ਭਾਰੀ ਹੰਗਾਮੇ ਮਗਰੋਂ ਪਲਾਨੀਸਵਾਮੀ ਨੇ ਬਹੁਮੱਤ ਸਿੱਧ ਕੀਤਾ

ਭਾਰੀ ਹੰਗਾਮੇ ਮਗਰੋਂ ਪਲਾਨੀਸਵਾਮੀ ਨੇ ਬਹੁਮੱਤ ਸਿੱਧ ਕੀਤਾ

ਕੈਪਸ਼ਨ-ਡੀਐਮਕੇ ਵਿਧਾਇਕਾਂ ਵੱਲੋਂ ਤਾਮਿਲ ਨਾਡੂ ਅਸੈਂਬਲੀ ਵਿੱਚ ਪਾਏ ਰੌਲੇ ਰੱਪੇ ਦਾ ਦ੍ਰਿਸ਼।

ਚੇਨੱਈ/ਬਿਊਰੋ ਨਿਊਜ਼ :
ਤਾਮਿਲ ਨਾਡੂ ਵਿੱਚ ਮੁੱਖ ਮੰਤਰੀ ਦੀ ਕੁਰਸੀ ਲਈ ਚੱਲ ਰਹੀ ਕਸ਼ਮਕਸ਼ ਸ਼ਸ਼ੀਕਲਾ ਧੜੇ ਨਾਲ ਸਬੰਧਤ ਈ. ਪਲਾਨੀਸਵਾਮੀ ਵੱਲੋਂ ਭਰੋਸੇ ਦਾ ਮੱਤ ਹਾਸਲ ਕਰਨ ਨਾਲ ਖ਼ਤਮ ਹੋ ਗਈ। ਅੰਨਾ ਡੀਐਮਕੇ ਦੇ ਪਲਾਨੀਸਵਾਮੀ ਨੇ ਮੁੱਖ ਵਿਰੋਧੀ ਧਿਰ ਡੀਐਮਕੇ ਦੀ ਗ਼ੈਰਹਾਜ਼ਰੀ ਵਿੱਚ 122-11 ਦੇ ਅੰਕੜੇ ਨਾਲ ਬਹੁਮੱਤ ਹਾਸਲ ਕਰ ਲਿਆ। ਤਾਮਿਲ ਨਾਡੂ ਦੀ 234 ਮੈਂਬਰੀ ਵਿਧਾਨ ਸਭਾ ਵਿੱਚ ਡੀਐਮਕੇ ਕੋਲ 98 ਵਿਧਾਇਕ ਸਨ ਜਿਨ੍ਹਾਂ ਨੂੰ ਸਦਨ ਵਿੱਚ ਪਾਏ ਰੌਲੇ ਰੱਪੇ ਮਗਰੋਂ ਸਪੀਕਰ ਨੇ ਬਾਹਰ ਦਾ ਰਾਹ ਵਿਖਾ ਦਿੱਤਾ ਸੀ। ਉਧਰ ਸਾਬਕਾ ਮੁੱਖ ਮੰਤਰੀ ਪਨੀਰਸੇਲਵਮ ਧੜਾ ਆਪਣੇ ਹੱਕ ਵਿੱਚ 11 ਵੋਟਾਂ ਹੀ ਭੁਗਤਾ ਸਕਿਆ। ਰਾਜਪਾਲ ਵਿਦਿਆਸਾਗਰ ਰਾਓ ਨੇ ਬੀਤੇ ਦਿਨ ਪਲਾਨੀਸਵਾਮੀ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁਕਾਉਂਦਿਆਂ 15 ਦਿਨਾਂ ਦੇ ਅੰਦਰ ਆਪਣਾ ਬਹੁਮੱਤ ਸਾਬਤ ਕਰਨ ਲਈ ਕਿਹਾ ਸੀ। ਬਹੁਮੱਤ ਸਾਬਤ ਕਰਨ ਲਈ ਜੁੜੇ ਸਦਨ ਨੂੰ ਡੀਐਮਕੇ ਮੈਂਬਰਾਂ ਵੱਲੋਂ ਪਾਏ ਰੌਲੇ-ਰੱਪੇ ਤੇ ਸੱਤਾਧਾਰੀ ਵਿਧਾਇਕਾਂ ਨਾਲ ਕੀਤੀ ਖਿੱਚਧੂਹ ਕਰਕੇ ਦੋ ਵਾਰ ਮੁਲਤਵੀ ਕਰਨਾ ਪਿਆ। ਸਪੀਕਰ ਪੀ.ਧਨਪਾਲ ਤੇ ਵਿਰੋਧੀ ਧਿਰ ਦੇ ਆਗੂ ਐਮ.ਕੇ. ਸਟਾਲਿਨ ਨੇ ਰੌਲੇ ਦੌਰਾਨ ਉਨ੍ਹਾਂ ਦੀਆਂ ਕਮੀਜ਼ਾਂ ਪਾੜੇ ਜਾਣ ਦਾ ਦਾਅਵਾ ਕੀਤਾ ਹੈ। ਉਂਜ ਪਿਛਲੇ ਤਿੰਨ ਦਹਾਕਿਆਂ ਵਿਚ  ਤਾਮਿਲ ਨਾਡੂ ਵਿਚ ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਮੁੱਖ ਮੰਤਰੀ ਨੂੰ ਬਹੁਮੱਤ ਸਾਬਤ ਕਰਨਾ ਪਿਆ ਹੈ। ਇਸ ਤੋਂ ਪਹਿਲਾਂ ਜਦੋਂ ਬਹੁਮੱਤ ਸਾਬਤ ਕਰਨ ਲਈ ਅਸੈਂਬਲੀ ਜੁੜੀ ਤਾਂ ਸਪੀਕਰ ਪੀ. ਧਨਪਾਲ ਨੇ ਸਾਰੇ ਮੈਂਬਰਾਂ ਨੂੰ ਲੋੜੀਂਦੀ ਸੁਰੱਖਿਆ ਦੇਣ ਦਾ ਭਰੋਸਾ ਦਿੱਤਾ। ਇਸ ਦੌਰਾਨ ਡੀਐਮਕੇ ਮੈਂਬਰਾਂ ਤੇ ਪਨੀਰਸੇਲਵਮ ਧੜੇ ਵੱਲੋਂ ਭਰੋਸੇ ਦਾ ਮੱਤ ਹਾਸਲ ਕਰਨ ਲਈ ਕੀਤੀ ਗੁਪਤ ਮਤਦਾਨ ਦੀ ਮੰਗ ਨਾਲ ਅਸੈਂਬਲੀ ਵਿਚ ਰੌਲਾ ਪੈ ਗਿਆ। ਡੀਐਮਕੇ ਨੇ ਮੰਗ ਕੀਤੀ ਕਿ ਵਿਧਾਇਕਾਂ ਨੂੰ ਵੋਟ ਪਾਉਣ ਤੋਂ ਪਹਿਲਾਂ ਆਪੋ ਆਪਣੇ ਹਲਕੇ ਦੇ ਲੋਕਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ। ਸਪੀਕਰ ਨੇ ਵਿਰੋਧੀ ਧਿਰ ਦੀ ਇਸ ਮੰਗ ਨੂੰ ਸਿਰੇ ਤੋਂ ਨਕਾਰ ਦਿੱਤਾ। ਇਸ ਮਗਰੋਂ ਗੁੱਸੇ ਵਿੱਚ ਆਏ ਡੀਐਮਕੇ ਵਿਧਾਇਕਾਂ ਤੇ ਉਨ੍ਹਾਂ ਦੇ ਭਾਈਵਾਲਾਂ ਨੇ ਸਦਨ ਵਿੱਚ ਲੱਗੇ ਮਾਈਕ ਪੁੱਟ ਸੁੱਟੇ ਤੇ ਕੁਰਸੀਆਂ ਉਛਾਲੀਆਂ। ਉਨ੍ਹਾਂ ਉਥੇ ਪਏ ਕੁਝ ਦਸਤਾਵੇਜ਼ਾਂ ਨੂੰ ਵੀ ਪਾੜ ਸੁੱਟਿਆ। ਅਸੈਂਬਲੀ ਜੰਗ ਦਾ ਅਖਾੜਾ ਬਣ ਗਈ ਤੇ ਵਿਧਾਇਕਾਂ ਨੇ ਸਪੀਕਰ ਪੀ. ਧਨਪਾਲ ਨਾਲ ਧੱਕਾਮੁੱਕੀ ਵੀ ਕੀਤੀ। ਜਦੋਂ ਮਾਰਸ਼ਲਾਂ ਨੇ ਡੀਐਮਕੇ ਮੈਂਬਰਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਪਾਰਟੀ ਆਗੂ ਐਮ.ਕੇ. ਸਟਾਲਿਨ ਨੇ ‘ਖੁਦਕੁਸ਼ੀ’ ਕਰਨ ਦੀ ਚੇਤਾਵਨੀ ਦਿੱਤੀ। ਸਪੀਕਰ ਨਾਲ ਧੱਕਾਮੁੱਕੀ ਮਗਰੋਂ ਉਥੇ ਮੌਜੂਦ ਮਾਰਸ਼ਲ ਉਨ੍ਹਾਂ ਨੂੰ ਘੇਰਾ ਪਾ ਕੇ ਸਦਨ ਵਿਚੋਂ ਬਾਹਰ ਲੈ ਗਏ। ਇਸ ਹੱਥੋਪਾਈ ਵਿੱਚ ਸਪੀਕਰ ਤੇ ਸਟਾਲਿਨ ਦੋਵਾਂ ਦੀਆਂ ਕਮੀਜ਼ਾਂ ਪਾਟ ਗਈਆਂ। ਸਪੀਕਰ ਨੇ ਰੌਲੇ ਰੱਪੇ ਤੋਂ ਬਾਅਦ ਸਦਨ ਨੂੰ ਦੂਜੀ ਵਾਰ ਮੁਲਤਵੀ ਕਰਦਿਆਂ ਡੀਐਮਕੇ ਮੈਂਬਰਾਂ ਨੂੰ ਸਦਨ ਵਿਚੋਂ ਬਾਹਰ ਕਰ ਦਿੱਤਾ। ਉਂਜ ਇਸ ਸਾਰੇ ਰੌਲੇ ਰੱਪੇ ਦੌਰਾਨ ਡੀਐਮਕੇ ਮੁਖੀ ਐਮ. ਕਰੁਣਾਨਿਧੀ ਸਾਰੇ ਅਮਲ ਤੋਂ ਦੂਰ ਰਹੇ।
ਤਿੰਨ ਵਜੇ ਜਦੋਂ ਸਦਨ ਮੁੜ ਜੁੜਿਆ ਤਾਂ ਸਪੀਕਰ ਨੇ ਪਨੀਰਸੇਲਵਮ, ਕਾਂਗਰਸ ਵਿਧਾਇਕ ਦਲ ਦੇ ਆਗੂ ਕੇ.ਆਰ.ਰਾਮਾਸਾਮੀ ਤੇ ਆਈਯੂਐਮਐਲ ਮੈਂਬਰ ਅਬੂਬਾਕਰ ਨੂੰ ਵੋਟਿੰਗ ਤੋਂ ਪਹਿਲਾਂ ਸੰਖੇਪ ਵਿਚ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ। ਇਸ ਮਗਰੋਂ ਹੋਈ ਜ਼ੁਬਾਨੀ ਵੋਟਿੰਗ ਦੌਰਾਨ 122 ਵੋਟਾਂ ਪਲਾਨੀਸਵਾਮੀ ਦੇ ਹੱਕ ਵਿਚ ਜਦਕਿ 11 ਵੋਟਾਂ ਵਿਰੋਧ ਵਿਚ ਭੁਗਤੀਆਂ। ਅੰਨਾਡੀਐਮਕੇ ਮੈਂਬਰਾਂ ਨੇ ਸਪੀਕਰ ਵੱਲੋਂ ਕੀਤੇ ਐਲਾਨ ਦਾ ਬੈਂਚ ਥਪਥਪਾ ਕੇ ਸਵਾਗਤ ਕੀਤਾ। ਨਤੀਜੇ ਦੇ ਐਲਾਨ ਤੋਂ ਫੌਰੀ ਬਾਅਦ ਪਨੀਰਸੇਲਵਮ ਤੇ ਉਨ੍ਹਾਂ ਦੇ ਹਮਾਇਤੀ ਸਦਨ ਉੱਠ ਕੇ ਚਲੇ ਗਏ।