ਕ੍ਰਿਸ ਲਿਨ ਤੇ ਗੰਭੀਰ ਦੇ ਤੂਫ਼ਾਨ ‘ਚ ਉਡਿਆ ਗੁਜਰਾਤ

ਕ੍ਰਿਸ ਲਿਨ ਤੇ ਗੰਭੀਰ ਦੇ ਤੂਫ਼ਾਨ ‘ਚ ਉਡਿਆ ਗੁਜਰਾਤ
ਕੈਪਸ਼ਨ-ਕੋਲਕਾਤਾ ਨਾਈਟ ਰਾਈਡਰਜ਼ ਦੇ ਹਰਫ਼ਨਮੌਲਾ ਯੂਸਫ ਪਠਾਨ (ਸੱਜੇ) ਗੁਜਰਾਤ ਲਾਇਨਜ਼ ਦੇ ਬੱਲੇਬਾਜ਼ ਜੇਸਨ ਰੌਏ ਦੀ ਵਿਕਟ ਡਿਗਣ ਦੀ ਸਾਥੀ ਖਿਡਾਰੀਆਂ ਨਾਲ ਖੁਸ਼ੀ ਮਨਾਉਂਦੇ ਹੋਏ।

ਰਾਜਕੋਟ/ਬਿਊਰੋ ਨਿਊਜ਼ :
ਕ੍ਰਿਸ ਲਿਨ ਅਤੇ ਗੌਤਮ  ਗੰਭੀਰ ਦੀਆਂ ਹਮਲਾਵਰ ਪਾਰੀਆਂ ਸਦਕਾ ਦੋ ਵਾਰ ਦੀ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਨੇ ਗੁਜਰਾਤ ਲਾਇਨਜ਼ ਨੂੰ 10 ਵਿਕਟਾਂ ਨਾਲ ਹਰਾ ਕੇ ਸ਼ਾਂਨਦਾਰ ਜਿੱਤ ਹਾਸਲ ਕੀਤੀ ਹੈ। ਕ੍ਰਿਸ ਲਿਨ ਨੇ 93 ਅਤੇ ਗੰਭੀਰ ਨੇ 72 ਦੌੜਾ ਬਣਾਈਆਂ।  ਜਿੱਤ ਲਈ 184 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦੋਨਾਂ ਸਲਾਮੀ ਬੱਲੇਬਾਜ਼ਾਂ ਨੇ 184 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ।
ਇਸ ਤੋਂ ਪਹਿਲਾਂ ਇੱਥੇ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਦੇ ਸਟੇਡੀਅਮ ਵਿੱਚ ਗੁਜਰਾਤ ਲਾਇਨਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਦਰਮਿਆਨ ਖੇਡੇ ਗਏ ਆਈਪੀਐਲ ਦਸ ਦੇ ਤੀਜੇ ਮੈਚ ਵਿੱਚ ਗੁਜਰਾਤ ਲਾਇਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਚਾਰ ਵਿਕਟਾਂ ਦੇ ਨੁਕਸਾਨ ‘ਤੇ 183 ਦੌੜਾਂ ਬਣਾਈਆਂ। ਟਾਸ ਜਿੱਤ ਕੇ ਕੇਕੇਆਰ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਗੁਜਰਾਤ ਲਾਇਨਜ਼ ਵੱਲੋਂ ਜੇਸਨ ਰੌਏ ਅਤੇ ਬਰੈਂਡਨ ਮੈਕੁਲਮ ਨੇ ਤੇਜ਼ ਤਰਾਰ ਸ਼ੁਰੂਆਤ ਕੀਤੀ ਤੇ ਰੌਏ ਨੇ 12 ਗੇਂਦਾਂ ਵਿੱਚ ਤਿੰਨ ਚੌਕਿਆਂ ਦੀ ਮਦਦ ਨਾਲ 14 ਦੌੜਾਂ ਬਣਾਈਆਂ। ਪਰ ਉਹ ਚੌਥੇ ਓਵਰ ਵਿੱਚ ਪਿਊਸ਼ ਚਾਵਲਾ ਦੀ ਗੇਂਦ ‘ਤੇ ਯੂਸੁਫ ਪਠਾਣ ਹੱਥੋਂ ਕੈਚ ਆਊਟ ਹੋ ਗਿਆ। ਉਧਰ ਉਸ ਦੇ ਨਾਲ ਬੱਲੇਬਾਜ਼ੀ ਕਰਨ ਉੱਤਰੇ ਮੈਕੁਲਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਛੱਕਿਆਂ ਤੇ ਚਾਰ ਚੌਕਿਆਂ ਦੀ ਮਦਦ ਨਾਲ 24 ਗੇਂਦਾਂ ਵਿੱਚ 35 ਦੌੜਾਂ ਬਣਾਈਆਂ। ਪਰ ਉਹ ਨੌਵੇਂ ਓਵਰ ਵਿੱਚ ਕੁਲਦੀਪ ਯਾਦਵ ਦੀ ਗੇਂਦ ‘ਤੇ ਐਲਬੀਡਬਲਿਊ ਆਊਟ ਹੋ ਗਿਆ ਤੇ ਟੀਮ ਦਾ ਸਕੋਰ ਦੋ ਵਿਕਟਾਂ ਦੇ ਨੁਕਸਾਨ ‘ਤੇ 72 ਦੌੜਾਂ ਹੋ ਗਿਆ। ਮੈਕੁਲਮ ਦੇ ਆਊਟ ਹੋਣ ‘ਤੇ ਗੁਜਰਾਤ ਲਾਇਨਜ਼ ਦੀ ਪਾਰੀ ਸਾਂਭਣ ਆਏ ਐਰੋਨ ਫਿੰਚ ਨੇ ਅੱਠ ਗੇਂਦਾਂ ਵਿੱਚ ਦੋ ਛੱਕੇ ਜੜਦਿਆਂ ਕੁਲ 15 ਦੌੜਾਂ ਬਣਾਈਆਂ, ਪਰ ਉਹ ਵੀ ਗਿਆਰਵੇਂ ਓਵਰ ਵਿੱਚ ਕੁਲਦੀਪ ਯਾਦਵ ਦੀ ਗੇਂਦ ‘ਤੇ ਸੁਰਿਆ ਕੁਮਾਰ ਹੱਥੋਂ ਕੈਚ ਆਊਟ ਹੋ ਗਿਆ। ਬਾਰ੍ਹਾਂ ਓਵਰਾਂ ਤੱਕ ਸੁਰੇਸ਼ ਰੈਨਾ ਤੇ ਦਿਨੇਸ਼ ਕਾਰਤਿਕ ਕਰੀਜ਼ ‘ਤੇ ਡਟੇ ਹੋਏ ਸਨ। ਰੈਨਾ ਨੇ ਉਦੋਂ ਤੱਕ ਚਾਰ ਚੌਕੇ ਜੜਦਿਆਂ 25 ਗੇਂਦਾਂ ਵਿੱਚ 34 ਦੌੜਾਂ ਬਣਾਈਆਂ ਸਨ। ਕਪਤਾਨ ਰੈਨਾ ਅਤੇ ਕਾਰਤਿਕ ਨੇ ਪਾਰੀ ਨੂੰ ਸਾਂਭਦਿਆਂ ਸੌਲ੍ਹਾਂ ਓਵਰਾਂ ਤੱਕ ਸਕੋਰ ਤਿੰਨ ਵਿਕਟਾਂ ‘ਤੇ 133 ਤੱਕ ਪੁਚਾ ਦਿੱਤਾ। 17ਵੇਂ ਓਵਰ ਤੱਕ ਰੈਨਾ ਨੇ 43 ਗੇਂਦਾਂ ਖੇਡਦਿਆਂ 52 ਦੌੜਾਂ ਬਣਾਈਆਂ, ਜਿਨ੍ਹਾਂ ਵਿੱਚ ਚਾਰ ਚੌਕੇ ਸ਼ਾਮਲ ਹਨ। ਉਦੋਂ ਤੱਕ ਕਾਰਤਿਕ ਨੇ 15 ਗੇਂਦਾਂ ਵਿੱਚ ਦੋ ਚੌਕਿਆਂ ਤੇ ਇੱਕ ਛੱਕੇ ਦੀ ਬਦੌਲਤ 23 ਦੌੜਾਂ ਬਣਾਈਆਂ ਸਨ। ਇਨ੍ਹਾਂ ਦੋਹਾਂ ਨੇ ਤੇਜ਼ ਤਰਾਰ ਖੇਡ ਜਾਰੀ ਰੱਖਦਿਆਂ 20ਵੇਂ ਓਵਰ ਦੀ ਚੌਥੀ ਗੇਂਦ ਤੱਕ ਸਕੋਰ 179 ਤੱਕ ਪੁਚਾ ਦਿੱਤਾ। ਕਾਰਤਿਕ ਨੇ ਕੁਲ 25 ਗੇਂਦਾਂ ਖੇਡਦਿਆਂ 47 ਦੌੜਾਂ ਬਣਾਈਆਂ, ਜਿਸ ਵਿੱਚ ਛੇ ਚੌਕੇ ਤੇ ਦੋ ਛੱਕੇ ਸ਼ਾਮਲ ਹਨ। ਰੈਨਾ ਨੇ 51 ਗੇਂਦਾਂ ਵਿੱਚ ਨਾਬਾਦ 68 ਦੌੜਾਂ ਬਣਾਈਆਂ। ਉਸ ਨੇ ਕੁੱਲ 7 ਚੌਕੇ ਜੜੇ। ਦਿਨੇਸ਼ ਕਾਰਤਿਕ 20ਵੇਂ ਓਵਰ (ਟਰੈਂਟ ਬੋਲਟ) ਦੀ ਪੰਜਵੀਂ ਗੇਂਦ ‘ਤੇ ਸੁਰਿਆ ਕੁਮਾਰ ਨੂੰ ਕੈਚ ਦੇ ਬੈਠਿਆ। ਗੁਜਰਾਤ ਲਾਇਨਜ਼ ਨੇ 20 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ‘ਤੇ ਕੁਲ 183 ਦੌੜਾਂ ਬਣਾਈਆਂ।
ਕੇਕੇਆਰ ਵੱਲੋਂ ਬੋਲਟ ਨੇ ਚਾਰ ਓਵਰਾਂ ਵਿੱਚ 40 ਦੌੜਾਂ ਦੇ ਕੇ ਇੱਕ ਵਿਕਟ ਝਟਕਾਈ। ਕੁਲਦੀਪ ਯਾਦਵ ਨੇ ਚਾਰ ਓਵਰਾਂ ਵਿੱਚ 25 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਤੇ ਪਿਊਸ਼ ਚਾਵਲਾ ਨੇ ਚਾਰ ਓਵਰਾਂ ਵਿੱਚ 33 ਦੌੜਾਂ ਦੇ ਕੇ ਇੱਕ ਵਿਕਟ ਝਟਕਾਈ। ਪਰ ਯੂਸੁਫ ਪਠਾਣ, ਸੁਨੀਲ ਅਤੇ ਕਰਿਸ ਵੋਕਸ ਇੱਕ ਵੀ ਵਿਕਟ ਲੈਣ ਵਿੱਚ ਕਾਮਯਾਬ ਨਹੀਂ ਹੋ ਸਕੇ।