ਗਿਆਨੀ ਗੁਰਬਚਨ ਸਿੰਘ ਨੇ ਰਾਜੋਆਣਾ ਨਾਲ ਕੀਤੀ ਮੁਲਾਕਾਤ
ਕੈਪਸ਼ਨ-ਪਟਿਆਲਾ ਜੇਲ੍ਹ ਵਿੱਚ ਰਾਜੋਆਣਾ ਨਾਲ ਮੁਲਾਕਾਤ ਕਰਦੇ ਹੋਏ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ।
ਪਟਿਆਲਾ/ਬਿਊਰੋ ਨਿਊਜ਼ :
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰੰਘ ਨੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਤਹਿਤ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਰਾਜੋਆਣਾ ਨੇ ਸੁਣਵਾਈ ਅਧੀਨ ਪਏ ਆਪਣੇ ਕੇਸ ਦੇ ਜਲਦੀ ਨਿਬੇੜੇ ਸਮੇਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਲਈ ਚਾਰਾਜੋਈ ‘ਤੇ ਜ਼ੋਰ ਦਿੱਤਾ, ਜਿਸ ਦੀ ਜਥੇਦਾਰ ਨੇ ਵੀ ਪ੍ਰੋੜ੍ਹਤਾ ਕੀਤੀ।
ਇਸ ਮੁਲਾਕਾਤ ਬਾਰੇ ਗਿਆਨੀ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਉਹ ਰਾਜੋਆਣਾ ਦਾ ਹਾਲ-ਚਾਲ ਪੁੱਛਣ ਗਏ ਸਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਹੀ ਰਾਜੋਆਣਾ ਦੇ ਕੇਸ ਦੀ ਪੈਰਵੀ ਕਰ ਰਹੀ ਹੈ ਤੇ ਉਹ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨਾਲ ਗੱਲ ਕਰਨਗੇ। ਉਨ੍ਹਾਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਮੂਹ ‘ਸਿੰਘਾਂ’ ਦੀ ਰਿਹਾਈ ‘ਤੇ ਵੀ ਜ਼ੋਰ ਦਿੱਤਾ। ਇਸ ਕੇਸ ਅਧੀਨ ਹੀ ਤਿਹਾੜ ਜੇਲ੍ਹ ਦਿੱਲੀ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨਾਲ ਮੁਲਾਕਾਤ ਸਬੰਧੀ ਸਵਾਲ ਉਤੇ ਉਨ੍ਹਾਂ ਕਿਹਾ ਕਿ ਜੇ ਲੋੜ ਹੋਈ ਤਾਂ ਉਹ ਭਾਈ ਹਵਾਰਾ ਨੂੰ ਵੀ ਮਿਲਣਗੇ। ਯਾਦ ਰਹੇ ਕਿ ਭਾਈ ਹਵਾਰਾ ਨੂੰ ਸਰਕਾਰ ਵਿਰੋਧੀ ਧਿਰਾਂ ਨੇ ਅਕਾਲ ਤਖ਼ਤ ਸਾਹਿਬ ਦਾ ਮੁਤਵਾਜ਼ੀ ਜਥੇਦਾਰ ਚੁਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਰਾਜੋਆਣਾ ਵੱਲੋਂ ਸ਼੍ਰੋਮਣੀ ਕਮੇਟੀ ਨੇ ਰਾਸ਼ਟਰਪਤੀ ਕੋਲ ‘ਰਹਿਮ ਦੀ ਅਪੀਲ’ ਦਾਇਰ ਕੀਤੀ ਸੀ। ਇਸ ਅਪੀਲ ਦਾ ਨਿਬੇੜਾ ਨਾ ਹੋਣ ਦੇ ਰੋਸ ਵਜੋਂ ਰਾਜੋਆਣਾ ਨੇ ਪਿਛਲੇ ਸਾਲ ਮਰਨ ਵਰਤ ਵੀ ਰੱਖਿਆ ਸੀ। ਰਾਜੋਆਣਾ ਇਸ ਗੱਲੋਂ ਨਾਰਾਜ਼ ਹੈ ਕਿ ਕਈ ਮਹੀਨਿਆਂ ਵਿੱਚ ਸ਼੍ਰੋਮਣੀ ਕਮੇਟੀ ਰਾਸ਼ਟਰਪਤੀ ਤੋਂ ਮਿਲਣ ਦਾ ਸਮਾਂ ਹੀ ਨਹੀਂ ਲੈ ਸਕੀ। ਭਾਵੇਂ ਅੰਦਰਲੀ ਗੱਲ ਤਾਂ ਸਾਹਮਣੇ ਨਹੀਂ ਆ ਸਕੀ ਪਰ ਜਥੇਦਾਰ ਦੀ ਇਸ ਮੁਲਾਕਾਤ ਨੂੰ ਇਸ ‘ਪੇਚੀਦਾ’ ਹਾਲਾਤ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਇਸ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦਾ ਕਹਿਣਾ ਹੈ ਕਿ ਇਸ ਮੰਤਵ ਲਈ ਬਣਾਈ ਕਮੇਟੀ ਵੱਲੋਂ ਕੇਸ ਦੀ ਪੈਰਵੀ ਲਈ ਕੋਸ਼ਿਸ਼ਾਂ ਜਾਰੀ ਹਨ। ਰਾਸ਼ਟਰਪਤੀ ਨੂੰ ਪੱਤਰ ਲਿਖਣ ਸਮੇਤ ਦੋ ਯਾਦ ਪੱਤਰ ਵੀ ਭੇਜੇ ਜਾ ਚੁੱਕੇ ਹਨ। ਦਿੱਲੀ ਦੇ ਇਕ ਸ਼੍ਰੋਮਣੀ ਕਮੇਟੀ ਮੈਂਬਰ ਦੀ ਵੀ ਉਥੇ ਤਾਲਮੇਲ ਲਈ ਡਿਊਟੀ ਲਾਈ ਹੋਈ ਹੈ।
Comments (0)