ਸਭ ਮਾਈ ਭਾਈ ਮਿਲ ਕੇ ਸਿੱਖ ਪੁਨਰ ਜਾਗ੍ਰਿਤੀ ਲਹਿਰ ਲਈ ਕਮਰਕੱਸੇ ਕਰੋ

ਸਭ ਮਾਈ ਭਾਈ ਮਿਲ ਕੇ ਸਿੱਖ ਪੁਨਰ ਜਾਗ੍ਰਿਤੀ ਲਹਿਰ ਲਈ ਕਮਰਕੱਸੇ ਕਰੋ
  • ਅਕਾਲ ਤਖ਼ਤ ਸਾਹਿਬ ਦੀ ਖ਼ੁਦਮੁਖਤਾਰੀ ਨੂੰ ਬਹਾਲ ਕਰਾਓ
  • ਪੰਥਕ ਸੰਸਥਾਵਾਂ ‘ਤੇ ਭ੍ਰਿਸ਼ਟ ਮਸੰਦਾਂ ਦੀ ਥਾਂ ਸਿੱਖ ਨੌਜਵਾਨਾਂ ਤੇ ਇਮਾਨਦਾਰ ਸਿੱਖਾਂ ਨੂੰ ਵਾਗਡੋਰ ਸੌਂਪੋ
  •  ਸਿੱਖ ਇਤਿਹਾਸ ਤੇ ਵਿਰਸੇ ਨੂੰ ਬਦਲਣ ਦੀ ਸਾਜ਼ਿਸ਼ ਰਚਣ ਵਾਲੇ ਆਰ. ਐੱਸ. ਐੱਸ. ਦੀਆਂ ਸਾਜ਼ਿਸ਼ਾਂ ਨੂੰ ਪਛਾਣੋ
  •  ਸ਼੍ਰੋਮਣੀ ਕਮੇਟੀ ਦੀ ਪੁਰਾਤਨ ਇਤਿਹਾਸਕ ਪਰੰਪਰਾ ਬਹਾਲ ਕਰਾ ਕੇ ਉੱਚ ਪੱਧਰ ਦੀਆਂ ਵਿੱਦਿਅਕ ਤੇ ਮੈਡੀਕਲ ਸੰਸਥਾਵਾਂ ਸਿਰਜੋ
     
     
    ਮੈਂ ਅਖੰਡ ਕੀਰਤਨੀ ਜਥਾ, ਦਮਦਮੀ ਟਕਸਾਲ, ਸਿੱਖ ਮਿਸ਼ਨਰੀ ਕਾਲਜ, ਦੇਸ ਵਿਦੇਸ਼ ‘ਚ ਵਸਦੀਆਂ ਪੰਥਕ ਜਥੇਬੰਦੀਆਂ, ਸਿੱਖ ਸੰਗਤਾਂ, ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਬੇਨਤੀ ਕਰਦਾ ਹਾਂ ਕਿ ਆਓ ਸਿੱਖੀ ਨੂੰ ਬਚਾਈਏ ਤੇ ਅਕਾਲ ਤਖ਼ਤ ਸਾਹਿਬ ਦੀ ਸ਼ਾਨ ਤੇ ਖੁਦਮੁਖਤਿਆਰੀ ਮੀਰੀ-ਪੀਰੀ ਸਿਧਾਂਤ ਅਨੁਸਾਰ ਪ੍ਰਗਟ ਕਰੀਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭ੍ਰਿਸ਼ਟਾਚਾਰ ਤੇ ਝੂਠੀ ਸਿਆਸਤ ਤੋਂ ਬਚਾਈਏ। ਤੁਸੀਂ ਸਭ ਮੈਨੂੰ ਆਪਣੇ ਆਪਣੇ ਸੁਝਾਅ ਭੇਜੋ ਤਾਂ ਪੰਥਕ ਏਕਤਾ ਲਈ ਕਾਰਜ ਕੀਤਾ ਜੇ ਸਕੇ ਤੇ  ਕੌਮ ਦੀ ਵਾਗਡੋਰ ਗੁਰੂ ਨੂੰ ਪ੍ਰਣਾਏ ਸਿੱਖਾਂ ਤੇ ਸਿੱਖ ਨੌਜਵਾਨਾਂ ਨੂੰ ਸੌਂਪੀ ਜਾ ਸਕੇ। ਜੇਕਰ ਅਜਿਹਾ ਨਾ ਹੋਇਆ ਤਾਂ ਕੌਮ ਨੂੰ ਸੰਕਟ ਦੇ ਝੱਖੜ ਹੋਰ ਝਲਣੇ ਪੈਣਗੇ। ਦਾਸਰੇ ਦੀ ਅਪੀਲ ਪ੍ਰਵਾਨ ਕਰਨਾ।ਬਾਬਾ ਸਰਬਜੋਤ ਸਿੰਘ ਬੇਦੀ
    ਦਮਦਮਾ ਬਾਬਾ ਸਾਹਿਬ ਸਿੰਘ ਬੇਦੀ
    ਮਨਸੂਰਾਂ ਜ਼ਿਲ੍ਹਾ  ਲੁਧਿਆਣਾ
    ਸੰਪਰਕ – 0931-698-2661 ਈਮੇਲ-bababediuna0gmail.comਸਿੱਖ ਪੰਥ ਇਸ ਸਮੇਂ ਗੰਭੀਰ ਚੁਣੌਤੀਆਂ, ਮੁਸ਼ਕਲਾਂ ਵਿੱਚੋਂ ਗੁਜ਼ਰ ਰਿਹਾ ਹੈ। ਸਿੱਖ ਪਰੰਪਰਾਵਾਂ, ਸਿੱਖ ਰਵਾਇਤਾਂ, ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ, ਖ਼ੁਦਮੁਖਤਿਆਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਰਾਸਤ ਨੂੰ ਸਾਜ਼ਿਸ਼ੀ ਤੇ ਤੈਅਸ਼ੁਦਾ ਢੰਗ ਨਾਲ ਢਾਹ ਲਗਾਈ ਜਾ ਰਹੀ ਹੈ।
    ਕੀ ਸਿੱਖ ਸੰਗਤ ਨੂੰ ਕੌਮ ਦੇ ਉਜਾੜੇ ਤੇ ਮੀਰੀ ਪੀਰੀ ਸਿਧਾਂਤ ਦੇ ਹੋ ਰਹੇ ਘਾਣ ਨੂੰ ਚੁੱਪ ਕਰਕੇ ਦੇਖਣਾ ਚਾਹੀਦਾ ਹੈ?
    ਕੀ ਸਿੱਖ ਪੰਥ ਨੂੰ ਆਪਣੇ ਸੁਨਹਿਰੇ ਇਤਿਹਾਸ ਤੇ ਵਿਰਾਸਤ ਦੀ ਵਾਗਡੋਰ ਭ੍ਰਿਸ਼ਟ ਆਗੂਆਂ ਦੇ ਹੱਥ ਫੜਾ ਕੇ ਨਿਸ਼ਚਿੰਤ ਹੋ ਜਾਣਾ ਚਾਹੀਦਾ ਹੈ?
    ਕੀ ਗੁਰਦੁਆਰਿਆਂ ਦੀ ਸਾਂਭ ਸੰਭਾਲ ਰਾਜਨੀਤਕ ਪਾਰਟੀ ਦੇ ਹੱਥ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਸੌੜੇ ਸਿਆਸੀ ਹਿੱਤਾਂ ਲਈ ਉਹ ਗੁਰਦੁਆਰਿਆਂ ਨੂੰ ਵਰਤਦੇ ਰਹਿਣ ਅਤੇ ਇਸ ਦੀ ਗੋਲਕ ਦੀ ਵਰਤੋਂ ਸਿਆਸੀ ਹਿੱਤਾਂ ਨੂੰ ਪੂਰੇ ਕਰਨ ਲਈ ਹੁੰਦੀ ਰਹੇ?
    ਸਿੱਖ ਸੰਗਤਾਂ ਨੂੰ ਸੁਚੇਤ ਹੋਣਾ ਪਵੇਗਾ ਕਿ ਅਸੀਂ ਗੁਰੂ ਸਾਹਿਬਾਨਾਂ ਦੇ ਦੱਸੇ ਮਾਰਗ ਤੋਂ ਕਿੰਞ ਭਟਕ ਗਏ ਹਾਂ ਤੇ ਕਿੱਧਰ ਨੂੰ ਜਾ ਰਹੇ ਹਾਂ?
    ਅਕਾਲ ਤਖ਼ਤ ਦੀ ਖੁਦਮੁਖਤਿਆਰੀ ਕਿਉਂ ਜ਼ਰੂਰੀ?
    ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਿਰਜਿਆ ਅਕਾਲ ਤਖਤ ਸਾਹਿਬ ਸਿੱਖ ਪੰਥ ਦਾ ਸਰਵਉੱਚ ਤਖ਼ਤ ਹੈ, ਜਿਸ ਦੇ ਹੁਕਮ ਨੂੰ ਸਦੀਆਂ ਤੋਂ ਇਲਾਹੀ ਫੁਰਮਾਨ ਦੇ ਤੌਰ ‘ਤੇ ਸਿਰ ਮੱਥੇ ਪ੍ਰਵਾਨ ਕੀਤਾ ਜਾਂਦਾ ਰਿਹਾ ਹੈ। ਅਜੋਕੇ ਹਾਲਾਤਂ ਵਿੱਚ 2016-2017 ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਬਰਗਾੜੀ ਗੋਲੀ ਕਾਂਡ ਦੌਰਾਨ ਦੋ ਸਿੱਖ ਸ਼ਹਾਦਤਾਂ, ਸਿਰਸੇ ਡੇਰੇ ਨਾਲ ਸੰਬੰਧਿਤ ਘਟਨਾਵਾਂ ਤੇ ਮੌਜੂਦਾ ਅਕਾਲ ਤਖਤ ਦੇ ਜਥੇਦਾਰ ਤੇ ਹੋਰ ਸਿੰਘ ਸਾਹਿਬਾਨਾਂ ਦੇ ਗ਼ੈਰ-ਸਿਧਾਂਤਕ ਫ਼ੈਸਲੇ ਤੇ ਚੋਰ ਮੋਰੀ ਰਾਹੀਂ ਸ਼੍ਰੋਮਣੀ ਅਕਾਲੀ ਦਲ ਦੇ ਮਹਾਰਥੀਆਂ ਦੀ ਗ਼ੈਰ-ਸਿਧਾਂਤਕ ਦਖ਼ਲਅੰਦਾਜ਼ੀ ਨੇ ਅਕਾਲ ਤਖ਼ਤ ਸਾਹਿਬ ਦੀ ਪਰੰਪਰਾ, ਮੀਰੀ-ਪੀਰੀ ਸਿਧਾਂਤ ਅਤੇ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ ਢਾਹ ਲਗਾਈ ਹੈ।
    ਹੁਣੇ ਜਿਹੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਤਖ਼ਤ ਸਾਹਿਬਾਨ ਦੇ ਜਥੇਦਾਰ ਬਾਦਲ ਪਰਿਵਾਰ ਦੇ ਗੁਲਾਮ ਹਨ ਤੇ ਹੁਕਮਨਾਮੇ ਬਾਦਲ ਪਰਿਵਾਰ ਦੀਆਂ ਜੇਬਾਂ ਵਿੱਚੋਂ ਨਿਕਲਦੇ ਹਨ, ਜਿਨ੍ਹਾਂ ਨੂੰ ਅਜੋਕੇ ਜਥੇਦਾਰ ਲਾਗੂ ਕਰਦੇ ਹਨ। ਜਥੇਦਾਰ ਗੁਰਮੁਖ ਸਿੰਘ ਨੇ ਮੰਨਿਆ ਹੈ ਕਿ ਡੇਰਾ ਸਿਰਸਾ ਦੇ ਮਾਮਲੇ ਵਿੱਚ ਜਥੇਦਾਰਾਂ ਨੂੰ ਸ. ਪ੍ਰਕਾਸ਼ ਸਿੰਘ ਬਾਦਲ ਸਰਪ੍ਰਸਤ ਤੇ ਸ. ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰੀ ਕੋਠੀ ਵਿੱਚ ਤਲਬ ਕੀਤਾ ਸੀ ਤੇ ਹੁਕਮ ਸੁਣਾਇਆ ਸੀ ਕਿ ਚਿੱਠੀ ਜੋ ਕਿ ਹਿੰਦੀ ਵਿਚ ਸਿਰਸੇ ਵਾਲੇ ਬਾਬੇ ਵੱਲੋਂ ਲਿਖੀ ਗਈ ਦੱਸੀ ਜਾਂਦੀ ਹੈ, ਰਾਹੀਂ ਡੇਰਾ ਮੁਖੀ ਨੂੰ ਮਾਫ ਕੀਤਾ ਜਾਵੇ ਤੇ ਹੁਕਮ ਨਾ ਪ੍ਰਵਾਨ ਕਰਨ ‘ਤੇ ਸਿੰਘ ਸਾਹਿਬਾਨਾਂ ਨੂੰ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਸੇ ਬੇਬਾਕ ਬੋਲਾਂ ਤੇ ਪੰਥਕ ਹਿੱਤ ਵਿੱਚ ਸਟੈਂਡ ਲੈਣ ਕਾਰਨ ਸਿੰਘ ਸਾਹਿਬ ਗੁਰਮੁਖ ਸਿੰਘ ਨੂੰ ਭਾਈ ਰਣਜੀਤ ਸਿੰਘ ਸਾਬਕਾ ਜੱਥੇਦਾਰ ਅਕਾਲ ਤਖ਼ਤ, ਭਾਈ ਜੋਗਿੰਦਰ ਸਿੰਘ ਵੇਦਾਂਤੀ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਅਤੇ ਜੱਥੇਦਾਰ ਬਲਵੰਤ ਸਿੰਘ ਨੰਦਗੜ੍ਹ ਵਾਂਗ ਸ਼੍ਰੋਮਣੀ ਕਮੇਟੀ ਰਾਹੀਂ ਅਹੁਦਿਆਂ ਤੋਂ ਲਾਹ ਦਿੱਤਾ ਗਿਆ।
    ਇਸ ਤੋਂ ਪ੍ਰਤੱਖ ਹੈ ਕਿ ਇਨ੍ਹਾਂ ਸਿੱਖ ਸਿਆਸਤਦਾਨਾਂ ਨੇ ਆਪਣੀ ਸੌੜੀ ਰਾਜਨੀਤੀ ਤਹਿਤ ਡੇਰੇ ਦੀਆਂ ਵੋਟਾਂ ਹਾਸਲ ਕਰਨ ਲਈ ਮੀਰੀ ਪੀਰੀ ਸਿਧਾਂਤ, ਅਕਾਲ ਤਖ਼ਤ ਸਾਹਿਬ ਦੀ ਪਰੰਪਰਾ ਨੂੰ ਢਾਹ ਲਗਾਈ। ਯਾਦ ਰਹੇ ਕਿ ਇਸ ਦਾ ਸਿੱਖ ਸੰਗਤਾਂ ਨੇ ਡੱਟਵਾਂ ਵਿਰੋਧ ਕੀਤਾ ਸੀ ਕਿ ਡੇਰਾ ਮੁਖੀ ਮਾਫ ਨਹੀਂ ਹੋ ਸਕਦਾ, ਕਿਉਂਕਿ ਉਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਲਿਬਾਸ ਪਹਿਨ ਕੇ ਬਜਰ ਗੁਨਾਹ ਕੀਤਾ ਹੈ ਤੇ ਜਥੇਦਾਰ ਇਸ ਮਾਮਲੇ ਵਿਚ ਸਿਧਾਂਤ ਤੋਂ ਥਿੜਕ ਗਏ ਹਨ ਤੇ ਉਨ•ਾਂ ਵੱਲੋਂ ਜਾਰੀ ਹੁਕਮਨਾਮਾ ਸਿੱਖ ਪੰਥ ਹੁਣ ਪ੍ਰਵਾਨ ਨਹੀਂ ਕਰੇਗਾ। ਇਸ ਤੋਂ ਬਾਅਦ ਸਿੰਘ ਸਾਹਿਬਾਨ ਵਿਰੁੱਧ ਸਿੱਖ ਸੰਗਤ ਦਾ ਗੁੱਸਾ ਏਨਾ ਵਧ ਗਿਆ ਕਿ ਅਜੋਕੇ ਸਿੰਘ ਸਾਹਿਬਾਨਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ।
    ਹੁਣ ਸਾਰਾ ਭੇਦ ਸਿੰਘ ਸਾਹਿਬ ਗੁਰਮੁਖ ਸਿੰਘ ਰਾਹੀਂ ਖੁੱਲ੍ਹ ਗਿਆ ਹੈ, ਪਰ ਇਸ ਦੇ ਬਾਵਜੂਦ ਸਿੰਘ ਸਾਹਿਬਾਨ ਮੂਕ ਦਰਸ਼ਕ ਬਣ ਕੇ ਗੁਰੂ ਨੂੰ ਬੇਦਾਵਾ ਦੇ ਰਹੇ ਹਨ। ਜੇਕਰ ਕੌਮ ਦੇ ਜਥੇਦਾਰ ਗੁਲਾਮ ਹਨ, ਤਾਂ ਅਕਾਲ ਤਖਤ ਸਾਹਿਬ ਦੀ ਮਹਾਨ ਪਰੰਪਰਾ ਕਿਵੇਂ ਕਾਇਮ ਰਹਿ ਸਕਦੀ ਹੈ, ਜਿਸ ਦੀ ਸਿਰਜਣਾ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਉਸ ਤੋਂ ਬਾਅਦ ਗੁਰੂ ਦੇ ਲਾਲਾਂ ਨੇ ਆਪਣੀ ਸ਼ਹਾਦਤਾਂ ਦੇ ਕੇ ਕੀਤੀ ਇਹ ਸਭ ਲਈ ਵਾਪਰ ਰਿਹਾ ਹੈ ਕਿ ਅਸੀਂ ਜਾਗੇ ਹੋਏ ਨਹੀਂ ਹਾਂ, ਅਕਾਲ ਤਖ਼ਤ ਸਾਹਿਬ ਦੀ ਖ਼ੁਦਮੁਖਤਾਰੀ ਲਈ ਸੁਚੇਤ ਨਹੀਂ ਹਾਂ। ਲੋੜ ਇਸ ਗੱਲ ਦੀ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਹੋਰ ਸਿੰਘ ਸਾਹਿਬਾਨਾਂ ਲਈ ਖਾਲਸਾ ਪੰਥ ਵਿਧੀ ਵਿਧਾਨ ਬਣਾਏ ਤੇ ਉਸ ਅਨੁਸਾਰ ਸਾਰਾ ਪੰਥਕ ਕਾਰਜ ਚੱਲੇ।
    ਸਾਧ ਸੰਗਤ ਜੀ, ਸਿੱਖ ਕੌਮ ਇਸ ਵੇਲੇ ਅਜੀਬੋ ਗ਼ਰੀਬ ਹਾਲਾਤਾਂ ਵਿੱਚ ਧਕੇਲ ਦਿੱਤੀ ਗਈ ਹੈ। ਸਿਆਸੀ, ਸਾਮਾਜਿਕ ਪੱਖੋਂ ਇਸ ਦੀ ਹੋਂਦ ਨੂੰ ਬੁਰੀ ਤਰ੍ਹਾਂ ਖ਼ਤਰਾ ਪੈਦਾ ਹੋ ਗਿਆ ਹੈ ਤੇ ਇਸ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਅਜੋਕੇ ਸਿੱਖ ਸਿਆਸਤਦਾਨਾਂ ਸਿਰ ਆਉਂਦੀ ਹੈ, ਜੋ ਕਿ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਨੂੰ ਆਪਣੇ ਨਿੱਜੀ ਹਿੱਤਾਂ ਤੇ ਰਾਜਸੀ ਹਿੱਤਾਂ ਲਈ ਚਲਾ ਰਹੇ ਹਨ।

    ਸਿੱਖ ਇਤਿਹਾਸ ਦੀ ਮਹਾਨ ਪਰੰਪਰਾ ਤੇ ਅਕਾਲ ਤਖ਼ਤ ਸਾਹਿਬ
    ਇਤਿਹਾਸ ਦੇ ਪਿਛੋਕੜ ‘ਤੇ ਨਜ਼ਰ ਮਾਰੀਏ ਤਾਕਤਵਰ ਤੋਂ ਤਾਕਤਵਰ ਦੁਸ਼ਮਣ ਚਾਹੇ ਮੁਗ਼ਲ ਸਨ, ਚਾਹੇ ਨਾਦਰ ਸ਼ਾਹ ਤੇ ਅਬਦਾਲੀ ਵਰਗੇ ਧਾੜਵੀ ਸਨ, ਉਨ੍ਹਾਂ ਨਾਲ ਗੁਰੂ ਸੰਵਾਰੇ ਖਾਲਸਾ ਜੀ ਨੇ ਡੱਟ ਕੇ ਟੱਕਰ ਲਈ ਅਤੇ ਆਪਣੀ ਹੋਂਦ ਤੇ ਸਿਧਾਂਤ ਨੂੰ ਕਾਇਮ ਰੱਖਦਿਆਂ ਸਿੱਖ ਪਰੰਪਰਾਵਾਂ ਨੂੰ ਨੀਵੇਂ ਨਹੀਂ ਪੈਣ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ (1670-1716 ਈਸਵੀ) ਦੀ ਅਗਵਾਈ ਵਿੱਚ ਖਾਲਸਾ ਰਾਜ ਕਾਇਮ ਕੀਤਾ ਗਿਆ। 12 ਮਈ 1710 ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਸਰਹਿੰਦ ਦੇ ਹੁਕਮਰਾਨ ਸੂਬੇਦਾਰ ਵਜੀਦ ਖਾਨ ਨੂੰ ਮਾਰ ਕੇ ਮੁਗਲ ਹਕੂਮਤ ਦੀਆਂ ਨੀਂਹਾਂ ਹਿਲਾ ਦਿੱਤੀਆਂ ਤੇ ਸੁਤੰਤਰ ਸਿੱਖ ਰਾਜ ਦਾ ਐਲਾਨ ਕਰਕੇ ਗੁਰੂ ਨਾਨਕ ਸਾਹਿਬ – ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ‘ਤੇ ਸਿੱਕਾ ਜਾਰੀ ਕੀਤਾ। ਉਸ ਨੇ ਗ਼ਰੀਬ ਗੁਰਬਿਆਂ ਨੂੰ ਗੁਰੂ ਦੀ ਸੋਚ ਅਨੁਸਾਰ ਆਪਣੀ ਹਕੂਮਤ ਵਿੱਚ ਉੱਚ ਅਹੁਦਿਆਂ ‘ਤੇ ਤਾਇਨਾਤ ਕਰਕੇ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਐਲਾਨਨਾਮੇ-”ਇਨ ਗ਼ਰੀਬ ਸਿੱਖਨ ਕੋ ਦੋਊ ਪਾਤਿਸ਼ਾਹੀ, ਯਾਦ ਰੱਖੇਂ ਯੇ ਹਮਰੀ ਗੁਰਿਆਈ” ਨੂੰ ਅਸਲੀ ਜਾਮਾ ਪਹਿਨਾਇਆ। ਸਭ ਤੋਂ ਵੱਧ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਿਮੀਂਦਾਰਾਂ ਪ੍ਰਬੰਧ ਵਿੱਚ ਸੁਧਾਰ ਕੀਤਾ ਅਤੇ ਬੇਜ਼ਮੀਨੇ ਕਾਸ਼ਤਕਾਰਾਂ ਨੂੰ ਜ਼ਮੀਨ ਵਾਲੇ ਬਣਾਇਆ। ਇਹ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਅਨੁਸਾਰ ਹਲੇਮੀ ਰਾਜ ਸੀ।
    ਇਸ ਤੋਂ ਬਾਅਦ ਸਿੱਖ ਮਿਸਲਦਾਰਾਂ ਨੇ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜ੍ਹੀਆ, ਬਾਬਾ ਚੜ੍ਹਤ ਸਿੰਘ ਦੀ ਅਗਵਾਈ ਵਿੱਚ ਦਿੱਲੀ ਤਖ਼ਤ ‘ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ ਗਿਆ। ਉਸ ਸਮੇਂ ਸਿੱਖ ਪੰਥ ਵਿੱਚ ਇਹ ਨਾਅਰਾ ਪ੍ਰਚੱਲਿਤ ਹੋ ਗਿਆ ਸੀ :
    ਦਿੱਲੀ ਤਖ਼ਤ ਪਰ ਬਹੇਗੀ,
    ਆਪ ਗੁਰੂ ਕੀ ਫ਼ੌਜ।
    ਛੱਤਰ ਝੁਲੇਂਗੇ ਸੀਸ ਪਰ
    ਬੜੀ ਕਰੇਗੀ ਮੌਜ।
    ਇਸੇ ਪਰੰਪਰਾ ਤੇ ਸਿਧਾਂਤ ‘ਤੇ ਪਹਿਰਾ ਦਿੰਦਿਆਂ ਖਾਲਸਾ ਰਾਜ ਦੇ ਬਾਨੀ ਬਾਬਾ ਸਾਹਿਬ ਸਿੰਘ ਬੇਦੀ ਨੇ ਸਮੂਹ ਸਿੱਖ ਮਿਸਲਦਾਰਾਂ ਵਿੱਚ ਏਕਤਾ ਕਰਵਾ ਕੇ 1799 ਈਸਵੀ ਦੌਰਾਨ ਅੰਗਰੇਜ਼ ਜਰਨੈਲ ਜਾਰਜ ਟਾਮਸਨ ਤੇ ਅਫਗਾਨ ਦੇ ਧਾੜਵੀ ਸ਼ਾਹ ਜਮਾਨ ਨਾਲ ਟੱਕਰ ਲੈਂਦਿਆਂ ਸੰਨ 1801 ਦੌਰਾਨ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਖਾਲਸਾ ਰਾਜ ਦੀ ਸਥਾਪਨਾ ਕੀਤੀ। ਇਸ ਇਤਿਹਾਸਕ ਕਾਰਜ ਵਿੱਚ 14000 ਬੁੱਢਾ ਦਲ, ਤਰੁਨਾ ਦਲ ਦੇ ਨਿਹੰਗ ਸਿੰਘਾਂ ਦਾ ਯੋਗਦਾਨ ਸੀ, ਜਿਸ ਨੂੰ ਸ਼ਹੀਦਾਂ ਦੀ ਮਿਸਲ ਕਿਹਾ ਜਾਂਦਾ ਸੀ। ਇਸ ਦੀ ਨੀਂਹ ਬਾਬਾ ਦੀਪ ਸਿੰਘ ਜੀ ਨੇ ਰੱਖੀ ਸੀ, ਬਾਬਾ ਗੁਰਬਖਸ਼ ਸਿੰਘ ਜੀ, ਬਾਬਾ ਨੈਣਾ ਸਿੰਘ ਜੀ ਤੋਂ ਬਾਅਦ ਇਹ ਵਾਗਡੋਰ ਅਕਾਲੀ ਫੂਲਾ ਸਿੰਘ ਜੀ ਨੇ ਸੰਭਾਲੀ ਸੀ, ਜਿਨ੍ਹਾਂ ਨੇ ਬਾਅਦ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਜ਼ਿੰਮੇਵਾਰੀ ਨਿਭਾ ਕੇ ਮੀਰੀ ਪੀਰੀ ਸਿਧਾਂਤ ਦੀ ਪਰੰਪਰਾ ਨੂੰ ਕਾਇਮ ਰੱਖਿਆ। ਇਹ ਸਭ ਪ੍ਰਾਪਤੀਆਂ ਗੁਰੂ ਦੇ ਮਿਸ਼ਨ ਤੇ ਸਿਧਾਂਤ ‘ਤੇ ਪਹਿਰਾ ਦੇ ਕੇ ਹੋਈਆਂ। ਉਸ ਸਮੇਂ ਦੌਰਾਨ ਸਾਡੇ ਬਜ਼ੁਰਗਾਂ ਨੇ ਆਪਣੀਆਂ ਇਤਿਹਾਸਕ ਪਰੰਪਰਾਵਾਂ ਨੂੰ ਢਾਹ ਨਹੀਂ ਲੱਗਣ ਦਿੱਤੀ ਤੇ ਸਿਧਾਂਤਕ ਤੌਰ ‘ਤੇ ਸਮੁੱਚਾ ਪੰਥ ਇਕਜੁੱਟ ਰਿਹਾ।
    ਪਰ ਅੱਜ ਹਾਲਾਤ ਇਹ ਹਨ ਕਿ ਸਾਡੀ ਅਜੋਕੀ ਲੀਡਰਸ਼ਿਪ ਵੱਲੋਂ ਹੀ ਅੰਦਰਖਾਤੇ ਸਾਡੀਆਂ ਪਰੰਪਰਾਵਾਂ ਅਤੇ ਜੜ੍ਹਾਂ ਨੂੰ ਖੋਖਲੇ ਕੀਤਾ ਜਾ ਰਿਹਾ ਹੈ।

    ਸਿੱਖ ਇਤਿਹਾਸ ਨੂੰ ਬਦਲਣ ਦੀਆਂ ਸਾਜ਼ਿਸ਼ਾਂ
    ਅੱਜ ਸਿੱਖ ਇਤਿਹਾਸ ਨੂੰ ਬੜੀ ਸਾਜ਼ਿਸ਼ ਤਹਿਤ ਬਦਲਿਆ ਜਾ ਰਿਹਾ, ਸਿੱਖ ਕੌਮ ਦਾ ਮਜ਼ਾਕ ਉਡਾਇਆ ਜਾ ਰਿਹਾ ਅਤੇ ਇਤਿਹਾਸਕ ਤੌਰ ‘ਤੇ ਸਿੱਖ ਕੌਮ ਨੂੰ ਭਗਵੇਂਵਾਦ ਦੇ ਖਾਰੇ ਸਮੁੰਦਰ ਵਿੱਚ ਜਜ਼ਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਆਰ. ਐੱਸ. ਐੱਸ. ਵੱਲੋਂ ਰਾਸ਼ਟਰੀ ਸਿੱਖ ਸੰਗਤ ਨਾਮ ਦੀ ਸੰਸਥਾ ਖੜ੍ਹੀ ਕਰ ਦਿੱਤੀ ਹੈ, ਜਿਸ ਦੇ ਮੈਂਬਰ ਖੁੱਲ੍ਹੇ ਦਾੜੇ ਅੰਮ੍ਰਿਤਧਾਰੀ ਸਰੂਪ ਵਾਲੇ ਨਜ਼ਰ ਆਉਂਦੇ ਹਨ। ਉਨ੍ਹਾਂ ਨੂੰ ਗੁਰਬਾਣੀ ਦੀ ਸਿਖਲਾਈ ਆਪਣੇ ਸਿਆਸੀ ਮੰਤਵ ਤੇ ਗੁਰੂ ਸਿਧਾਂਤ ਤੋਂ ਪਰ੍ਹੇ ਧੱਕਣ ਲਈ ਦਿੱਤੀ ਜਾ ਰਹੀ ਹੈ ਤੇ ਉਨ੍ਹਾਂ ਦੇ ਗੁਰਦੁਆਰਿਆਂ ਉੱਪਰ ਕਬਜ਼ੇ ਕਰਵਾਏ ਜਾ ਰਹੇ ਹਨ।
    ਇਹ ਪੰਥ ਵਿਰੋਧੀ ਅਨਸਰ ਵਟਸਐਪ, ਫੇਸਬੁੱਕ ਆਦਿ ਸ਼ੋਸ਼ਲ ਮੀਡੀਏ ਰਾਹੀਂ ਸਿੱਖ ਕੌਮ ਵਿਚ ਧਰਮ ਦੇ ਨਾਮ ‘ਤੇ ਵੰਡੀਆਂ ਪਾ ਰਹੇ ਹਨ ਤੇ ਗੁਰੂ ਦੇ ਅਸਲ ਮਨੋਰਥ ਤੋਂ ਸਿੱਖ ਪੰਥ ਨੂੰ ਭਟਕਾ ਰਹੇ ਹਨ। ਜੇਕਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਆਰ. ਐੱਸ. ਐੱਸ. ਦੀ ਸਿਰਜੀ ਰਾਜਨੀਤਕ ਜਮਾਤ ਭਾਜਪਾ ਅਧੀਨ ਚੋਣਾਂ ਲੜਦੇ ਹਨ, ਤਾਂ ਸਾਫ ਸਮਝ ਲੈਣਾ ਚਾਹੀਦਾ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਆਰ. ਐੱਸ. ਐੱਸ. ਦੀ ਘੁਸਪੈਠ ਹੋ ਚੁੱਕੀ ਹੈ ਅਤੇ ਸਿੱਖਸਧਾਂਤ, ਮਰਿਯਾਦਾ ਤੇ ਇਤਿਹਾਸ ਨੂੰ ਬਦਲਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ।
    ਸਾਧ ਸੰਗਤ ਜੀ! ਅੱਜ ਸਾਨੂੰ ਜਾਗ੍ਰਿਤ ਹੋਣ ਦੀ ਲੋੜ ਹੈ ਤੇ ਸੋਚਣ ਦੀ ਲੋੜ ਹੈ। ਆਪਣੀਆਂ ਮਹਾਨ ਸੰਸਥਾਵਾਂ ਨੂੰ ਭ੍ਰਿਸ਼ਟ ਹੋਣ ਤੇ ਸਿਆਸੀਕਰਨ ਤੋਂ ਬਚਾਓ। ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਉਸੇ ਰੂਪ ਵਿੱਚ ਲਿਆਵੋ, ਜਿਸ ਲਈ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਕੀਤੀਆਂ ਸਨ।

    ਅਸੀਂ ਕਿਉਂ ਪੱਛੜੇ?
    ਅੱਜ ਤੱਕ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਦੀ ਗੋਲਕ ਦਾ ਇਸਤੇਮਾਲ ਵਧੀਆ ਸਿੱਖਿਆ ਅਦਾਰੇ ਉਸਾਰਨ, ਮੈਡੀਕਲ ਸਹੂਲਤਾਂ ਦੇਣ ਲਈ ਨਹੀਂ ਕੀਤਾ ਗਿਆ। ਕੀ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਅਜਿਹਾ ਸਿੱਖਿਆ ਅਦਾਰਾ ਸਿਰਜਿਆ ਗਿਆ, ਜਿੱਥੇ ਗ਼ਰੀਬ ਸਿੱਖਾਂ ਦੇ ਬੱਚੇ ਸਸਤੀ ਵਿੱਦਿਆ ਪ੍ਰਾਪਤ ਕਰ ਸਕਣ। ਕੀ ਕੋਈ ਅਜਿਹਾ ਹਸਪਤਾਲ ਬਣਾਇਆ ਗਿਆ, ਜਿੱਥੇ ਸਸਤਾ ਇਲਾਜ ਹੋ ਸਕਦਾ ਹੋਵੇ।
    ਜੇਕਰ ਅਸੀਂ ਆਪਣੀਆਂ ਸੰਸਥਾਵਾਂ ਦਾ ਮੁਸਲਿਮ ਤੇ ਇਸਾਈ ਕੌਮਾਂ ਦੀਆਂ ਸੰਸਥਾਵਾਂ ਨਾਲ ਮੁਕਾਬਲਾ ਕਰੀਏ ਤਾਂ ਫ਼ਰਕ ਨਜ਼ਰ ਆਵੇਗਾ ਕਿ ਅਸੀਂ ਕਿੰਨੇ ਨਿਘਾਰ ਵੱਲ ਹਾਂ? ਇਸਾਈ ਤੇ ਮੁਸਲਿਮ ਬੱਚਿਆਂ ਨੂੰ ਮੁਫ਼ਤ ਵਿੱਦਿਆ ਮਿਲ ਰਹੀ ਹੈ, ਇਹ ਉੱਦਮ ਉਨ੍ਹਾਂ ਦੀਆਂ ਸੰਸਥਾਵਾਂ ਵੱਲੋਂ ਹੋ ਰਹੇ ਹਨ। ਡਾਕਟਰੀ, ਇੰਜੀਨੀਅਰਿੰਗ ਵਰਗੀ ਪੜ੍ਹਾਈ ਸਸਤੇ ਵਿੱਚ ਉਪਲੱਬਧ ਹੈ। ਮਿਆਰੀ ਹਸਪਤਾਲ ਵੀ ਇਨ੍ਹਾਂ ਸੰਸਥਾਵਾਂ ਤੇ ਸਸਤੇ ਇਲਾਜ ਲਈ ਮੌਜੂਦ ਹਨ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਪੱਧਰ ‘ਤੇ ਅਜਿਹਾ ਉਪਰਾਲਾ ਨਹੀਂ ਕੀਤਾ ਹੈ, ਜਿੱਥੇ ਕਿਸੇ ਸਿੱਖ ਨੂੰ ਸਿੱਖ ਹੋਣ ਦਾ ਮਾਣ ਮਹਿਸੂਸ ਹੋ ਸਕੇ।
    ਕੀ ਸਿੱਖ ਬੱਚਿਆਂ ਲਈ ਉਚੇਰੀ ਪੜ੍ਹਾਈ ਲਈ ਕੋਈ ਉੱਚ ਪੱਧਰ ਦੇ ਕਾਲਜ, ਸਕੂਲ ਖੋਲ੍ਹੇ ਗਏ ਹਨ, ਕੋਈ ਟਰੇਨਿੰਗ ਦੀਆਂ ਸੰਸਥਾਵਾਂ ਖੋਲ੍ਹੀਆਂ ਗਈਆਂ ਹਨ, ਜਿਸ ਤੋਂ ਸਿੱਖ ਵਿਦਿਆਰਥੀ ਪੜ੍ਹ ਕੇ ਆਈਏਐੱਸ, ਪੀਸੀਐੱਸ, ਬੈਂਕ ਅਫਸਰ, ਫ਼ੌਜ ਅਫਸਰ, ਡਾਕਟਰ ਬਣ ਸਕਣ ਅਤੇ ਸਿੱਖ ਕੌਮ ਦਾ ਨਾਮ ਰੌਸ਼ਨ ਕਰ ਸਕਣ। ਕੀ ਅਜਿਹਾ ਅਦਾਰਾ ਬਣਾਇਆ ਜਿੱਥੇ ਸਪੋਰਟਸ ਦੀ ਸਿੱਖਿਆ ਸਿੱਖ ਬੱਚਿਆਂ ਨੂੰ ਮਿਲ ਸਕੇ, ਤਾਂ ਜੋ ਓਲੰਪਿਕ ਤੇ ਏਸ਼ੀਅਨ ਖੇਡਾਂ, ਤੇ ਸੰਸਾਰ ਪੱਧਰ ਦੀਆਂ ਖੇਡਾਂ ਵਿੱਚ ਹਿੱਸਾ ਲੈ ਸਕੇ। ਅੱਜ ਸਿੱਖ ਨੌਜਵਾਨ ਪੰਜਾਬ ਛੱਡ ਕੇ ਉੱਚ ਵਿੱਦਿਆ ਲਈ ਵਿਦੇਸ਼ਾਂ ਵੱਲ ਪਰਵਾਸ ਕਰ ਰਹੇ ਹਨ। ਪੰਜਾਬ ਸਿੱਖ ਨੌਜਵਾਨ ਵਰਗ ਤੋਂ ਖ਼ਾਲੀ ਹੋ ਰਿਹਾ ਹੈ, ਜੋ ਕਿ ਸਾਡੀ ਕੌਮ ਲਈ ਨਿਘਾਰ ਦੀ ਨਿਸ਼ਾਨੀ ਹੈ। ਜੇਕਰ ਸਿੱਖ ਯੂਥ ਹੀ ਪੰਜਾਬ ਦੀ ਧਰਤੀ ‘ਤੇ ਨਾ ਰਿਹਾ, ਤਾਂ ਪੰਜਾਬ ਵਿੱਚੋਂ ਸਿੱਖੀ ਦੀ ਹੋਂਦ ਗੁਆਚ ਜਾਵੇਗੀ। ਇਸ ਸੰਬੰਧ ਵਿੱਚ ਵੱਡੇ ਪੱਧਰ ‘ਤੇ ਰੁਜ਼ਗਾਰ, ਵਿੱਦਿਅਕ ਸੰਸਥਾਵਾਂ ਪੈਦਾ ਕਰਨ ਦੀ ਲੋੜ ਹੈ, ਤਾਂ ਜੋ ਸਿੱਖ ਯੂਥ ਪੰਜਾਬ ਦੇ ਵਿਕਾਸ ਵਿੱਚ ਹਿੱਸਾ ਪਾ ਸਕੇ।

    ਸਿੱਖ ਨੌਜਵਾਨੋ ਉਠੋ, ਪੰਥ ਤੇ ਪੰਜਾਬ ਦੀ ਵਾਗਡੋਰ ਸੰਭਾਲੋ
    ਅੱਜ ਲੋੜ ਹੈ ਕਿ ਸਿੱਖ ਨੌਜਵਾਨ ਵਰਗ ਪੰਥ ਤੇ ਪੰਜਾਬ ਦੀ ਵਾਗਡੋਰ ਸੰਭਾਲੇ, ਇਤਿਹਾਸਕ ਪਰੰਪਰਾਵਾਂ ਗੁਰ ਮਰਿਯਾਦਾ ‘ਤੇ ਪਹਿਰਾ ਦਿੰਦਿਆਂ ਹਰੇਕ ਵਿਵਾਦ ਤੋਂ ਮੁਕਤ ਹੋ ਕੇ ਪੰਥਕ ਏਕਤਾ ਤੇ ਸ਼ਕਤੀ ਦਾ ਪ੍ਰਦਰਸ਼ਨ ਕਰੇ, ਪੰਥਕ ਸੰਸਥਾਵਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਹੁਣ ਸਾਨੂੰ ਕਮਰਕੱਸੇ ਕਰਨੇ ਪੈਣਗੇ ਅਤੇ ਸਮਾਜ ‘ਚ ਫੈਲੇ ਜਾਤੀਵਾਦ ਵਿਰੁੱਧ ਡੱਟ ਕੇ ਖਲੋਣਾ ਪਵੇਗਾ ਜਿੱਥੇ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਸਿੱਖ ਖਲੋਤੇ ਸਨ ਅਤੇ ਸਾਮਾਜਿਕ ਤਬਦੀਲੀ ਕਰਨ ਵਿੱਚ ਅਹਿਮ ਯੋਗਦਾਨ ਪਾਇਆ ਸੀ। ਇਸ ਮੰਤਵ ਲਈ ਕਿਰਤੀ ਤੇ ਗ਼ਰੀਬ ਸਿੱਖਾਂ ਨੂੰ ਸਿੱਖ ਭਾਈਚਾਰੇ ਦੀ ਤਾਕਤ ਬਣਾਉਣਾ ਹੋਵੇਗਾ। ਅੰਧ-ਵਿਸ਼ਵਾਸਾਂ, ਕਰਮ-ਕਾਂਡਾਂ, ਨਸ਼ਿਆਂ ਦੀ ਜਕੜ ਵਿੱਚੋਂ ਨਿਕਲ ਕੇ ਗੁਰੂਆਂ ਦੀ ਵਿਚਾਰਧਾਰਾ ਦੀ ਰੌਸ਼ਨੀ ਵਿੱਚ ਸੱਚ ਆਚਾਰ ਨਾਲ ਜੁੜਨਾ ਪਵੇਗਾ।

    ਕੀ ਕਰਨਾ ਪਵੇਗਾ?
    ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਅਮਲੀ ਰੂਪ ਵਿੱਚ ਜੀਵਨ ਦਾ ਅੰਗ ਬਣਾ ਕੇ ਪੰਥ ਵਿਰੋਧੀ ਸੰਸਥਾਵਾਂ ਤੋਂ ਸੁਚੇਤ ਹੋਣਾ ਪਵੇਗਾ। ਪੰਥਕ ਰਾਜਨੀਤੀ ਨੂੰ ਲੁਟੇਰਿਆਂ, ਅਪਰਾਧੀਆਂ ਤੋਂ ਮੁਕਤ ਕਰਨ ਲਈ ਇਕਜੁੱਟ ਹੋਣਾ ਪਵੇਗਾ। ਇਮਾਨਦਾਰ ਲੀਡਰਸ਼ਿਪ ਨੂੰ ਅੱਗੇ ਲਿਆਉਣਾ ਹੋਵੇਗਾ ਜੋ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ ਸਮਰਪਿਤ ਹੋਵੇ ਅਤੇ ਪੰਥ ਦੀ ਅਗਵਾਈ ਦੇ ਸਮਰੱਥ ਹੋਵੇ। ਘੱਟ ਗਿਣਤੀਆਂ ਦਲਿਤਾਂ ਨਾਲ ਹੋ ਰਹੀਆਂ ਵਧੀਕੀਆਂ ਵਿਰੁੱਧ ਅਵਾਜ਼ ਬੁਲੰਦ ਕਰਨੀ ਹੋਵੇਗੀ। ਆਪਣੇ ਪੰਥ ਤੇ ਪੰਜਾਬ ਦੇ ਹੱਕਾਂ ਦੀ ਪ੍ਰਾਪਤੀ ਤੇ ਉਨ੍ਹਾਂ ਨਾਲ ਜੁੜੀਆਂ ਮੰਗਾਂ ਦੀ ਪ੍ਰਾਪਤੀ ਲਈ ਯਤਨਸ਼ੀਲ ਰਹਿਣਾ ਪਵੇਗਾ। ਇਹ ਯਾਦ ਰੱਖ ਲੈਣਾ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਏਨਾ ਮਜ਼ਬੂਤ ਹੈ ਕਿ ਜੇ ਅਸੀਂ ਉਸ ਉੱਪਰ ਪਹਿਰਾ ਦੇਈਏ, ਤਾਂ ਸਾਡੀ ਕੋਈ ਜੜ੍ਹ ਵੀ ਨਹੀਂ ਪੁੱਟ ਸਕੇਗਾ। ਇਸ ਲਈ ਸਾਨੂੰ ਸਿੱਖ ਅਸੂਲਾਂ, ਟੀਚਿਆਂ ਬਾਰੇ ਡੂੰਘਾ ਵਿਸ਼ਵਾਸ ਤੇ ਸਮਝ ਰੱਖਣੀ ਹੋਵੇਗੀ। ਪੰਥ ਦੀ ਅਗਵਾਈ ਲਈ ਸਤਿਗੁਰਾਂ ਦੀ ਸੋਚ ਨੂੰ ਪਰਣਾਈ ਲੀਡਰਸ਼ਿਪ ਦੀ ਉਸਾਰੀ ਜ਼ਰੂਰੀ ਹੈ। ਸਾਨੂੰ ਯਹੂਦੀ ਭਾਈਚਾਰੇ ਤੋਂ ਸੇਧ ਲੈਣ ਦੀ ਲੋੜ ਹੈ, ਜਿਨ੍ਹਾਂ ਦੀ ਨਸਲਕੁਸ਼ੀ ਸ਼ਾਸਕ ਹਿਟਲਰ (ਸੰਨ 1933-1945) ਨੇ ਜਰਮਨ ਵਿੱਚ ਨੱਬੇ ਲੱਖ ਯਹੂਦੀਆਂ ਵਿੱਚੋਂ ਦੋ ਤਿਹਾਈ ਯਹੂਦੀਆਂ ਨੂੰ ਗੈਸ ਚੈਂਬਰਾਂ ਵਿੱਚ ਉਬਾਲ ਕੇ ਕੀਤੀ। ਇਸ ਦੌਰਾਨ ਦਸ ਲੱਖ ਤੋਂ ਵੱਧ ਯਹੂਦੀ ਬੱਚੇ ਲੱਗਭੱਗ ਵੀਹ ਲੱਖ ਯਹੂਦੀ ਔਰਤਾਂ ਤੇ ਤੀਹ ਲੱਖ ਯਹੂਦੀ ਮਰਦ ਮਾਰੇ ਗਏ ਸਨ। ਇਹੋ ਜਿਹੀ ਨਸਲਕੁਸ਼ੀ ਸਿੱਖ ਕੌਮ ਨਾਲ ਵਾਪਰੀ, ਜਿਵੇਂ ਦਿੱਲੀ ਸਿੱਖ ਕਤਲੇਆਮ ਤੇ ਪੰਜਾਬ ਸੰਤਾਪ ਦੌਰਾਨ ਸਿੱਖ ਨੌਜਵਾਨਾਂ ਦਾ ਘਾਣ, ਜੂਨ 84 ਦੌਰਾਨ ਦਰਬਾਰ ਸਾਹਿਬ ‘ਤੇ ਫ਼ੌਜੀ ਹਮਲਾ। ਇਸ ਨਸਲਕੁਸ਼ੀ ਅਧੀਨ ਅਨੇਕਾਂ ਸਿੱਖ ਮਾਈ ਭਾਈ ਸ਼ਹੀਦ ਹੋਏ। ਯਹੂਦੀਆਂ ਨੇ ਇਸਰਾਈਲ ਨੂੰ ਦੁਨੀਆਂ ਦੇ ਨਕਸ਼ੇ ‘ਤੇ ਯਹੂਦੀਆਂ ਦਾ ਹੋਮਲੈਂਡ ਸਥਾਪਿਤ ਕਰ ਦਿੱਤਾ ਜਦ ਕਿ ਸਿੱਖ ਕੌਮ ਇਸ ਤੋਂ ਵਾਂਝੀ ਰਹਿ ਗਈ। ਯੂਰਪ ਤੇ ਅਮਰੀਕਾ ਵਿੱਚ ਸਭ ਤੋਂ ਚੰਗੇ ਵਿਗਿਆਨੀ ਯਹੂਦੀਆਂ ਵਿੱਚ ਪੈਦਾ ਹੋ ਰਹੇ ਹਨ। ਯਹੂਦੀ ਅਮਰੀਕਾ ਦੀ ਬੈਂਕਿੰਗ ਇੰਡਸਟਰੀ ਤੇ ਉੱਥੋਂ ਦੀਆਂ ਅਖ਼ਬਾਰਾਂ ‘ਤੇ ਕਾਬਜ਼ ਹੋ ਗਏ ਹਨ। ਵਿਗਿਆਨ, ਟੈਕਨਾਲੋਜੀ ਤੇ ਵਪਾਰਕ ਖੇਤਰ ਵਿੱਚ ਮੋਹਰੀ ਹਨ।
    ਆਓ ਰਲ ਕੇ ਸੋਚੀਏ ਤੇ ਸਿੱਖ ਕੌਮ ਦੀ ਪੁਨਰ ਜਾਗ੍ਰਿਤੀ ਲਈ ਲਹਿਰ ਚਲਾ ਕੇ ਪੰਜਾਬ ਤੇ ਸਿੱਖ ਕੌਮ ਨੂੰ ਵਿਸ਼ਵ ਪੱਧਰ ‘ਤੇ ਖੁਸ਼ਹਾਲ ਬਣਾਈਏ। ਜੇਕਰ ਯਹੂਦੀ ਭਾਈਚਾਰਾ ਵਿਸ਼ਵ ਵਿੱਚ ਆਪਣੀ ਕੌਮ ਦੇ ਝੰਡੇ ਝੁਲਾ ਸਕਦਾ ਹੈ, ਤਾਂ ਸਿੱਖ ਕੌਮ ਕਿਉਂ ਨਹੀਂ? ਸਾਨੂੰ ਇੱਕ ਅਜਿਹੀ ਪੰਥਕ ਜਥੇਬੰਦੀ ਦੀ ਜ਼ਰੂਰਤ ਹੈ ਜੋ ਪੰਥਕ ਹਿੱਤਾਂ ਉੱਪਰ ਪਹਿਰਾ ਦੇਣ ਵਾਲੀ ਹੋਵੇ। ਸ੍ਰੀ ਅਕਾਲ ਤਖ਼ਤ ਸਾਹਿਬ ਦੁਆਰਾ ਪ੍ਰਵਾਨਿਤ ਪੰਥਕ ਰਹਿਤ ਮਰਿਆਦਾ ਉੱਪਰ ਸਖ਼ਤੀ ਨਾਲ ਪਹਿਰਾ ਦੇ ਸਕੇ। ਆਓ ਸਭ ਪੰਥਕ ਜਥੇਬੰਦੀਆਂ ਇਕਮੁੱਠ ਹੋ ਕੇ ਪੰਥ ਤੇ ਪੰਜਾਬ ਦੀ ਰਾਖੀ ਲਈ ਇਕਜੁੱਟ ਹੋਈਏ।