ਰੌਹਿੰਗੀਆ ਮਾਮਲੇ ‘ਤੇ ਕੌਮਾਂਤਰੀ ਦਬਾਅ ਬਾਰੇ ਬੋਲੀ ਸੂ ਚੀ- ਜਾਂਚ ਤੋਂ ਨਹੀਂ ਡਰਦੇ

ਰੌਹਿੰਗੀਆ ਮਾਮਲੇ ‘ਤੇ ਕੌਮਾਂਤਰੀ ਦਬਾਅ ਬਾਰੇ ਬੋਲੀ ਸੂ ਚੀ- ਜਾਂਚ ਤੋਂ ਨਹੀਂ ਡਰਦੇ

ਨਾਇ ਪਾਇ ਤਾਅ/ਬਿਊਰੋ ਨਿਊਜ਼ :
ਵੱਡੀ ਗਿਣਤੀ ਰੋਹਿੰਗਿਆ ਮੁਸਲਮਾਨਾਂ ਦੇ ਮਿਆਂਮਾਰ ਤੋਂ ਹਿਜਰਤ ਕਰ ਜਾਣ ਕਰਕੇ ‘ਨਸਲੀ ਸਫ਼ਾਏ’ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਮਿਆਂਮਾਰ ਆਗੂ ਆਂਗ ਸਾਂ ਸੂ ਚੀ ਨੇ ਕਿਹਾ ਉਨ੍ਹਾਂ ਦਾ ਮੁਲਕ ਰੋਹਿੰਗਿਆ ਸੰਕਟ ਦੀ ਕੌਮਾਂਤਰੀ ਜਾਂਚ ਤੋਂ ਨਹੀਂ ਡਰਦਾ। ਟੈਲੀਵਿਜ਼ਨ ‘ਤੇ ਕੀਤੀ ਤਕਰੀਰ ਦੌਰਾਨ ਸੂ ਚੀ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜਿੱਥੇ ਜਵਾਬਦੇਹ ਬਣਾਉਣ ਦੀ ਸਹੁੰ ਖਾਧੀ, ਉਥੇ ਫ਼ੌਜ ਸਿਰ ‘ਨਸਲੀ ਸਫ਼ਾਏ’ ਦਾ ਦੋਸ਼ ਮੜ੍ਹਨ ਤੋਂ ਨਾਂਹ ਕਰ ਦਿੱਤੀ। ਨਿਊ ਯਾਰਕ ਵਿੱਚ ਸੰਯੁਕਤ ਰਾਸ਼ਟਰ ਦੀ ਆਮ ਸਭਾ ਤੋਂ ਪਹਿਲਾਂ ਅੰਗਰੇਜ਼ੀ ਵਿੱਚ ਕੀਤੀ ਇਹ ਤਕਰੀਰ ਕੌਮਾਂਤਰੀ ਦਰਸ਼ਕਾਂ ਵੱਲ ਸੇਧਿਤ ਸੀ ਤੇ ਇਸ ਨੂੰ ਕੌਮਾਂਤਰੀ ਭਾਈਚਾਰੇ ਵੱਲੋਂ ਹੋਣ ਵਾਲੀ ਤਿੱਖੀ ਆਲੋਚਨਾ ਤੋਂ ਬਚਾਅ ਵਜੋਂ ਵੇਖਿਆ ਜਾ ਰਿਹੈ।
ਮਿਆਂਮਾਰ ਆਗੂ ਨੇ ਹਾਲਾਂਕਿ ਕੁਝ ਸ਼ਰਨਾਰਥੀਆਂ ਦੀ ਮੁੜ ਸਥਾਪਤੀ ਦਾ ਸੰਕਲਪ ਦੁਹਰਾਇਆ, ਪਰ ਉਨ੍ਹਾਂ ਰਖਾਇਨ ਸੂਬੇ ਵਿੱਚ ਫ਼ੌਜ ਵੱਲੋਂ ਰੋਹਿੰਗਿਆ ਮੁਸਲਮਾਨਾਂ ਨੂੰ ਮਿਆਂਮਾਰ ਵਿਚੋਂ ਕੱਢਣ ਦੇ ਜਾਰੀ ਅਮਲ ਨੂੰ ਰੋਕਣ ਲਈ ਕਿਸੇ ਹੱਲ ਦੀ ਪੇਸ਼ਕਸ਼ ਤੋਂ ਨਾਂਹ ਕਰ ਦਿੱਤੀ। ਸੂ ਚੀ ਨੇ ਹਿੰਸਾ ਦੀ ਮਾਰ ਹੇਠ ਆਏ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ‘ਤੇ ਚਿੰਤਾ ਤਾਂ ਜਤਾਈ, ਪਰ ਨਸਲੀ ਸਫ਼ਾਏ ਦੇ ਦੋਸ਼ਾਂ ‘ਤੇ ਕੁਝ ਵੀ ਕਹਿਣ ਤੋਂ ਨਾਂਹ ਕਰ ਦਿੱਤੀ। ਇਸ ਦੌਰਾਨ ਅਮਨੈਸਟੀ ਇੰਟਰਨੈਸ਼ਨਲ ਨੇ ਮਿਆਂਮਾਰ ਆਗੂ ਵੱਲੋਂ ਦਿੱਤੀ ਤਕਰੀਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਸੂ ਚੀ ਤੇ ਉਨ੍ਹਾਂ ਦੀ ਸਰਕਾਰ ਨੇ ਰਖਾਇਨ ਸੂਬੇ ਵਿੱਚ ਜਾਰੀ ਹਿੰਸਾ ‘ਤੇ ਅੱਖਾਂ ਬੰਦ ਕਰ ਰੱਖੀਆਂ ਹਨ। ਅਮਨੈਸਟੀ ਨੇ ਕਿਹਾ ਕਿ ਜੇਕਰ ਸੂ ਚੀ ਕੋਲ ਲੁਕਾਉਣ ਲਈ ਕੁਝ ਨਹੀਂ ਤਾਂ ਉਨ੍ਹਾਂ ਦੀ ਸਰਕਾਰ ਕੌਮਾਂਤਰੀ ਭਾਈਚਾਰੇ ਨੂੰ ਜਾਂਚ ਲਈ ਫ਼ੌਰੀ ਰਖਾਇਨ ਸੂਬੇ ਵਿਚ ਆਉਣ ਦੀ ਇਜਾਜ਼ਤ ਦੇਵੇ।
ਯੂਐਨ ਜਾਂਚਕਾਰਾਂ ਨੇ ਮੰਗੀ ਪੂਰੀ ਖੁੱਲ੍ਹ :
ਜਿਨੇਵਾ: ਸੰਯੁਕਤ ਰਾਸ਼ਟਰ ਦੇ ਜਾਂਚਕਾਰਾਂ ਨੇ ਮਿਆਂਮਾਰ ਵਿੱਚ ਜਾਰੀ ਰੋਹਿੰਗਿਆ ਸੰਕਟ ਦੀ ਜਾਂਚ ਲਈ ‘ਪੂਰੀ ਖੁੱਲ੍ਹ’ ਮੰਗੀ ਹੈ। ਸੰਯੁਕਤ ਰਾਸ਼ਟਰ ਦੀ ਤੱਥ ਖੋਜ ਮਿਸ਼ਨ ਦੇ ਮੁਖੀ ਮਾਰਜ਼ੁਕੀ ਦਾਰੁਸਮਨ ਨੇ ਕਿਹਾ ਕਿ ਸਾਡੇ ਲਈ ਇਹ ਕਾਫ਼ੀ ਅਹਿਮ ਹੈ ਕਿ ਅਸੀਂ ਕਥਿਤ ਉਲੰਘਣਾਵਾਂ ਨੂੰ ਆਪਣੀ ਅੱਖੀਂ ਵੇਖੀਏ। ਉਨ੍ਹਾਂ ਮਨੁੱਖੀ ਅਧਿਕਾਰ ਕੌਂਸਲ ਤੋਂ ਮਿਆਂਮਾਰ ਵਿੱਚ ਖੁੱਲ੍ਹਾ ਹੱਥ ਦੇਣ ਦੀ ਮੰਗ ਕੀਤੀ ਹੈ।