ਲੰਗਾਹ ਆਤਮ ਸਮਰਪਣ ਕਰਨ ਲਈ ਪੁੱਜਾ ਚੰਡੀਗੜ੍ਹ ਦੀ ਅਦਾਲਤ ‘ਚ

ਲੰਗਾਹ ਆਤਮ ਸਮਰਪਣ ਕਰਨ ਲਈ ਪੁੱਜਾ ਚੰਡੀਗੜ੍ਹ ਦੀ ਅਦਾਲਤ ‘ਚ

ਚੰਡੀਗੜ੍ਹ ਅਦਾਲਤ ਵਿਚੋਂ ਬਾਹਰ ਆਉਂਦੇ ਹੋਏ ਜਬਰ ਜਨਾਹ ਕੇਸ ਦੇ ਮੁਲਜ਼ਮ ਤੇ ਸਾਬਕਾ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁੱਚਾ ਸਿੰਘ ਲੰਗਾਹ ਨੇ ਚੰਡੀਗੜ੍ਹ ਦੀ ਹੇਠਲੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ। ਯੂਟੀ ਦੇ ਚੀਫ਼ ਜੁਡੀਸ਼ਲ ਮੈਜਿਸਟਰੇਟ ਦਰਜਾ ਅੱਵਲ (ਜੂਨੀਅਰ ਡਿਵੀਜ਼ਨ) ਹਿਰਦੇਜੀਤ ਸਿੰਘ ਨੇ ਹਾਲਾਂਕਿ ਮੁਲਜ਼ਮ ਦੀ ਆਤਮ ਸਮਰਪਣ ਦੀ ਅਰਜ਼ੀ ਖ਼ਾਰਜ ਕਰਦਿਆਂ ਗ੍ਰਿਫ਼ਤਾਰ ਕਰਨ ਤੋਂ ਨਾਂਹ ਕਰ ਦਿੱਤੀ। ਅਦਾਲਤ ਨੇ ਮੁਲਜ਼ਮ ਨੂੰ ਗੁਰਦਾਸਪੁਰ ਦੇ ਡਿਊਟੀ ਮਜਿਸਟਰੇਟ ਮੂਹਰੇ ਪੇਸ਼ ਹੋਣ ਲਈ ਕਿਹਾ ਹੈ। ਲੰਗਾਹ ਖ਼ਿਲਾਫ਼ ਗੁਰਦਾਸਪੁਰ ਦੇ ਥਾਣਾ ਸਿਟੀ ਵਿੱਚ 28 ਸਤੰਬਰ ਨੂੰ ਬਲਾਤਕਾਰ ਦਾ ਕੇਸ ਦਰਜ ਕੀਤਾ ਗਿਆ ਸੀ ਅਤੇ ਉਹ ਉਸੇ ਦਿਨ ਤੋਂ ਫ਼ਰਾਰ ਸੀ।
ਮੁਲਜ਼ਮ ਨੇ ਅਦਾਲਤ ਨੂੰ ਦਿੱਤੀ ਅਰਜ਼ੀ ਵਿੱਚ ਕਿਹਾ ਹੈ ਕਿ ਉਸ ਖ਼ਿਲਾਫ਼ ਸਿਆਸੀ ਬਦਲਾਖ਼ੋਰੀ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਉਸ ਨੂੰ ਬਲਾਤਕਾਰ ਦੇ ਝੂਠੇ ਕੇਸ ਵਿੱਚ ਫ਼ਸਾਇਆ ਗਿਆ ਹੈ। ਅਰਜ਼ੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਸ ਨੂੰ ਡਰ ਹੈ ਕਿ ਗੁਰਦਾਸਪੁਰ ਵਿੱਚ ਅਦਾਲਤ ਅੱਗੇ ਪੇਸ਼ ਹੋਣ ਨਾਲ ਪੰਜਾਬ ਪੁਲੀਸ ਸਰਕਾਰ ਦੇ ਦਬਾਅ ਹੇਠ ਉਸ ‘ਤੇ ਤਸ਼ੱਦਦ ਕਰ ਸਕਦੀ ਹੈ। ਲੰਗਾਹ ਨੇ ਅਰਜ਼ੀ ਵਿੱਚ ਵਿਸ਼ੇਸ਼ ਤੌਰ ‘ਤੇ ਗੁਰਦਾਸਪੁਰ ਤੋਂ ਕਾਂਗਰਸ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ‘ਤੇ ਉਸ ਨੂੰ ਫਸਾਉਣ ਲਈ ਸਾਜ਼ਿਸ਼ ਘੜਨ ਦਾ ਦੋਸ਼ ਲਾਇਆ ਹੈ। ਅਰਜ਼ੀ ਵਿੱਚ ਬਲਾਤਕਾਰ ਕੇਸ ਨੂੰ ਗੁਰਦਾਸਪੁਰ ਦੀ ਜ਼ਿਮਨੀ ਚੋਣ ਨਾਲ ਜੋੜ ਕੇ ਕਿਹਾ ਗਿਆ ਹੈ ਕਿ ਇਹ ਸਾਰਾ ਕੁਝ ਅਜਿਹੇ ਸਮੇਂ ਕੀਤਾ ਜਾ ਰਿਹਾ ਹੈ ਜਦੋਂ ਕਾਂਗਰਸ ਪਾਰਟੀ ਨੂੰ ਆਪਣੀ ਹਾਰ ਸਾਫ਼ ਨਜ਼ਰ ਆਉਂਦੀ ਦਿਸਣ ਲੱਗੀ ਹੈ। ਉਸ ਨੇ ਸੀਆਰਪੀਸੀ ਦੀ ਧਾਰਾ 437 ਤਹਿਤ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਣ ਅਤੇ ਬਾਅਦ ਵਿੱਚ ਪ੍ਰੋਡਕਸ਼ਨ ਵਰੰਟ ਤਹਿਤ ਜਾਂਚ ਅਫਸਰ ਹਵਾਲੇ ਕਰਨ ਦੀ ਮੰਗ ਕੀਤੀ ਹੈ। ਉਸ ਨੇ ਅਦਾਲਤ ਅੱਗੇ ਪੌਣੇ 2:00 ਵਜੇ ਸਮਰਪਣ ਕੀਤਾ ਸੀ। ਅਦਾਲਤ ਨੇ ਮੁਲਜ਼ਮ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਮਗਰੋਂ ਫ਼ੈਸਲਾ ਰਾਖਵਾਂ ਕਰ ਲਿਆ ਸੀ। ਅਦਾਲਤ ਕਰੀਬ ਡੇਢ ਘੰਟੇ ਉਪਰੰਤ ਮੁੜ ਲੱਗੀ ਤਾਂ ਦੁਬਾਰਾ ਬਹਿਸ ਤੋਂ ਬਾਅਦ ਫੈਸਲਾ ਅੱਗੇ ਪਾ ਦਿੱਤਾ ਗਿਆ। ਅਦਾਲਤ ਨੇ ਆਪਣਾ ਫ਼ੈਸਲਾ 4:00 ਵਜੇ ਸੁਣਾਇਆ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਜੇਲ੍ਹ ਭੇਜਣ ਤੋਂ ਨਾਂਹ ਕਰ ਦਿੱਤੀ।
ਚਿੱਟੇ ਕੁੜਤੇ ਪਜਾਮੇ ਅਤੇ ਨੀਲੀ ਦਸਤਾਰ ਬੰਨ੍ਹ ਕੇ ਅਦਾਲਤ ਵਿੱਚ ਪੇਸ਼ ਹੋਣ ਮੌਕੇ ਲੰਗਾਹ ਦੇ ਨਾਲ ਉਸ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਚੰਡੀਗੜ੍ਹ ਤੋਂ ਸਾਬਕਾ ਕਾਂਗਰਸ ਆਗੂ ਵਿਜੈਪਾਲ ਡਿੰਪੀ ਵੀ ਉਸ ਦੇ ਨਾਲ ਆਏ। ਪੁਲੀਸ ਕੋਲ ਦਰਜ ਕੇਸ ਮੁਤਾਬਕ ਮੁਲਜ਼ਮ ਉਤੇ ਆਪਣੀ ਬੇਟੀ ਦੀ ਹਮਜਮਾਤਣ ਰਹੀ ਮਹਿਲਾ ਨਾਲ ਨੌਕਰੀ ਦਾ ਝਾਂਸਾ ਦੇ ਕੇ 8 ਸਾਲਾਂ ਤੋਂ ਬਲਾਤਕਾਰ ਕਰਨ ਦੇ ਦੋਸ਼ ਲੱਗੇ ਹਨ। ਸ਼ਿਕਾਇਤਕਰਤਾ, ਜੋ ਇਸ ਵੇਲੇ ਪੰਜਾਬ ਵਿਜੀਲੈਂਸ ਵਿੱਚ ਤਾਇਨਾਤ ਹੈ, ਨੇ ਸ਼ਿਕਾਇਤ ਨਾਲ ਵੀਡੀਓ ਵੀ ਨੱਥੀ ਕੀਤੀ ਹੈ। ਇਸ ਦੌਰਾਨ ਮੁਲਜ਼ਮ ਦੇ ਵਕੀਲ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਜੌਲੀ ਨੇ ਦੱਸਿਆ ਕਿ ਅਦਾਲਤ ਨੇ ਅਧਿਕਾਰ ਖੇਤਰ ਦਾ ਹਵਾਲਾ ਦੇ ਕੇ ਗੁਰਦਾਸਪੁਰ ਅਦਾਲਤ ਅੱਗੇ ਆਤਮ ਸਮਰਪਣ ਕਰਨ ਲਈ ਕਿਹਾ ਹੈ ਅਤੇ ਮੁਲਜ਼ਮ ਇਸ ਲਈ ਰਾਜ਼ੀ ਹੈ।

ਲੰਗਾਹ ਬੋਲਿਆ- ਕਾਂਗਰਸ ਨੇ ਫਸਾਇਆ :
ਅਦਾਲਤ ਤੋਂ ਬਾਹਰ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦਾ ਸਾਰਾ ਜ਼ੋਰ ਉਸ ਨੂੰ ਫਸਾਉਣ ਵਿੱਚ ਲੱਗਾ ਹੋਇਆ ਹੈ। ਉਸ ਨੇ ਕਿਹਾ ਕਿ ਉਹ 8 ਅਗਸਤ ਨੂੰ ਪੰਜਾਬ ਪੁਲੀਸ ਦੇ ਡਾਇਰੈਕਟਰ ਜਨਰਲ ਸੁਰੇਸ਼ ਅਰੋੜਾ ਨਾਲ ਮੁਲਾਕਾਤ ਮੌਕੇ ਸਥਾਨਕ ਪੁਲੀਸ ਵੱਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਦੀ ਕਹਾਣੀ ਬਿਆਨ ਕਰ ਚੁੱਕੇ ਹਨ। ਉਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਔਰਤ ਨਾ ਤਾਂ ਉਸ ਦੀ ਬੇਟੀ ਦੀ ਹਮਜਮਾਤਣ ਰਹੀ ਹੈ ਅਤੇ ਨਾ ਹੀ ਉਸ ਨੂੰ 8 ਸਾਲਾਂ ਤੋਂ ਜਾਣਦਾ ਹੈ। ਲੰਗਾਹ ਨੇ ਦਾਅਵਾ ਕੀਤਾ ਕਿ ਕਿਸੇ ਜ਼ਮੀਨੀ ਝਗੜੇ ਦੇ ਕੇਸ ਵਿੱਚ ਉਹ ਪੰਜ ਛੇ ਮਹੀਨੇ ਪਹਿਲਾਂ ਹੀ ਸੰਪਰਕ ਵਿੱਚ ਆਈ ਸੀ।

ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 5 ਅਕਤੂਬਰ ਨੂੰ:
ਅੰਮ੍ਰਿਤਸਰ/ਆਨੰਦਪੁਰ ਸਾਹਿਬ : ਸਾਬਕਾ ਅਕਾਲੀ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਮਗਰੋਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੰਜ ਸਿੰਘ ਸਾਹਿਬਾਨ ਦੀ ਹੰਗਾਮੀ ਮੀਟਿੰਗ 5 ਅਕਤੂਬਰ ਨੂੰ ਸੱਦ ਲਈ ਹੈ। ਮੀਟਿੰਗ ਵਿੱਚ ਅੰਮ੍ਰਿਤਧਾਰੀ ਸਿੱਖ ਵੱਲੋਂ ਕੀਤੀ ‘ਬਜਰ ਕੁਰਹਿਤ’ ਨੂੰ ਵਿਚਾਰਿਆ ਜਾਵੇਗਾ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਵੀ ਸ੍ਰੀ ਲੰਗਾਹ ਦਾ ਸ਼੍ਰੋਮਣੀ ਕਮੇਟੀ ਮੈਂਬਰ ਵਜੋਂ ਅਸਤੀਫਾ ਪ੍ਰਵਾਨ ਕਰ ਲਿਆ ਹੈ।
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਜੋ ਅੱਜਕੱਲ੍ਹ ਉੱਤਰਾਖੰਡ ਵਿੱਚ ਧਰਮ ਪ੍ਰਚਾਰ ਦੇ ਦੌਰੇ ‘ਤੇ ਹਨ, ਨੇ ਦੱਸਿਆ ਕਿ ਲੰਗਾਹ ਮਾਮਲੇ ਨੂੰ ਵਿਚਾਰਨ ਲਈ ਪੰਜ ਸਿੰਘ ਸਾਹਿਬਾਨ ਦੀ ਹੰਗਾਮੀ ਮੀਟਿੰਗ 5 ਅਕਤੂਬਰ ਨੂੰ ਅਕਾਲ ਤਖ਼ਤ ਸਕੱਤਰੇਤ ਵਿਖੇ ਸੱਦੀ ਗਈ ਹੈ, ਜਿਸ ਵਿੱਚ ਧਾਰਮਿਕ ਸਲਾਹਕਾਰ ਕਮੇਟੀ ਕੋਲੋਂ ਵੀ ਰਾਇ ਲਈ ਜਾਵੇਗੀ। ਇਸ ਰਾਏ ਮੁਤਾਬਕ ਹੀ ਪੰਜ ਸਿੰਘ ਸਾਹਿਬਾਨ ਵੱਲੋਂ ਅਗਲਾ ਫ਼ੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੰਗਾਹ ਸ਼੍ਰੋਮਣੀ ਕਮੇਟੀ ਮੈਂਬਰ ਹੈ, ਜੋ ਸਿੱਖਾਂ ਦੀ ਸਿਰਮੌਰ ਨੁਮਾਇੰਦਾ ਧਾਰਮਿਕ ਜਥੇਬੰਦੀ ਹੈ। ਉਸ ਦੀ ਗੈਰ ਇਖ਼ਲਾਕੀ ਹਰਕਤ ਸਮਾਜਿਕ ਅਤੇ ਪੰਥਕ ਹਲਕਿਆਂ ਵਿੱਚ ਬਦਨਾਮੀ ਦਾ ਕਾਰਨ ਬਣੀ ਹੈ। ਉਸ ਨੇ ਸਿੱਖ ਰਹਿਤ ਮਰਿਆਦਾ ਦੇ ਨਿਯਮਾਂ ਦੀ ਵੀ ਉਲੰਘਣਾ ਕੀਤੀ ਹੈ ਅਤੇ ਉਸ ਦੀ ਇਹ ਕਾਰਵਾਈ ਸਿੱਖੀ ਅਸੂਲਾਂ ਦਾ ਘਾਣ ਹੈ। ਉਨ੍ਹਾਂ ਕਿਹਾ ਕਿ ਸਿੱਖੀ ਦੇ ਅਸੂਲਾਂ ਨੂੰ ਸੱਟ ਮਾਰਨ ਵਾਲੀ ਅਜਿਹੀ ਕਿਸੇ ਵੀ ਹਰਕਤ ਨੂੰ ਪੰਥ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ ਅਤੇ ਉਸ ਨੂੰ ਢੁਕਵੀਂ ਸਜ਼ਾ ਦਿੱਤੀ ਜਾਵੇਗੀ।
ਉਧਰ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ  ਨੇ ਵੀ ਲੰਗਾਹ ਵੱਲੋਂ ਭੇਜੇ ਅਸਤੀਫੇ ਨੂੰ ਪ੍ਰਵਾਨ ਕਰ ਲਿਆ ਹੈ। ਪ੍ਰੋ. ਬਡੂੰਗਰ ਨੇ ਦੱਸਿਆ ਕਿ ਉਸ ਦਾ ਇਹ ਅਸਤੀਫਾ ਅੰਤ੍ਰਿੰਗ ਕਮੇਟੀ ਦੀ ਪ੍ਰਵਾਨਗੀ ਦੀ ਆਸ ਦੇ ਆਧਾਰ ‘ਤੇ ਪ੍ਰਵਾਨ ਕੀਤਾ ਗਿਆ ਹੈ। ਉਸ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਵਜੋਂ ਆਪਣਾ ਅਸਤੀਫਾ ਭੇਜਿਆ ਗਿਆ ਸੀ। ਅਕਾਲੀ ਆਗੂ ਲੰਗਾਹ ਖਿਲਾਫ਼ ਜਬਰ ਜਨਾਹ ਦਾ ਕੇਸ ਦਰਜ ਹੋਣ ਤੋਂ ਬਾਅਦ ਉਸ ਦੀਆਂ ਮੁਸ਼ਕਲਾਂ ਨਿਰੰਤਰ ਵੱਧ ਰਹੀਆਂ ਹਨ, ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਸ਼ਰਮਸਾਰ ਹੋਣਾ ਪੈ ਰਿਹਾ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਟਿੱਕਾ ਨੇ ਬੀਤੇ ਦਿਨ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਹ ਵੀਡੀਓ ਭੇਜਦਿਆਂ ਅਕਾਲੀ ਆਗੂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ ਹੋਰਨਾਂ ਕਈ ਸਿੱਖ ਜਥੇਬੰਦੀਆਂ ਨੇ ਲੰਗਾਹ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।