ਸਾਬਕਾ ਅਕਾਲੀ ਮੰਤਰੀ ਗੁਰਦੇਵ ਸਿੰਘ ਬਾਦਲ ਨਹੀਂ ਰਹੇ

ਸਾਬਕਾ ਅਕਾਲੀ ਮੰਤਰੀ ਗੁਰਦੇਵ ਸਿੰਘ ਬਾਦਲ ਨਹੀਂ ਰਹੇ

ਲੁਧਿਆਣਾ/ਬਿਊਰੋ ਨਿਊਜ਼:
ਪੰਜਾਬ ਦੇ ਸਾਬਕਾ ਖੇਤੀਬਾੜੀ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਸ.ਗੁਰਦੇਵ ਸਿੰਘ ਬਾਦਲ ਨਹੀਂ ਰਹੇ। ਉਹ 85 ਸਾਲਾਂ ਦੇ ਸਨ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਰਹਿਣ ਬਾਅਦ ਮੰਗਲਵਾਰ ਨੂੰ ਲੁਧਿਆਣਾ ਦੇ ਦਯਾ ਨੰਦ ਮੈਡੀਕਲ ਕਾਲਜ ਹਸਪਤਾਲ ਵਿੱਚ ਦਮ ਤੋੜ ਗਏ। ਉਨ੍ਹਾਂ ਦਾ ਕਾਫ਼ੀ ਸਮੇਂ ਉੱਥੇ ਇਲਾਜ ਚੱਲ ਰਿਹਾ ਸੀ।
ਫਰੀਦਕੋਟ ਜਿਲ੍ਹੇ ਦੇ ਪੰਜ ਗਰਾਈਆਂ ਹਲਕੇ ਤੋ ਪੰਜ ਵਾਰ ਵਿਧਾਇਕ ਰਹੇ ਦਲਿਤ ਨੇਤਾ ਸ. ਗੁਰਦੇਵ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਦੇ ਬੜੇ ਨੇੜਲਿਆਂ ਵਿਚੋਂ ਸਨ। ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਲਈ ਪਹਿਲੀ ਚੋਣ 1977 ਵਿੱਚ ਲੜੀ। ਇੱਥੋਂ ਜਿੱਤਣ ਬਾਅਦ ਉਹ 1980, 1985, 1997 ਅਤੇ 2002 ਵਿੱਚ ਵੀ ਜੇਤੂ ਰਹੇ।
ਪਰ ਸੰਨ 2007 ਦੀਆਂ ਚੋਣਾਂ ਵਿੱਚ ਉਹ ਕਾਂਗਰਸੀ ਉਮੀਦਵਾਰ ਜੋਗਿੰਦਰ ਸਿੰਘ ਹੱਥੋਂ ਹਾਰ ਗਏ। ਇਸ ਸਾਲ ਫਰਵਰੀ ਵਿੱਚ ਹੋਈਆਂ ਚੋਣਾਂ ‘ਚ ਪੰਜ ਗਰਾਈਆਂ ਦੀ ਥਾਂ ਜੈਤੋ ਰੀਜ਼ਰਵ ਸੀਟ ਹੋਣ ਕਾਰਨ ਉਨ੍ਹਾਂ ਦੀ ਥਾਂ ਉਨ੍ਹਾਂ ਦੇ ਪੁੱਤਰ ਸੂਬਾ ਸਿੰਘ ਬਾਦਲ ਨੇ ਚੋਣ ਲੜੀ ਪਰ ਉਹ ਵੀ ਹਾਰ ਗਿਆ।