ਕੈਪਟਨ ਵਲੋਂ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ਼ ਕਰਨ ਦਾ ਭਰੋਸਾ

ਕੈਪਟਨ ਵਲੋਂ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ਼ ਕਰਨ ਦਾ ਭਰੋਸਾ

ਕੈਪਸ਼ਨ-ਜ਼ੀਰਕਪੁਰ ਵਿੱਚ ਸਟੋਰ ਦਾ ਉਦਘਾਟਨ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ।  
ਜ਼ੀਰਕਪੁਰ/ਬਿਊਰੋ ਨਿਊਜ਼ :
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਖੇਤੀ ਸੰਕਟ ਵਿੱਚੋਂ ਕੱਢਣ ਲਈ ਉੱਤਰ ਪ੍ਰਦੇਸ਼ ਸਰਕਾਰ ਵਾਂਗ ਇਕ ਲੱਖ ਰੁਪਏ ਨਹੀਂ, ਸਗੋਂ ਪੂਰਾ ਕਰਜ਼ਾ ਮੁਆਫ਼ ਕਰਨ ਲਈ ਵਚਨਬੱਧ ਹੈ। ਇਸ ਨੂੰ ਛੇਤੀ ਨੇਪਰੇ ਚਾੜ੍ਹਨ ਲਈ ਕਮਿਸ਼ਨ ਕਾਇਮ ਕਰ ਦਿੱਤਾ ਗਿਆ ਹੈ। ਉਹ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋਂ ਵੱਲੋਂ ਛੱਤ ਰੋਡ ‘ਤੇ ਖੋਲ੍ਹੇ ਡੀ ਮਾਰਟ ਸਟੋਰ ਦਾ ਉਦਘਾਟਨ ਕਰਨ ਮੌਕੇ ਗੱਲਬਾਤ ਕਰ ਰਹੇ ਸਨ।
ਵਿਰੋਧੀ ਧਿਰ ਵੱਲੋਂ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦਾ ਵਾਅਦਾ ਪੂਰਾ ਨਾ ਕਰਨ ਦੇ ਲਾਏ ਦੋਸ਼ਾਂ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਨੇ ਸਿਰਫ਼ ਇਕ ਹੈਕਟੇਅਰ ਵਾਲੇ ਕਿਸਾਨ ਦਾ ਇਕ ਲੱਖ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਹੈ। ਉਨ੍ਹਾਂ ਮਿਸਾਲ ਦਿੱਤੀ ਕਿ ਉੱਤਰ ਪ੍ਰਦੇਸ਼ ਵਿੱਚ ਜੇ ਕਿਸੇ ਇਕ ਹੈਕਟੇਅਰ ਜ਼ਮੀਨ ਵਾਲੇ ਕਿਸਾਨ ਦਾ ਚਾਰ ਲੱਖ ਰੁਪਏ ਕਰਜ਼ਾ ਹੈ ਤਾਂ ਉਸ ਵਿਚੋਂ ਸਿਰਫ਼ ਇਕ ਲੱਖ ਮੁਆਫ਼ ਹੋਏਗਾ, ਜਦੋਂ ਕਿ ਪੰਜਾਬ ਸਰਕਾਰ ਪੂਰਾ ਕਰਜ਼ਾ ਮੁਆਫ਼ ਕਰਨ ਉੱਤੇ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਇਸ ਬਾਰੇ ਕੇਂਦਰ ਸਰਕਾਰ ਤੱਕ ਵੀ ਪਹੁੰਚ ਕੀਤੀ ਹੈ। ਜੇ ਉਹ ਮਦਦ ਨਹੀਂ ਕਰੇਗੀ ਤਾਂ ਸੂਬਾ ਸਰਕਾਰ ਆਪਣੇ ਪੱਧਰ ‘ਤੇ ਕਰਜ਼ ਮੁਆਫ਼ ਕਰੇਗੀ। ਨਸ਼ਿਆਂ ਬਾਰੇ ਉਨ੍ਹਾਂ ਕਿਹਾ ਕਿ ਤਿੰਨ ਹਫ਼ਤਿਆਂ ਵਿੱਚ ਸਰਕਾਰ ਦੀ ਸਖ਼ਤੀ ਕਾਰਨ ਪੰਜਾਬ ਵਿੱਚ ਨਸ਼ੇ ਦੇ ਭਾਅ ਵਧਣ ਲੱਗ ਗਏ ਹਨ, ਜੋ ਚੰਗੇ ਸੰਕੇਤ ਹਨ। ਵਾਅਦੇ ਮੁਤਾਬਕ ਚਾਰ ਹਫ਼ਤਿਆਂ ਵਿੱਚੋਂ ਇਕ ਹਫ਼ਤਾ ਬਾਕੀ ਹੈ, ਜਿਸ ਦੌਰਾਨ ਸੂਬੇ ਵਿੱਚੋਂ ਪੂਰੀ ਤਰ੍ਹਾਂ ਨਸ਼ੇ ਦਾ ਖ਼ਾਤਮਾ ਕਰ ਦਿੱਤਾ ਜਾਏਗਾ।
ਜ਼ੀਰਕਪੁਰ ਵਿੱਚ ਡੀ ਮਾਰਟ ਸਟੋਰ ਖੁੱਲ੍ਹਣ ਨੂੰ ਉਨ੍ਹਾਂ ਸੂਬੇ ਵਿੱਚ ਨਿਵੇਸ਼ ਲਈ ਚੰਗਾ ਸੰਕੇਤ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਉਹ 10 ਤਰੀਕ ਨੂੰ ਹੋਰ ਉਦਯੋਗਪਤੀਆਂ ਨੂੰ ਮਿਲਣ ਲਈ ਮੁੰਬਈ ਜਾ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਵੱਡੀ ਗਿਣਤੀ ਕਾਰੋਬਾਰੀ ਇੱਥੇ ਉਦਯੋਗ ਲਾਉਣ ਲਈ ਸਹਿਮਤੀ ਪ੍ਰਗਟਾਉਣਗੇ। ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਵੱਲੋਂ ਡੇਰਾਬਸੀ ਸਮੇਤ ਹੋਰ ਹਾਰੇ ਹੋਏ ਹਲਕਿਆਂ ਬਾਰੇ ਉਨ੍ਹਾਂ ਕਿਹਾ ਕਿ ਕਿਸੇ ਵੀ ਹਲਕੇ ਨੂੰ ਲਾਵਾਰਸ ਨਹੀਂ ਛੱਡਿਆ ਜਾਏਗਾ, ਸਗੋਂ ਇਨ੍ਹਾਂ ਬਾਰੇ ਛੇਤੀ ਫੈਸਲਾ ਲਿਆ ਜਾਏਗਾ।