ਮੋਦੀ ਤੇ ਆਬੇ ਨੇ ਬੁਲਟੇ ਟਰੇਨ ਦਾ ਰੱਖਿਆ ਨੀਂਹ ਪੱਥਰ

ਮੋਦੀ ਤੇ ਆਬੇ ਨੇ ਬੁਲਟੇ ਟਰੇਨ ਦਾ ਰੱਖਿਆ ਨੀਂਹ ਪੱਥਰ

ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਵਿੱਚ ਭਾਰਤ-ਜਪਾਨ ਸਾਲਾਨਾ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਜਪਾਨੀ ਹਮਰੁਤਬਾ ਸ਼ਿੰਜ਼ੋ ਆਬੇ ਇਕਰਾਰਨਾਮੇ ਸਬੰਧੀ ਦਸਤਾਵੇਜ਼ ਵਟਾਉਂਦੇ ਹੋਏ।

ਅਹਿਮਦਾਬਾਦ/ਬਿਊਰੋ ਨਿਊਜ਼ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਜਪਾਨੀ ਹਮਰੁਤਬਾ ਸ਼ਿੰਜ਼ੋ ਆਬੇ ਨੇ ਇਥੇ ਦੇਸ਼ ਦੇ ਪਹਿਲੇ ਬੁਲੇਟ ਟਰੇਨ ਪ੍ਰਾਜੈਕਟ ਦਾ ਨੀਂਹ ਪੱਥਰ ਰੱਖ ਕੇ ਦੇਸ਼ ਦੇ ਰੇਲ ਖੇਤਰ ਵਿੱਚ ਨਵੇਂ ਯੁੱਗ ਦਾ ਮੁੱਢ ਬੰਨ੍ਹਿਆ। ਇਸ ਪ੍ਰਾਜੈਕਟ ਤਹਿਤ ਦੇਸ਼ ਦੀ ਪਹਿਲੀ ਬੁਲੇਟ ਟਰੇਨ ਗੁਜਰਾਤ ਦੇ ਪ੍ਰਮੁੱਖ ਸ਼ਹਿਰ ਅਹਿਮਦਾਬਾਦ ਤੋਂ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿਚਕਾਰ ਚੱਲੇਗੀ। ਇਸ ਤੋਂ ਪਹਿਲਾਂ ਇਥੇ ਦੋਵੇਂ ਪ੍ਰਧਾਨ ਮੰਤਰੀਆਂ ਨੇ ਵੱਖ-ਵੱਖ ਮੁੱਦਿਆਂ ਉਤੇ ਵਿਆਪਕ ਗੱਲਬਾਤ ਕੀਤੀ, ਜਿਸ ਦੌਰਾਨ ਡੋਕਲਾਮ ਦਾ ਮੁੱਦਾ ਵੀ ਉਠਿਆ। ਦੋਵੇਂ ਮੁਲਕਾਂ ਦਰਮਿਆਨ 15 ਸਮਝੌਤੇ ਵੀ ਸਹੀਬੰਦ ਕੀਤੇ ਗਏ। ਚੀਨ ਨੇ ਪ੍ਰਤੀਕਿਰਿਆ ਕਰਦਿਆਂ ਕਿਹਾ ਕਿ ਦੋਵਾਂ ਮੁਲਕਾਂ ਨੂੰ ਗੱਠਜੋੜ ਨਹੀਂ ਸਗੋਂ ਭਾਈਵਾਲੀ ਕਰਨੀ ਚਾਹੀਦੀ ਹੈ।
ਸ੍ਰੀ ਮੋਦੀ ਨੇ ਇਸ ਪ੍ਰਾਜੈਕਟ ਨੂੰ ‘ਜਪਾਨ ਵੱਲੋਂ ਭਾਰਤ ਲਈ ਵੱਡੀ ਸੌਗ਼ਾਤ’ ਕਰਾਰ ਦਿੱਤਾ। ਕਰੀਬ 1.10 ਲੱਖ ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰਾਜੈਕਟ ਕਰੀਬ ਪੰਜ ਸਾਲਾਂ ਵਿੱਚ 2022 ਤੱਕ ਮੁਕੰਮਲ ਹੋਣ ਦੇ ਆਸਾਰ ਹਨ, ਜਿਸ ਨਾਲ ਦੋਵਾਂ ਸ਼ਹਿਰਾਂ ਦਰਮਿਆਨ 500 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਸੱਤ ਘੰਟਿਆਂ ਤੋਂ ਘਟ ਕੇ ਮਹਿਜ਼ ਤਿੰਨ ਘੰਟੇ ਦਾ ਰਹਿ ਜਾਵੇਗਾ। ਇਸ ਸਬੰਧੀ ਸਾਬਰਮਤੀ ਸਥਿਤ ਅਥਲੈਟਿਕਸ ਸਟੇਡੀਅਮ ਵਿੱਚ ਹੋਈ ਜਨਤਕ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ੍ਰੀ ਆਬੇ ਨੇ ਭਾਰਤ ਤੇ ਜਪਾਨ ਦੀ ਭਾਈਵਾਲੀ ਨੂੰ ਖ਼ਾਸ, ਰਣਨੀਤਕ ਤੇ ਆਲਮੀ ਕਰਾਰ ਦਿੱਤਾ। ਉਨ੍ਹਾਂ ਕਿਹਾ, ”ਮਜ਼ਬੂਤ ਭਾਰਤ ਜਪਾਨ ਦੇ ਹਿੱਤ ਵਿਚ ਹੈ ਤੇ ਮਜ਼ਬੂਤ ਜਪਾਨ ਵੀ ਭਾਰਤ ਦੇ ਹਿੱਤ ਵਿੱਚ ਹੈ।” ਦੋਵੇਂ ਆਗੂਆਂ ਨੇ ਬਟਨ ਦਬਾ ਕੇ ਉਦਘਾਟਨੀ ਪੱਥਰ ਤੋਂ ਪਰਦਾ ਹਟਾਉਂਦਿਆਂ ਪ੍ਰਾਜੈਕਟ ਦਾ ਰਸਮੀ ਨੀਂਹ ਪੱਥਰ ਰੱਖਿਆ। ਸ੍ਰੀ ਆਬੇ ਨੇ ਕਿਹਾ, ”ਮੇਰੇ ਦੋਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਦੂਰਅੰਦੇਸ਼ ਆਗੂ ਹਨ। ਉਨ੍ਹਾਂ ਭਾਰਤ ਵਿੱਚ ਤੇਜ਼ ਰਫ਼ਤਾਰ ਰੇਲ ਲਿਆਉਣ ਦਾ ਫ਼ੈਸਲਾ ਦੋ ਸਾਲ ਪਹਿਲਾਂ ਲਿਆ ਸੀ ਤਾਂ ਕਿ ਇਕ ਨਵਾਂ ਭਾਰਤ ਸਿਰਜਿਆ ਜਾ ਸਕੇ।” ਉਨ੍ਹਾਂ ਕਿਹਾ ਕਿ ਜਦੋਂ ਉਹ ਕੁਝ ਸਾਲਾਂ ਮਗਰੋਂ ਮੁੜ ਭਾਰਤ ਆਉਣਗੇ ਤਾਂ ਇਸ ਬੁਲੇਟ ਟਰੇਨ ਦੀ ਖਿੜਕੀ ਵਿੱਚੋਂ ‘ਭਾਰਤ ਦੇ ਖ਼ੂਬਸੂਰਤ ਨਜ਼ਾਰੇ’ ਦੇਖਣ ਦੇ ਖ਼ਾਹਿਸ਼ਮੰਦ ਹਨ। ਉਨ੍ਹਾਂ ਕਿਹਾ ਕਿ ਜਪਾਨ ਦੀ ਸ਼ਿੰਕਨਸੇਨ ਟੈਕਨਾਲੋਜੀ ਦਾ ਇਹ ਪ੍ਰਾਜੈਕਟ ਭਾਰਤੀ ਸਮਾਜ ਤੇ ਲੋਕਾਂ ਦੀ ਜ਼ਿੰਦਗੀ ਵਿੱਚ ਨਵੀਂ ਤਬਦੀਲੀ ਲਿਆਵੇਗਾ।
ਇਸ ਮੌਕੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਬੁਲੇਟ ਟਰੇਨ ਚਲਾਉਣ ਦੇ ‘ਚਿਰੋਕਣੇ ਸੁਪਨੇ ਨੂੰ ਪੂਰਾ ਕਰਨ ਪੱਖੋਂ ਇਹ ਇਕ ਵੱਡਾ ਕਦਮ’ ਹੈ। ਇਸ ਮੌਕੇ ਜਪਾਨ ਦੀ ਸ਼ਲਾਘਾ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਹ ਮੁਲਕ ਭਾਰਤ ਦਾ ਇੰਨਾ ਚੰਗਾ ਦੋਸਤ ਹੈ ਕਿ ਇਸ ਨੇ ਪ੍ਰਾਜੈਕਟ ਲਈ 88 ਹਜ਼ਾਰ ਕਰੋੜ ਦਾ ਕਰਜ਼ਾ ਮਹਿਜ਼ 0.1 ਫ਼ੀਸਦੀ ਵਿਆਜ ਉਤੇ ਦਿੱਤਾ ਹੈ। ਇਸ ਮੌਕੇ ਵਿਰੋਧੀ ਧਿਰ ‘ਤੇ ਤਨਜ਼ ਕੱਸਦਿਆਂ ਉਨ੍ਹਾਂ ਕਿਹਾ, ”ਜਦੋਂ ਮੈਂ ਪਹਿਲਾਂ ਬੁਲੇਟ ਟਰੇਨ ਦੀ ਗੱਲ ਕਰਦਾ ਸਾਂ ਤਾਂ ਉਹ (ਵਿਰੋਧੀ) ਇਸ ਨੂੰ ਖ਼ਿਆਲੀ ਗੱਲਾਂ ਆਖਦੇ ਸਨ ਤੇ ਹੁਣ ਜਦੋਂ ਇਹ ਆ ਰਹੀ ਹੈ ਤਾਂ ਉਹ ਆਖ ਰਹੇ ਹਨ ਕਿ ਇਸ ਦੀ ਕੀ ਲੋੜ ਹੈ।” ਉਨ੍ਹਾਂ ਕਿਹਾ ਕਿ ਜਪਾਨ ਨੇ 1964 ਵਿੱਚ ਬੁਲੇਟ ਟਰੇਨ ਸ਼ੁਰੂ ਕੀਤੀ ਸੀ, ਜੋ ਹੁਣ 15 ਮੁਲਕਾਂ ਵਿੱਚ ਹੈ। ਉਨ੍ਹਾਂ ਕਿਹਾ, ”ਯੂਰੋਪ ਤੋਂ ਚੀਨ ਤੱਕ, ਬੁਲੇਟ ਟਰੇਨ ਕਿਤੇ ਵੀ ਦੇਖੀ ਜਾ ਸਕਦੀ ਹੈ। ਇਨ੍ਹਾਂ ਰੇਲਾਂ ਨੇ ਨਾ ਸਿਰਫ਼ ਮਾਲੀ, ਸਗੋਂ ਸਮਾਜੀ ਤਬਦੀਲੀਆਂ ਵੀ ਲਿਆਂਦੀਆਂ ਹਨ।”
ਸਰਕਾਰ ਅਹਿਮਦਾਬਾਦ-ਮੁੰਬਈ ਹਾਈ ਸਪੀਡ ਰੇਲ ਨੈੱਟਵਰਕ ਦਾ ਉਦਘਾਟਨ 15 ਅਗਸਤ, 2022 ਨੂੰ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਕਰਨ ਦਾ ਇਰਾਦਾ ਰੱਖਦੀ ਹੈ। ਦੋਵਾਂ ਪ੍ਰਧਾਨ ਮੰਤਰੀਆਂ ਨੇ ਇਸ ਮੌਕੇ ਇਕ ਇੰਸਟੀਚਿਊਟ ਦਾ ਵੀ ਨੀਂਹ ਪੱਥਰ ਰੱਖਿਆ, ਜੋ ਵੜੋਦਰਾ ਵਿੱਚ ਬਣਾਇਆ ਜਾਵੇਗਾ। ਇਸ ਵਿੱਚ ਕਰੀਬ 4000 ਲੋਕਾਂ ਨੂੰ ਬੁਲੇਟ ਟਰੇਨ ਪ੍ਰਾਜੈਕਟ ਸਬੰਧੀ ਸਿਖਲਾਈ ਦਿੱਤੀ ਜਾਵੇਗੀ। ਸਮਾਗਮ ਵਿੱਚ ਰੇਲ ਮੰਤਰੀ ਪਿਯੂਸ਼ ਗੋਇਲ ਅਤੇ ਗੁਜਰਾਤ ਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਿਜੇ ਰੂਪਾਣੀ ਤੇ ਦੇਵੇਂਦਰ ਫੜਨਵੀਸ ਵੀ ਹਾਜ਼ਰ ਸਨ।
ਸ੍ਰੀ ਆਬੇ ਜੋ ਆਪਣੀ ਦੋ-ਰੋਜ਼ਾ ਫੇਰੀ ‘ਤੇ ਬੀਤੇ ਦਿਨ ਇਥੇ ਆਏ ਸਨ, ਨੇ ਆਪਣਾ ਭਾਸ਼ਣ ਜਪਾਨੀ ਭਾਸ਼ਾ ਵਿੱਚ ਦਿੱਤਾ, ਜਿਸ ਦਾ ਹਿੰਦੀ ਤਰਜਮਾ ਕੀਤਾ ਗਿਆ। ਸ੍ਰੀ ਮੋਦੀ ਵੀ ਹਿੰਦੀ ਵਿੱਚ ਬੋਲੇ। ਇਸ ਤੋਂ ਪਹਿਲਾਂ ਦੋਵੇਂ ਆਗੂਆਂ ਨੇ ਵੱਖ-ਵੱਖ ਦੁਵੱਲੇ, ਇਲਾਕਾਈ ਤੇ ਆਲਮੀ ਅਹਿਮੀਅਤ ਵਾਲੇ ਮੁੱਦਿਆਂ ਉਤੇ ਵਿਆਪਕ ਗੱਲਬਾਤ ਕੀਤੀ। ਜਾਣਕਾਰੀ ਮੁਤਾਬਕ ਇਸ ਮੌਕੇ ਭਾਰਤ ਤੇ ਚੀਨ ਦਰਮਿਆਨ ਪਿਛਲੇ ਦਿਨੀਂ ਰੇੜਕੇ ਦਾ ਕਾਰਨ ਬਣਿਆ ਰਿਹਾ ਡੋਕਲਾਮ ਮੁੱਦਾ ਵੀ ਉਠਿਆ, ਪਰ ਗੱਲਬਾਤ ਤੋਂ ਬਾਅਦ ਜਾਰੀ ਸਾਂਝੇ ਬਿਆਨ ਵਿੱਚ ਇਸ ਦਾ ਜ਼ਿਕਰ ਨਹੀਂ ਕੀਤਾ ਗਿਆ। ਸਾਂਝੇ ਬਿਆਨ ਵਿੱਚ ਦੱਖਣੀ ਚੀਨ ਸਾਗਰ ਦਾ ਵੀ ਜ਼ਿਕਰ ਨਹੀਂ ਆਇਆ, ਜਦੋਂਕਿ 2016 ਵਿੱਚ ਸ੍ਰੀ ਮੋਦੀ ਦੀ ਜਪਾਨ ਫੇਰੀ ਦੌਰਾਨ ਦੋਵੇਂ ਪ੍ਰਧਾਨ ਮੰਤਰੀਆਂ ਦੀ ਸਿਖਰ ਵਾਰਤਾ ਪਿੱਛੋਂ ਜਾਰੀ ਸਾਂਝੇ ਬਿਆਨ ਵਿੱਚ ਦੱਖਣੀ ਚੀਨ ਸਾਗਰ ਸਬੰਧੀ ‘ਵਿਵਾਦ ਦਾ ਹੱਲ ਪੁਰਅਮਨ ਢੰਗ ਨਾਲ’ ਕਰਨ ‘ਤੇ ਜ਼ੋਰ ਦਿੱਤਾ ਗਿਆ ਸੀ। ਇਸ ਸਬੰਧੀ ਇਕ ਸਵਾਲ ਦੇ ਜਵਾਬ ਵਿੱਚ ਵਿਦੇਸ਼ ਸਕੱਤਰ ਐਸ. ਜੈਸ਼ੰਕਰ ਨੇ ਕਿਹਾ ਕਿ ਗੱਲਬਤ ਦੌਰਾਨ ਸਾਰੇ ‘ਖੇਤਰੀ ਤੇ ਆਲਮੀ ਮੁੱਦੇ’ ਵਿਚਾਰੇ ਗਏ ਹਨ। ਗੱਲਬਾਤ ਤੋਂ ਬਾਅਦ ਸ੍ਰੀ ਆਬੇ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਦੋਵੇਂ ਮੁਲਕਾਂ ਦੀ ‘ਭਾਈਵਾਲੀ ਸਿਰਫ਼ ਦੁਵੱਲੇ ਤੇ ਇਲਾਕਾਈ ਮੁੱਦਿਆਂ ‘ਤੇ ਹੀ ਆਧਾਰਤ ਨਹੀਂ ਹੈ, ਸਗੋਂ ਉਹ ਆਲਮੀ ਮੁੱਦਿਆਂ ‘ਤੇ ਵੀ ਕਰੀਬੀ ਮਿਲਵਰਤਣ’ ਦੇ ਹਾਮੀ ਹਨ। ਇਸ ਦੌਰਾਨ ਦੋਵਾਂ ਮੁਲਕਾਂ ਨੇ 15 ਅਹਿਮ ਇਕਰਾਰਨਾਮਿਆਂ ‘ਤੇ ਦਸਤਖ਼ਤ ਕੀਤੇ, ਜੋ ਦਹਿਸ਼ਤਰਗਦੀ ਦੇ ਖ਼ਾਤਮੇ, ਰੱਖਿਆ, ਸ਼ਹਿਰੀ ਪਰਮਾਣੂ ਊਰਜਾ, ਸ਼ਹਿਰੀ ਹਵਾਬਾਜ਼ੀ ਤੇ ਵਪਾਰ ਆਦਿ ਵਰਗੇ ਅਹਿਮ ਖੇਤਰਾਂ ਸਬੰਧੀ ਹਨ। ਦੋਵੇਂ ਮੁਲਕਾਂ ਦਰਮਿਆਨ ਪਰਮਾਣੂ ਊਰਜਾ ਸਹਿਯੋਗ ਵਧਾਉਣ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਸ੍ਰੀ ਆਬੇ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਭਾਰਤ ਦੇ ਐਨਐਸਜੀ ਸਮੇਤ ਹੋਰ ਆਲਮੀ ਪਰਮਾਣੂ ਗਰੁੱਪਾਂ ਵਿੱਚ ਦਾਖ਼ਲੇ ਲਈ ਭਾਰਤ ਨਾਲ ਮਿਲ ਕੇ ਕੰਮ ਕਰਦਾ ਰਹੇਗਾ।
ਕਾਂਗਰਸ ਨੇ ਕਿਹਾ-ਮੋਦੀ ਚਲਾ ਰਹੇ ਨੇ ‘ਚੋਣ ਬੁਲੇਟ’ :
ਅਹਿਮਦਾਬਾਦ/ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੁਲੇਟ ਟਰੇਨ ਪ੍ਰਾਜੈਕਟ ਲਈ ਵਿਰੋਧੀਆਂ ਤੇ ਹਮਾਇਤੀਆਂ ਦੀ ਮੁਖ਼ਾਲਫ਼ਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਇਸ ਨੂੰ ‘ਚੋਣ ਬੁਲੇਟ ਟਰੇਨ’ ਕਰਾਰ ਦਿੱਤਾ। ਪਾਰਟੀ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਸ੍ਰੀ ਮੋਦੀ ਹਰ ਚੋਣ ਵਾਂਗ ਹੀ ਇਹ ਸਭ ਕੁਝ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਕਰ ਰਹੇ ਹਨ।
ਪਾਲਘਰ ਦੇ ਕਿਸਾਨਾਂ ਵਲੋਂ ਬੁਲਟ ਟਰੇਨ ਦਾ ਵਿਰੋਧ :
ਪਾਲਘਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਹਿਮਦਾਬਾਦ-ਮੁੰਬਈ ਬੁਲਟ ਟਰੇਨ ਪ੍ਰੋਜੈਕਟ ਸ਼ੁਰੂ ਕੀਤੇ ਜਾਣ ਨੂੰ ਲੈ ਕੇ ਪਾਲਘਰ ਜ਼ਿਲ੍ਹੇ ਦੇ ਬੋਇਸਰ ਦੇ ਕਿਸਾਨਾਂ ਦੇ ਇਕ ਸੰਗਠਨ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਖੇਤੀਯੋਗ ਜ਼ਮੀਨ ਨੂੰ ਇਸ ਪ੍ਰੋਜੈਕਟ ਲਈ ਵਰਤਿਆਂ ਗਿਆ ਤਾਂ ਉਹ ਇਸ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨਗੇ।
ਸ਼ਿਵਸੈਨਾ ਦਾ ਵਾਰ-ਮੋਦੀ ਦਾ ਸੁਪਨਾ ਅਮੀਰਾਂ ਲਈ :
ਮੁੰਬਈ : ਬੁਲੇਟ ਟਰੇਨ ਪ੍ਰੋਜੈਕਟ ਦੀ ਆਲੋਚਨਾ ਕਰਦਿਆਂ ਐਨ.ਡੀ.ਏ. ਸਰਕਾਰ ਦੀ ਭਾਈਵਾਲ ਸ਼ਿਵ ਸੈਨਾ ਨੇ ਕਿਹਾ ਕਿ ਇਹ ਪ੍ਰੋਜੈਕਟ ਆਮ ਆਦਮੀ ਦਾ ਸੁਪਨਾ ਨਹੀਂ ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੈ। ਇਹ ਅਮੀਰ ਤੇ ਵੱਡੇ ਕਾਰੋਬਾਰੀਆਂ ਲਈ ਬਣੇਗੀ, ਆਮ ਬੰਦੇ ਲਈ ਨਹੀਂ। ਉਨ੍ਹਾਂ ਕਿਹਾ ਕਿ ਸਾਨੂੰ ਪੁੱਛੇ ਬਗੈਰ ਬੁਲੇਟ ਟਰੇਨ ਮਿਲ ਰਹੀ ਹੈ, ਅਸੀਂ ਨਹੀਂ ਜਾਣਦੇ ਇਸ ਨਾਲ ਕਿਹੜੀ ਸਮੱਸਿਆ ਹੱਲ ਹੋਵੇਗੀ।