‘ਦਿ ਬਲੈਕ ਪ੍ਰਿੰਸ’ ਦਾ ਟਰੇਲਰ ਕਾਨ ਫਿਲਮ ਮੇਲੇ ‘ਚ ਰਿਲੀਜ਼

‘ਦਿ ਬਲੈਕ ਪ੍ਰਿੰਸ’ ਦਾ ਟਰੇਲਰ ਕਾਨ ਫਿਲਮ ਮੇਲੇ ‘ਚ ਰਿਲੀਜ਼

ਵਿਸ਼ਵ ਪ੍ਰਸਿੱਧ ਫ਼ਿਲਮ ਫੈਸਟੀਵਲ ਦੇ ਰੈੱਡ ਕਾਰਪੈਟ ਉੱਤੇ ਪਹਿਲੇ ਦਸਤਾਰਧਾਰੀ
ਸਿੱਖ ਵਜੋਂ ਤੁਰਨ ਦਾ ਸਨਮਾਨ ਸਤਿੰਦਰ ਸਰਤਾਜ ਨੂੰ ਹੋਇਆ ਹਾਸਲ 
ਵਿਸ਼ਵ ਭਰ ਦੇ ਸਿਨੇਮਾ ਘਰਾਂ ਵਿਚ 21 ਜੁਲਾਈ ਤੋਂ ਵਿਖਾਈ ਜਾਵੇਗੀ 
ਸਿੱਖਾਂ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਜੀਵਨ ਕਹਾਣੀ

ਨਵੀਂ ਦਿੱਲੀ/ਬਿਊਰੋ ਨਿਊਜ਼ :
ਇਸ ਵਰ੍ਹੇ ਦੇ 70ਵੇਂ ਕਾਨ ਫ਼ਿਲਮ ਉਤਸਵ ਦੌਰਾਨ ਭਾਵੇਂ ਕੋਈ ਵੀ ਭਾਰਤੀ ਫੀਚਰ ਫ਼ਿਲਮ ਨਹੀਂ ਦਿਖਾਈ ਜਾ ਰਹੀ ਪਰ ਵਿਸ਼ਵ ਪ੍ਰਸਿੱਧ ਫ਼ਿਲਮ ਮੇਲੇ ਦੇ ਰੈੱਡ ਕਾਰਪੈਟ ਉੱਤੇ ਪਹਿਲੇ ਦਸਤਾਰਧਾਰੀ ਸਿੱਖ ਵਜੋਂ ਤੁਰਨ ਦਾ ਸਨਮਾਨ ਉੱਘੇ ਗਾਇਕ, ਅਦਾਕਾਰ ਅਤੇ ਆਖ਼ਰੀ ਸਿੱਖ ਮਹਾਰਾਜਾ ਦਲੀਪ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਸਤਿੰਦਰ ਸਰਤਾਜ ਨੂੰ ਹਾਸਲ ਹੋਇਆ। ਕਈ ਕੌਮਾਂਤਰੀ ਐਵਾਰਡ ਜੇਤੂ ਫ਼ਿਲਮ ‘ਦਿ ਬਲੈਕ ਪ੍ਰਿੰਸ’ ਦਾ ਟਰੇਲਰ ਇਸ ਮੇਲੇ ‘ਚ ਸ਼ਨਿਚਰਵਾਰ 20 ਮਈ ਨੂੰ ਵਿਸ਼ੇਸ਼ ਤੌਰ ਰਿਲੀਜ਼ ਕੀਤੇ ਜਾਣ ਦਾ ਮਾਣ ਹਾਸਲ ਹੋਇਆ ਹੈ।  ਇਹ ਇਤਿਹਾਸਕ ਡਰਾਮਾ ਪੰਜਾਬ ਰਿਆਸਤ ਦੇ ਆਖ਼ਰੀ ਵਾਰਿਸ ਮਹਾਰਾਜਾ ਦਲੀਪ ਸਿੰਘ, ਜਿਨ੍ਹਾਂ ਨੂੰ ‘ਦਿ ਬਲੈਕ ਪ੍ਰਿੰਸ’ ਵਜੋਂ ਵੀ ਜਾਣਿਆ ਜਾਂਦਾ ਹੈ, ਦੀ ਅਸਲ ਜ਼ਿੰਦਗੀ ‘ਤੇ ਆਧਾਰਤ ਹੈ।
ਇਹ ਫ਼ਿਲਮ ਵਿਸ਼ਵ ਭਰ ਦੇ ਸਿਨੇਮਾ ਘਰਾਂ ਵਿਚ 21 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸੂਫ਼ੀ ਗਾਇਕ ਸਤਿੰਦਰ ਸਰਤਾਜ ਨੇ ਪਹਿਲੀ ਵਾਰ ਅਦਾਕਾਰੀ ਵਿਚ ਪੈਰ ਰੱਖਦਿਆਂ ਮਹਾਰਾਜਾ ਦਲੀਪ ਸਿੰਘ ਦਾ ਕਿਰਦਾਰ ਨਿਭਾਇਆ ਹੈ।
ਕਾਨ ਫ਼ਿਲਮ ਉਤਸਵ ਦੇ ਭਾਰਤੀ ਪਵੇਲੀਅਨ ‘ਤੇ ਟਰੇਲਰ ਦਿਖਾਏ ਜਾਣ ਤੋਂ ਪਹਿਲਾਂ ਸਤਿੰਦਰ ਸਰਤਾਜ ਮੀਡੀਆ ਨੂੰ ਸੰਬੋਧਨ ਕਰਦਿਆਂ ਇਸ ਫਿਲਮ ਸਬੰਧੀ ਗੱਲਬਾਤ ਕੀਤੀ। ਸਤਿੰਦਰ ਸਰਤਾਜ ਨੇ ਕਿਹਾ, ‘ਫਿਲਮ ਨੂੰ ਇੰਨਾ ਵੱਡਾ ਹੁੰਗਾਰਾ ਮਿਲਣਾ ਬਹੁਤ ਹੀ ਉਤਸ਼ਾਹਜਨਕ ਅਤੇ ਦਿਲ ਤਸੱਲੀ ਦੇਣ ਵਾਲੀ ਗੱਲ ਹੈ।  ਕਾਨ ਦੇ ਵਿਸ਼ਵ ਪ੍ਰਸਿੱਧ ਫਿਲਮ ਮੇਲੇ ਵਿੱਚ ਹੋਰਨਾਂ ਉੱਚ ਕੋਟੀ ਦੀਆਂ ਫਿਲਮਾਂ ਨਾਲ ‘ਦ ਬਲੈਕ ਪ੍ਰਿੰਸ’ ਨੂੰ ਸਨਮਾਨ ਮਿਲਣਾ ਬਹੁਤ ਵੱਡੀ ਪ੍ਰਾਪਤੀ ਹੈ। ਮੈਨੂੰ ਆਸ ਹੈ ਕਿ ਅਜਿਹਾ ਹੋਣ ਨਾਲ ਸਿੱਖ ਕੌਮ ਦੇ ਆਖ਼ਰੀ ਮਹਾਰਾਜੇ ਦੀ ਜੀਵਨ ਕਹਾਣੀ ਦਾ ਦਰਦ, ਅੰਗਰੇਜ ਹਾਕਮਾਂ ਦੀ ਕੂਟਨੀਤੀ, ਸਿੱਖਾਂ ਦੇ ਚੂਰ ਚੂਰ ਹੋਏ ਸੁਪਨਿਆਂ ਦਾ ਸੱਚ ਵਿਸ਼ਵ ਦੇ ਲੋਕਾਂ ਦੇ ਸਾਹਮਣੇ ਉਜ਼ਾਗਰ ਹੋਵੇਗਾ।’
ਫਿਲਮ ਦੇ ਐਗਜੈਕਟਿਵ ਪ੍ਰੋਡਿਉਸਰ ਜਸਜੀਤ ਸਿੰਘ ਦਾ ਕਹਿਣਾ ਹੈ ਕਿ ਸਾਡੇ ਲਈ ਇਹ ਫਿਲਮ ਬਹੁਤ ਵੱਡਾ ਕਾਰਜ ਸੀ। ਫਿਲਮ ਖੇਤਰ ਦੇ ਮਾਹਿਰਾਂ ਅਤੇ ਅਪਣੇ ਕੰਮ ਨੂੰ ਸਮਰਪਿਤ ਟੀਮ ਬਿਨ੍ਹਾਂ ਇਹ ਚੁਣੌਤੀਆਂ ਭਰਿਆ ਪ੍ਰਾਜੈਕਟ ਨੇਪਰੇ ਚੜ੍ਹਣਾ ਸੰਭਵ ਨਹੀਂ। ਮੈਂ ਇਸ ਸਫ਼ਲਤਾ ਲਈ ਸਾਰੀ ਪ੍ਰੋਡੱਕਸ਼ਨ ਟੀਮ ਖ਼ਾਸ ਕਰ ਕਵੀ ਰਾਜ਼, ਵਿਕਰਾਂਤ ਚੋਪੜਾ, ਨਟਾਲੀ ਓਕੋਨੋਰ, ਲਿੰਡਾ ਹੇਸਨ, ਸੈਂਡ ਓ ਬਰਾਇਨ, ਜੇਸਨ ਐਸ਼, ਚਰਨਜੀਤ ਚੱਡ ਅਤੇ ਉਨ੍ਹਾਂ ਦੀਆਂ ਟੀਮਾਂ ਦਾ ਧੰਨਵਾਦੀ ਹਾਂ। ਸਾਡੇ ਕੋਲ ਸ਼ਬਾਨਾ ਆਜ਼ਮੀ, ਜੇਸਨ ਫਲੇਮਨ, ਸਤਿੰਦਰ ਸਰਤਾਜ, ਅਮਾਂਡਾ ਰੂਟ, ਕੀਥ ਡੱਫੀ, ਡੇਵਿਡ ਈਸੈਕਸ, ਰੂਪ ਮਾਗੋਂ ਅਤੇ ਸੋਫ਼ੀ ਸਟੀਵਨਜ ਵਰਗੇ ਚੋਟੀ ਦੇ ਕਲਾਕਾਰ ਸਨ ਜਿੰਨ੍ਹਾਂ ਨੇ ਕਮਾਲ ਦੀ ਅਦਾਕਾਰੀ ਰਾਹੀਂ ਫਿਲਮ ਨੂੰ ਉਚਕੋਟੀ ਦੀ ਬਣਾਇਆ।
ਬਰਿਲਸਟਿਨ ਐਂਟਰਟੇਨਮੈਂਟ ਪਾਰਟਨਰਜ਼ ਵਲੋਂ ਨਿਰਮਤ ਇਸ ਫ਼ਿਲਮ ਦੇ ਡਾਇਰੈਕਟਰ ਕਵੀ ਰਾਜ਼ ਹਨ, ਜਿਨ੍ਹਾਂ ਨੇ ਪੂਰੀ ਲਗਨ ਤੇ ਮਿਹਨਤ ਨਾਲ ਇਸ ਵਿਚਲੇ ਭਾਵਨਾਤਮਕ ਰੂਪਾਂ ਨੂੰ ਛੋਹਿਆ ਹੈ। ਗਾਇਕ ਅਤੇ ਕਵੀ ਸਤਿੰਦਰ ਸਰਤਾਜ ਨੇ ਮਹਾਰਾਜਾ ਦਲੀਪ ਸਿੰਘ ਦਾ ਕਿਰਦਾਰ ਬਾਖ਼ੂਬੀ ਨਿਭਾਉਂਦਿਆਂ ਆਪਣੇ ਫ਼ਿਲਮੀ ਸਫ਼ਰ ਦੀ ਬਿਹਤਰੀਨ ਸ਼ੁਰੂਆਤ ਕੀਤੀ ਹੈ। ਇਸ ਵਿਚ ਮਹਾਰਾਜਾ ਦਲੀਪ ਸਿੰਘ ਦੀ ਮਾਂ ਮਹਾਰਾਣੀ ਜਿੰਦਾਂ ਦਾ ਰੋਲ ਬਾਲੀਵੁੱਡ ਦੀ ਉੱਘੀ ਅਦਾਕਾਰਾ ਸ਼ਬਾਨਾ ਆਜ਼ਮੀ ਨੇ ਨਿਭਾਇਆ ਹੈ ਜਦਕਿ ਜੈਸਨ ਫਲੇਮਿੰਗ, ਅਮਾਂਡਾ ਰੂਟ, ਕੀਥ ਡਫੀ, ਡੈਵਿਡ ਐਸੈਕਸ, ਕੈਨੇਡੀਅਨ  ਅਦਾਕਾਰ ਰੂਪ ਮੈਗੋਨ ਤੇ ਸੋਫ਼ੀਆ ਸਟੀਵਨਜ਼ ਨੇ ਆਪਣੇ ਆਪਣੇ ਕਿਰਦਾਰ ਬਾਖ਼ੂਬੀ ਨਿਭਾਏ ਹਨ।
ਵਰਲਡ ਵਾਈਡ ਰਿਲੀਜ਼ ਤੋਂ ਪਹਿਲਾਂ ‘ਦਿ ਬਲੈਕ ਪ੍ਰਿੰਸ’ ਨੇ ‘ਬੈਸਟ ਡਰਾਮਾ ਫੀਚਰ (ਲਾਸ ਏਂਜਲਸ ਫ਼ਿਲਮ ਐਵਾਰਡਜ਼), ਸਪੈਸ਼ਲ ਜਿਊਰੀ ਰੈਮੀ ਐਵਾਰਡ (50ਵਾਂ ਸਾਲਾਨਾ ਵਰਲਡ ਫੈਸਟ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ, ਹਿਊਜ਼ਟਨ), ਸਤਿੰਦਰ ਸਰਤਾਜ ਲਈ ‘ਬੈਸਟ ਮੇਲ ਡੈਬਿਊ ਐਵਾਰਡ’ (ਲੰਡਨ ਇੰਡੀਪੈਂਡੈਂਟ ਫ਼ਿਲਮ ਫੈਸਟੀਵਲ) ਸਮੇਤ ਕਈ ਐਵਾਰਡ ਜਿੱਤੇ ਹਨ। ਵੱਖ ਵੱਖ ਸ਼ਹਿਰਾਂ ਵਿਚ ਹੋਏ ਫ਼ਿਲਮ ਫੈਸਟੀਵਲਾਂ ਦੌਰਾਨ ਫ਼ਿਲਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਅਮਰੀਕਾ, ਲੰਡਨ ਤੇ ਭਾਰਤ ਤੋਂ ਇਲਾਵਾ ਜਰਮਨ, ਸਿੰਗਾਪੁਰ, ਕੀਨੀਆ ਤੇ ਯੂ.ਏ.ਈ. ਨੇ ‘ਦਿ ਬਲੈਕ ਪ੍ਰਿੰਸ’ ਵਿਚ ਦਿਲਚਸਪੀ ਦਿਖਾਈ ਹੈ।