ਰਾਸ਼ਟਰ ਦੇ ਨਾਂਅ ‘ਜਾਦੂਗਰ’ ਦਾ ਭਾਸ਼ਣ

ਰਾਸ਼ਟਰ ਦੇ ਨਾਂਅ ‘ਜਾਦੂਗਰ’ ਦਾ ਭਾਸ਼ਣ

ਮੈਨੂੰ ਅਜੇ ਵੱਡੇ ਸੁਆਲ ਦੇ ਜੁਆਬ ਦਾ ਇੰਤਜ਼ਾਰ ਸੀ: ਨੋਟਬੰਦੀ ਤਾਂ ਹੋ ਗਈ, ਹੁਣ ਲੁੱਟਬੰਦੀ ਕਦੋਂ ਹੋਏਗੀ? ਕਾਲੇ ਧਨ ਦੇ ਰਾਖਸ਼ ਦੇ ਬਾਕੀ ਸਿਰਿਆਂ ‘ਤੇ ਕਦੋਂ ਹਮਲਾ ਬੋਲਿਆ ਜਾਏਗਾ? ਕਾਲੇ ਧਨ ਨੂੰ ਹੀਰੇ-ਜਵਾਹਰਾਤ, ਪ੍ਰਾਪਰਟੀ ਅਤੇ ਸ਼ੇਅਰ ਦੇ ਰੂਪ ਵਿੱਚ ਰੱਖਣ ਵਾਲਿਆਂ ਦਾ ਨੰਬਰ ਕਦੋਂ ਆਏਗਾ? ਵਿਦੇਸ਼ ਤੋਂ ਕਾਲੇ ਧਨ ਨੂੰ ਸਫ਼ੈਦ ਕਰਨ ਦਾ ਧੰਦਾ ਕਦੋਂ ਰੁਕੇਗਾ? ਅਤੇ ਇਸ ਦਸ਼ਾਨਨ ਦੀ ਧੁੰਨੀ, ਮਤਲਬ ਰਾਜਨੀਤੀ ਦੀ ਫੰਡਿੰਗ ‘ਤੇ ਕਦੋਂ ਹਮਲਾ ਹੋਏਗਾ? ਪਾਰਟੀਆਂ ‘ਤੇ ਕਦੋਂ ਪਾਬੰਦੀ ਲੱਗੇਗੀ?

ਯੋਗੇਂਦਰ ਯਾਦਵ
(ਈਮੇਲ : yogendra.yadav@gmail.com)

ਸਾਲ 2016 ਦਾ ਆਖ਼ਰੀ ਦਿਨ ਸੀ। ਸਾਡੇ ਯੁੱਗ ਦੀ ਮਾਇਆ ਮਤਲਬ ਟੀਵੀ ਦਾ ਪਰਦਾ ਸੀ। ਪਰਦੇ ‘ਤੇ ਦੇਸ਼ ਦਾ ਸਭ ਤੋਂ ਵੱਡਾ ਜਾਦੂਗਰ ਸੀ। ਕੁੱਲ 43 ਮਿੰਟ ਦਾ ਜਾਦੂ ਦਾ ਸ਼ੋਅ ਸੀ। ਸਾਰੇ ਦੇਸ਼ ਦੇ ਨਾਲ-ਨਾਲ ਮੈਂ ਵੀ ਦੇਖ ਰਿਹਾ ਸੀ।
ਕਈ ਰਹੱਸ ਖੁੱਲ੍ਹਣ ਵਾਲੇ ਸਨ, ਦੇਸ਼ ਸੱਚ ਦਾ ਸਾਹਮਣਾ ਕਰਨ ਵਾਲਾ ਸੀ। ਪੰਜਾਹ ਦਿਨ ਪਹਿਲਾਂ ਪ੍ਰਧਾਨ ਮੰਤਰੀ ਨੇ ਨੋਟਬੰਦੀ ਕੀਤੀ ਸੀ, ਜਨਤਾ ਨੂੰ ਕੁਝ ਤਕਲੀਫ਼ਾਂ ਝੱਲਣ ਦੀ ਅਪੀਲ ਕੀਤੀ ਸੀ। ਵਿਰੋਧੀ ਦਲ ਕੁਝ ਵੀ ਕਹਿੰਦੇ ਰਹਿਣ, ਪਰ ਜਨਤਾ ਨੇ ਆਪਣੀ ਦੁੱਖ ਤਕਲੀਫ਼ ਭੁੱਲ ਕੇ ਨੋਟਬੰਦੀ ਦਾ ਸਮਰਥਨ ਕੀਤਾ। ਪ੍ਰਧਾਨ ਮੰਤਰੀ ਨੇ 50 ਦਿਨ ਮੰਗੇ, ਜਨਤਾ ਨੇ ਦਿਲ ਖੋਲ੍ਹ ਕੇ ਦਿੱਤੇ। ਆਪਣੇ ਕਿਸੇ ਲਾਲਚ ਵਿੱਚ ਨਹੀਂ, ਬਲਕਿ ਇਸ ਉਮੀਦ ਵਿੱਚ ਕਿ ਕੋਈ ਤਾਂ ਦੇਸ਼ ਦੇ ਕਾਲੇ ਧਨ ਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਪੰਜਾਹ ਦਿਨ ਦੇ ਬਾਅਦ ਹਿਸਾਬ ਦੇਣ ਦਾ ਵਕਤ ਸੀ।
ਜਾਦੂਗਰ ਨੇ ਛੜੀ ਘੁੰਮਾਈ। ਪਰਦੇ ‘ਤੇ ਗਾਂਧੀ ਜੀ ਬੋਲ ਰਹੇ ਸਨ। ‘ਹਰ ਇਨਸਾਨ ਵਿੱਚ ਕਮਜ਼ੋਰੀ ਹੁੰਦੀ ਹੈ, ਨੁਕਸ ਹੁੰਦੇ ਹਨ। ਪਰ ਅਸੀਂ ਉਸ ਤੋਂ ਮੁਕਤ ਹੋਣ ਲਈ ਛਟਪਟਾਉਂਦੇ ਹਾਂ… ਪਿਛਲੇ ਪੰਜਾਹ ਦਿਨਾਂ ਵਿੱਚ ਦੇਸ਼ ਇੱਕ ਅਜਿਹੇ ਇਤਿਹਾਸਕ ਸ਼ੁੱਧੀ ਯੱਗ ਦਾ ਗਵਾਹ ਬਣਿਆ ਹੈ। ਨਾਗਰਿਕਾਂ ਨੇ ਸਬਰ, ਅਨੁਸ਼ਾਸਨ ਅਤੇ ਸੰਕਲਪ ਦੀ ਮਿਸਾਲ ਕਾਇਮ ਕੀਤੀ ਹੈ…ਜਦੋਂ ਸਚਾਈ ਅਤੇ ਚੰਗਿਆਈ ਸਰਕਾਰ ਦਾ ਸਹਿਯੋਗ ਕਰੇਗੀ ਤਾਂ ਦੇਸ਼ ਅੱਗੇ ਵਧੇਗਾ।’ ਮੈਨੂੰ ਲੱਗ ਰਿਹਾ ਸੀ ਕਿ ਮੈਂ ਸਿਰਫ਼ ਇੱਕ ਨੇਤਾ ਨਹੀਂ, ਇੱਕ ਰਾਸ਼ਟਰ ਨਿਰਮਾਤਾ ਨੂੰ ਸੁਣ ਰਿਹਾ ਹਾਂ। ਦੇਸ਼ ਦੀ ਊਰਜਾ ਨੂੰ ਜਗਾਉਣ ਦੀ ਬੇਨਤੀ ਨਾਲ ਜੁੜਨ ਦਾ ਮਨ ਕੀਤਾ।
ਇੰਨੇ ਵਿੱਚ ਜਾਦੂਗਰ ਨੇ ਫਿਰ ਆਪਣੀ ਛੜੀ ਘੁੰਮਾ ਦਿੱਤੀ। ਹੁਣ ਮੇਰੇ ਸਾਹਮਣੇ ਸਰਦਾਰ ਪਟੇਲ ਦਾ ਅਕਸ ਸੀ। ਸਹੀ ਨੂੰ ਸਹੀ ਅਤੇ ਗ਼ਲਤ ਨੂੰ ਗ਼ਲਤ ਕਹਿਣ ਵਾਲਾ ਸਪਸ਼ਟਵਾਦੀ ਨੇਤਾ ਜੋ ਜ਼ਰੂਰਤ ਪੈਣ ‘ਤੇ ਸਖ਼ਤੀ ਨਾਲ ਪਰਹੇਜ਼ ਨਹੀਂ ਕਰਦਾ। ”ਸੱਚ ਇਹ ਹੈ ਕਿ ਵੱਡੇ ਨੋਟਾਂ ਦੀ ਵਰਤੋਂ ਕਾਲੇ ਧਨ ਲਈ ਹੋ ਰਹੀ ਸੀ…ਦੇਸ਼ ਵਿੱਚ ਸਿਰਫ਼ 24 ਲੱਖ ਲੋਕ ਆਪਣੀ ਸਾਲਾਨਾ ਆਮਦਨ 10 ਲੱਖ ਰੁਪਏ ਤੋਂ ਜ਼ਿਆਦਾ ਐਲਾਨਦੇ ਹਨ। ਕੀ ਇਹ ਸੱਚ ਹੋ ਸਕਦਾ ਹੈ? ਸਰਕਾਰ ਸੱਜਣਾਂ ਦੀ ਮਿੱਤਰ ਹੈ, ਪਰ ਬੁਰਿਆਂ ਨੂੰ ਠੀਕ ਰਾਹ ‘ਤੇ ਲਿਆਉਣਾ ਹੋਏਗਾ।…ਜੇਕਰ ਕਿਸੇ ਬੈਂਕ ਕਰਮਚਾਰੀ ਨੇ ਅਪਰਾਧ ਕੀਤਾ ਹੈ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਏਗਾ।” ਚਾਹੇ ਮੈਂ ਹਰ ਗੱਲ ਨਾਲ ਸਹਿਮਤ ਨਹੀਂ ਸੀ, ਪਰ ਸੁਣ ਕੇ ਚੰਗਾ ਲੱਗ ਰਿਹਾ ਸੀ।
ਮੇਰੇ ਵਰਗੇ ਸਾਰੇ ਲੋਕਾਂ ਦੀ ਉਮੀਦ ਵਧ ਗਈ ਸੀ। ਹੁਣ ਪ੍ਰਧਾਨ ਮੰਤਰੀ ਸਾਰੇ ਸੁਆਲਾਂ ਦੇ ਜੁਆਬ ਦੇਣਗੇ : ਪੰਜਾਹ ਦਿਨ ਦੇ ਤਿਆਗ ਨਾਲ ਦੇਸ਼ ਨੇ ਕਿੰਨਾ ਕਾਲਾ ਧਨ ਫੜ੍ਹਿਆ? ਕਿੰਨੇ ਨੋਟ ਬੈਂਕਾਂ ਵਿੱਚ ਜਮ੍ਹਾਂ ਹੋਏ? ਬੈਂਕਾਂ ਨੇ ਕਿੰਨੇ ਨਵੇਂ ਨੋਟ ਜਾਰੀ ਕੀਤੇ? ਹੁਣ ਕਿੰਨੇ ਦਿਨ ਵਿੱਚ ਲੋਕ ਆਪਣੇ ਹੀ ਖਾਤੇ ਤੋਂ ਪੈਸੇ ਕਢਾ ਸਕਣਗੇ? ਉਮੀਦ ਇਹ ਵੀ ਸੀ ਕਿ ਜਨਤਾ ਨੂੰ ਗ਼ੈਰ ਜ਼ਰੂਰੀ ਹੋਈ ਪੀੜ ਨੂੰ ਪ੍ਰਧਾਨ ਮੰਤਰੀ ਸਵੀਕਾਰ ਕਰਨਗੇ। ਹਰ ਵੱਡੇ ਕੰਮ ਵਿੱਚ ਕੁਝ ਗ਼ਲਤੀ ਵੀ ਹੋ ਜਾਂਦੀ ਹੈ। ਉਮੀਦ ਸੀ ਕਿ ਜੇਕਰ ਕੋਈ ਭੁੱਲ ਹੋ ਗਈ ਹੋਵੇ ਤਾਂ ਪ੍ਰਧਾਨ ਮੰਤਰੀ ਉਸ ਨੂੰ ਸਾਫ਼ਗੋਈ ਨਾਲ ਜਨਤਾ ਦੇ ਸਾਹਮਣੇ ਰੱਖਣਗੇ। ਵਿਸ਼ਵਾਸ ਸੀ ਕਿ ਜਿਸ ਜਨਤਾ ਨੇ ਉਨ੍ਹਾਂ ਦੇ ਕਹਿਣ ‘ਤੇ ਪੰਜਾਹ ਦਿਨ ਕਸ਼ਟ ਝੱਲਿਆ, ਉਹ ਉਨ੍ਹਾਂ ਦੀ ਛੋਟੀ-ਛੋਟੀ ਭੁੱਲ ਨੂੰ ਵੀ ਅਣਦੇਖਿਆ ਕਰ ਦੇਣਗੇ।
ਇੰਨੇ ਵਿੱਚ ਹੀ ਬਰੇਕ ਆ ਗਈ। ਬਰੇਕ ਤੋਂ ਬਾਅਦ ਪਰਦੇ ‘ਤੇ ਇੰਦਰਾ ਗਾਂਧੀ ਦਾ ਅਕਸ ਸੀ। ਹੁਣ ਯੁੱਗ ਪੁਰਸ਼ ਜਾਂ ਰਾਸ਼ਟਰ ਨਿਰਮਾਤਾ ਦੀ ਜਗ੍ਹਾ ਇੱਕ ਲੋਕ ਲੁਭਾਵਣਾ ਰਾਜਨੇਤਾ ਬੋਲ ਰਿਹਾ ਸੀ। ਅਜਿਹਾ ਲੱਗ ਰਿਹਾ ਸੀ ਕਿ ਮੈਂ ਬਜਟ ਭਾਸ਼ਣ ਜਾਂ ਲੋਨ ਮੇਲੇ ਦਾ ਐਲਾਨ ਸੁਣ ਰਿਹਾ ਹਾਂ। ਸਚਾਈ ਅਤੇ ਚੰਗਿਆਈ ਦੀ ਗੱਲ ਕਰਦੇ-ਕਰਦੇ ਲੌਲੀਪੌਪ ਵੰਡਣ ਲੱਗੇ। ਅਤੇ ਜਦੋਂ ਲੌਲੀਪੌਪ ਦਾ ਰੈਪਰ ਖੋਲ੍ਹਿਆ ਤਾਂ ਉਸ ਵਿੱਚ ਅੱਧੀ ਜੂਠੀ ਨਿਕਲੀ ਅਤੇ ਬਾਕੀ ਝੂਠੀ, ਮਤਲਬ ਕੁਝ ਯੋਜਨਾਵਾਂ ਤਾਂ ਪੁਰਾਣੀਆਂ ਸਨ ਅਤੇ ਬਾਕੀ ਦੇ ਦਾਅਵੇ ਵੱਡੇ ਸਨ ਤੇ ਹਰੀਕਤ ਛੋਟੀ। ਗਰਭਵਤੀ ਔਰਤ ਨੂੰ 6000 ਰੁਪਏ ਦੀ ਯੋਜਨਾ ਤੋਂ ਖਾਦ ਸੁਰੱਖਿਆ ਕਾਨੂੰਨ ਤਹਿਤ ਸਰਕਾਰ ‘ਤੇ ਦੋ ਸਾਲ ਪਹਿਲਾਂ ਲਾਗੂ ਕਰਨ ਦੀ ਬੰਦਿਸ਼ ਸੀ। ਸਚਾਈ ਦੀ ਗੱਲ ਕਰਨ ਵਾਲੇ ਪ੍ਰਧਾਨ ਮੰਤਰੀ ਇਸ ਮਜਬੂਰੀ ਨੂੰ ਨਵੀਂ ਯੋਜਨਾ ਦੀ ਤਰ੍ਹਾਂ ਪੇਸ਼ ਕਰ ਰਹੇ ਸਨ। ਛੋਟੇ ਉਦਯੋਗਪਤੀਆਂ ਦੀ ਕਰਜ਼ ਸੀਮਾ ਤਾਂ ਪਹਿਲਾਂ ਹੀ ਵੱਧ ਚੁੱਕੀ ਹੈ। ਗ਼ਰੀਬਾਂ ਲਈ ਆਵਾਸ ਯੋਜਨਾ ਵਿੱਚ ਬਸ ਕਰਜ਼ ਦੀ ਸੀਮਾ ਛੇ ਸਾਲ ਤੋਂ ਵਧਾ ਕੇ ਨੌਂ ਲੱਖ ਕਰ ਦੇਣ ਨਾਲ ਕੁਝ ਹੋਣ ਵਾਲਾ ਨਹੀਂ ਹੈ ਕਿਉਂਕਿ ਇਹ ਯੋਜਨਾ ਤਾਂ ਪਹਿਲਾਂ ਹੀ ਫੇਲ੍ਹ ਹੋ ਚੁੱਕੀ ਹੈ। ਕਿਸਾਨ ਦੇ ਲਈ ਤਾਂ ਕੁਝ ਵੀ ਨਹੀਂ ਸੀ। ਬਸ ਪਿਛਲੀਆਂ ਦੋ ਫ਼ਸਲਾਂ ਦੇ ਕਰਜ਼ੇ ਵਿੱਚ 60 ਦਿਨ ਦੀ ਵਿਆਜ ਮੁਆਫ਼ੀ ਦਾ ਐਲਾਨ ਹੋਇਆ। ਉਹ ਤਾਂ ਕਰਨਾ ਹੀ ਪੈਂਦਾ ਕਿਉਂਕਿ 50 ਦਿਨ ਤਕ ਤਾਂ ਸਰਕਾਰ ਨੇ ਹੀ ਸਰਕਾਰੀ ਬੈਂਕਾਂ ਨੂੰ ਲਗਭਗ ਬੰਦ ਰੱਖਿਆ। ਕਿਸਾਨਾਂ ਨੂੰ ਨੋਟਬੰਦੀ ਕਾਰਨ ਫ਼ਸਲ ਦੀ ਕੀਮਤ ਅਤੇ ਬੀਜ-ਖਾਦ ਵਿੱਚ ਕਿਸਾਨ ਨੂੰ ਜੋ ਨੁਕਸਾਨ ਹੋਇਆ ਉਸ ਦਾ ਹਰਜਾਨਾ ਕੌਣ ਦਏਗਾ? ਮੇਰਾ ਮਨ ਬੁਝਣ ਲੱਗਿਆ ਸੀ, ਪਰ ਉਮੀਦ ਦਾ ਦਾਮਨ ਨਹੀਂ ਛੱਡਿਆ ਸੀ। ਜਾਦੂ ਦੇ ਸ਼ੋਅ ਵਿੱਚ ਕੀ ਪਤਾ ਕਦੋਂ ਕੀ ਹੋ ਜਾਵੇ!
ਮੈਨੂੰ ਅਜੇ ਵੱਡੇ ਸੁਆਲ ਦੇ ਜੁਆਬ ਦਾ ਇੰਤਜ਼ਾਰ ਸੀ: ਨੋਟਬੰਦੀ ਤਾਂ ਹੋ ਗਈ, ਹੁਣ ਲੁੱਟਬੰਦੀ ਕਦੋਂ ਹੋਏਗੀ? ਕਾਲੇ ਧਨ ਦੇ ਰਾਖਸ਼ ਦੇ ਬਾਕੀ ਸਿਰਿਆਂ ‘ਤੇ ਕਦੋਂ ਹਮਲਾ ਬੋਲਿਆ ਜਾਏਗਾ? ਕਾਲੇ ਧਨ ਨੂੰ ਹੀਰੇ-ਜਵਾਹਰਾਤ, ਪ੍ਰਾਪਰਟੀ ਅਤੇ ਸ਼ੇਅਰ ਦੇ ਰੂਪ ਵਿੱਚ ਰੱਖਣ ਵਾਲਿਆਂ ਦਾ ਨੰਬਰ ਕਦੋਂ ਆਏਗਾ? ਵਿਦੇਸ਼ ਤੋਂ ਕਾਲੇ ਧਨ ਨੂੰ ਸਫ਼ੈਦ ਕਰਨ ਦਾ ਧੰਦਾ ਕਦੋਂ ਰੁਕੇਗਾ? ਅਤੇ ਇਸ ਦਸ਼ਾਨਨ ਦੀ ਧੁੰਨੀ, ਮਤਲਬ ਰਾਜਨੀਤੀ ਦੀ ਫੰਡਿੰਗ ‘ਤੇ ਕਦੋਂ ਹਮਲਾ ਹੋਏਗਾ? ਪਾਰਟੀਆਂ ‘ਤੇ ਕਦੋਂ ਪਾਬੰਦੀ ਲੱਗੇਗੀ?
ਇਸ ਵਾਰ ਜਾਦੂਗਰ ਨੇ ਫਿਰ ਛੜੀ ਘੁੰਮਾਈ, ਪਰ ਕੁਝ ਨਹੀਂ ਹੋਇਆ। ਇਸ ਵਾਰ ਪਰਦੇ ‘ਤੇ ਖ਼ੁਦ ਨਰੇਂਦਰ ਮੋਦੀ ਹੀ ਦਿਖਾਈ ਦੇ ਰਹੇ ਸਨ। ਤਰ੍ਹਾਂ-ਤਰ੍ਹਾਂ ਦੇ ਅੰਕੜੇ ਦੇ ਰਹੇ ਸਨ, ਬਸ ਉਹ ਅੰਕੜੇ ਨਹੀਂ ਦੱਸ ਰਹੇ ਸਨ ਜੋ ਸਾਰਾ ਦੇਸ਼ ਪੁੱਛ ਰਿਹਾ ਸੀ। ਪੰਜਾਹ ਦਿਨ ਦੇ ਬਾਅਦ ਜੁਆਬ ਦੇਣ ਦੀ ਬਜਾਏ ਸੁਆਲ ਪੁੱਛ ਰਹੇ ਸਨ। ਕਾਲੇ ਧਨ ਦੇ ਸਭ ਤੋਂ ਵੱਡੇ ਸੁਆਲ ‘ਤੇ ਚੁੱਪ ਸਨ। ਬਾਕੀ ਸਭ ‘ਤੇ ਬੰਦਿਸ਼ਾਂ ਲਗਾਉਣ ਵਾਲੇ ਆਪਣੇ ਆਪ ‘ਤੇ ਕੁਝ ਪਾਬੰਦੀ ਲਗਾਉਣ ਦੀ ਗੱਲ ਤੋਂ ਕੰਨੀ ਕਤਰਾ ਰਹੇ ਸਨ। ਰਾਜਨੀਤੀ ਦੀ ਫੰਡਿੰਗ ਬਾਰੇ ਸਿਰਫ਼ ਇੰਨਾ ਕਿਹਾ ਕਿ ਸਾਰੀਆਂ ਪਾਰਟੀਆਂ ਮਿਲ ਕੇ ਇੱਕ ਰਾਏ ਬਣਾਉਣ। ਪਰ ਵਪਾਰੀਆਂ ਅਤੇ ਆਮ ਜਨਤਾ ਨੂੰ ਵੀ ਇਹ ਸਹੂਲਤ ਕਿਉਂ ਨਾ ਮਿਲੇ ਕਿ ਉਹ ਖ਼ੁਦ ਫ਼ੈਸਲਾ ਕਰਨ ਕਿ ਉਨ੍ਹਾਂ ‘ਤੇ ਕੀ ਪਾਬੰਦੀ ਲੱਗੇ? ਰਾਜਨੀਤਕ ਸੁਧਾਰ ਦੇ ਮੁੱਦੇ ਨੂੰ ਘੁੰਮਾਉਣ ਲਈ ਪ੍ਰਧਾਨ ਮੰਤਰੀ ਨੇ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਇਕੱਠੀਆਂ ਕਰਾਉਣ ਦਾ ਸ਼ਗੂਫ਼ਾ ਦੁਹਰਾ ਦਿੱਤਾ। ਇਸ ਦਾ ਨੋਟਬੰਦੀ ਅਤੇ ਕਾਲੇ ਧਨ ਨਾਲ ਕੀ ਸਬੰਧ?
ਕਾਲੇ ਧਨ ਦਾ ਸੁਆਲ ਮੰਚ ‘ਤੇ ਖੜ੍ਹਾ ਸੀ, ਜਾਦੂਗਰ ਉਸ ਨੂੰ ਗ਼ਾਇਬ ਕਰਨ ਵਾਲਾ ਕਾਲਾ ਜਾਦੂ ਲਗਾ ਰਿਹਾ ਸੀ, ਪਰ ਗੱਲ ਬਣ ਨਹੀਂ ਰਹੀ ਸੀ। ਤਲਿਸਮ ਟੁੱਟ ਗਿਆ ਸੀ, ਹੱਥ ਦੀ ਸਫ਼ਾਈ ਫੜੀ ਗਈ ਸੀ। ਜਾਦੂਗਰ ਮੰਚ ‘ਤੇ ਇਕੱਲਾ ਖੜ੍ਹਾ ਸੀ। ਹੁਣ ਵੀ ਕੁਝ-ਕੁਝ ਬੋਲ ਰਿਹਾ ਸੀ ‘ਚੰਪਾਰਣ ਦੇ ਗਾਂਧੀ’ ਵਾਲਾ ਮੰਤਰ ਲੱਗ ਰਿਹਾ ਸੀ, ਪਰ ਹੁਣ ਦਰਸ਼ਕ ਉਠ ਕੇ ਜਾਣ ਲੱਗੇ ਸਨ। ਜਾਦੂਗਰ ਨੇ ਅਚਾਨਕ ਸ਼ੋਅ ਖ਼ਤਮ ਕਰ ਦਿੱਤਾ।
ਮੈਂ ਵੀ ਉੱਠ ਖੜ੍ਹਾ ਹੋ ਗਿਆ। ਜਾਦੂਗਰ ਨੂੰ ਧੰਨਵਾਦ ਕਿਹਾ ਕਿ ਉਸ ਨੇ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ…ਕਾਲੇ ਧਨ ਦਾ ਮੁਕਾਬਲਾ ਕਾਲੇ ਜਾਦੂ ਨਾਲ ਨਹੀਂ ਹੋਏਗਾ। ਦਸ ਸਿਰ ਵਾਲੇ ਇਸ ਰਾਖਸ਼ ਦੀ ਧੁੰਨੀ ‘ਤੇ ਤੀਰ ਉਹ ਲੋਕ ਨਹੀਂ ਚਲਾਉਣਗੇ ਜਿਨ੍ਹਾਂ ਦੀ ਆਪਣੀ ਤਿਜੋਰੀ ਉੱਥੇ ਰੱਖੀ ਹੈ। ਇਹ ਕੰਮ ਤੁਹਾਨੂੰ ਅਤੇ ਮੈਨੂੰ ਹੀ ਕਰਨਾ ਹੋਏਗਾ। ਇਹੀ ਨਵੇਂ ਸਾਲ ਦਾ ਸੰਕਲਪ ਹੋਣਾ ਚਾਹੀਦਾ ਹੈ।