ਸ਼੍ਰੋਮਣੀ ਕਮੇਟੀ ਸਾਬਤ ਸੂਰਤ ਖਿਡਾਰੀਆਂ ਦਾ ਕਰੇਗੀ ਸਨਮਾਨ

ਸ਼੍ਰੋਮਣੀ ਕਮੇਟੀ ਸਾਬਤ ਸੂਰਤ ਖਿਡਾਰੀਆਂ ਦਾ ਕਰੇਗੀ ਸਨਮਾਨ

ਕੈਪਸ਼ਨ-ਟੂਰਨਾਮੈਂਟ ਦਾ ਪੋਸਟਰ ਰਿਲੀਜ਼ ਕੀਤੇ ਜਾਣ ਦਾ ਦ੍ਰਿਸ਼। 
ਪਟਿਆਲਾ/ਬਿਊਰੋ ਨਿਊਜ਼ :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੌਮਾਂਤਰੀ ਪੱਧਰ ‘ਤੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਗੁਰਸਿੱਖ ਖਿਡਾਰੀਆਂ ਦਾ ਸਨਮਾਨ ਕਰੇਗੀ। ਇਸ ਕਾਰਜ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ, ਜਿਹੜੀ ਸਾਬਤ-ਸੂਰਤ ਸਿੱਖ ਖਿਡਾਰੀਆਂ ਦੀ ਚੋਣ ਕਰੇਗੀ। ਇਹ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਅਲੀਵਾਲ ਦੇ 12ਵੇਂ ਸਾਲਾਨਾ ਕਬੱਡੀ ਮੇਲੇ ਦਾ ਪੋਸਟਰ ਜਾਰੀ ਕਰਨ ਮੌਕੇ ਦਿੱਤੀ।
ਸ੍ਰੀ ਬਡੂੰਗਰ ਨੇ ਕਿਹਾ ਕਿ ਓਲੰਪਿਕ ਅਤੇ ਏਸ਼ਿਆਈ ਖੇਡਾਂ ਵਿੱਚ ਸਾਲ 2014 ਤੋਂ 2017 ਤੱਕ ਜਿਹੜੇ ਗੁਰਸਿੱਖ ਖਿਡਾਰੀਆਂ ਨੇ ਮੱਲਾਂ ਮਾਰੀਆਂ ਹਨ, ਉਨ੍ਹਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਨ੍ਹਾਂ ਖਿਡਾਰੀਆਂ ਦਾ ਵਿਸੇਸ਼ ਸਨਾਮਾਨ ਕਰੇਗੀ। ਉਨ੍ਹਾਂ ਕਿਹਾ ਕਿ ਸਿਹਤਮੰਦ ਜ਼ਿੰਦਗੀ ਲਈ ਖੇਡਾਂ ਵਿੱਚ ਹਿੱਸਾ ਲੈਣਾ ਜ਼ਰੂਰੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੌਜਵਾਨਾਂ ਨੂੰ ਖ਼ਾਲਸਈ ਖੇਡਾਂ ਨਾਲ ਜੋੜਨ ਦਾ ਉਪਰਾਲਾ ਕਰ ਰਹੀ ਹੈ। ਪਿੰਡ ਅਲੀਵਾਲ ਵੱਲੋਂ ਖੇਡਾਂ ਸਬੰਧੀ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ।
ਖੇਡ ਮੇਲੇ ਦੇ ਪ੍ਰਬੰਧਕ ਕੁਲਜੀਤ ਸਿੰਘ ਮੱਲ੍ਹੀ ਨੇ ਦੱਸਿਆ ਕਿ ਪਿੰਡ ਅਲੀਵਾਲ ਦੇ ਸਟੇਡੀਅਮ ਵਿੱਚ 27-28 ਮਾਰਚ ਨੂੰ ਪਰਵਾਸੀ ਪੰਜਾਬੀਆਂ, ਨਹਿਰੂ ਯੁਵਾ ਕੇਂਦਰ, ਪੰਜ-ਆਬ ਸੇਵਾ ਮੰਚ, ਗਰਾਮ ਪੰਚਾਇਤ, ਇਲਾਕਾ ਵਾਸੀਆਂ ਅਤੇ ਮੱਲ੍ਹੀ ਪਰਿਵਾਰਾਂ ਦੇ ਸਹਿਯੋਗ ਨਾਲ ਕਬੱਡੀ ਮੇਲਾ ਕਰਵਾਇਆ ਜਾ ਰਿਹਾ ਹੈ। ਮੇਲੇ ਦਾ ਉਦਘਾਟਨ 27 ਮਾਰਚ ਨੂੰ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਕਰਨਗੇ ਤੇ ਇਨਾਮ ਵੰਡਣ ਦੀ ਰਸਮ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨਿਭਾਉਣਗੇ।