ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਬਾਗੀ ਸੁਰ ਕਾਰਨ ਕਾਂਗਰਸ ਪਾਰਟੀ ‘ਚੋਂ ਮੁਅੱਤਲ

ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਬਾਗੀ ਸੁਰ ਕਾਰਨ ਕਾਂਗਰਸ ਪਾਰਟੀ ‘ਚੋਂ ਮੁਅੱਤਲ

ਚੰਡੀਗੜ੍ਹ/ਬਿਊਰੋ ਨਿਊਜ਼ :

ਪੰਜਾਬ ਕਾਂਗਰਸ ਦੇ ਜ਼ੀਰਾ ਹਲਕੇ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਅਨੁਸ਼ਾਸਨਹੀਣਤਾ ਦੇ ਦੋਸ਼ ਤਹਿਤ ਪਾਰਟੀ ਦੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਹੈ।  ਇਸ ਤੋਂ ਪਹਿਲਾਂ ਉਸ ਨੂੰ ਪਾਰਟੀ ਦੁਆਰਾ ਇਕ ਨੋਟਿਸ ਭੇਜਿਆ ਗਿਆ ਸੀ। ਬੀਤੇ ਦਿਨ ਵਿਧਾਇਕ ਜ਼ੀਰਾ ਨੇ ਫਿਰੋਜ਼ਪੁਰ ਜ਼ਿਲੇ ਵਿਚ ਇਕ ਸਰਕਾਰੀ ਪ੍ਰੋਗ੍ਰਾਮ ਮੌਕੇ ਸਟੇਜ ਤੋਂ ਬੋਲਦਿਆਂ ਜ਼ਿਲ੍ਹੇ ਵਿਚ ਨਸ਼ੀਲੇ ਪਦਾਰਥ ਵਿਕਣ ਅਤੇ ਸਮਗਲਰਾਂ ਖਿਲਾਫ਼ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਾ ਕਰਨ ਦਾ ਮੁੱਦਾ ਚੁੱਕਿਆ ਸੀ ਅਤੇ ਸੀਨੀਅਰ ਪੁਲਿਸ ਅਫਸਰ” ਖਿਲਾਫ ਗੰਭੀਰ ਦੋਸ਼ ਲਗਾਉਂਦਿਆਂ ਪ੍ਰੋਗਰਾਮ ਦਾ ਵੀ ਬਾਈਕਾਟ ਕਰ ਦਿੱਤਾ ਸੀ। ਇੱਥੇ ਨਵੀਆਂ ਚੁਣੀਆਂ ਪੰਚਾਇਤਾਂ ਦੇ ਮੈਂਬਰਾਂ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਦੀ ਮੌਜੂਦਗੀ ਵਿਚ ਸਹੁੰ ਚੁਕਾਈ ਜਾ ਰਹੀ ਸੀ।
ਜ਼ੀਰਾ ਦੀ ਮੁਅੱਤਲੀ ਦਾ ਐਲਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਨੀਲ ਕੁਮਾਰ ਜਾਖੜ ਨੇ ਕੀਤਾ। ਉਨਾਂ ਕਿਹਾ ਕਿ ਪਾਰਟੀ ਨੇ ਉਸ ਨੂੰ ਅਨੁਸ਼ਾਸਨਹੀਣਤਾ ਕਾਰਨ ਮੁਅੱਤਲ ਕਰ ਦਿੱਤਾ ਹੈ। ਉਨਾਂ ਕਿਹਾ ਕਿ ਪਾਰਟੀ ਨੂੰ ਉਹਨਾਂ ਦੇ ਨੋਟਿਸ ਦਾ ਜਵਾਬ ਮਿਲਿਆ ਸੀ ਜੋ ਕਿ ਤਸੱਲੀਬਖਸ਼ ਨਹੀਂ ਸੀ। ਉਨ੍ਹਾਂ ਕਿਹਾ ਕਿ ਪਾਰਟੀ ਵਿਧਾਇਕ ਨੂੰ ਪਾਰਟੀ ਪੱਧਰ ‘ਤੇ ਹੀ ਇਹ ਮੁੱਦਾ ਚੁੱਕਣਾ ਚਾਹੀਦਾ ਸੀ। ਯਾਦ ਰਹੇ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮਾਰਚ 2017 ਵਿਚ ਸੱਤਾ ਵਿਚ ਆਉਣ ਤੋਂ ਬਾਅਦ ਪੰਜਾਬ ਦੀ ਕਾਂਗਰਸ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਸ ਵੱਲੋਂ ਰਾਜ ਵਿਚ ਨਸ਼ਾਖੋਰੀ ਨੂੰ ਖਤਮ ਕੀਤਾ ਜਾਵੇਗਾ।
ਵਿਧਾਇਕ ਜ਼ੀਰਾ ਦਾ ਮੋੜਵਾਂ ਹਮਲਾ : ਪੰਜਾਬ ਕਾਂਗਰਸ ਵੱਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕੀਤੇ ਕਾਂਗਰਸ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਸਿੱਧਾ ਹਮਲਾ ਬੋਲਿਆ ਹੈ। ਜ਼ੀਰਾ ਨੇ ਕਿਹਾ ਕਿ ਪਾਰਟੀ ਹਾਈਕਮਾਨ ਜਾਂ ਮੁੱਖ ਮੰਤਰੀ ਉਨ੍ਹਾਂ ਦੀ ਮੁਅੱਤਲੀ ਦਾ ਫੈਸਲਾ ਨਹੀਂ ਲੈ ਸਕਦੇ ਕਿਉਂਕਿ ਦੋਸ਼ਾਂ ਵਿਚ ਆਏ ਪੰਜਾਬ ਪੁਲਿਸ ਦੇ ਆਈਜੀ ਨੂੰ ਸੁਨੀਲ ਜਾਖੜ ਨੇ ਹੀ ਫਿਰੋਜ਼ਪੁਰ ਲਗਵਾਇਆ ਸੀ। ਇਸ ਲਈ ਹੋ ਸਕਦਾ ਹੈ ਕੇ ਜਾਖੜ ਨੇ ਦਬਾਅ ਵਿਚ ਆ ਕੇ ਇਹ ਫੈਸਲਾ ਲਿਆ ਹੋਵੇ। ਉਨ੍ਹਾਂ ਕਿਹਾ ਕਿ ਨਸ਼ੇ ਵਿਰੁੱਧ ਉਨ੍ਹਾਂ ਦੀ ਜੰਗ ਜਾਰੀ ਰਹੇਗੀ ਅਤੇ ਉਹ ਆਪਣੀ ਮੁਅੱਤਲੀ ਵਿਰੁੱਧ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਅਤੇ ਸ੍ਰੀਮਤੀ ਸੋਨੀਆ ਗਾਂਧੀ ਨੂੰ ਮਿਲਣਗੇ।  ਖਾਸ ਗੱਲ ਇਹ ਵੀ ਹੈ ਕਿ ਜ਼ੀਰਾ ਵੱਲੋਂ ਨਾਜਾਇਜ਼ ਸ਼ਰਾਬ ਦੀ ਵਿਕਰੀ ਦਾ ਮਾਮਲਾ ਚੁੱਕੇ ਜਾਣ ਤੋਂ ਬਾਅਦ ਫਿਰੋਜ਼ਪੁਰ ਵਿਚ ਸ਼ਰਾਬ ਦੇ ਨਾਜਾਇਜ਼ ਠੇਕਿਆਂ ਨੂੰ ਬੰਦ ਕਰਵਾਉਣ ਦੀ ਕਾਰਵਾਈ ਪ੍ਰਸ਼ਾਸਨ ਨੇ ਸ਼ੁਰੂ ਕਰ ਦਿੱਤੀ ਹੈ।  
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਕਾਂਗਰਸ ਦੇ ਜ਼ੀਰਾ ਅਸੰਬਲੀ ਹਲਕੇ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਪੰਚਾਂ ਸਰਪੰਚਾਂ ਦੇ ਸਹੁੰ ਚੁੱਕ ਸਮਾਗਮ ਵਿਚ ਫਿਰੋਜ਼ਪੁਰ ਪੁਲੀਸ ਦੇ ਆਈਜੀ ‘ਤੇ ਨਸ਼ਾ ਤਸਕਰਾਂ ਦਾ ਸਹਿਯੋਗ ਦੇਣ ਅਤੇ ਉਨ੍ਹਾਂ ਨੂੰ ਸ਼ਹਿ ਦੇਣ ਦੇ ਦੋਸ਼ ਲਾਏ ਸਨ। ਜਨਤਕ ਤੌਰ ਤੇ ਦੋਸ਼ ਲਾਉਣ ਵਿਰੁੱਧ ਵਿਧਾਇਕ ਜ਼ੀਰਾ ਵਿਰੁੱਧ ਕਾਰਵਾਈ ਹੋਈ ਅਤੇ ਉਨ੍ਹਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਗਿਆ । ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਧਾਇਕ ਜ਼ੀਰਾ ਨੇ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨਾਲ ਗੰਢ ਤੁੱਪ ਕਰਨ ਵਾਲੇ ਪੁਲਿਸ ਅਧਿਕਾਰੀਆਂ ਵਿਰੁੱਧ ਉਨ੍ਹਾਂ ਦੀ ਜੰਗ ਜਾਰੀ ਰਹੇਗੀ ਅਤੇ ਹੁਣ ਉਹ ਮੀਡੀਆ ਨੂੰ ਨਾਲ ਲੈ ਕੇ ਨਸ਼ੇ ਦੇ ਸੌਦਾਗਰਾਂ ਦਾ ਪਰਦਾਫਾਸ਼ ਕਰਨਗੇ।  
ਵਿਧਾਇਕ ਜ਼ੀਰਾ ਨੇ ਭੇਤ ਖੋਲ੍ਹਿਆ ਕਿ ਪੁਲੀਸ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ਉਹੀ ਅਫਸਰ ਹਨ, ਜਿਨ੍ਹਾਂ ਨੇ ਸੁਨੀਲ ਜਾਖੜ ਵੱਲੋ ਅਬੋਹਰ ਦੇ ਸ਼ਰਾਬ ਕਾਰੋਬਾਰੀ ਡੋਡਾ ਵਿਰੁੱਧ ਕਰਵਾਏ ਮੁਕੱਦਮਿਆਂ ਨੂੰ ਰੱਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸੱਚ ਬੋਲਿਆ , ਇਸੇ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜਦਕਿ ਉਸ ਸਮਾਰੋਹ ਵਿਚ ਆਈਜੀ ਵੀ ਬੋਲੇ ਸਨ ਪਰ ਉਨ੍ਹਾਂ ਵਿਰੁੱਧ ਤਾਂ ਕੋਈ ਕਾਰਵਾਈ ਨਹੀਂ ਕੀਤੀ ਗਈ।