ਨਕੋਦਰ ਬੇਅਦਬੀ ਕਾਂਡ : ਪੀੜਤ ਪਰਿਵਾਰਾਂ ਵੱਲੋਂ ਐਕਸ਼ਨ ਟੇਕਨ ਰਿਪੋਰਟ 'ਤੇ ਵਿਧਾਨ ਸਭਾ 'ਚ ਬਹਿਸ ਕਰਾਉਣ ਦੀ ਮੰਗ

ਨਕੋਦਰ ਬੇਅਦਬੀ ਕਾਂਡ : ਪੀੜਤ ਪਰਿਵਾਰਾਂ ਵੱਲੋਂ ਐਕਸ਼ਨ ਟੇਕਨ ਰਿਪੋਰਟ 'ਤੇ ਵਿਧਾਨ ਸਭਾ 'ਚ ਬਹਿਸ ਕਰਾਉਣ ਦੀ ਮੰਗ

ਇਜ਼ਹਾਰ ਆਲਮ ਤੇ ਦਰਬਾਰਾ ਸਿੰਘ ਗੁਰੂ ਦੀ ਭੂਮਿਕਾ 'ਤੇ ਉਠਿਆ ਸਵਾਲ
ਦੋਸ਼ੀ ਪੁਲੀਸ ਅਧਿਕਾਰੀਆਂ ਵਿਰੁੱਧ ਕੇਸ ਦਰਜ ਕਰਨ ਦੀ ਮੰਗ

ਜਲੰਧਰ/ਏਟੀ ਬਿਊਰੋ :
ਨਕੋਦਰ ਬੇਅਦਬੀ ਕਾਂਡ ਦੇ ਪੀੜਤ ਪਰਿਵਾਰਾਂ ਨੇ 33 ਸਾਲਾਂ ਦੌਰਾਨ ਪਹਿਲੀ ਵਾਰ ਮੀਡੀਆ ਸਾਹਮਣੇ ਆ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਹੈ ਕਿ ਉਹ ਬੇਅਦਬੀ ਕਾਂਡ ਬਾਰੇ ਸੰਨ 2001 ਵਿਚ ਪੇਸ਼ ਕੀਤੀ ਗਈ ਰਿਪੋਰਟ 'ਤੇ ਕਾਰਵਾਈ ਕਰਵਾਉਣ ਲਈ ਐਕਸ਼ਨ ਟੇਕਨ ਰਿਪੋਰਟ ਵਿਧਾਨ ਸਭਾ ਵਿਚ ਰੱਖਣ। ਜ਼ਿਕਰਯੋਗ ਹੈ ਕਿ ਨਕੋਦਰ ਗੋਲੀਕਾਂਡ 'ਚ ਪੁਲੀਸ ਦੀਆਂ ਗੋਲੀਆਂ ਨਾਲ ਚਾਰ ਸਿੱਖ ਨੌਜਵਾਨ ਭਾਈ ਰਵਿੰਦਰ ਸਿੰਘ, ਭਾਈ ਬਲਧੀਰ ਸਿੰਘ, ਭਾਈ ਝਿਲਮਣ ਸਿੰਘ ਤੇ ਭਾਈ ਹਰਮਿੰਦਰ ਸਿੰਘ ਸ਼ਹੀਦ ਹੋ ਗਏ ਸਨ। ਇਨ੍ਹਾਂ ਵਿਚੋਂ ਰਵਿੰਦਰ ਸਿੰਘ ਦੇ ਪਿਤਾ ਬਲਦੇਵ ਸਿੰਘ ਲਿੱਤਰਾਂ, ਭਾਈ ਝਿਲਮਣ ਸਿੰਘ ਗੌਰਸੀਆਂ ਦੀ ਭੈਣ ਰਾਜਵਿੰਦਰ ਕੌਰ ਤੇ ਭਾਈ ਬਲਧੀਰ ਸਿੰਘ ਦੀ ਭੈਣ ਕਰਮਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ 33 ਸਾਲਾਂ ਤੋਂ ਇਨਸਾਫ ਦੀ ਉਡੀਕ ਕਰ ਰਹੇ ਹਨ। ਇਸ ਸਮੇਂ ਦੌਰਾਨ ਬਣੀਆਂ ਸੂਬਾ ਸਰਕਾਰਾਂ ਵਿਚੋਂ ਅਜੇ ਤਕ ਕਿਸੇ ਨੇ ਵੀ ਉਨ੍ਹਾਂ ਨੂੰ ਇਨਸਾਫ ਨਹੀਂ ਦਿੱਤਾ।
ਜ਼ਿਕਰਯੋਗ ਹੈ ਕਿ 2 ਫਰਵਰੀ 1986 ਨੂੰ ਨਕੋਦਰ ਦੇ ਇਕ ਗੁਰਦੁਆਰਾ ਸਾਹਿਬ ਵਿਚ ਪੰਜ ਬੀੜਾਂ ਸੜ ਗਈਆਂ ਸਨ। ਉਸ ਵਿਰੁੱਧ ਸਿੱਖਾਂ ਵਿਚ ਭਾਰੀ ਰੋਸ ਸੀ। ਜਦੋਂ ਸ਼ਾਂਤਮਈ ਢੰਗ ਨਾਲ 4 ਫਰਵਰੀ 1986 ਨੂੰ ਸਿੱਖ ਸੜੀਆਂ ਹੋਈਆਂ ਪੰਜ ਬੀੜਾਂ ਦੀ ਸਾਂਭ ਸੰਭਾਲ ਲਈ ਜਾ ਰਹੇ ਸਨ ਤਾਂ ਪੁਲੀਸ ਨੇ ਉਨ੍ਹਾਂ 'ਤੇ ਅੰਨੇਵਾਹ ਗੋਲੀਆਂ ਚਲਾ ਦਿੱਤੀਆਂ ਸਨ। ਇਸ ਘਟਨਾ ਵਿਚ ਉਪਰੋਕਤ ਚਾਰ ਸਿੱਖ ਨੌਜਵਾਨ ਸ਼ਹੀਦ ਹੋ ਗਏ ਸਨ। ਬਲਦੇਵ ਸਿੰਘ ਲਿੱਤਰਾਂ ਨੇ ਕਿਹਾ ਕਿ ਉਸ ਵੇਲੇ ਇਸ ਘਟਨਾ ਦੀ ਜਾਂਚ ਲਈ ਜਸਟਿਸ ਗੁਰਨਾਮ ਸਿੰਘ ਜਾਂਚ ਕਮਿਸ਼ਨ ਬਣਿਆ ਸੀ। ਉਸ ਦੀ ਰਿਪੋਰਟ ਜਨਤਕ ਨਹੀਂ ਸੀ ਕੀਤੀ ਗਈ। ਉਨ੍ਹਾਂ ਨੂੰ ਇਹ ਜਾਣ ਕੇ ਦੁੱਖ ਹੋਇਆ ਕਿ ਸਾਲ 2001 ਵਿਚ ਮੁੱਖ ਮੰਤਰੀ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਚੋਰੀ ਛੁਪੇ ਹੀ ਇਹ ਰਿਪੋਰਟ ਵਿਧਾਨ ਸਭਾ 'ਚ ਪੇਸ਼ ਕਰ ਦਿੱਤੀ ਸੀ। ਇਸ ਦੀ ਭਿਣਕ ਪੰਜਾਬ ਦੇ ਲੋਕਾਂ ਨੂੰ ਨਹੀਂ ਸੀ ਪੈਣ ਦਿੱਤੀ। ਰਿਪੋਰਟ ਵਿਚ ਸ਼ਾਮਲ ਪੁਲੀਸ ਤੇ ਹੋਰ ਅਧਿਕਾਰੀਆਂ ਦੀ ਕਾਰਗੁਜ਼ਾਰੀ 'ਤੇ ਉਂਗਲ ਉਠੀ ਸੀ। ਮੁੱਖ ਮੰਤਰੀ ਹੁੰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਰਿਪੋਰਟ ਵਿਚ ਕਥਿਤ ਤੌਰ 'ਤੇ ਦੋਸ਼ੀ ਪਾਏ ਗਏ ਇਨ੍ਹਾਂ ਅਧਿਕਾਰੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਸੀ ਕੀਤੀ। 
ਪੀੜਤ ਪਰਿਵਾਰਾਂ ਨੇ ਮੰਗ ਕੀਤੀ ਕਿ ਇਸ ਘਟਨਾ 'ਚ ਉਸ ਵੇਲੇ ਦੇ ਜਲੰਧਰ ਜ਼ਿਲ੍ਹੇ ਦੇ ਐਸਐਸਪੀ ਰਹੇ ਇਜ਼ਹਾਰ ਆਲਮ ਅਤੇ ਵਧੀਕ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਦੀ ਭੂਮਿਕਾ ਬਾਰੇ ਜਾਂਚ ਕੀਤੀ ਜਾਵੇ।  ਨਵੇਂ ਸਿਰੇ ਤੋਂ ਸਿੱਟ ਬਣਾਈ ਜਾਵੇ, ਦੋਸ਼ੀ ਪੁਲੀਸ ਅਧਿਕਾਰੀਆਂ ਵਿਰੁੱਧ ਕੇਸ ਦਰਜ ਕੀਤੇ ਜਾਣ।1986 ਵਿਚ ਵਾਪਰੀ ਇਸ ਘਟਨਾ ਦੌਰਾਨ ਕਰਫਿਊ ਲੱਗਾ ਹੋਣ ਦੇ ਬਾਵਜੂਦ ਸ਼ਿਵ ਸੈਨਾ ਵੱਲੋਂ ਸ਼ਹਿਰ 'ਚ ਮਾਰਚ ਕਰਕੇ ਭੜਕਾਹਟ ਪੈਦਾ ਕਰਨ ਦੇ ਮਾਮਲੇ ਨੂੰ ਵੀ ਘੋਖਿਆ ਜਾਵੇ। ਐਕਸ਼ਨ ਟੇਕਨ ਰਿਪੋਰਟ 'ਤੇ ਵਿਧਾਨ ਸਭਾ ਵਿਚ ਬਹਿਸ ਹੋਵੇ। ਬਲਦੇਵ ਸਿੰਘ ਲਿੱਤਰਾਂ ਨੇ ਕਿਹਾ ਕਿ 4 ਫਰਵਰੀ 1986 ਨੂੰ ਪੁਲੀਸ ਦੀਆਂ ਗੋਲੀਆਂ ਨਾਲ ਜਦੋਂ ਇਹ ਸਿੱਖ ਨੌਜਵਾਨ ਸ਼ਹੀਦ ਹੋ ਗਏ ਸਨ, ਤਾਂ ਉਨ੍ਹਾਂ ਨੇ ਆਪਣੇ ਪੁੱਤਰ ਸਮੇਤ ਬਾਕੀ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਪਛਾਣ ਲਿਆ ਸੀ ਤੇ ਉਹ ਸਾਰਾ ਦਿਨ ਲਾਸ਼ ਲੈਣ ਦੀ ਉਡੀਕ ਕਰਦੇ ਰਹੇ ਪਰ ਪੁਲੀਸ ਨੇ 5 ਫਰਵਰੀ 1986 ਨੂੰ ਸਵੇਰੇ 7.00 ਵਜੇ ਇਨ੍ਹਾਂ ਚਾਰੇ ਨੌਜਵਾਨਾਂ ਦੀਆਂ ਲਾਸ਼ਾਂ ਲਾਵਾਰਸ ਕਹਿ ਕੇ ਸਾੜ ਦਿੱਤੀਆਂ ਸਨ। ਰੋਸ ਵਜੋਂ ਲਾਏ ਗਏ ਧਰਨੇ ਦੌਰਾਨ ਸੁਰਜੀਤ ਸਿੰਘ ਐਸਪੀ ਦੇ, ਉਦੋਂ ਦੇ ਅਕਾਲੀ ਦਲ ਦੇ ਆਗੂ ਅਜੀਤ ਸਿੰਘ ਕੋਹਾੜ ਨੇ ਇਸ ਗੱਲੋਂ ਥੱਪੜ ਵੀ ਮਾਰਿਆ ਸੀ, ਜਦੋਂ ਉਸ ਨੇ ਐਸਐਸਪੀ ਇਜ਼ਹਾਰ ਆਲਮ, ਵਿਧਾਇਕ ਕੁਲਦੀਪ ਸਿੰਘ ਵਡਾਲਾ, ਸੁਰਜੀਤ ਸਿੰਘ ਮਿਨਹਾਸ ਅਤੇ ਸੁਰਿੰਦਰ ਸਿੰਘ ਥੰਮਣਵਾਲ ਦੀ ਹਾਜ਼ਰੀ ਵਿਚ ਕਿਹਾ ਸੀ ਕਿ ਜੋ ਉਸ ਨੇ ਕਰਨਾ ਸੀ ਕਰ ਦਿੱਤਾ।
ਬਾਦਲਾਂ 'ਤੇ 1984 ਦੰਗਿਆਂ ਦੇ ਨਾਂ 'ਤੇ ਸਿਆਸਤ ਕਰਨ ਦਾ ਦੋਸ਼ ਲਾਉਂਦਿਆਂ ਬਲਦੇਵ ਸਿੰਘ ਲਿੱਤਰਾਂ ਨੇ ਕਿਹਾ ਕਿ ਉਹ ਖਾਨਦਾਨੀ ਅਕਾਲੀ ਹਨ ਪਰ ਬਾਦਲਾਂ ਨੂੰ ਇਹ ਗੱਲ ਸਪੱਸ਼ਟ ਕਰਨੀ ਪਵੇਗੀ ਕਿ ਉਨ੍ਹਾਂ ਨੇ ਪੰਜਾਬ ਅੰਦਰਲੇ 'ਸੱਜਣ ਕੁਮਾਰਾਂ' ਤੇ 'ਜਗਦੀਸ਼ ਟਾਈਟਲਰਾਂ' ਨੂੰ ਕੁੱਛੜ ਕਿਉਂ ਚੁੱਕਿਆ ਹੋਇਆ ਹੈ? ਪੰਜਾਬ ਵਿਧਾਨ ਸਭਾ ਵਿਚ ਇਸ ਮਾਮਲੇ ਨੂੰ ਚੁੱਕਣ ਲਈ ਉਨ੍ਹਾਂ ਨੇ ਸੀਨੀਅਰ ਐਡਵੋਕੇਟ ਐਚਐਸ ਫੂਲਕਾ, ਕੰਵਰ ਸਿੰਘ ਸੰਧੂ, ਕੁਲਤਾਰ ਸਿੰਘ ਸੰਧਵਾਂ ਅਤੇ ਕੇਂਦਰ ਸਰਕਾਰ ਕੋਲ ਮਾਮਲੇ ਨੂੰ ਉਠਾਉਣ ਲਈ ਐਮਪੀ ਧਰਮਵੀਰ ਗਾਂਧੀ ਦਾ ਧੰਨਵਾਦ ਕੀਤਾ।