇਬੰਦਕ ਢਾਂਚਾ ਨਵੇਂ ਸਿਰੇ ਤੋਂ ਗਠਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤਬਦੀਲੀ ਦੌਰਾਨ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਜਿੱਥੇ ਪਾਰਟੀ ਦੇ ਟਕਸਾਲੀ ਅਤੇ ਮਿਹਨਤੀ ਵਰਕਰਾਂ ਨੂੰ ਵੱਧ ਸਨਮਾਨ  ਮਿਲੇ, ਉਥੇ ਹੀ ਜਿਨ੍ਹਾਂ ਨੌਜਵਾਨਾਂ, ਬੀਬੀਆਂ ਅਤੇ ਵੱਖ ਵੱਖ ਵਰਗਾਂ ਦੇ ਆਗੂਆਂ ਨੇ ਪਾਰਟੀ ਦੀ ਹਰ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਹੈ, ਨੂੰ ਵੀ ਜਥੇਬੰਦੀ ਵਿੱਚ ਢੁਕਵੀਂ ਥਾਂ ਦਿੱਤੀ ਜਾਵੇਗੀ।
ਡਾ. ਚੀਮਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਵੱਲੋਂ ਪਾਰਟੀ ਦੇ ਕੁਝ ਸੀਨੀਅਰ ਆਗੂਆਂ ਦੀਆਂ ਜ਼ੋਨ ਦੇ ਆਧਾਰ ‘ਤੇ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ ਜੋ ਇੱਕ ਮਹੀਨੇ ਅੰਦਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਜਾ ਕੇ ਮੀਟਿੰਗਾਂ ਕਰਕੇ ਪਾਰਟੀ ਲਈ ਚੰਗਾ ਕੰਮ ਕਰਨ ਵਾਲੇ ਆਗੂਆਂ ਦੀਆਂ ਸੂਚੀਆਂ ਤਿਆਰ ਕਰਨਗੇ ਅਤੇ ਉਨ੍ਹਾਂ ਆਗੂਆਂ ਬਾਰੇ ਵੀ ਜਾਂਚ ਕਰਨਗੇ ਜਿਨ੍ਹਾਂ ਸਬੰਧੀ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੇ ਉਮੀਦਵਾਰਾਂ ਦੀ ਵਿਰੋਧਤਾ ਕਰਨ ਦੀਆਂ ਸ਼ਿਕਾਇਤਾਂ ਪੁੱਜੀਆਂ ਹਨ। ਡਾ. ਚੀਮਾ ਨੇ ਕਿਹਾ ਕਿ ਕਿਸੇ ਵੀ ਉਸ ਆਗੂ ਨੂੰ ਪਾਰਟੀ ਦੀ ਜਥੇਬੰਦੀ ਵਿੱਚ ਥਾਂ ਨਹੀਂ ਦਿੱਤੀ ਜਾਵੇਗੀ ਜਿਸ ਵੱਲੋਂ ਕਿਸੇ ਵੀ ਪੱਧਰ ‘ਤੇ ਪਾਰਟੀ ਦੀ ਮੁਖਾਲਫ਼ਤ ਕੀਤੀ ਗਈ ਹੈ।
ਪਾਰਟੀ ਪ੍ਰਧਾਨ ਵੱਲੋਂ ਜਥੇਦਾਰ ਤੋਤਾ ਸਿੰਘ ਨੂੰ ਜ਼ਿਲ੍ਹਾ ਲੁਧਿਆਣਾ ਸ਼ਹਿਰੀ ਤੇ ਦਿਹਾਤੀ ਅਤੇ ਕਪੂਰਥਲਾ, ਅਜੀਤ ਸਿੰਘ ਕੋਹਾੜ ਨੂੰ ਅੰਮ੍ਰਿਤਸਰ ਸ਼ਹਿਰੀ ਤੇ ਦਿਹਾਤੀ, ਤਰਨ ਤਾਰਨ, ਗੁਰਦਾਸਪੁਰ ਅਤੇ ਪਠਾਨਕੋਟ, ਡਾ. ਦਲਜੀਤ ਸਿੰਘ ਚੀਮਾ ਨੂੰ ਜਲੰਧਰ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ, ਸ਼ਰਨਜੀਤ ਸਿੰਘ ਢਿੱਲੋਂ ਨੂੰ ਰੋਪੜ, ਮੁਹਾਲੀ, ਫਤਹਿਗੜ੍ਹ ਸਾਹਿਬ ਅਤੇ ਮੋਗਾ, ਗੁਲਜ਼ਾਰ ਸਿੰਘ ਰਣੀਕੇ ਨੂੰ ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ, ਸਿਕੰਦਰ ਸਿੰਘ ਮਲੂਕਾ ਨੂੰ ਸੰਗਰੂਰ ਤੇ ਬਰਨਾਲਾ, ਪਰਮਿੰਦਰ ਸਿੰਘ ਢੀਂਡਸਾ ਨੂੰ ਪਟਿਆਲਾ ਤੇ ਮਾਨਸਾ, ਪ੍ਰੋ. ਵਿਰਸਾ ਸਿੰਘ ਵਲਟੋਹਾ ਨੂੰ ਫਿਰੋਜ਼ਪੁਰ, ਫਰੀਦਕੋਟ ਤੇ ਫਾਜ਼ਿਲਕਾ ਜ਼ਿਲ੍ਹਿਆਂ ਦੀ ਡਿਊਟੀ ਦਿੱਤੀ ਗਈ ਹੈ। ਇਨ੍ਹਾਂ ਸਾਰੇ ਆਗੂਆਂ ਦੇ ਨਾਲ ਦੋ-ਦੋ ਹੋਰ ਸੀਨੀਅਰ ਆਗੂਆਂ ਦੀ ਡਿਊਟੀ ਲਗਾਈ ਗਈ ਹੈ ਅਤੇ ਇਹ ਤਿੰਨ ਮੈਂਬਰੀ ਟੀਮ ਸਾਰੇ ਜ਼ਿਲ੍ਹਿਆਂ ਵਿੱਚ ਜਾ ਕੇ ਅਤੇ ਜਥੇਬੰਦੀ ਦੀਆਂ ਮੀਟਿੰਗਾਂ ਕਰਕੇ 30 ਮਈ ਤੱਕ ਆਪਣੀ ਰਿਪੋਰਟ ਪਾਰਟੀ ਪ੍ਰਧਾਨ ਨੂੰ ਸੌਂਪੇਗੀ।